ਅਫਗਾਨਿਸਤਾਨ ’ਚ ਪਲ ਰਹੇ ਅੱਤਵਾਦੀ ਕੈਂਪਾਂ ਦਾ ਸਿੱਧਾ ਭਾਰਤ ’ਤੇ ਪਵੇਗਾ ਅਸਰ

ਯੂਐਨ ’ਚ ਬੋਲੇ ਤਿਰੂਮੁਰਤੀ

ਨਵੀਂ ਦਿੱਲੀ (ਏਜੰਸੀ)। ਅਗਸਤ ਮਹੀਨੇ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐਨਐਸਸੀ) ਦੇ ਮੁਖੀ ਰਾਜਦੂਤ ਟੀਐਸ ਤਿਰੂਮੁਰਤੀ ਨੇ ਕਿਹਾ ਕਿ ਅਫਗਾਨਿਸਤਾਨ ਦੀ ਸਥਿਤੀ ਸੁਰੱਖਿਆ ਪ੍ਰੀਸ਼ਦ ਦੇ ਸਾਰੇ ਮੈਂਬਰਾਂ ਲਈ ਡੂੰਘੀ ਚਿੰਤਾ ਦਾ ਵਿਸ਼ਾ ਹੈ ਉਨ੍ਹਾਂ ਕਿਹਾ ਕਿ ਅਸੀਂ ਅਫਗਾਨਿਸਤਾਨ ’ਚ ਅੱਤਵਾਦੀ ਕੈਂਪਾਂ ਨੂੰ ਫਿਰ ਤੋਂ ਪਨਪਨੇ ਨਹੀਂ ਦੇ ਸਕਦੇ ਤੇ ਇਸ ਦਾ ਸਿੱਧਾ ਅਸਰ ਭਾਰਤ ’ਤੇ ਪਵੇਗਾ।

ਵਰਤਮਾਨ ’ਚ 2021-22 ਦੇ ਕਾਰਜਕਾਲ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਅਸਥਾਈ ਮੈਂਬਰ ਭਾਰਤ ਨੇ ਅਗਸਤ ਮਹੀਨੇ ਲਈ ਸੰਯੁਕਤ ਰਾਸ਼ਟਰ ਦੇ ਸ਼ਕਤੀਸ਼ਾਲੀ ਨਿਕਾਏ ਦੀ ਅਗਵਾਈ ਸੰਭਾਲੀ ਹੈ ਤਿਰੂਮੂਰਤੀ ਨੇ ਸੋਮਵਾਰ ਨੂੰ ਸੰਯੁਕਤ ਰਾਸ਼ਟਰ ਦਫ਼ਤਰ ’ਚ ਕਿਹਾ, ਅਫਗਾਨਿਸਤਾਨ ਦੀ ਸਥਿਤੀ ਸੁਰੱਖਿਆ ਪ੍ਰੀਸ਼ਦ ਦੇ ਸਾਰੇ ਮੈਂਬਰਾਂ ਲਈ ਡੂੰਘੀ ਚਿੰਤਾ ਦਾ ਵਿਸ਼ਾ ਹੈ ਤੇ ਅਸੀਂ ਵੇਖਿਆ ਹੈ ਕਿ ਹਾਲ ਦੇ ਦਿਨਾਂ ’ਚ ਹਿੰਸਾ ਵਧ ਰਹੀ ਹੈ ।

ਸੰਯੁਕਤ ਰਾਸ਼ਟਰ ਦਫ਼ਤਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਰਾ ’ਚ ਭਾਰਤ ਦੇ ਸਥਾਈ ਪ੍ਰਤੀਨਿਧੀ ਤਿਰੂਮੁਰਤੀ ਨੇ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਦਾ ਹਵਾਲਾ ਦਿੱਤਾ ਜਿਸ ’ਚ ਕਿਹਾ ਗਿਆ ਹੈ ਕਿ ਮਈ-ਜੂਨ ਦੌਰਾਨ ਅਫਗਾਨਿਸਤਾਨ ’ਚ ਮੌਤਾਂ ਦੀ ਗਿਣਤੀ ਜਨਵਰੀ ਤੇ ਅਪਰੈਲ ਦਰਮਿਆਨ ਮੌਤਾਂ ਦੀ ਗਿਣਤੀ ਤੋਂ ਵੱਧ ਹੈ। ਅਫਗਾਨਿਸਤਾਨ ਦੀ ਸਥਿਤੀ ਤੇ ਹਿੰਸਾ ’ਚ ਹੋਰ ਵਾਧੇ ਨੂੰ ਰੋਕਣ ਲਈ ਸੁਰੱਖਿਆ ਪ੍ਰੀਸ਼ਦ ਕੀ ਕਰ ਸਕਦੀ ਹੈ, ਇਸ ਸਵਾਲ ਦੇ ਜਵਾਬ ’ਚ ਤਿਰੂਮੁਰਤੀ ਨੇ ਕਿਹਾ ਕਿ ਉਨ੍ਹਾਂ ਉਮੀਦ ਹੈ ਕਿ ਸੁਰੱਖਿਆ ਪ੍ਰੀਸ਼ਦ ਅਫਗਾਨਿਸਤਾਨ ਦੇ ਸਬੰਧ ’ਚ ਇਸ ਪਹਿਲੂ ’ਤੇ ਛੇਤੀ ਧਿਆਨ ਦੇਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ