ਚੱਲੋ ਛੱਡੋ ਜੀ, ਆਪਾਂ ਕੀ ਲੈਣੈ?
1990 ਵਿੱਚ ਮੈਂ ਦਰਜਾ ਚਾਰ ਮੁਲਾਜ਼ਮ ਸਾਂ ਤੇ ਸਾਡੇ ਦਫਤਰ ਦਾ ਮੁੱਖ ਬਾਬੂ ਮੈਨੂੰ ਕਿਹਾ ਕਰੇ ਕਿ ਸਾਡੇ ਘਰ ਰਸੋਈ ਗੈਸ ਦਾ ਸਿਲੰਡਰ ਛੱਡ ਕੇ ਆ। ਉਸ ਸਮੇਂ ਦੇ ਹਾਲਾਤ ਅੱਜ ਨਾਲੋਂ ਬੜੇ ਭਿੰਨ ਸਨ। ਸਾਡੇ ਸ਼ਹਿਰ ਵਿੱਚ ਉਦੋਂ ਦੋ ਹੀ ਗੈਸ ਏਜੰਸੀਆਂ ਸਨ। ਗੈਸ ਦੀ ਕਿੱਲਤ, ਖਾਸ ਕਰਕੇ ਸਰਦੀਆਂ ਵਿੱਚ, ਸਿਰ ਚੁੱਕ ਲੈਂਦੀ ਸੀ। ਅੱਜ ਵਾਂਗ ਘਰ-ਘਰ ਗੈਸ ਪਹੁੰਚਾਉਣ ਲਈ ਆਟੋ ਨਹੀਂ ਸਨ ਹੁੰਦੇ, ਬਲਕਿ ਤਿੰਨ ਪਹੀਆਂ ਵਾਲੀਆਂ ਹੱਥ ਰੇਹੜੀਆਂ ’ਤੇ ਕੁੱਝ ਚੋਣਵੇਂ ਘਰਾਂ ਵਿੱਚ ਕੁੱਝ ਉਚੇਰੀ ਕੀਮਤ ’ਤੇ ਗੈਸ ਦੇ ਭਰੇ ਸਿਲੰਡਰ ਪਹੁੰਚਾਏ ਜਾਂਦੇ ਸਨ।
ਇੱਕ ਦਿਨ ਪਹਿਲਾਂ ਦਫਤਰ ਸਮੇਂ ਵਿੱਚ ਮੈਂ ਗੈਸ ਏਜੰਸੀ ਦੇ ਦਫਤਰ ਜਾ ਕੇ ਪਰਚੀ ਕਟਵਾ ਲਿਆਉਣੀ। ਗੈਸ ਦੇ ਪੈਸੇ ਏਜੰਸੀ ਦੇ ਗੋਦਾਮ ਵਿੱਚ ਸਿਲੰਡਰ ਦੇਣ ਸਮੇਂ ਪਰਚੀ ਦੇ ਨਾਲ ਲਏ ਜਾਂਦੇ ਸਨ।
ਮੈਂ ਸ਼ਾਮ ਨੂੰ ਬਾਬੂ ਦੇ ਘਰੋਂ ਖਾਲੀ ਸਿਲੰਡਰ ਆਪਣੇ ਘਰ ਲੈ ਜਾਣਾ ਤੇ ਅਗਲੇ ਦਿਨ ਸਵੇਰੇ ਚਾਰ ਵਜੇ ਉੱਠ ਕੇ ਸਿਲੰਡਰ ਸਾਈਕਲ ’ਤੇ ਲੱਦ ਕੇ ਘਰ ਤੋਂ ਛੇ ਕਿਲੋਮੀਟਰ ਦੂਰ ਗੈਸ ਏਜੰਸੀ ਦੇ ਗੋਦਾਮ ਵਿੱਚ ਪਹੁੰਚ ਜਾਣਾ ਤੇ ਪਹਿਲਾਂ ਤੋਂ ਲੱਗੀ ਲਾਈਨ ਵਿੱਚ ਖੜ੍ਹੇ ਹੋ ਜਾਣਾ ਤੇ ਪਹਿਲਾਂ ਤੋਂ ਹੀ ਲਾਈਨ ਵਿੱਚ ਪਏ ਸਿਲੰਡਰਾਂ ਪਿੱਛੇ ਆਪਣਾ ਸਿਲੰਡਰ ਰੱਖ ਦੇਣਾ। ਬਾਬੂ ਜੀ ਨੂੰ ਇਹ ਲਾਲਚ ਹੁੰਦਾ ਸੀ ਕਿ ਪੈਸੇ ਜ਼ਿਆਦਾ ਨਹੀਂ ਦੇਣੇ ਪੈਂਦੇ ਸਨ ਤੇ ਸਿਲੰਡਰ ਘਰ ਪਹੁੰਚ ਜਾਂਦਾ ਸੀ ਤੇ ਮੈਨੂੰ ਇਹ ਲਾਲਚ ਹੁੰਦਾ ਸੀ ਕਿ ਸਵੇਰੇ-ਸਵੇਰੇ ਚਾਰ-ਪੰਜ ਘੰਟੇ ਮਿਹਨਤ ਕਰਕੇ ਫਿਰ ਸਾਰਾ ਦਿਨ ਫਰਲੋ ਮਾਰਦਾ ਸੀ।
ਇਸੇ ਤਰ੍ਹਾਂ ਇੱਕ ਦਿਨ ਗੈਸ ਏਜੰਸੀ ਦੇ ਗੋਦਾਮ ਵਿੱਚ ਮੇਰੇ ਪਹੁੰਚਣ ਤੋਂ ਪਹਿਲਾਂ ਹੀ ਲਾਈਨ ਬੜੀ ਲੰਮੀ ਲੱਗੀ ਹੋਈ ਸੀ। ਮੇਰੇ ਤੋਂ ਪਹਿਲਾਂ ਕਰੀਬ ਪੌਣੇ ਤਿੰਨ ਸੌ ਸਿਲੰਡਰ ਲੱਗਾ ਹੋਇਆ ਸੀ ਤੇ ਵੰਡੇ ਜਾਣ ਵਾਲੇ ਸਿਲੰਡਰਾਂ ਦੀ ਗਿਣਤੀ ਢਾਈ ਕੁ ਸੌ ਹੁੰਦੀ ਸੀ। ਕੁੱਝ ਰਿਕਸ਼ੇ ਵਾਲੇ ਵੀ ਆਪਣੇ ਜਾਣੂ ਲੋਕਾਂ ਕੋਲੋਂ ਪੰਜਾਹ-ਪੰਜਾਹ, ਸੌ-ਸੌ ਰੁਪਏ ਜ਼ਿਆਦਾ ਲੈ ਕੇ ਅੱਠ-ਅੱਠ, ਦਸ-ਦਸ ਸਿਲੰਡਰ ਲਾਈਨ ਵਿੱਚ ਰੱਖੀ ਬੈਠੇ ਸਨ। ਮੈਂ ਜਦ ਲਾਈਨ ਵਿੱਚ ਪਏ ਸਿਲੰਡਰਾਂ ਦੀ ਗਿਣਤੀ ਕੀਤੀ ਤੇ ਸਥਿਤੀ ਦਾ ਜਾਇਜਾ ਲਿਆ ਤਾਂ ਇਹ ਸਪੱਸ਼ਟ ਸੀ ਕਿ ਜੇ ਰਿਕਸ਼ੇ ਵਾਲੇ ਆਪਣੇ ਲਿਆਂਦੇ ਸਾਰੇ ਦੇ ਸਾਰੇ ਸਿਲੰਡਰ ਭਰਾ ਕੇ ਲੈ ਜਾਂਦੇ ਤਾਂ ਮੈਂ ਤੇ ਮੈਥੋਂ ਪਿੱਛੇ ਵਾਲੇ ਸਾਰੇ ਖਾਲੀ ਮੁੜਦੇ।
ਮੈਂ ਆਪਣੇ ਤੋਂ ਪਿੱਛੇ ਲਾਈਨ ਵਿੱਚ ਲੱਗੇ ਬੰਦਿਆਂ ਨੂੰ ਇਸ ਸਥਿਤੀ ਤੋਂ ਜਾਣੂ ਕਰਵਾਇਆ ਤੇ ਉਹ ਸਾਰੇ ਇਕੱਠੇ ਹੋ ਕੇ ਰਿਕਸ਼ੇ ਵਾਲਿਆਂ ਨੂੰ ਕਹਿਣ ਲੱਗੇ ਕਿ ਤੁਸੀਂ ਇੱਕ-ਇੱਕ ਸਿਲੰਡਰ ਹੀ ਭਰਵਾ ਕੇ ਲਿਜਾ ਸਕੋਗੇ। ਥੋਡੇ ਬਾਕੀ ਸਾਰੇ ਸਿਲੰਡਰ ਖਾਲੀ ਹੀ ਵਾਪਿਸ ਜਾਣਗੇ। ਮੈਂ ਤਾਂ ਉਹਨਾਂ ਲੋਕਾਂ ਨੂੰ ਕਿੱਤੇ ਲਾ ਕੇ ਪਾਸੇ ਹੋ ਗਿਆ। ਯਾਨੀ ਘਰ ਨੂੰ ਅੱਗ ਲਾ ਕੇ ਡੱਬੂ ਦੇ ਕੰਧ ’ਤੇ ਚੜ੍ਹਨ ਵਾਲੀ ਗੱਲ ਸੀ।
ਏਨੇ ਵਿੱਚ ਏਜੰਸੀ ਵਾਲਿਆਂ ਦਾ ਇੱਕ ਲਾਲਚੀ ਤੇ ਹੰਕਾਰਿਆ ਹੋਇਆ ਮੁਲਾਜ਼ਮ ਆਪਣੀ ਤਿੰਨ ਪਹੀਆਂ ਵਾਲੀ ਰੇਹੜੀ ’ਤੇ ਵੀਹ-ਪੱਚੀ ਸਿਲੰਡਰ ਲੱਦ ਕੇ ਗੋਦਾਮ ਵਿਚੋਂ ਬਾਹਰ ਨਿੱਕਲਿਆ, ‘ਅਮੀਰ’ ਲੋਕਾਂ ਦੇ ਘਰਾਂ ਵਿੱਚ ਸਿਲੰਡਰ ਪਹੁੰਚਾਉਣ। ਪਰ ਉਹ ਗਲਤੀ ਇਹ ਕਰ ਬੈਠਾ ਕਿ ਲਾਈਨ ਵਿੱਚ ਲੱਗੇ ਲੋਕਾਂ ਦੇ ਕੋਲ ਦੀ ਲੰਘਣ ਲੱਗਾ ਸੀ ਤੇ ਮੈਨੂੰ ਫਿਰ ਫਿਕਰ ਹੋ ਗਿਆ ਕਿ ਸਿਲੰਡਰ ਅੱਜ ਕਿਸੇ ਵੀ ਹਾਲਤ ਵਿੱਚ ਮਿਲਣਾ ਨਹੀਂ। ਪਰ ਐਤਕੀਂ ਹਿੰਮਤ ਮੈਨੂੰ ਕਰਨੀ ਪਈ। ਮੈਂ ਉਸ ਦੀ ਰੇਹੜੀ ਦਾ ਹੈਂਡਲ ਫੜ੍ਹ ਕੇ ਕਿਹਾ, ‘‘ਤੁਸੀਂ ਵੀ ਕਮਾਲ ਕਰਦੇ ਓ ਯਾਰ, ਅਸੀਂ ਇੱਥੋਂ ਖਾਲੀ ਮੁੜਾਂਗੇ ਤੇ ਤੂੰ ਲੋਕਾਂ ਦੇ ਘਰਾਂ ਵਿੱਚ ਸਿਲੰਡਰ ਪਹੁੰਚਾਉਣ ਚੱਲਿਆਂ?’’ ਇਹ ਗੱਲ ਮੈਂ ਕਹਿ ਤਾਂ ਰੇਹੜੀ ਵਾਲੇ ਨੂੰ ਰਿਹਾ ਸੀ, ਪਰ ਸੁਣਾ ਉਹਨਾਂ ਨੂੰ ਰਿਹਾ ਸੀ ਜਿਹੜੇ ਮੇਰੇ ਤੇ ਰੇਹੜੀ ਵਾਲੇ ਵੱਲ ਦੇਖ ਰਹੇ ਸਨ। ਗੱਲ ਓਹੀ ਹੋਈ, ਜਿਹੜੀ ਮੈਂ ਚਾਹੁੰਦਾ ਸੀ।
ਲੋਕ ਝੁਰਮਟ ਬਣਾ ਕੇ ਰੇਹੜੀ ਵਾਲੇ ਦੇ ਗਲ਼ ਪੈ ਗਏ ਤੇ ਮੈਂ ਉਸ ਇਕੱਠ ਵਿਚੋਂ ਬਾਹਰ ਆ ਗਿਆ ਤੇ ਮੈਂ ਕੀ ਦੇਖਦਾ ਹਾਂ ਕਿ ਇੱਕ ਔਰਤ, ਜਿਸ ਦਾ ਪਤੀ ਉਸ ਹਜ਼ੂਮ ਨਾਲ ਰਲ ਕੇ ਰੇਹੜੀ ਵਾਲੇ ਦੇ ਗਲ ਪਿਆ ਹੋਇਆ ਸੀ, ਨੇ ਉਸ ਰੇਹੜੀ ਵਿਚੋਂ ਇੱਕ ਭਰਿਆ ਸਿਲੰਡਰ ਥੱਲੇ ਸੁੱਟਿਆ ਤੇ ਖਾਲੀ ਸਿਲੰਡਰ ਉਸ ਰੇਹੜੀ ਵਿੱਚ ਰੱਖਿਆ ਤੇ ਆਪਣੇ ਪਤੀ ਨੂੰ ਕਹਿਣ ਲੱਗੀ, ‘‘ਛੱਡੋ ਜੀ, ਆਪਾਂ ਕੀ ਲੈਣੈ? ਨਹੀਂ ਸਿਲੰਡਰ ਮਿਲਦਾ ਤਾਂ ਕੱਲ੍ਹ ਨੂੰ ਲੈ ਜਾਵਾਂਗੇ।’’ ਉਸ ਦੇ ਪਤੀ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਸੀ ਕਿ ਇਹ ਮੈਨੂੰ ਬਿਨਾਂ ਭਰਿਆ ਸਿਲੰਡਰ ਲਏ ਤੋਂ ਜਾਣ ਵਾਸਤੇ ਕਿਉਂ ਕਹਿ ਰਹੀ ਹੈ? ਉਸ ਔਰਤ ਨੇ ਫਿਰ ਇਸ਼ਾਰਾ ਕੀਤਾ ਤੇ ਉਹ ਦੋਵੇਂ ਪਤੀ-ਪਤਨੀ ਬਿਨਾਂ ਕੋਈ ਪੈਸਾ ਦਿੱਤੇ ਭਰਿਆ ਸਿਲੰਡਰ, ਗੈਸ ਦੀ ਪਰਚੀ ਲੈ ਕੇ ਆਪਣੇ ਸਕੂਟਰ ’ਤੇ ਸਵਾਰ ਹੋ ਕੇ ਅਹੁ ਗਏ, ਅਹੁ ਗਏ।
ਹਾਲਾਤ ਹੁਣ ਵੀ ਕੁਝ ਉਸੇ ਤਰ੍ਹਾਂ ਦੇ ਹਨ। ਭੇਲੀ ਨਾਲੋਂ ਭੋਰਾ ਭੋਰ ਕੇ ਸਿਆਸਤਦਾਨ ਸਾਡੇ ਵੱਲ ਖਿਸਕਾ ਦਿੰਦੇ ਹਨ (ਮੁਫਤ ਬਿਜਲੀ ਤੇ ਹੋਰ ਸਹੂਲਤਾਂ, ਸਬਸਿਡੀ, ਕਰਜਾ ਮੁਆਫੀ, ਔਰਤਾਂ ਲਈ ਮੁਫਤ ਸਫਰ ਵਗੈਰਾ-ਵਗੈਰਾ) ਤੇ ਅਸੀਂ ਦੁੱਧ ਚੁੰਘਦੇ ਬੱਚੇ ਵਾਂਗ ਖਾਲੀ ਸੀਸੀ ਦਾ ਨਿੱਪਲ ਹੀ ਚੂਸਦੇ ਰਹਿ ਜਾਂਦੇ ਹਾਂ। ਅਸੀਂ ਕਦੇ ਨਹੀਂ ਸੋਚਦੇ ਕਿ ਇੱਕ ਵਰਗ ਨੂੰ ਮੁਫਤ ਸਹੂਲਤ ਦੇ ਕੇ ਸਰਕਾਰਾਂ ਉਸ ਦੀ ਪੂਰਤੀ ਦੂਸਰੇ ਵਰਗਾਂ ਤੋਂ ਕਰਦੀਆਂ ਹਨ।
ਜੋ ਮੁਫਤ ਸਹੂਲਤਾਂ ਦਾ ਅਨੰਦ ਮਾਣਦੇ ਹਨ, ਉਹ ਨਹੀਂ ਸੋਚਦੇ ਕਿ ਸਰਕਾਰਾਂ ਇਸ ਦੇ ਖਰਚੇ ਕਿਵੇਂ ਪੂਰੇ ਕਰਨਗੀਆਂ। ਮਸਲਨ, ਮੁਫਤ ਬਿਜਲੀ ਸਰਕਾਰਾਂ ਕਿਵੇਂ ਦੇਣਗੀਆਂ। ਉਸ ਦਾ ਬੋਝ ਵੀ ਸਿੱਧੇ ਜਾਂ ਅਸਿੱਧੇ ਤੌਰ ’ਤੇ ਜਨਤਾ ਉੱਤੇ ਹੀ ਪੈਂਦਾ ਹੈ। ਪਰ ਮੁਫਤ ਸਹੂਲਤ ਲੈਣ ਵਾਲਾ ਤਾਂ ਇਹੀ ਸੋਚਦਾ ਹੈ ਕਿ ਸਾਨੂੰ ਕੀ?
ਸਾਰੇ ਸਿਆਸਤਦਾਨ ਸਾਡੀ ਮੁਫਤਖੋਰੀ ਦੀ ਆਦਤ ਦਾ ਪੂਰਾ ਫਾਇਦਾ ਚੁੱਕਦੇ ਹਨ। ਇਸ ਲਈ ਵਕਤ-ਬੇਵਕਤ ਸਾਨੂੰ ਤਰ੍ਹਾਂ-ਤਰ੍ਹਾਂ ਦੇ ਲਾਲਚ ਦਿੰਦੇ ਹਨ। ਪਰ ਅਸੀਂ ਤਾਂ ਇਹੀ ਸੋਚਦੇ ਹਾਂ, ਸਾਨੂੰ ਤਾਂ ਮਿਲ ਰਿਹਾ ਹੈ। ਦੂਸਰਿਆਂ ਨਾਲ ਜਿਸ ਤਰ੍ਹਾਂ ਮਰਜੀ ਹੁੰਦਾ ਰਹੇ, ਸਾਨੂੰ ਕੀ?
ਬਠਿੰਡਾ, ਮੋ. 99889-95533
ਜਗਸੀਰ ਸਿੰਘ ਤਾਜੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ