ਵਿਧਾਇਕ ਮਾਮੇ ਬਗੈਰ ਇੰਸਪੈਕਟਰ ਭਾਣਜਾ ਇਕੱਲਾ ਨਹੀਂ ਕਰ ਸਕਦਾ ਐਨਾ ਵੱਡਾ ਘੋਟਾਲਾ: ਮੀਤ ਹੇਅਰ
(ਅਸ਼ਵਨੀ ਚਾਵਲਾ) ਚੰਡੀਗੜ। ਆਮ ਆਦਮੀ ਪਾਰਟੀ ਨੇ ‘ਬਹੁ ਚਰਚਿਤ ਅਨਾਜ ਘੁਟਾਲੇ’ ਦੀ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਨਿਗਰਾਨੀ ਹੇਠ ਸੀ.ਬੀ.ਆਈ ਦੀ ਸਮਾਂਬੱਧ ਜਾਂਚ ਦੀ ਮੰਗ ਕੀਤੀ ਹੈ। ਯੂਥ ਵਿੰਗ ਦੇ ਸੂਬਾ ਪ੍ਰਧਾਨ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਸਿਰਫ਼ ਇੱਕ ਜ਼ਿਲੇ ਅੰਮਿ੍ਰਤਸਰ ’ਚ ਪਨਗੇ੍ਰਨ ਦੇ ਗੁਦਾਮਾਂ ਵਿੱਚ 16 ਤੋ 20 ਕਰੋੜ ਰੁਪਏ ਦੇ ਅਨਾਜ ਘੁਟਾਲੇ ਨੂੰ ਕੋਈ ਇੱਕ ਇੰਸਪੈਕਟਰ ਜਾਂ ਅਧਿਕਾਰੀ- ਕਰਮਚਾਰੀ ਅੰਜ਼ਾਮ ਨਹੀਂ ਦੇ ਸਕਦਾ। ਇਸ ਗੁਦਾਮ ਲੁੱਟ ਗੈਂਗ ’ਚ ਅਧਿਕਾਰੀਆਂ ਦੇ ਨਾਲ ਨਾਲ ਸੱਤਾਧਾਰੀ ਸਿਆਸਤਦਾਨ ਵੀ ਸ਼ਾਮਲ ਹਨ। ਇਸ ਲਈ ਇਸ ਘੁਟਾਲੇ ਦੀ ਮਾਨਯੋਗ ਹਾਈਕੋਰਟ ਦੀ ਨਿਗਰਾਨੀ ਹੇਠ ਸੀ.ਬੀ.ਆਈ ਦੀ ਸਮਾਂਬੱਧ ਜਾਂਚ ਹੋਣੀ ਚਾਹੀਦੀ ਹੈ।
ਉਨਾਂ ਕਿਹਾ ਕਿ ਸੂਬੇ ਅੰਦਰ ਇਹ ਕੋਈ ਪਹਿਲਾ ਅਨਾਜ ਘੋਟਾਲਾ ਨਹੀਂ ਹੈ। ਬਾਦਲ-ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਦੌਰਾਨ ਹੁਣ ਤੱਕ ਅਰਬਾਂ ਰੁਪਏ ਦੇ ਅਨਾਜ ਘੁਟਾਲੇ ਹੋਏ ਹਨ, ਪ੍ਰੰਤੂ ਅਧਿਕਾਰੀਆਂ ਅਤੇ ਭਿ੍ਰਸ਼ਟ ਸਿਆਸਤਦਾਨਾਂ ਦੀ ਮਿਲੀਭੁਗਤ ਨਾਲ ਵੱਡੇ ਮਗਰਮੱਛ ਬਚ ਨਿਕਲਦੇ ਹਨ। ਮੀਤ ਹੇਅਰ ਨੇ ਕਿਹਾ ਕਿ ਸੂਬਾ ਸਰਕਾਰ ਆਪਣੀਆਂ ਖ਼ਰੀਦ ਏਜੰਸੀਆਂ ਰਾਹੀਂ ਕੇਂਦਰੀ ਅਨਾਜ ਭੰਡਾਰ ਲਈ ਐਫ.ਸੀ.ਆਈ ਦੀ ਮਾਰਫ਼ਤ ਅਨਾਜ ਭੰਡਾਰਨ ਕਰਦੀਆਂ ਹਨ। ਇਸ ਤਰਾਂ ਸੂਬੇ ਦੀ ਕੌਮੀ ਪੱਧਰ ’ਤੇ ਭਾਰੀ ਬਦਨਾਮੀ ਕਰਦੇ ਹਨ। ਉਨਾਂ ਨੇ ਕਿਹਾ ਕਿ ਜੇਕਰ ਇਸ ਘੁਟਾਲੇ ਦੀ ਨਿਰਪੱਖ ਜਾਂਚ ਹੁੰਦੀ ਹੈ ਤਾਂ ਵੱਡਾ ਮਾਫ਼ੀਆ ਉਜਾਗਰ ਹੋ ਸਕਦਾ ਹੈ।
ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਇੱਕ ਇੰਸਪੈਕਟਰ ਪੱਧਰ ਦਾ ਕਰਮਚਾਰੀ ਐਨੇ ਵੱਡੇ ਘੁਟਾਲੇ ਨੂੰ ਅੰਜ਼ਾਮ ਨਹੀਂ ਦੇ ਸਕਦਾ, ਇਸ ਲਈ ਇੰਸਪੈਕਟਰ ਜਗਦੇਵ ਸਿੰਘ ਦੇ ਨਾਲ- ਨਾਲ ਉਸਦੇ ਕਾਂਗਰਸੀ ਵਿਧਾਇਕ ਮਾਮੇ ਮਦਨ ਲਾਲ ਜਲਾਲਪੁਰ ਨੂੰ ਵੀ ਜਾਂਚ ਦੇ ਘੇਰੇ ’ਚ ਲਿਆਂਦਾ ਜਾਣਾ ਜ਼ਰੂਰੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ