ਬਸਪਾ ਅਕਾਲੀ ਦਲ ਗੱਠਜੋੜ ਅਤੇ ਕਾਂਗਰਸ ਨੇ ਇੱਕ ਦੂਸਰੇ ਨੂੰ ਰੱਜ ਕੇ ਭੰਡਿਆ
ਗੁਰਜੀਤ ਸ਼ੀਂਹ, ਸਰਦੂਲਗੜ੍ਹ । ਵਿਧਾਨ ਸਭਾ ਹਲਕਾ ਸਰਦੂਲਗੜ੍ਹ ’ਚ ਅੱਜ ਜਾਤੀ ਸੂਚਕ ਸ਼ਬਦਾਂ ਦੀ ਥਾਂ ਸਕਤੀ ਪ੍ਰਦਰਸ਼ਨ ਭਾਰੂ ਰਿਹਾ। ਕਾਂਗਰਸ ਪਾਰਟੀ ਵੱਲੋਂ ਡੇਰਾ ਬਾਬਾ ਧਿਆਨ ਦਾਸ ਝੁਨੀਰ ਵਿਖੇ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਐਸ ਸੀ ਭਰਾਵਾਂ ਆਦਿ ਨੂੰ ਨਾਲ ਲੈ ਕੇ ਇੱਕ ਭਾਰੀ ਇਕੱਠ ਕੀਤਾ ਜਿਸ ਵਿੱਚ ਹਲਕੇ ਦੇ ਵਿਧਾਇਕ ਦਿਲਰਾਜ ਸਿੰਘ ਭੂੰਦੜ ਦੇ ਪਿੰਡ ਪਹੁੰਚ ਕੇ ਰੋਸ ਪ੍ਰਦਰਸ਼ਨ ਕਰਦਿਆਂ ਅਰਥੀ ਸਾੜੀ ਜਾਣੀ ਸੀ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਥਾਂ-ਥਾਂ ਲੱਗੀਆਂ ਰੋਕਾਂ ਕਾਰਨ ਕਰਕੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਵੱਲੋਂ ਅਜਿਹਾ ਕਰਨਾ ਚੰਗਾ ਨਹੀਂ ਸਮਝਿਆ।
ਇਸ ਮੌਕੇ ਸ੍ਰੀ ਮੋਫਰ ਨੇ ਕਿਹਾ ਕਿ ਭੂੰਦੜ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਦਲਿਤ ਭਾਈਆਂ ਰਾਹੀਂ ਸਿਆਸੀ ਚਾਲਾਂ ਚੱਲ ਰਿਹਾ ਹੈ ਜਿਸ ਨੂੰ ਲੋਕ ਕਾਮਯਾਬ ਨਹੀਂ ਹੋਣ ਦੇਣਗੇ । ਉਨ੍ਹਾਂ ਕਿਹਾ ਕਿ ਦਲਿਤ ਭਰਾਵਾਂ ਨਾਲ ਉਹਨਾਂ ਦਾ ਨਹੁੰ ਮਾਸ ਦਾ ਰਿਸ਼ਤਾ ਹੈ ਅਸੀਂ ਇੱਕ ਦੂਜੇ ਦੇ ਪਰਿਵਾਰਾਂ ਦੇ ਦੁੱਖ-ਸੁੱਖ ’ਚ ਸ਼ਾਮਲ ਹੁੰਦੇ ਹਾਂ । ਉਹਨਾਂ ਕਿਹਾ ਕਿ ਭੂੰਦੜ ਪਰਿਵਾਰ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੋਂ ਚਿੜ੍ਹ ਕੇ ਅਜਿਹੀ ਘਟੀਆ ਰਾਜਨੀਤੀ ’ਤੇ ਉਤਰ ਆਇਆ ਹੈ। ਉਨ੍ਹਾਂ ਵਾਇਰਲ ਆਡੀਓ ਸਬੰਧੀ ਸਪਸ਼ਟ ਸ਼ਬਦਾਂ ’ਚ ਕਿਹਾ ਕਿ ਉਸ ’ਤੇ ਲਾਏ ਜਾ ਰਹੇ ਇਲਜ਼ਾਮ ਝੂਠੇ ਹਨ ਜਦ ਕਿ ਉਸ ਨਾਲ ਗੱਲਬਾਤ ਕਰਦੇ ਵਿਖਾਏ ਗਏ ਸਾਬਕਾ ਸਰਪੰਚ ਕਰਨੈਲ ਸਿੰਘ ਨੇ ਵੀ ਕਹਿ ਦਿੱਤਾ ਕਿ ਉਸ ਕੋਲ ਨਾ ਤਾਂ ਕੋਈ ਫੋਨ ਹੈ ਤੇ ਨਾ ਹੀ ਕੋਈ ਅਜਿਹੀ ਗੱਲਬਾਤ ਹੋਈ ਹੈ।
ਉਧਰ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵੱਲੋਂ ਵਿਧਾਇਕ ਦਿਲਰਾਜ ਸਿੰਘ ਭੂੰਦੜ ਅਤੇ ਬਸਪਾ ਦੇ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਸਰਦੂਲਗੜ੍ਹ ਦੀ ਅਗਵਾਈ ’ਚ ਦਲਿਤ ਭਾਈਚਾਰੇ ਦੀ ਹਮਾਇਤ ਨਾਲ ਅਨਾਜ ਮੰਡੀ ਸਰਦੂਲਗੜ੍ਹ ਵਿਖੇ ਇੱਕ ਭਾਰੀ ਇਕੱਠ ਕਰਕੇ ਹਲਕੇ ਦੇ ਸਾਬਕਾ ਕਾਂਗਰਸੀ ਵਿਧਾਇਕ ਸ. ਅਜੀਤਇੰਦਰ ਸਿੰਘ ਮੋਫਰ ਵੱਲੋਂ ਵਾਇਰਲ ਆਡੀਓ ’ਚ ਬੋਲੇ ਜਾਤੀ ਸੂਚਕ ਸ਼ਬਦਾਂ ਦੀ ਨਿਖੇਧੀ ਕੀਤੀ ਗਈ। ਇਸ ਮੌਕੇ ਦਲਿਤ ਭਰਾਵਾਂ ਦੀ ਹਮਾਇਤ ’ਤੇ ਆਏ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਅਤੇ ਸ਼੍ਰੋਮਣੀ ਅਕਾਲੀ ਦਲ ਐੱਸ ਸੀ ਬੀਸੀ ਸੈੱਲ ਦੇ ਕੌਮੀ ਪ੍ਰਧਾਨ ਗੁਲਜਾਰ ਸਿੰਘ ਰਣੀਕੇ ਨੇ ਕਿਹਾ ਕਿ ਕਾਂਗਰਸ ਦੇ ਸਾਬਕਾ ਵਿਧਾਇਕ ਵੱਲੋਂ ਜੋ ਜਾਤੀ ਸੂਚਕ ਸ਼ਬਦ ਬੋਲ ਕੇ ਦਲਿਤ ਭਾਈਚਾਰੇ ਨੂੰ ਠੇਸ ਪਹੁੰਚਾਈ ਹੈ ਉਸ ਦੀ ਉਹ ਘੋਰ ਨਿੰਦਾ ਕਰਦੇ ਹਨ ।ਉਹਨਾਂ ਕਿਹਾ ਕਿ ਕਾਂਗਰਸੀ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਨੇ ਜੇਕਰ ਮੁਆਫੀ ਨਾ ਮੰਗੀ ਤਾਂ ਉਹ ਇਸ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਨਗੇ ।ਉਨ੍ਹਾਂ ਸਰਦੂਲਗੜ੍ਹ ਦੀ ਐੱਸਡੀਐੱਮ ਮੈਡਮ ਮਨੀਸ਼ਾ ਰਾਣਾ ਨੂੰ ਆਪਣਾ ਮੈਮੋਰੰਡਮ ਵੀ ਸੌਂਪਿਆ।ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਇਸ ਸਬੰਧੀ ਬਣਦੀ ਕਾਰਵਾਈ ਕਰਨ । ਉਨ੍ਹਾਂ ਇੱਕ ਵੱਡੇ ਕਾਫਲੇ ’ਚ ਜਦੋਂ ਅਜੀਤਇੰਦਰ ਸਿੰਘ ਮੋਫਰ ਦੇ ਪਿੰਡ ਮੋਫਰ ਵੱਲ ਸਰਦੂਲਗੜ੍ਹ ਤੋਂ ਰਵਾਨਾ ਹੋਏ ਤਾਂ ਵੱਡੀ ਗਿਣਤੀ ’ਚ ਪੁੱਜੀ ਪੁਲਿਸ ਨੇ ਉਨ੍ਹਾਂ ਨੂੰ ਘੱਗਰ ਦੇ ਪੁਲ ’ਤੇ ਰੋਕ ਲਿਆ।
ਇਸ ਮੌਕੇ ਉਨ੍ਹਾਂ ਨਾਲ ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਨਛੱਤਰਪਾਲ ਸਿੰਘ, ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਮਾਖਾ, ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਸੋਢੀ , ਹੇਮੰਤ ਹਨੀ, ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਸੁਖਦੇਵ ਸਿੰਘ ਚੈਨੇਵਾਲਾ, ਸ਼੍ਰੋਮਣੀ ਅਕਾਲੀ ਦਲ ਮਾਨਸਾ ਦੇ ਸ਼ਹਿਰੀ ਪ੍ਰਧਾਨ ਪ੍ਰੇਮ ਕੁਮਾਰ ਅਰੋੜਾ ,ਬਸਪਾ ਦੇ ਹਲਕਾ ਇੰਚਾਰਜ ਜਸਬੀਰ ਸਿੰਘ ਜੱਸੀ ਆਦਿ ਹਾਜ਼ਰ ਸਨ ।
ਉਧਰ ਝੁਨੀਰ ਵਿਖੇ ਕਾਂਗਰਸ ਦੇ ਇਕੱਠ ’ਚ ਹਰਿਆਣਾ ਰੋੜੀ ਤੋਂ ਸਾਬਕਾ ਸੰਸਦ ਮੈਂਬਰ ਚਰਨਜੀਤ ਸਿੰਘ ਰੋੜੀ, ਕਾਲਿਆਂਵਾਲੀ ਤੋਂ ਸ਼ੀਸ਼ਪਾਲ , ਸਫ਼ਾਈ ਸੇਵਕ ਪੰਜਾਬ ਦੇ ਵਾਈਸ ਚੇਅਰਮੈਨ ਰਾਮ ਸਿੰਘ ਸਰਦੂਲਗੜ੍ਹ , ਐਸਸੀ ਸੈੱਲ ਦੇ ਬਲਾਕ ਪ੍ਰਧਾਨ ਅੰਮਿ੍ਰਤਪਾਲ ਸਿੰਘ, ਮਾਰਕੀਟ ਕਮੇਟੀ ਸਰਦੂਲਗੜ੍ਹ ਦੇ ਚੇਅਰਮੈਨ ਕੁਲਵੰਤ ਸਿੰਘ ਸੰਘਾ, ਮਾਰਕੀਟ ਕਮੇਟੀ ਦੇ ਸਾਬਕਾ ਵਾਈਸ ਚੇਅਰਮੈਨ ਰਜੇਸ਼ ਗਰਗ, ਸਰਪੰਚ ਕੁਲਵੀਰ ਸਿੰਘ ਝੰਡਾ ਕਲਾਂ, ਓ ਬੀ ਸੀ ਸੈੱਲ ਦੇ ਜ਼ਿਲ੍ਹਾ ਚੇਅਰਮੈਨ ਸਤਪਾਲ ਵਰਮਾ, ਬਾਬਾ ਮੱਖਣ ਮੁਨੀ ਜੀ ਕਰੀਪੁਰ ਡੁਮਵਾਲੇ, ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਬਲਵੰਤ ਸਿੰਘ ਮਾਨ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਕਾਂਗਰਸੀ ਵਰਕਰ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ