ਇੱਕ ਸ਼ਖ਼ਸੀਅਤ ਨੂੰ ਲੈ ਕੇ ਕੰਮ ਕਰਦੇ ਹਨ ਪ੍ਰਸ਼ਾਂਤ, ਪੰਜਾਬ ’ਚ ਸਮਾਨਾਂਤਰ ਚਲ ਰਹੇ ਹਨ ਸਿੱਧੂ-ਕੈਪਟਨ
ਚੋਣ ਪ੍ਰਚਾਰ ’ਚ ਵਿਵਾਦ ਹੋਣ ਦੇ ਆਸਾਰ ਨੂੰ ਦੇਖਦੇ ਹੋਏ ਪਿੱਛੇ ਹਟੇ ਪ੍ਰਸ਼ਾਂਤ ਕਿਸ਼ੋਰ
ਅਸ਼ਵਨੀ ਚਾਵਲਾ, ਚੰਡੀਗੜ । ਪੰਜਾਬ ਵਿੱਚ ਨਵਜੋਤ ਸਿੱਧੂ ਅਤੇ ਕੈਪਟਨ ਦੀ ਆਪਸੀ ਜੰਗ ਵਿੱਚ ਚੋਣ ਰਣਨੀਤੀਕਾਰ ਆਪਣਾ ਭਵਿੱਖ ਦਾਅ ’ਤੇ ਨਹੀਂ ਲਗਾਉਣਾ ਚਾਹੁੰਦੇ ਹਨ। ਜਿਸ ਕਾਰਨ ਪ੍ਰਸ਼ਾਂਤ ਕਿਸ਼ੋਰ ਨੇ ਆਪਣਾ ਅਸਤੀਫ਼ਾ ਦੇ ਦਿੱਤਾ ਹੈ। ਉਹ ਹੁਣ ਪੰਜਾਬ ਵਿੱਚ ਕਾਂਗਰਸ ਪਾਰਟੀ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਲਈ ਕੰਮ ਨਹੀਂ ਕਰਨਗੇ। ਪ੍ਰਸ਼ਾਂਤ ਕਿਸ਼ੋਰ ’ਤੇ ਕਾਂਗਰਸ ਪਾਰਟੀ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਜਿਤਾਉਣ ਦੀ ਜਿੰਮੇਵਾਰੀ ਸੀ ਪਰ ਚੋਣਾਂ ਤੋਂ ਕਰੀਬ 4 ਮਹੀਨੇ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਨੇ ਆਪਣੀ ਇਸ ਜਿੰਮੇਵਾਰੀ ਤੋਂ ਪਿੱਛੇ ਹਟਦੇ ਹੋਏ ਆਪਣਾ ਅਸਤੀਫ਼ਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮੈਸੇਜ਼ ਰਾਹੀਂ ਭੇਜ ਦਿੱਤਾ ਹੈ।
ਪ੍ਰਸ਼ਾਂਤ ਕਿਸ਼ੋਰ ਲਈ ਸਾਰਿਆਂ ਨਾਲੋਂ ਜਿਆਦਾ ਮੁਸ਼ਕਿਲ ਇਹ ਸੀ ਕਿ ਉਹ ਹਮੇਸ਼ਾ ਹੀ ਇੱਕ ਸ਼ਖਸੀਅਤ ਨੂੰ ਲੈ ਕੇ ਕੰਮ ਕਰਦੇ ਆਏ ਹਨ। ਬਿਹਾਰ ਵਿੱਚ ਨੀਤੀਸ਼ ਕੁਮਾਰ ਹੋਵੇ ਜਾਂ ਫਿਰ 2017 ਚੋਣਾਂ ਵਿੱਚ ਅਮਰਿੰਦਰ ਸਿੰਘ ਹੋਣ ਜਾਂ ਫਿਰ ਪੱਛਮ ਬੰਗਾਲ ਦੀਆਂ ਚੋਣਾਂ ਵਿੱਚ ਮਮਤਾ ਬੈਨਰਜੀ ਹੋਵੇ। ਪ੍ਰਸ਼ਾਂਤ ਕਿਸ਼ੋਰ ਕਦੇ ਵੀ ਪਾਰਟੀ ਨੂੰ ਅੱਗੇ ਰਖਦੇ ਹੋਏ ਕੰਮ ਨਹੀਂ ਕਰਦੇ ਹਨ, ਉਹ ਸ਼ਖ਼ਸੀਅਤ ਨੂੰ ਵੱਡਾ ਮੰਨਦੇ ਹੋਏ ਕੰਮ ਕਰਦੇ ਆਏ ਹਨ ਪਰ ਪੰਜਾਬ ਵਿੱਚ ਇਸ ਸਮੇਂ ਸਥਿਤੀ ਬਿਲਕੁਲ ਉਲਟ ਜਾਪ ਰਹੀ ਸੀ। ਮੌਜੂਦਾ ਸਮੇਂ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਵਿੱਚੋਂ ਕਿਸੇ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਸੀ।
ਜਿਸ ਕਾਰਨ ਪ੍ਰਸ਼ਾਂਤ ਕਿਸ਼ੋਰ ਇਸ ਗੱਲ ਨੂੰ ਲੈ ਕੇ ਸ਼ਸ਼ੋਪੰਜ ਵਿੱਚ ਸਨ ਕਿ ਉਹ ਜਿਹੜਾ ਵੀ ਤਰੀਕਾ ਚੋਣ ਪ੍ਰਚਾਰ ਦੌਰਾਨ ਅਪਣਾਉਣਗੇ ਤਾਂ ਉਸੇ ਤਰੀਕੇ ਵਿੱਚ ਵਿਵਾਦ ਹੋਣਾ ਹੀ ਸੀ। ਜੇਕਰ ਅਮਰਿੰਦਰ ਸਿੰਘ ਦੇ ਹੱਕ ਵਿੱਚ ਕੁਝ ਕਰਦੇ ਤਾਂ ਨਵਜੋਤ ਸਿੱਧੂ ਦੀ ਟੀਮ ਨਰਾਜ਼ ਹੁੰਦੀ ਜੇ ਨਵਜੋਤ ਸਿੱਧੂ ਨੂੰ ਅੱਗੇ ਰੱਖਿਆ ਜਾਂਦਾ ਤਾਂ ਅਮਰਿੰਦਰ ਸਿੰਘ ਦੀ ਨਰਾਜ਼ਗੀ ਦਿਖਾਈ ਦਿੰਦੀ। ਜਿਸ ਕਾਰਨ ਉਨਾਂ ਨੇ ਆਪਣਾ ਅਸਤੀਫ਼ਾ ਅਮਰਿੰਦਰ ਸਿੰਘ ਨੂੰ ਭੇਜ ਦਿੱਤਾ ਹੈ। ਹਾਲਾਂਕਿ ਪ੍ਰਸ਼ਾਂਤ ਕਿਸ਼ੋਰ ਵਲੋਂ ਆਪਣੇ ਅਸਤੀਫ਼ੇ ਵਿੱਚ ਇਹੋ ਜਿਹਾ ਕੁਝ ਨਹੀਂ ਲਿਖਿਆ ਹੈ, ਜਿਸ ਨਾਲ ਕੋਈ ਵਿਵਾਦ ਹੋਵੇ। ਪ੍ਰਸ਼ਾਂਤ ਕਿਸ਼ੋਰ ਨੇ ਕੁਝ ਸਮੇਂ ਲਈ ਬ੍ਰੇਕ ਲੈਣ ਦੀ ਗਲ ਆਖ ਕੇ ਆਪਣਾ ਅਸਤੀਫ਼ਾ ਦਿੱਤਾ ਹੈ।
ਅਮਰਿੰਦਰ ਸਣੇ ਵਿਧਾਇਕ ਨਿਰਾਸ਼, ਕਿਵੇਂ ਹੋਏਗੀ ਹੁਣ ਤਿਆਰੀ
ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਲੈ ਕੇ ਕਾਂਗਰਸ ਦੇ ਵਿਧਾਇਕ ਇਸ ਨੂੰ ਵੱਡਾ ਝਟਕਾ ਮੰਨ ਰਹੇ ਹਨ। ਮੁੱਖ ਮੰਤਰੀ ਨਾਲ ਜੁੜੇ ਸਿਆਸੀ ਲੀਡਰਾਂ ਅਤੇ ਵਿਧਾਇਕਾਂ ਦਾ ਕਹਿਣਾ ਹੈ ਕਿ ਉਨਾਂ ਵਲੋਂ ਕੋਈ ਤਿਆਰੀ ਨਹੀਂ ਕੀਤੀ ਜਾ ਰਹੀ ਸੀ ਅਤੇ ਸਾਰਾ ਜਿੰਮਾ ਹੀ ਪ੍ਰਸ਼ਾਂਤ ਕਿਸ਼ੋਰ ’ਤੇ ਛੱਡ ਕੇ ਉਹ ਆਰਾਮ ਨਾਲ ਬੈਠੇ ਸਨ ਪਰ ਹੁਣ ਸਥਿਤੀ ਵਿੱਚ ਅਚਾਨਕ ਬਦਲਾਓ ਆ ਗਿਆ ਹੈ, ਜਿਸ ਕਾਰਨ ਹੁਣ ਕਿਸੇ ਦੇ ਭਰੋਸੇ ਰਹਿੰਦੇ ਹੋਏ ਖ਼ੁਦ ਹੀ ਜਲਦ ਕੰਮ ਸ਼ੁਰੂ ਕਰਨਾ ਹੋਏਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ