ਕਮਰੇ ਦੀ ਛੱਤ ਡਿੱਗਣ ਕਾਰਨ ਮਜ਼ਦੂਰ ਪਰਿਵਾਰ ਹੋਇਆ ਬੇਘਰ, ਔਰਤ ਗੰਭੀਰ ਰੂਪ ਵਿੱਚ ਜ਼ਖਮੀ

ਕਮਰੇ ਦੀ ਛੱਤ ਡਿੱਗਣ ਕਾਰਨ ਮਜ਼ਦੂਰ ਪਰਿਵਾਰ ਹੋਇਆ ਬੇਘਰ, ਔਰਤ ਗੰਭੀਰ ਰੂਪ ਵਿੱਚ ਜ਼ਖਮੀ

  • ਸਾਰਾ ਘਰੇਲੂ ਸਮਾਨ ਬੁਰੀ ਤਰ੍ਹਾਂ ਨੁਕਸਾਨਿਆ
  • ਪ੍ਰਸ਼ਾਸਨ ਦੀ ਅਣਦੇਖੀ ਦਾ ਨਤੀਜਾ ਭੁਗਤ ਰਿਹਾ ਪਰਿਵਾਰ

ਕੋਟਕਪੂਰਾ (ਸੁਭਾਸ਼ ਸ਼ਰਮਾ)। ਬੀਤੇ ਦਿਨੀਂ ਹੋਈਆਂ ਭਾਰੀ ਬਾਰਿਸ਼ਾਂ ਕਾਰਨ ਨੇੜਲੇ ਪਿੰਡ ਲਾਲੇਆਣਾ ਚ ਇੱਕ ਮਜ਼ਦੂਰ ਪਰਿਵਾਰ ਦੇ ਮਕਾਨ ਦੀ ਛੱਤ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਦੌਰਾਨ ਕਮਰੇ ਅੰਦਰ ਪਿਆ ਸਾਰਾ ਸਮਾਨ ਨੁਕਸਾਨਿਆ ਗਿਆ ਅਤੇ ਇੱਕ ਔਰਤ ਗੰਭੀਰ ਰੂਪ ਚ ਜ਼ਖਮੀ ਹੋ ਗਈ। ਜਦਕਿ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਪਰਿਵਾਰ ਦਾ ਇੱਕੋ ਇੱਕ ਕਮਰਾ ਢਹਿਣ ਨਾਲ ਮਜ਼ਦੂਰ ਪਰਿਵਾਰ ਬੇਘਰ ਹੋ ਗਿਆ ਹੈ।

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਲਾਲੇਆਣਾ ਨਿਵਾਸੀ ਸ਼ਾਮ ਲਾਲ ਪੁੱਤਰ ਊਦਾ ਰਾਮ ਦਿਹਾੜੀ ਮਜਦੂਰੀ ਕਰਦਾ ਹੈ। ਜਿਸ ਕੋਲ ਘਰ ਦੇ ਨਾਂਅ ਤੇ ਖਸਤਾ ਹਾਲ ਸਿਰਫ਼ ਇੱਕੋ ਕਮਰਾ ਸੀ। ਜਿਸ ਵਿੱਚ ਉਹ ਆਪਣੀ ਪਤਨੀ ਅਤੇ ਦੋ ਬੇਟਿਆਂ ਨਾਲ ਰਹਿੰਦਾ ਸੀ। ਘਰ ਦਾ ਸਾਰਾ ਸਾਮਾਨ ਵੀ ਇਸੇ ਕਮਰੇ ਵਿੱਚ ਪਿਆ ਸੀ ਅਤੇ ਖਾਣਾ ਆਦਿ ਵੀ ਉਸੇ ਕਮਰੇ ਵਿੱਚ ਬਣਾਇਆ ਜਾਂਦਾ ਸੀ।

ਮੰਗਲਵਾਰ ਰਾਤੀਂ ਅਚਾਨਕ ਪੱਖਾ ਖਰਾਬ ਹੋਣ ਕਾਰਨ ਉਹ ਪਰਿਵਾਰ ਸਮੇਤ ਆਪਣੇ ਭਰਾ ਘਰ ਸੋਂ ਗਿਆ। ਬੁੱਧਵਾਰ ਦੀ ਸਵੇਰ ਜਦ ਉਸਦੀ ਪਤਨੀ ਗੀਤਾ ਰਾਣੀ ਨੇ ਚਾਹ ਆਦਿ ਬਨਾਉਣ ਲਈ ਆਪਣੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਅਚਾਨਕ ਕਮਰੇ ਦੀ ਛੱਤ ਡਿੱਗ ਗਈ। ਜਿਸ ਕਾਰਨ ਗੀਤਾ ਦੇ ਸਿਰ ਤੋਂ ਇਲਾਵਾ ਸ਼ਰੀਰ ਦੇ ਹੋਰ ਥਾਈਂ ਵੀ ਗੰਭੀਰ ਸੱਟਾਂ ਲੱਗ ਗਈਆਂ। ਗੀਤਾਂ ਦੀਆਂ ਚੀਕਾਂ ਸੁਣ ਆਂਢ ਗੁਆਂਢ ਨੇ ਆ ਕੇ ਗੀਤਾ ਨੂੰ ਮਲਬੇ ਹੇਠੋਂ ਕੱਢਿਆ ਗਿਆ। ਇਸੇ ਦੌਰਾਨ ਕਮਰੇ ਅੰਦਰ ਪਿਆ ਟੈਲੀਵਿਜ਼ਨ,ਪੇਟੀ, ਫਰਿੱਜ, ਬੈੱਡ ਅਤੇ ਪੱਖੇ ਤੋਂ ਇਲਾਵਾ ਬਰਤਨ ਆਦਿ ਘਰੇਲੂ ਸਮਾਨ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ।

ਇਸ ਸਬੰਧੀ ਪਿੰਡ ਦੇ ਸਰਪੰਚ ਕਿਸ਼ੋਰੀ ਲਾਲ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿੰਡ ਦੇ ਕਈ ਖਸਤਾ ਹਾਲ ਮਕਾਨਾਂ ਬਾਰੇ ਪ੍ਰਸ਼ਾਸਨ ਨੂੰ ਕਈ ਵਾਰ ਲਿਖ ਕੇ ਦਿੱਤਾ ਜਾ ਚੁੱਕਾ ਹੈ। ਪਰ ਪ੍ਰਸ਼ਾਸਨ ਵਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਅਗਰ ਸਮੇਂ ਸਿਰ ਪ੍ਰਸ਼ਾਸਨ ਇਨ੍ਹਾਂ ਲੋੜਵੰਦ ਪਰਿਵਾਰਾਂ ਦੀ ਮਦਦ ਕਰਦਾ ਤਾਂ ਇਹ ਹਾਦਸਾ ਟਲ ਸਕਦਾ ਸੀ। ਉਨ੍ਹਾਂ ਦੱਸਿਆ ਕਿ ਹਜੇ ਹੋਰ ਵੀ ਕਈ ਲੋੜਵੰਦ ਪਰਿਵਾਰ ਇਸ ਤਰ੍ਹਾਂ ਦੇ ਖਸਤਾ ਹਾਲ ਘਰਾਂ ਚ ਮੌਤ ਦੇ ਸਾਏ ਹੇਠ ਰਹਿਣ ਨੂੰ ਮਜਬੂਰ ਹਨ। ਸਰਪੰਚ ਕਿਸ਼ੋਰੀ ਲਾਲ ਸ਼ਰਮਾ, ਪੀੜਤ ਸ਼ਾਮ ਲਾਲ ਅਤੇ ਹੋਰ ਵੀ ਪਿੰਡ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਨੂੰ ਜਲਦ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਉਹ ਪਰਿਵਾਰ ਸਮੇਤ ਸਿਰ ਲੁਕਾਉਣ ਲਈ ਨਵਾਂ ਕਮਰਾ ਉਸਾਰ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ