ਦਿੱਲੀ ਵਿਖੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਲੰਚ ’ਤੇ ਸੱਦਿਆ ਸੀ ਕੇਜਰੀਵਾਲ ਨੇ
ਮੁੱਖ ਮੰਤਰੀ ਨੂੰ ਚੇਹਰਾ ਬਣਾਉਣ ਨੂੰ ਲੈ ਕੇ ਵੀ ਹੋਈ ਚਰਚਾ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਵਿਧਾਨ ਸਭਾ ਚੋਣਾਂ ਦੀ ‘ਖਿਚੜੀ’ ਦਿੱਲੀ ਵਿਖੇ ਅਰਵਿੰਦ ਕੇਜਰੀਵਾਲ ਦੇ ਦਫ਼ਤਰ ’ਚ ਪੱਕਦੀ ਨਜ਼ਰ ਆ ਰਹੀ ਹੈ। ਆਪ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਦਿੱਲੀ ਵਿਖੇ ਆਮ ਆਦਮੀ ਪਾਰਟੀ ਨੂੰ ਨਾ ਸਿਰਫ਼ ਲੰਚ ਲਈ ਸੱਦਿਆ, ਸਗੋਂ ਇਸ ਲੰਚ ਦੇ ਟੇਬਲ ’ਤੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਲੰਮੀ ਚੌੜੀ ਚਰਚਾ ਹੋਈ।
ਪੰਜਾਬ ਵਿਧਾਨ ਸਭਾ ’ਚ ਸੱਤਾ ਦੀ ਪੌੜੀ ਕਿਵੇਂ ਚੜੀ ਜਾਵੇ, ਇਸ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਆਪ ਵਿਧਾਇਕਾਂ ਨੂੰ ਸੁਝਾਅ ਦਿੱਤੇ ਤੇ ਉਨਾਂ ਨੂੰ ਮੂੰਹ ਇੱਕ ਦੂਜੇ ਤੋਂ ਮੋੜ ਕੇ ਬੈਠਣ ਦੀ ਥਾਂ ’ਤੇ ਮਿਲ ਕੇ ਕੰਮ ਕਰਨ ਦੀ ਸਲਾਹ ਵੀ ਦਿੱਤੀ। ਆਮ ਆਦਮੀ ਪਾਰਟੀ ਹੀ ਨਹੀਂ ਸਗੋਂ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਵਿਧਾਇਕਾਂ ਦੀ ਕਲਾਸ ਵੀ ਦਿੱਲੀ ਵਿਖੇ ਹੀ ਲਗਦੀ ਰਹੀ ਹੈ। ਜਿਸ ਤੋਂ ਸਾਫ਼ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲਏ ਜਾਣ ਵਾਲੇ ਫੈਸਲੇ ਪੰਜਾਬ ਦੇ ਕਿਸੇ ਸ਼ਹਿਰ ਨਹੀਂ ਸਗੋਂ ਦਿੱਲੀ ਵਿਖੇ ਹੀ ਲਏ ਜਾਣਗੇ।
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਹੁਣ 5 ਮਹੀਨਿਆ ਦਾ ਸਮਾਂ ਰਹਿ ਗਿਆ ਹੈ, ਇਸ ਲਈ ਅਰਵਿੰਦ ਕੇਜਰੀਵਾਲ ਵਲੋਂ ਦਿੱਲੀ ਵਿਧਾਨ ਸਭਾ ਦੇ ਅੰਦਰ ਹੀ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਮੀਟਿੰਗ ਸੱਦੀ ਗਈ। ਤਿੰਨ੍ਹ ਘੰਟਿਆ ਦੀ ਲੰਬੀ ਮੀਟਿੰਗ ਦੌਰਾਨ ਅਰਵਿੰਦ ਕੇਜਰੀਵਾਲ ਵੱਲੋਂ ਹਰ ਵਿਧਾਇਕ ਦੇ ਹੱਥਾਂ ਵਿੱਚ ਪੈਨ ਅਤੇ ਕਾਗ਼ਜ਼ ਫੜਾ ਦਿੱਤੇ ਗਏ ਸਨ ਤਾਂ ਕਿ ਉਹ ਹਰ ਗਲ ਨੂੰ ਲਿਖਦੇ ਹੋਏ ਨੋਟ ਕਰ ਲੈਣ। ਵਿਧਾਇਕਾਂ ਵਲੋਂ ਵੀ ਇਸ ਕਲਾਸ ਰੂਮ ਵਿੱਚ ਸਾਰੇ ਸੁਝਾਵਾਂ ਨੂੰ ਲਿਖਦੇ ਹੋਏ ਉਨਾਂ ’ਤੇ ਅਮਲ ਕਰਨ ਦਾ ਭਰੋਸਾ ਵੀ ਦਿੱਤਾ ਗਿਆ ਹੈ।
ਮੀਟਿੰਗ ਦੌਰਾਨ ਵਿਧਾਇਕਾਂ ਵਲੋਂ ਅਰਵਿੰਦ ਕੇਜਰੀਵਾਲ ਨੂੰ ਅਪੀਲ ਵੀ ਕੀਤੀ ਗਈ ਕਿ ਉਹ ਪੰਜਾਬ ਲਈ ਮੁੱਖ ਮੰਤਰੀ ਦਾ ਚਿਹਰਾ ਜਲਦ ਹੀ ਐਲਾਨ ਦੇਣ ਤਾਂ ਕਿ ਇਸ ਮਾਮਲੇ ਵਿੱਚ ਚੱਲ ਰਹੀ ਗੁੰਝਲ ਬਾਜੀ ਖ਼ਤਮ ਹੋ ਸਕੇ। ਅਰਵਿੰਦ ਕੇਜਰੀਵਾਲ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਮੁੱਖ ਮੰਤਰੀ ਦਾ ਚਿਹਰਾ ਸਿੱਖ ਹੋਏਗਾ ਤਾਂ ਭਗਵੰਤ ਮਾਨ ਦਾ ਨਾਅ ਹੀ ਉੱਪਰ ਆ ਰਿਹਾ ਸੀ।
ਬਿਜਲੀ ਸਮਝੌਤੇ ਹੀ ਰਹਿਣਗੇ ਆਪ ਦਾ ਮੁੱਖ ਹਥਿਆਰ
ਪੰਜਾਬ ਵਿੱਚ ਬਿਜਲੀ ਨੂੰ ਲੈ ਕੇ ਕਾਫ਼ੀ ਜਿਆਦਾ ਗਰਮ ਮਾਹੌਲ ਹੈ ਅਤੇ ਇਸ ਮੁੱਦੇ ਨੂੰ ਆਪਣਾ ਮੁੱਖ ਹਥਿਆਰ ਵੀ ਆਮ ਆਦਮੀ ਪਾਰਟੀ ਬਣਾਉਣਾ ਚਾਹੁੰਦੀ ਹੈ। ਆਮ ਆਦਮੀ ਪਾਰਟੀ ਜਿਥੇ ਬਿਜਲੀ ਸਮਝੌਤੇ ਨੂੰ ਲੈ ਕੇ ਕਾਂਗਰਸ ਅਤੇ ਅਕਾਲੀਆ ਦੇ ਖ਼ਿਲਾਫ਼ ਹਮਲੇ ਕਰੇਗੀ ਤਾਂ ਸਮਝੌਤੇ ਰੱਦ ਨਾ ਕੀਤੇ ਜਾਣ ਦਾ ਕਾਰਨ ਵੀ ਪੁੱਛਿਆ ਜਾਏਗਾ। ਆਮ ਆਦਮੀ ਪਾਰਟੀ ਆਪਣੇ ਪ੍ਰਚਾਰ ਵਿੱਚ ਸਮਝੌਤਿਆਂ ਨੂੰ ਰੱਦ ਕਰਨ ਅਤੇ 300 ਯੂਨਿਟ ਮੁਫ਼ਤ ਦੇਣ ਨੂੰ ਪ੍ਰਮੁਖਤਾ ਨਾਲ ਚੁੱਕੇਗੀ। ਪਾਰਟੀ ਨੂੰ ਉਮੀਦ ਹੈ ਕਿ ਇਸ ਮੁੱਦੇ ’ਤੇ ਉਹ ਵਿਰੋਧੀ ਪਾਰਟੀਆਂ ਨੂੰ ਘੇਰ ਲੈਣਗੀਆਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ