ਸੱਤ ਜਣਿਆਂ ਖਿਲਾਫ਼ ਮਾਮਲਾ ਦਰਜ਼
ਬਠਿੰਡਾ (ਸੁਖਜੀਤ ਮਾਨ)। ਕਦੇ ਕੈਦੀਆਂ ਦੀ ਲੜਾਈ ਤੇ ਕਦੇ ਕੈਦੀਆਂ ਕੋਲੋਂ ਮੋਬਾਇਲ ਫੋਨ ਮਿਲਣ ਕਾਰਨ ਹਮੇਸ਼ਾ ਚਰਚਾ ’ਚ ਰਹਿਣ ਵਾਲੀ ਬਠਿੰਡਾ ਦੀ ਕੇਂਦਰੀ ਜ਼ੇਲ ’ਚੋਂ ਹੁਣ ਫਿਰ ਮੋਬਾਇਲ ਫੋਨ ਮਿਲਣ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਮੋਬਾਇਲ ਮਿਲਣ ਦੇ ਇਸ ਮਾਮਲੇ ’ਚ ਸੱਤ ਜਣਿਆਂ ਖਿਲਾਫ਼ ਜ਼ੇਲ ਨਿਯਮਾਂ ਦੀ ਉਲੰਘਣਾ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ।
ਵੇਰਵਿਆਂ ਮੁਤਾਬਿਕ ਕੇਂਦਰੀ ਜ਼ੇਲ ਬਠਿੰਡਾ ਦੇ ਸਟਾਫ ਵੱਲੋਂ ਜਦੋਂ ਬੈਰਕਾਂ ਆਦਿ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਵੱਖ-ਵੱਖ ਬਲਾਕਾਂ ’ਚੋਂ 7 ਮੋਬਾਇਲ ਫੋਨ ਵੱਖ-ਵੱਖ ਕੰਪਨੀਆਂ ਦੇ ਮਿਲੇ ਹਨ। ਜ਼ੇਲ ਦੇ ਸਹਾਇਕ ਸੁਪਰਡੈਂਟ ਬਿੰਦਰ ਸਿੰਘ ਨੇ ਦੱਸਿਆ ਕਿ ਚੈਕਿੰਗ ਦੌਰਾਨ ਮਿਲੇ ਮੋਬਾਇਲ ਫੋਨਾਂ ਸਬੰਧੀ ਥਾਣਾ ਕੈਂਟ ਪੁਲਿਸ ਕੋਲ ਸ਼ਿਕਾਇਤ ਦਰਜ਼ ਕਰਵਾ ਦਿੱਤੀ ਹੈ।
ਥਾਣਾ ਕੈਂਟ ਪੁਲਿਸ ਨੇ ਸਹਾਇਕ ਸੁਪਰਡੈਂਟ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਮਹੁਮੰਦ ਮੁਮਤਾਜ ਪੁੱਤਰ ਮਹੁੰਮਦ ਗਫੂਰ ਵਾਸੀ ਕੇਂਦਰੀ ਜ਼ੇਲ ਬਠਿੰਡਾ, ਅਮਨਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਮਰਾਹੜ ਕਲਾਂ, ਅਮਰੀਕ ਸਿੰਘ ਪੁੱਤਰ ਬੀਰਬਲ ਸਿੰਘ ਵਾਸੀ ਰਾਏਪੁਰ, ਸਰਨਹੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਸਤੌਜ, ਸੋਹਨਦੀਪ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਰਾਮਪੁਰਾ, ਗੁਰਪ੍ਰੀਤ ਸਿੰਘ ਪੁੱਤਰ ਮਲੋਕਿਆ ਸਿੰਘ ਵਾਸੀ ਬਠਿੰਡਾ ਅਤੇ ਮਨੋਜ ਕੁਮਾਰ ਪੁੱਤਰ ਸਤਪਾਲ ਵਾਸੀ ਪਾਣੀਪਤ ਖਿਲਾਫ਼ 52 ਏ ਪਿ੍ਰਜ਼ਨ ਐਕਟ ਤਹਿਤ ਮੁਕੱਦਮਾ ਨੰਬਰ 70 ਦਰਜ਼ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਸੀਆਰਪੀਐਫ ਦੇ ਹਵਾਲੇ ਹੈ ਸੁਰੱਖਿਆ
ਬਠਿੰਡਾ ਦੀ ਕੇਂਦਰੀ ਜ਼ੇਲ ’ਚ ਲਗਾਤਾਰ ਜ਼ੇਲ ਨਿਯਮਾਂ ਦੀ ਉਲੰਘਣਾ ਹੋਣ ਤੋਂ ਬਾਅਦ ਸੀਆਰਪੀਐਫ ਨੂੰ ਸੁਰੱਖਿਆ ’ਤੇ ਲਾਇਆ ਹੋਇਆ ਹੈ। ਜ਼ੇਲ ਸਟਾਫ ਅਤੇ ਸੀਆਰਪੀਐਫ ਵੱਲੋਂ ਲਗਾਤਾਰ ਯਤਨ ਕੀਤੇ ਜਾਂਦੇ ਹਨ ਕਿ ਨਿਯਮਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਪਰ ਇਸਦੇ ਬਾਵਜ਼ੂਦ ਲਗਾਤਾਰ ਅਜਿਹੀਆਂ ਘਟਨਾਵਾਂ ਜ਼ੇਲ ’ਚ ਹੁੰਦੀਆਂ ਆ ਰਹੀਆਂ ਹਨ ਜਿਸ ਕਾਰਨ ਇਹ ਜ਼ੇਲ ਸੁਰਖੀਆਂ ’ਚ ਹੀ ਰਹਿੰਦੀ ਹੈ
ਵੱਡੀ ਗਿਣਤੀ ਗੈਂਗਸਟਰ ਨੇ ਬਠਿੰਡਾ ਜ਼ੇਲ ’ਚ
ਸੁਰੱਖਿਆ ਦੇ ਲਿਹਾਜ਼ ਪੱਖੋਂ ਅਹਿਮ ਮੰਨੀ ਜਾਂਦੀ ਬਠਿੰਡਾ ਕੇਂਦਰੀ ਜ਼ੇਲ ’ਚ ਵੱਡੀ ਗਿਣਤੀ ਗੈਂਗਸਟਰ ਹਨ। ਏ ਕੈਟਾਗਿਰੀ ਗੈਂਗਸਟਰਾਂ ਤੋਂ ਇਲਾਵਾ ਕੁੱਝ ਬੀ ਕੈਟਾਗਿਰੀ ਦੇ ਗੈਂਗਸਟਰ ਬੰਦ ਹਨ। ਜ਼ੇਲ ’ਚ ਗੈਂਗਸਟਰਾਂ ਦੀ ਆਪਸੀ ਲੜਾਈ ਵੀ ਹੁੰਦੀ ਰਹਿੰਦੀ ਹੈ। ਜਦੋਂ ਵੱਖ-ਵੱਖ ਜ਼ੇਲਾਂ ’ਚੋਂ ਗੈਂਗਸਟਰਾਂ ਨੂੰ ਬਠਿੰਡਾ ਜ਼ੇਲ ’ਚ ਲਿਆਂਦਾ ਗਿਆ ਸੀ ਤਾਂ ਕੁੱਝ ਨੇ ਭੁੱਖ ਹੜਤਾਲ ਵੀ ਕੀਤੀ ਸੀ। ਗੈਂਗਸਟਰਾਂ ਦੇ ਪਰਿਵਾਰਾਂ ਨੇ ਬਕਾਇਦਾ ਮੀਡੀਆ ’ਚ ਆ ਕੇ ਦੱਸਿਆ ਸੀ ਕਿ ਗੈਂਗਸਟਰ ਇੱਕੋ ਜ਼ੇਲ ’ਚ ਇਕੱਠੇ ਕਰਨ ਕਰਕੇ ਉਨਾਂ ਦੀ ਆਪਸੀ ਲੜਾਈ ਦਾ ਖਤਰਾ ਬਣਿਆ ਰਹਿੰਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ