60 ਦਿਨ ਦੇ ਬਾਅਦ ਹੋਣ ਜਾ ਰਹੀ ਐ ਕੈਬਨਿਟ ਮੀਟਿੰਗ, ਕੈਬਨਿਟ ਫੇਰਬਦਲ ਤੋਂ ਪਹਿਲਾਂ ਮੀਟਿੰਗ ਕਾਫ਼ੀ ਅਹਿਮ

captan amrinder singh 1111

ਕਈ ਮੌਜੂਦਾ ਕੈਬਨਿਟ ਮੰਤਰੀਆਂ ਲਈ ਆਖਰੀ ਹੋ ਸਕਦੀ ਐ ਕੈਬਨਿਟ ਮੀਟਿੰਗ

ਚੰਡੀਗੜ, (ਅਸ਼ਵਨੀ ਚਾਵਲਾ)। ਆਖ਼ਰਕਾਰ 60 ਦਿਨਾਂ ਬਾਅਦ ਪੰਜਾਬ ਕੈਬਨਿਟ ਦੀ ਮੀਟਿੰਗ ਹੋਣ ਜਾ ਰਹੀ ਹੈ। ਪਿਛਲੀਵਾਰ ਕੈਬਨਿਟ ਦੀ ਮੀਟਿੰਗ 18 ਜੂਨ ਨੂੰ ਹੋਈ ਸੀ, ਜਿਸ ਤੋਂ ਬਾਅਦ ਹੁਣ ਤੱਕ ਇਹ ਕੈਬਨਿਟ ਮੀਟਿੰਗ ਨਹੀਂ ਹੋ ਸਕੀ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਆਪਣੀ ਕੈਬਨਿਟ ਵਿੱਚ ਫੇਰਬਦਲ ਚਾਹੁੰਦੇ ਹਨ, ਜਿਸ ਕਾਰਨ ਉਹ ਬੀਤੇ ਦਿਨੀਂ ਕਾਂਗਰਸ ਹਾਈ ਕਮਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਕੇ ਵੀ ਆਏ ਹਨ, ਜਿਸ ਤੋਂ ਇੰਜ ਲਗਦਾ ਸੀ ਕਿ ਕੈਬਨਿਟ ਫੇਰਬਦਲ ਤੋਂ ਬਾਅਦ ਹੀ ਕੈਬਨਿਟ ਮੀਟਿੰਗ ਹੋਏਗੀ ਪਰ ਦਿੱਲੀ ਦੌਰੇ ਤੋਂ ਵਾਪਸੀ ਆਉਂਦੇ ਸਾਰ ਹੀ ਅਮਰਿੰਦਰ ਸਿੰਘ ਵਲੋਂ ਆਪਣੀ ਕੈਬਨਿਟ ਦੀ ਮੀਟਿੰਗ ਸੱਦ ਲਈ ਗਈ ਹੈ। ਇਹ ਵੱਲੋਂ ਕੈਬਨਿਟ ਦੀ ਮੀਟਿੰਗ ਸੋਮਵਾਰ 16 ਅਗਸਤ ਨੂੰ ਬਾਅਦ ਦੁਪਹਿਰ 3 ਵਜੇ ਵੀਡੀਓ ਕਾਨਫਰੰਸ ਰਾਹੀਂ ਸੱਦੀ ਹੈ।

ਅਮਰਿੰਦਰ ਸਿੰਘ ਅਤੇ 5 ਕੈਬਨਿਟ ਮੰਤਰੀਆਂ ਵਿਚਕਾਰ ਚਲ ਰਹੀ ਆਪਸੀ ਖਿੱਚੋਤਾਣ ਨੂੰ ਲੈ ਕੇ ਇਨਾਂ ਦਾ ਆਪਸ ਵਿੱਚ ਆਹਮੋ ਸਾਹਮਣਾ ਨਹੀਂ ਹੋ ਰਿਹਾ ਸੀ। ਪਿਛਲੇ ਲਗਭਗ 60 ਦਿਨਾਂ ਤੋਂ ਇਨਾਂ 5 ਕੈਬਨਿਟ ਮੰਤਰੀਆਂ ਨਾਲ ਅਮਰਿੰਦਰ ਸਿੰਘ ਦੀ ਕੋਈ ਮੁਲਾਕਾਤ ਵੀ ਨਹੀਂ ਹੋਈ। ਜਿਸ ਕਰਕੇ ਇਹ ਕੈਬਨਿਟ ਮੀਟਿੰਗ ਕਾਫ਼ੀ ਜਿਆਦਾ ਅਹਿਮ ਮੰਨੀ ਜਾ ਰਹੀ ਹੈ।

ਇਸ ਕੈਬਨਿਟ ਮੀਟਿੰਗ ਵਿੱਚ ਇਹ 5 ਕੈਬਨਿਟ ਮੰਤਰੀ ਆਉਣਗੇ ਜਾਂ ਨਹੀਂ ਆਉਣਗੇ, ਇਸ ਸਬੰਧੀ ਕੋਈ ਜਾਣਕਾਰੀ ਨਹੀਂ ਮਿਲ ਰਹੀ ਹੈ ਪਰ ਇਨਾਂ ਜਰੂਰ ਦੱਸਿਆ ਜਾ ਰਿਹਾ ਹੈ ਕਿ ਇਨਾਂ ਕੈਬਨਿਟ ਮੰਤਰੀਆਂ ਵਿੱਚੋਂ 1-2 ਮੰਤਰੀਆਂ ਦੇ ਵਿਭਾਗੀ ਏਜੰਡੇ ਪੈਡਿੰਗ ਹਨ, ਜਿਨਾਂ ਨੂੰ ਕੈਬਨਿਟ ਵਿੱਚ ਲੈ ਕੇ ਜਾਣਾ ਬਹੁਤ ਜਿਆਦਾ ਜਰੂਰੀ ਹੈ। ਇਸ ਲਈ ਮੀਟਿੰਗ ਦੌਰਾਨ ਇਨਾਂ ਕੈਬਨਿਟ ਮੰਤਰੀਆਂ ਨੂੰ ਨਾ ਸਿਰਫ਼ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਰੂ-ਬ-ਰੂ ਹੋਣਾ ਪਏਗਾ, ਸਗੋਂ ਇੰਨਾਂ ਨੂੰ ਏਜੰਡਾ ਪੇਸ਼ ਕਰਦੇ ਹੋਏ ਆਪਣੀ ਗੱਲ ਵੀ ਰੱਖਣੀ ਪਏਗੀ।

ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਸੱਦੀ ਗਈ ਇਸ ਕੈਬਨਿਟ ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਕੁਝ ਮੰਤਰੀਆਂ ਲਈ ਇਹ ਆਖਰੀ ਮੀਟਿੰਗ ਵੀ ਹੋ ਸਕਦੀ ਹੈ, ਕਿਉਂਕਿ ਅਗਲੇ ਕੁਝ ਸਮੇਂ ਦੌਰਾਨ ਅਮਰਿੰਦਰ ਸਿੰਘ ਆਪਣੀ ਕੈਬਨਿਟ ਵਿੱਚ ਫੇਰਬਦਲ ਕਰਨਾ ਚਾਹੁੰਦੇ ਹਨ, ਜਿਸ ਦੌਰਾਨ ਕੁਝ ਮੰਤਰੀਆਂ ਨੂੰ ਕੈਬਨਿਟ ਵਿੱਚੋਂ ਬਾਹਰ ਹੋਣਾ ਪਏਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ