ਹੀਰੋਸ਼ੀਮਾ ਤੇ ਨਾਗਾਸਾਕੀ ਦੀ ਤ੍ਰਾਸਦੀ ਦੇ 76 ਵਰ੍ਹੇ
ਹੀਰੋਸ਼ੀਮਾ ਦਿਵਸ ਅਤੇ ਨਾਗਾਸਾਕੀ ਦਾ ਦੁਖਾਂਤ ਸਾਨੂੰ ਅਤਿ-ਭਿਆਨਕ ਪਰਮਾਣੂ ਹਮਲੇ ਦਾ ਸ਼ਿਕਾਰ ਜਾਪਾਨ ਦੇਸ਼ ਦੀ ਯਾਦ ਕਰਾ ਦਿੰਦਾ ਹੈ। ਦੂਜੇ ਵਿਸ਼ਵ ਯੁੱਧ ਸਮੇਂ ਸੰਯੁਕਤ ਰਾਜ ਅਮਰੀਕਾ ਨੇ ਜਾਪਾਨ ’ਤੇ ਕਈ ਮਹੀਨੇ ਭਾਰੀ ਬੰਬਾਰੀ ਕੀਤੀ ਤੇ ਉਸਨੂੰ ਆਤਮ-ਸਮੱਰਪਣ ਕਰਨ ਲਈ ਕਿਹਾ, ਪਰ ਜਾਪਾਨ ’ਤੇ ਇਸਦਾ ਕੋਈ ਅਸਰ ਨਾ ਹੋਇਆ। ਇੱਕ ਮਤ ਇਹ ਵੀ ਹੈ ਕਿ ਜਾਪਾਨ ਨੇ ਇੰਡੋ-ਚਾਈਨਾ ਇਲਾਕੇ ’ਤੇ ਕਬਜ਼ਾ ਕਰਨ ਦੀ ਨੀਤੀ ਅਪਣਾਈ ਜਿਸ ਤੋਂ ਅਮਰੀਕਾ ਬਹੁਤ ਖਫ਼ਾ ਹੋਇਆ। ਇਸ ਪਿੱਛੋਂ ਅਮਰੀਕੀ ਰਾਸ਼ਟਰਪਤੀ ਹੈਰੀ ਐੱਸ. ਟਰੂਮੈਨ ਦੇ ਹੁਕਮਾਂ ਨਾਲ ਜਾਪਾਨ ਦੇ ਦੋ ਸ਼ਹਿਰਾਂ ਹੀਰੋਸ਼ੀਮਾ ਅਤੇ ਨਾਗਾਸਾਕੀ ਉੱਤੇ ਕ੍ਰਮਵਾਰ 6 ਅਗਸਤ ਅਤੇ 9 ਅਗਸਤ ਨੂੰ ਐਟਮ ਬੰਬ ਸੁੱਟੇ ਗਏ ਸਨ। ਅਮਰੀਕਾ ਵੱਲੋਂ ਐਟਮ ਬੰਬ ਸੁੱਟਣ ਲਈ ਜਾਪਾਨ ਦੇ ਚਾਰ ਸ਼ਹਿਰ ਹੀਰੋਸ਼ੀਮਾ, ਕੋਕੁਰਾ, ਨਾਗਾਸਾਕੀ ਅਤੇ ਨਾਈਗਟਾ ਨੂੰ ਚੁਣਿਆ ਗਿਆ, ਪਰ ਪਹਿਲਾ ਨਿਸ਼ਾਨਾ ‘ਹੀਰੋਸ਼ੀਮਾ’ ਸੀ ਕਿਉਂਕਿ ਇਹ ਜਾਪਾਨ ਦਾ ਉਦਯੋਗਿਕ ਤੇ ਸੈਨਿਕ ਪੱਖੋਂ ਮਹੱਤਵਪੂਰਨ ਸ਼ਹਿਰ ਸੀ।
‘ਲਿਟਲ ਬੁਆਏ’ ਅਸਲ ਵਿੱਚ ਅਮਰੀਕਾ ਵੱਲੋਂ ਤਿਆਰ ਕੀਤੇ ਗਏ ਪਹਿਲੇ ਪਰਮਾਣੂ ਬੰਬ ਦਾ ਕੋਡਨੇਮ ਸੀ। ਇਸ ਬੰਬ ਨੂੰ ਅਮਰੀਕਾ ਨੇ ‘ਮੈਨਹੈਟਨ ਪ੍ਰੋਜੈਕਟ’ ਅਧੀਨ ਲਾਸ ਆਲਮਸ ਨਿਊ ਮੈਕਸੀਕੋ ਦੀ ਪ੍ਰਯੋਗਸ਼ਾਲਾ ਵਿੱਚ ਵਿਕਸਿਤ ਕੀਤਾ ਸੀ। ਇਸਦਾ ਵਜ਼ਨ 4400 ਕਿੱਲੋਗ੍ਰਾਮ ਤੇ ਲੰਬਾਈ 10 ਫੁੱਟ ਸੀ। ਇਹ ਯੂਰੇਨੀਅਮ 235 ਤੋਂ ਬਣਿਆ ਸੀ। ਇਸ ਦਾ ਰੰਗ ਨੀਲਾ ਤੇ ਸਫੈਦ ਸੀ। ਇਸ ਉੱਪਰ ਅਮਰੀਕਾ ਦਾ 127 ਅਰਬ 35 ਕਰੋੜ 20 ਲੱਖ ਰੁਪਿਆ ਖਰਚ ਆਇਆ। 24 ਜੁਲਾਈ 1945 ਨੂੰ ਯੁੱਧ ਵਿਭਾਗ, ਅਮਰੀਕਾ ਦੇ ਐਕਟਿੰਗ ਚੀਫ ਜਨਰਲ ਥਾਸ ਟੀ. ਹੈਂਡੀ ਨੇ ਹੀਰੋਸ਼ੀਮਾ ’ਤੇ ਬੰਬ ਸੁੱਟਣ ਦਾ ਲਿਖਤੀ ਹੁਕਮ ਦਿੱਤਾ।
6 ਅਗਸਤ 1945, ਦਿਨ ਸੋਮਵਾਰ 8:15:30 ਸਵੇਰੇ ਅਮਰੀਕਾ ਨੇ ਜਾਪਾਨ ਦੇ ਹੀਰੋਸ਼ੀਮਾ ਨਗਰ ’ਤੇ ‘ਲਿਟਲ ਬੁਆਏ’ ਐਟਮ ਬੰਬ ਸੁੱਟਿਆ। ਐਟਮ ਬੰਬ ਲੈ ਕੇ ਟੀਨੀਅਨ ਟਾਪੂ ਤੋਂ ਚੱਲੇ ਬੀ-29 ਲੜਾਕੂ ਜਹਾਜ਼ ਨੇ 2740 ਕਿ. ਮੀ. ਦਾ ਸਫਰ 6:30 ਘੰਟੇ ’ਚ ਤੈਅ ਕਰਨ ਲਈ ਰਾਤ 12:45 ’ਤੇ ਉਡਾਨ ਭਰੀ ਤੇ ਨੇਵਲ ਕੈਪਟਨ ਵਿਲੀਅਮ ਪਾਰਸਨ (ਕੋ-ਪਾਇਲਟ) ਦੀ ਸਪੁਰਦਗੀ ਵਿੱਚ 9600 ਮੀਟਰ ਤੋਂ ਸੁੱਟਿਆ। ਇਹ ਧਰਤੀ ਤੋਂ ਲਗਭਗ 600 ਮੀਟਰ ਦੀ ਉੁਚਾਈ ’ਤੇ ਫਟਿਆ। ਇਸ ਵਿੱਚੋਂ 15 ਕਿਲੋਟਨ ਟੀ.ਐਨ.ਟੀ. (ਟਰਾਈ ਨਾਈਟ੍ਰੋ ਟੋਲੂਈਨ) ਐਨਰਜ਼ੀ ਨਿੱਕਲੀ। ਬੰਬ ਦੇ ਫਟਦਿਆਂ ਹੀ ਪੂਰਾ ਸ਼ਹਿਰ ਧੂੰਏਂ ਤੇ ਅੱਗ ਦੀਆਂ ਲਪਟਾਂ ਨਾਲ ਘਿਰ ਗਿਆ। ਤਾਪਮਾਨ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਗਿਆ। ਸ਼ਹਿਰ ਦੀਆਂ 60,000 ਤੋਂ 90,000 ਇਮਾਰਤਾਂ ਤਹਿਸ-ਨਹਿਸ ਹੋ ਗਈਆਂ। ਜ਼ਿਆਦਾ ਤਾਪਮਾਨ ਕਰਕੇ ਮਿੱਟੀ, ਪੱਥਰ, ਧਾਤਾਂ ਪਲ ਵਿੱਚ ਪਿਘਲ ਗਈਆਂ। ਪੂਰਾ ਸ਼ਹਿਰ ਇੱਕ ਪਲ ਵਿੱਚ ਉੱਜੜ ਗਿਆ। ਉਸ ਸਮੇਂ ਹੀਰੋਸ਼ੀਮਾ ਦੀ ਅਨੁਮਾਨਿਤ ਸਾਢੇ ਤਿੰਨ ਲੱਖ ਦੀ ਅਬਾਦੀ ਵਿੱਚੋਂ 80,000 ਲੋਕ ਮੌਕੇ ’ਤੇ ਹੀ ਮਾਰੇ ਗਏ। ਬਾਅਦ ਵਿੱਚ ਰੇਡੀਏਸ਼ਨ ਦੇ ਪ੍ਰਭਾਵ ਕਾਰਨ ਬਹੁਤ ਸਾਰੇ ਲੋਕ ਤੜਫ-ਤੜਫ ਕੇ ਮਰ ਗਏ। ਕੁੱਲ ਮਿਲਾ ਕੇ 1,40,000 ਤੋਂ ਵੱਧ ਲੋਕ ਇਸ ਪਰਮਾਣੂ ਹਮਲੇ ਕਾਰਨ ਮਾਰੇ ਗਏ।
ਹੀਰੋਸ਼ੀਮਾ ਦੇ ਪਰਮਾਣੂ ਹਮਲੇ ਦੇ 16 ਘੰਟੇ ਬਾਅਦ ਅਮਰੀਕੀ ਰਾਸ਼ਟਰਪਤੀ ਹੈਰੀ ਐਸ. ਟਰੂਮੈਨ ਨੇ ਵਾਈਟ ਹਾਊਸ ਤੋਂ ਜਨਤਕ ਤੌਰ ’ਤੇ ਸੂਚਨਾ ਦਿੰਦਿਆਂ ਦੱਸਿਆ, ਕੁੱਝ ਦੇਰ ਪਹਿਲਾਂ ਅਮਰੀਕੀ ਜਹਾਜ਼ ਨੇ ਹੀਰੋਸ਼ੀਮਾ ਉੱਤੇ ਬੰਬ ਸੁੱਟ ਕੇ ਦੁਸ਼ਮਣ ਦੇ ਇਲਾਕੇ ਵਿੱਚ ਭਾਰੀ ਤਬਾਹੀ ਮਚਾਈ ਹੈ, ਇਹ ਬੰਬ 20 ਕਿਲੋਟਨ ਟੀ.ਐਨ.ਟੀ. ਦੀ ਸਮਰੱਥਾ ਵਾਲਾ ਸੀ। ਇਹ ਬੰਬ ਹੁਣ ਇਸਤੇਮਾਲ ਵਿੱਚ ਲਿਆਂਦੇ ਗਏ ਸਾਰੇ ਵੱਡੇ ਬੰਬਾਂ ਤੋਂ ਦੋ ਹਜ਼ਾਰ ਗੁਣਾ ਵੱਧ ਸ਼ਕਤੀਸ਼ਾਲੀ ਸੀ।
ਜਾਪਾਨ ਅਜੇ ਪਹਿਲੇ ਪਰਮਾਣੂ ਹਮਲੇ ਨਾਲ ਹੋਏ ਵਿਨਾਸ਼ ਨਾਲ ਜੂਝ ਰਿਹਾ ਸੀ ਕਿ 9 ਅਗਸਤ 1945 ਨੂੰ ਅਮਰੀਕਾ ਨੇ ਉਸਦੇ ਦੂਜੇ ਸ਼ਹਿਰ ਨਾਗਾਸਾਕੀ ਉੱਤੇ ਦੂਜਾ ਪਰਮਾਣੂ ਹਮਲਾ ਕਰ ਦਿੱਤਾ। ਅਸਲ ਵਿੱਚ ਇਹ ਹਮਲਾ ਕੋਕੁਰਾ ਸ਼ਹਿਰ ਉੱਪਰ ਹੋਣਾ ਸੀ ਪਰ ਉਸ ਉੱਪਰ ਧੁੰਦ ਹੋਣ ਕਰਕੇ ਅਮਰੀਕਾ ਨੇ ਆਪਣਾ ਰੁਖ ਨਾਗਾਸਾਕੀ ਵੱਲ ਕਰ ਦਿੱਤਾ। ਨਾਗਾਸਾਕੀ ਉੱਪਰ ‘ਫੈਟਮੈਨ’ ਨਾਂਅ ਦਾ ਐਟਮ ਬੰਬ ਸੁੱਟਿਆ ਗਿਆ ਜੋ ਕਿ ਸਵੇਰੇ 11:02 ਵਜੇ ਫਟਿਆ। ਇਸ ਬੰਬ ਦਾ ਵਜ਼ਨ 4670 ਕਿਲੋਗ੍ਰਾਮ ਸੀ ਤੇ ਇਸ ਵਿੱਚ ਕਰੀਬ 6.4 ਕਿਲੋਗ੍ਰਾਮ ਪਲੂਟੋਨੀਅਮ ਦੀ ਵਰਤੋਂ ਕੀਤੀ ਗਈ। ਇੰਨੀ ਮਾਤਰਾ ਵਿੱਚ ਪਲੂਟੋਨੀਅਮ ਹੋਣ ਕਾਰਨ ਹੀ ‘ਫੈਟਮੈਨ’ ਹੀਰੋਸ਼ੀਮਾ ’ਤੇ ਸੁੱਟੇ ਗਏ ਬੰਬ ਤੋਂ ਵੀ ਕਿਤੇ ਜ਼ਿਆਦਾ ਖਤਰਨਾਕ ਸੀ ਪਰ ਇੱਥੇ ਹੀਰੋਸ਼ੀਮਾ ਜਿੰਨਾ ਨੁਕਸਾਨ ਨਹੀਂ ਹੋਇਆ। ਹੀਰੋਸ਼ੀਮਾ ਵਿੱਚ ਜ਼ਿਆਦਾ ਨੁਕਸਾਨ ਇਸ ਲਈ ਹੋਇਆ ਕਿਉਂਕਿ ਇਹ ਪੱਧਰਾ ਮੈਦਾਨੀ ਇਲਾਕਾ ਹੋਣ ਦੇ ਨਾਲ-ਨਾਲ ਅਕਾਰ ਵਿੱਚ ਗੋਲ ਵੀ ਸੀ ਅਤੇ ਅਮਰੀਕਾ ਦੁਆਰਾ ਪਰਮਾਣੂ ਬੰਬ ਵੀ ਇਸਦੇ ਮੱਧ ਵਿੱਚ ਸੁੱਟਿਆ ਗਿਆ ਸੀ। ਦੂਜੇ ਪਾਸੇ ਨਾਗਾਸਾਕੀ ਪਹਾੜੀ ਇਲਾਕਾ ਸੀ ਤੇ ਨਦੀਆਂ ਦੁਆਰਾ ਵੰਡਿਆ ਵੀ ਹੋਇਆ ਸੀ। ਇਸ ਦੇ ਉੱਘੜ-ਦੁੱਘੜ ਅਕਾਰ ਕਾਰਨ ਜ਼ਿਆਦਾ ਤਬਾਹੀ ਨਹੀਂ ਹੋਈ ਕਿਉਂਕਿ ਬੰਬ ਫਟਣ ਵਾਲੀ ਜਗ੍ਹਾ ’ਤੇ ਇਮਾਰਤਾਂ ਨਹੀਂ ਸਨ ਪਰ ਫਿਰ ਵੀ ਲਗਭਗ ਢਾਈ ਲੱਖ ਦੀ ਅਬਾਦੀ ਵਿੱਚੋਂ ਕਰੀਬ 75000 ਲੋਕ ਮਾਰੇ ਗਏ ਤੇ ਇੰਨੇ ਹੀ ਜ਼ਖ਼ਮੀ ਹੋਏ ਸਨ।
ਹੀਰੋਸ਼ੀਮਾ ਤੇ ਨਾਗਾਸਾਕੀ ਧਮਾਕਿਆਂ ਦੇ ਦੁਰਪ੍ਰਭਾਵ ਬੜੇ ਹੀ ਘਾਤਕ ਤੇ ਮਾਰੂ ਸਨ। ਮਰਨ ਵਾਲਿਆਂ ਨਾਲੋਂ ਬਚਣ ਵਾਲਿਆਂ ਦੀ ਹਾਲਤ ਹੋਰ ਵੀ ਭਿਆਨਕ ਤੇ ਤਰਸਯੋਗ ਸੀ। ਕਿਸੇ ਦੇ ਮੂੰਹ, ਨੱਕ ਜਾਂ ਅੱਖਾਂ ਵਿਚੋਂ ਖੂਨ ਵਗ ਰਿਹਾ ਸੀ, ਕਿਸੇ ਦੀ ਲੱਤ, ਬਾਂਹ ਜਾਂ ਸਰੀਰ ਦਾ ਕੋਈ ਅੰਗ ਝੜ ਗਿਆ ਸੀ, ਕਈਆਂ ਦੀ ਚਮੜੀ ਗਲ ਰਹੀ ਸੀ। ਪਰਮਾਣੂ ਹਮਲੇ ਤੋਂ ਬਾਅਦ ਹੋਈ ਕਾਲੀ ਬਾਰਿਸ਼ ਨਾਲ ਬਹੁਤ ਸਾਰੇ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੇ ਚਮੜੀ ਰੋਗਾਂ ਨਾਲ ਜੂਝਣਾ ਪਿਆ। ਬਹੁਤ ਸਾਰੇ ਲੋਕ ਦਿਨਾਂ ਵਿੱਚ ਹੀ ਤੇ ਬਹੁਤ ਸਾਰੇ ਮਹੀਨਿਆਂ ਵਿਚ ਤੜਫ-ਤੜਫ ਕੇ ਮਰ ਗਏ। ਰੇਡੀਏਸ਼ਨ ਦੇ ਪ੍ਰਭਾਵ ਕਾਰਨ ਕੈਂਸਰ ਅਤੇ ਲਿਊਕੈਮੀਆ ਗ੍ਰਸਤ ਮਰੀਜਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਚਲਾ ਗਿਆ। ਬਹੁਤ ਸਾਰੇ ਲੋਕ ਕੁਪੋਸ਼ਣ ਦਾ ਸ਼ਿਕਾਰ ਹੋ ਗਏ। ਬਚੀਆਂ ਹੋਈਆਂ ਗਰਭਵਤੀ ਮਾਂਵਾਂ ਦੇ ਬੱਚੇ ਪੈਦਾ ਹੋਏ ਉਹ ਸਰੀਰਕ ਜਾਂ ਮਾਨਸਿਕ ਤੌਰ ’ਤੇ ਅਵਿਕਸਿਤ ਸਨ। ਇਹ ਸਿਲਸਿਲਾ ਸਾਲਾਂਬੱਧੀ ਜਾਰੀ ਰਿਹਾ।
ਧਮਾਕਿਆਂ ਦੀ ਮਾਰ ਨਾਲ ਜੂਝਦੇ ਹੋਏ ਅਖੀਰ ਨਾਗਾਸਾਕੀ ਦੀ ਘਟਨਾ ਦੇ 6 ਦਿਨ ਬਾਅਦ 15 ਅਗਸਤ 1945 ਨੂੰ ਜਾਪਾਨ ਨੇ ਮਿੱਤਰ ਦੇਸ਼ਾਂ ਸਾਹਮਣੇ ਹਥਿਆਰ ਸੁੱਟ ਦਿੱਤੇ। ਫਿਰ 2 ਸਤੰਬਰ ਨੂੰ ਉਸਨੇ ‘ਇੰਸਟਰੂਮੈਂਟ ਆਫ ਸਰੈਂਡਰ’ ਨਾਂਅ ਦੇ ਲਿਖਤੀ ਸਮਝੌਤੇ ’ਤੇ ਦਸਤਖਤ ਕੀਤੇ ਜਿਸ ਦੇ ਨਤੀਜੇ ਵਜੋਂ ਵਿਸ਼ਵ ਯੁੱਧ ਸਮਾਪਤ ਹੋ ਗਿਆ।
76 ਸਾਲ ਪਹਿਲਾਂ ਹੋਏ ਪਰਮਾਣੂ ਹਮਲੇ ਰਾਹੀਂ ਪੈਦਾ ਹੋਈ ਰੇਡੀਏਸ਼ਨ ਦੇ ਪ੍ਰਭਾਵ ਜਾਪਾਨ ਵਿੱਚ ਅੱਜ ਵੀ ਮੌਜੂਦ ਹਨ। ਉੱਥੇ ਸਰੀਰਕ ਜਾਂ ਮਾਨਸਿਕ ਵਿਕਾਰ ਪੀੜ੍ਹੀ ਦਰ ਪੀੜ੍ਹੀ ਮਾਪਿਆਂ ਤੋਂ ਸੰਤਾਨ ਵਿੱਚ ਪ੍ਰਵੇਸ਼ ਕਰਦੇ ਆ ਰਹੇ ਹਨ। ਪਰਮਾਣੂ ਹਮਲੇ ਦੇ ਬਾਅਦ ਰੇਡੀਓਐਕਟਿਵ ਵਿਕਿਰਨਾਂ ਦੇ ਸ਼ਿਕਾਰ ਜਾਪਾਨੀ ਲੋਕਾਂ ਦੀ ਅਦਾਲਤੀ ਲੜਾਈ 76 ਸਾਲਾਂ ਬਾਅਦ ਵੀ ਚੱਲ ਰਹੀ ਹੈ ਤੇ ਕੁੱਝ ਮਹੀਨੇ ਪਹਿਲਾਂ ਉੱਥੋਂ ਦੀ ਉੱਚ-ਅਦਾਲਤ ਨੇ ਕਾਲੀ ਬਾਰਿਸ਼ ਦੇ ਪੀੜਤ 84 ਲੋਕਾਂ ਦੀ ਅਪੀਲ ’ਤੇ ਉਹਨਾਂ ਨੂੰ ਡਾਕਟਰੀ ਸਹੂਲਤਾਂ ਦੇਣ ਲਈ ਉਹਨਾਂ ਦੇ ਹੱਕ ਵਿੱਚ ਫੈਸਲਾ ਸੁਣਾਇਆ ਹੈ।
ਸੰਸਾਰ ਅੱਜ ਬਾਰੂਦ ਦਾ ਢੇਰ ਬਣ ਚੁੱਕਾ ਹੈ। ਵੱਖ-ਵੱਖ ਦੇਸ਼ਾਂ ਵਿੱਚ ਪਰਮਾਣੂ ਹਥਿਆਰ ਬਣਾਉਣ, ਇਕੱਤਰ ਕਰਨ ਤੇ ਸੈਨਿਕ ਤੌਰ ’ਤੇ ਵੱਧ ਸ਼ਕਤੀਸ਼ਾਲੀ ਬਣਨ ਦੀ ਦੌੜ ਲੱਗੀ ਹੋਈ ਹੈ। ਵਿਸ਼ਵ ਵਿੱਚ ਪਰਮਾਣੂ ਹਥਿਆਰਾਂ ’ਤੇ ਨਜ਼ਰ ਰੱਖਣ ਵਾਲੀ ਅੰਤਰਰਾਸ਼ਟਰੀ ਸੰਸਥਾ ‘ਸਿਪਰੀ’ ਅਨੁਸਾਰ ਸਾਲ 2020 ਵਿੱਚ ਦੁਨੀਆਂ ਵਿੱਚ 3720 ਪਰਮਾਣੂ ਹਥਿਆਰ ਤੈਨਾਤ ਸਨ ਪਰ ਸਾਲ 2021 ਵਿੱਚ 3825 ਪਰਮਾਣੂ ਹਥਿਆਰ ਹਮਲਿਆਂ ਲਈ ਤਿਆਰ-ਬਰ-ਤਿਆਰ ਹਨ। ਸਿਪਰੀ ਅਨੁਸਾਰ ਨੌਂ ਦੇਸ਼ ਜਿਨ੍ਹਾਂ ਵਿੱਚ ਅਮਰੀਕਾ, ਰੂਸ, ਬਿ੍ਰਟੇਨ, ਫਰਾਂਸ, ਚੀਨ, ਭਾਰਤ, ਪਾਕਿਸਤਾਨ, ਇਜ਼ਰਾਈਲ ਅਤੇ ਉੱਤਰੀ ਕੋਰੀਆ ਸ਼ਾਮਲ ਹਨ, ਇਸ ਪਰਮਾਣੂ ਦੌੜ ਵਿੱਚ ਵਾਧਾ ਕਰ ਰਹੇ ਹਨ। ਇਨ੍ਹਾਂ ਪਰਮਾਣੂ ਹਥਿਆਰਾਂ ਨੂੰ ਘੱਟ ਕਰਨਾ ਜਾਂ ਨਸ਼ਟ ਕਰਨਾ ਹੋਰ ਵੀ ਚੁਣੌਤੀ ਭਰਪੂਰ ਹੋ ਰਿਹਾ ਹੈ।
ਦੂਜੇ ਵਿਸ਼ਵ ਯੁੱਧ ਤੋਂ ਬਾਅਦ ਹੋਂਦ ਵਿਚ ਆਈ ਯੂ.ਐਨ.ਓ. ਇੱਕ ਅਜਿਹੀ ਸੰਸਥਾ ਹੈ ਜੋ ਇਨ੍ਹਾਂ ਪਰਮਾਣੂ ਹਥਿਆਰਾਂ ਨੂੰ ਖਤਮ ਕਰਨ, ਕੌਮਾਂਤਰੀ ਸ਼ਾਂਤੀ-ਸੁਰੱਖਿਆ ਤੇ ਵੱਖ-ਵੱਖ ਦੇਸ਼ਾਂ ਵਿੱਚ ਮਿੱਤਰਤਾਪੂਰਨ ਸਬੰਧ ਸਥਾਪਤ ਕਰਨ ਲਈ ਯਤਨਸ਼ੀਲ ਹੈ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ ’ਤੇ ਕਈ ਐਂਟੀ-ਨਿਊਕਲੀਅਰ ਸੰਸਥਾਵਾਂ ਵੀ ਸਥਾਪਤ ਹੋ ਚੁੱਕੀਆਂ ਹਨ।
ਪਰਮਾਣੂ ਹਥਿਆਰਾਂ ਦੀ ਭਿਆਨਕ ਮਾਰ ਸਹਿਣ ਕਰਕੇ ਜਾਪਾਨ ਅੱਜ ਆਪਣੀ ਤਕਨੀਕ ਤੇ ਮਿਹਨਤ ਨਾਲ ਦੁਨੀਆਂ ਦੇ ਵਿਕਸਿਤ ਦੇਸ਼ਾਂ ਵਿੱਚ ਸ਼ਾਮਲ ਹੈ ਪਰ ਉਸਨੇ ਇਹ ਪ੍ਰਣ ਕੀਤਾ ਹੋਇਆ ਹੈ ਕਿ ਉਹ ਆਪਣੇ ਦੇਸ਼ ਵਿੱਚ ਪਰਮਾਣੂ ਹਥਿਆਰ ਬਣਾਉਣ ਦੀ ਆਗਿਆ ਨਹੀਂ ਦੇਵੇਗਾ। ਉਹ ਪਰਮਾਣੂ ਤਕਨੀਕ ਨੂੰ ਕੇਵਲ ਸ਼ਾਂਤੀਪੂਰਨ ਕੰਮਾਂ ਲਈ ਹੀ ਵਰਤੇਗਾ।
ਅਖੀਰ ਵਿੱਚ ਇਹ ਹੀ ਕਿਹਾ ਜਾ ਸਕਦਾ ਹੈ ਕਿ ਅਸੀਂ ਭਾਵੇਂ ਹੱਦਾਂ-ਬੰਨਿਆਂ ਨਾਲ ਵੱਖ-ਵੱਖ ਦੇਸ਼ਾਂ, ਧਰਮਾਂ, ਨਸਲਾਂ ਤੇ ਸੱਭਿਆਚਾਰਾਂ ਵਿੱਚ ਵੰਡੇ ਹੋਏ ਹਾਂ ਪਰ ਸਭ ਤੋਂ ਪਹਿਲਾਂ ਅਸੀਂ ਮਨੁੱਖ ਹਾਂ ਤੇ ਇਹ ਧਰਤੀ ਸਾਡਾ ਰੈਣ-ਬਸੇਰਾ ਹੈ। ਇਸ ਧਰਤੀ ਦੀ ਹੋਂਦ ਨਾਲ ਹੀ ਮਨੁੱਖ ਜਾਤੀ ਦੀ ਮੌਜੂਦਗੀ ਹੈ। ਜੋ ਦਰਦ ਮਨੁੱਖਤਾ ਨੇ ਹੀਰੋਸ਼ੀਮਾ ਤੇ ਨਾਗਾਸਾਕੀ ਦੇ ਕਹਿਰ ਸਮੇਂ ਹੰਢਾਇਆ ਹੈ ਉਹ ਦਰਦ ਆਉਣ ਵਾਲੇ ਸਮੇਂ ਵਿੱਚ ਕਿਸੇ ਹੋਰ ਦੇਸ਼ ਨੂੰ ਨਾ ਹੰਢਾਉਣਾ ਪਵੇ, ਇਸ ਲਈ ਸਾਨੂੰ ਸਮਝਦਾਰੀ, ਸਿਆਣਪ ਤੇ ਮਨੁੱਖੀ ਭਾਵਨਾਵਾਂ ਨੂੰ ਪਹਿਲ ਦੇਣੀ ਹੋਵੇਗੀ। ਆਪਣੇ ਇਤਿਹਾਸ ਤੋਂ ਸਾਨੂੰ ਸਬਕ ਲੈਣੇ ਪੈਣਗੇ ਕਿ ‘ਵਿਕਾਸ’ ਜਾਂ ‘ਵਿਨਾਸ਼’ ਮਨੁੱਖੀ ਹੱਥਾਂ ਵਿੱਚ ਹੈ। ਕਿੰਨਾ ਚੰਗਾ ਹੋਵੇ ਜੇਕਰ ਪਰਮਾਣੂ ਉਰਜਾ ਨੂੰ ਅਸੀਂ ਵਿਕਾਸ ਲਈ ਵਰਤੀਏ ਨਾ ਕਿ ਜੰਗੀ ਹਥਿਆਰਾਂ ਦੇ ਰੂਪ ਵਿੱਚ ‘ਵਿਨਾਸ਼’ ਲਈ, ਤਾਂ ਜੋ ਭਵਿੱਖ ਵਿੱਚ ਹੀਰੋਸ਼ੀਮਾ ਤੇ ਨਾਗਾਸਾਕੀ ਵਰਗਾ ਕੋਈ ਦੁਖਾਂਤ ਨਾ ਵਾਪਰੇ।
ਸੁਖਵੀਰ ਕੌਰ/ਡਾ. ਪਰਵਿੰਦਰ ਸਿੰਘ
ਬਘਰੌਲ, ਸੰਗਰੂਰ
ਮੋ. 98722-49074
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ