ਘਰ ਦੀ ਲਾਈਟ ਕੱਟੀ, ਜੇਲ੍ਹ ਵਾਗ ਕੱਟ ਰਹੀ ਆ ਦਿਨ: ਬਜ਼ੁਰਗ ਮਾਤਾ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਇੱਕ ਬਜ਼ੁਰਗ ਮਾਤਾ ਨੇ ਆਪਣੇ ਹੀ ਪੁੱਤ ਅਤੇ ਨੂੰਹ ’ਤੇ ਪਿਸਾਬ ਪਿਲਾਉਣ ਸਮੇਤ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਹਨ। ਉਕਤ ਵਧੀਕੀ ਦਾ ਮਾਮਲਾ ਮਹਿਲਾ ਕਮਿਸ਼ਨ ਦੀ ਚੇਅਰਪਰਸ਼ਨ ਕੋਲ ਪੁੱਜ ਗਿਆ ਹੈ। ਚੇਅਰਪਰਸ਼ਨ ਮਨੀਸ਼ਾ ਗੁਲਾਟੀ ਵੱਲੋਂ ਬਜ਼ੁਰਗ ਮਾਤਾ ਸਵਰਨ ਕੌਰ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਵੀ ਕੀਤੀ ਅਤੇ ਉਸ ਨੂੰ ਇਨਸਾਫ਼ ਦਿਵਾਉਣ ਦੀ ਗੱਲ ਆਖੀ ਹੈ। ਇੱਧਰ ਬਜ਼ੁਰਗ ਔਰਤ ਦੇ ਪੁੱਤਰ ਵੱਲੋਂ ਅਜਿਹੇ ਦੋਸ਼ਾਂ ਨੂੰ ਖਾਰਜ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਇਹ ਮਾਮਲਾ ਨਾਭਾ ਦੇ ਪਿੰਡ ਰਾਇਮਲ ਮਾਜਰੀ ਦਾ ਹੈ। ਬਜ਼ੁਰਗ ਮਹਿਲਾ ਸਵਰਨ ਕੌਰ ਨੇ ਦੱਸਿਆ ਕਿ ਉਸਦੇ ਤਿੰਨ ਪੁੱਤ ਹਨ, ਜਿੰਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ ਅਤੇ ਇੱਕ ਆਪਣੇ ਸਹੁਰੇ ਘਰ ਰਹਿਦਾ ਹੈ। ਉਸਨੇ ਆਪਣੇ ਇੱਕ ਪੁੱਤਰ, ਨੂੰਹ ਤੇ ਪੋਤੀ ’ਤੇ ਦੋਸ਼ ਲਾਇਆ ਕਿ ਉਸ ਨੂੰ ਕੁੱਟਮਾਰ ਕਰਕੇ ਘਰੋਂ ਬਾਹਰ ਕੱਢ ਦਿੱਤਾ ਹੈ।
ਇੱਥੇ ਹੀ ਬੱਸ ਨਹੀਂ ਉਸ ਨੂੰ ਜਬਰੀ ਪਿਸਾਬ ਵੀ ਪਿਆਇਆ ਗਿਆ ਹੈ ਅਤੇ ਉਸਦੇ ਸਿਰ ’ਚ ਚੱਪਲਾਂ ਮਾਰੀਆਂ ਗਈਆਂ ਹਨ। ਬਜੁਰਗ ਮਾਤਾ ਦਾ ਕਹਿਣਾ ਹੈ ਕਿ ਉਸ ਦਾ ਲੜਕਾ ਆਪਣੀ ਪਤਨੀ ਤੇ ਧੀ ਨਾਲ ਮਿਲ ਕੇ ਉਸ ਨਾਲ ਕੁੱਟਮਾਰ ਕਰਦਾ ਹੈ। ਅੱਜ ਸਵਰਨ ਕੌਰ ਮਹਿਲਾ ਕਮਿਸ਼ਨ ਦੀ ਮੈਂਬਰ ਇੰਦਰਜੀਤ ਕੌਰ ਕੋਲ ਆਪਣੀ ਸ਼ਿਕਾਇਤ ਲੈ ਕੇ ਪੁੱਜੀ ਹੋਈ ਸੀ ਤਾਂ ਉਸ ਨੇ ਇਹ ਸਾਰੀ ਹੱਡਬੀਤੀ ਬਿਆਨ ਕੀਤੀ। ਉਸਨੇ ਦੱਸਿਆ ਕਿ ਹੁਣ ਉਹ ਆਪਣੇ ਦੂਸਰੇ ਲੜਕੇ ਕੁਲਵਿੰਦਰ ਸਿੰਘ ਜੋ ਸਹੁਰੇ ਘਰ ਰਹਿ ਰਿਹਾ ਹੈ, ਉਸ ਨਾਲ ਰਹਿ ਰਹੀ ਹੈ, ਕਿਉੁਂਕਿ ਉਸ ਨੂੰ ਮੰਗਲਵਾਰ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ।
ਉਸ ਨੇ ਦੱਸਿਆ ਕਿ ਤਿੰਨ ਵਾਰ ਥਾਣਾ ਭਾਦਸੋਂ ਪੁਲਿਸ ਕੋਲ ਸ਼ਿਕਾਇਤ ਕੀਤੀ ਪਰ ਕੋਈ ਸੁਣਵਾਈ ਨਾ ਹੋਈ। ਜਿਸ ਤੋਂ ਬਾਅਦ ਸੀਨੀਅਰ ਸਿਟੀਜਨ ਦਾ ਕੇਸ ਐਸਡੀਐਮ ਦੀ ਅਦਾਲਤ ’ਚ ਦਾਇਰ ਕੀਤਾ ਹੈ, ਜਿਸ ਦੀ ਸੁਣਵਾਈ 9 ਅਗਸਤ ਨੂੰ ਹੋਣੀ ਹੈ। ਉਸ ਨੇ ਦੋਸ਼ ਲਾਇਆ ਕਿ ਜਦੋਂ ਇਸ ਕੇਸ ਦਾ ਸੰਮਨ ਉਸ ਦੇ ਪੁੱਤਰ ਕੋਲ ਪਹੁੰਚਿਆ, ਤਾਂ ਉਸ ਨੇ ਉਸ ਨੂੰ ਪਿਸ਼ਾਬ ਪੀਣ ਲਈ ਮਜਬੂਰ ਕੀਤਾ ਤੇ ਉਸ ’ਤੇ ਕੇਸ ਵਾਪਸ ਲੈਣ ਲਈ ਦਬਾਅ ਪਾਇਆ। ਉਸ ਨੇ ਦੱਸਿਆ ਕਿ ਉਹ ਘਰ ’ਚ ਹੀ ਇਕੱਲੀ ਰਹਿੰਦੀ ਹੈ ਅਤੇ ਉਸ ਦੀ ਲਾਈਟ ਚਾਰ ਮਹੀਨੇ ਤੋਂ ਕੱਟੀ ਹੋਈ ਹੈ। ਉਹ ਇੱਕ ਤਰ੍ਹਾਂ ਨਾਲ ਕਈ ਮਹੀਨਿਆਂ ਤੋਂ ਜੇਲ੍ਹ ਵਰਗਾ ਮਹੌਲ ਹੀ ਕੱਟ ਰਹੀ ਹੈ।
ਚੇਅਰਪਰਸ਼ਨ ਮਨੀਸ਼ਾ ਗੁਲਾਟੀ ਪੁੱਜਣਗੇ ਮੰਗਲਵਾਰ ਨੂੰ
ਇਸ ਦੌਰਾਨ ਮਹਿਲਾ ਕਮਿਸ਼ਨ ਦੀ ਚੇਅਰਪਰਸ਼ਨ ਮਨੀਸਾ ਗੁਲਾਟੀ ਨੇ ਉਕਤ ਬਜੁਰਗ ਔਰਤ ਨਾਲ ਵੀਡੀਓ ਕਾਲ ’ਤੇ ਗੱਲਬਾਤ ਕੀਤੀ ਅਤੇ ਇਨ੍ਹਾਂ ਲੋਕਾਂ ਨੂੰ ਸਬਕ ਸਿਖਾਉਣ ਦੀ ਗੱਲ ਕਹੀ। ਮੈਡਮ ਗੁਲਾਟੀ ਨੇ ਕਿਹਾ ਕਿ ਉਹ ਮੰਗਲਵਾਰ ਨੂੰ ਪਟਿਆਲਾ ਪੁੱਜੇਗੀ ਅਤੇ ਉਸਦੇ ਪਰਿਵਾਰ ਅਤੇ ਉਸ ਦੀ ਸੁਣਵਾਈ ਨਾ ਕਰਨ ਵਾਲੇ ਅਧਿਕਾਰੀਆਂ ਨਾਲ ਨਜਿੱਠੇਗੀ। ਮਹਿਲਾ ਕਮਿਸ਼ਨ ਦੀ ਮੈਂਬਰ ਇੰਦਰਜੀਤ ਕੌਰ ਨੇ ਦੱਸਿਆ ਕਿ ਕਮਿਸ਼ਨ ਦੇ ਹੋਰ ਮੈਂਬਰ ਮੰਗਲਵਾਰ ਨੂੰ ਸਵਰਨ ਕੌਰ ਦੇ ਪਿੰਡ ਜਾਣਗੇ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਥਾਣਾ ਭਾਦਸੋਂ ਦੇ ਐਸਐਚਓ ਅਮਿ੍ਰਤਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸ਼ਿਕਾਇਤ ਮਿਲੀ ਹੈ ਤੇ ਮਾਮਲੇ ਦੀ ਸੁਣਵਾਈ ਕੀਤੀ ਜਾ ਰਹੀ ਹੈ। ਥਾਣਾ ਮੁਖੀ ਅਨੁਸਾਰ ਪੀੜਤ ਉਨ੍ਹਾਂ ਨੂੰ ਨਹੀਂ ਮਿਲੀ।
ਮਾਤਾ ਦੀ ਸੇਵਾ ’ਚ ਕੋਈ ਘਾਟ ਨਹੀਂ
ਪੀੜਤ ਬਜੁਰਗ ਦੇ ਲੜਕੇ ਹਰਜਿੰਦਰ ਸਿੰਘ ਨੇ ਕਿਹਾ ਕਿ ਲਾਏ ਜਾ ਰਹੇ ਦੋਸ਼ ਝੂਠੇ ਹਨ। ਉਸ ਨੇ ਦੱਸਿਆ ਕਿ ਉਹ ਤਿੰਨ ਭਰਾ ਹਨ ਜਿਨ੍ਹਾਂ ਵਿੱਚੋਂ ਇਕ ਦੀ ਮੌਤ ਹੋ ਚੁੱਕੀ ਹੈ। ਮਾਤਾ ਦਾ ਲਗਾਅ ਦੂਸਰੇ ਪੁੱਤਰ ਕੁਲਵਿੰਦਰ ਸਿੰਘ ਨਾਲ ਜਿਆਦਾ ਹੈ। ਪਿਤਾ ਦੀ ਜ਼ਮੀਨ ਦੀ ਵੰਡ ਤਿੰਨ ਭਰਾਵਾਂ ਵਿੱਚ ਬਰਾਬਰ ਤਕਸੀਮ ਹੋਈ ਹੈ ਤੇ ਮਾਤਾ ਵੱਖਰੇ ਤੌਰ ’ਤੇ ਰਹਿ ਰਹੀ ਹੈ ਤੇ ਸੇਵਾ ਵਿੱਚ ਕੋਈ ਘਾਟ ਨਹੀਂ ਛੱਡੀ ਹੈ। ਹਰਜਿੰਦਰ ਸਿੰਘ ਨੇ ਕਿਹਾ ਕਿ ਉਸਨੇ ਅੱਜ ਆਪਣਾ ਪੱਖ ਥਾਣਾ ਪੁਲਿਸ ਕੋਲ ਵੀ ਪੇਸ਼ ਕੀਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ