ਗਲਤ ਦਿਸ਼ਾ ਤੋਂ ਆ ਰਹੀ ਪੰਜਾਬ ਰੋਡਵੇਜ਼ ਦੀ ਪਨ ਬੱਸ ਦੀ ਬਲੈਰੋ ਨਾਲ ਟੱਕਰ
ਬੱਸ ਦੇ ਡਰਾਈਵਰ ਤੇ ਕੰਡਕਟਰ ਮੌਕੇ ਤੋਂ ਫਰਾਰ
(ਵਿੱਕੀ ਕੁਮਾਰ) ਮੋਗਾ। ਮੋਗਾ ਫਿਰੋਜ਼ਪੁਰ ਰੋਡ ’ਤੇ ਲਾਲਾ ਲਾਜਪਤ ਰਾਏ ਕਾਲਜ ਨੇੜਲੇ ਪੁਲ਼ ’ਤੇ ਬੱਸ ਤੇ ਬਲੈਰੋ ਪਿਕਅੱਪ ਵਿਚਾਲੇ ਹੋਈ ਆਹਮੋ-ਸਾਹਮਣੀ ਟੱਕਰ ’ਚ ਬਲੈਰੋ ਦਾ ਡਰਾਈਵਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਜਿਸ ਨੂੰ ਸਰਕਾਰੀ ਹਸਪਤਾਲ ਮੋਗਾ ਵਿਖੇ ਲੈ ਜਾਇਆ ਗਿਆ ਪਰ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਡੀਐੱਮਸੀ ਲੁਧਿਆਣਾ ਵਿਖੇ ਰੈਫਰ ਕੀਤਾ ਗਿਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਆਲਮਗੀਰ (ਲੁਧਿਆਣਾ) ਵਾਸੀ ਭੁਪਿੰਦਰ ਸਿੰਘ, ਲੁਧਿਆਣਾ ਤੋਂ ਫਰੀਦਕੋਟ ਸਾਮਾਨ ਦੇਣ ਜਾ ਰਿਹਾ ਸੀ, ਪਰ ਪੁਲ ਤੋਂ ਉਤਰਾਈ ਵਾਲੇ ਪਾਸੇ ਗਲਤ ਦਿਸ਼ਾ ਤੋਂ ਆ ਰਹੀ ਪੰਜਾਬ ਰੋਡਵੇਜ਼ ਦੀ ਪਨਬੱਸ ਬਲੈਰੋ ਨਾਲ ਟਕਰਾ ਗਈ।
ਟੱਕਰ ਏਨੀ ਭਿਆਨਕ ਸੀ ਕਿ ਬਲੈਰੋ ਦੇ ਪਰਖਚੇ ਉੱਡ ਗਏ ਤੇ ਡਰਾਈਵਰ ਨੂੰ ਬੜੀ ਮੁਸ਼ਕਿਲ ਨਾਲ ਗੱਡੀ ਵਿਚੋਂ ਕੱਢਿਆ ਗਿਆ। ਬੱਸ ਦੇ ਡਰਾਈਵਰ ਤੇ ਕੰਡਕਟਰ ਮੌਕੇ ਤੋਂ ਫਰਾਰ ਹੋ ਗਏ। ਬੱਸ ’ਚ ਕੋਈ ਸਵਾਰੀ ਨਹੀਂ ਸੀ, ਨਹੀਂ ਇਹ ਹਾਦਸਾ ਕਈ ਜਾਨਾਂ ਦਾ ਖੌਅ ਬਣ ਜਾਣਾ ਸੀ। ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀ ਸੁਖਮੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਸਾਢੇ ਛੇ ਵਜੇ ਦੇ ਕਰੀਬ ਹੋਇਆ ਹੈ ਤੇ ਇਸ ਹਾਦਸੇ ਦੀ ਤਫਤੀਸ਼ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਨੈਸ਼ਨਲ ਹਾਈਵੇ ਦੇ ਠੇਕੇਦਾਰ ਵੱਲੋਂ ਲੁਧਿਆਣਾ ਤੋਂ ਤਲਵੰਡੀ ਤੱਕ ਫੋਰ ਲੇਨ ਦੇ ਕੰਮ ਨੂੰ ਮੁਕੰਮਲ ਨਹੀਂ ਕੀਤਾ ਗਿਆ ਜਿਸ ਕਰਕੇ ਅਨੇਕਾਂ ਵਿਅਕਤੀਆਂ ਨੂੰ ਇਸ ਸੜਕ ਦੇ ਕਾਰਜ ਦੌਰਾਨ ਜ਼ਿੰਦਗੀ ਤੋਂ ਹੱਥ ਧੋਣੇ ਪਏ ਹਨ।
ਸੜਕ ਹਾਦਸਿਆਂ ’ਤੇ ਸੁਪਰੀਮ ਕੋਰਟ ਨੇ ਨੋਟਿਸ ਲੈਂਦਿਆਂ ਸਰਕਾਰ ਤੇ ਸੜਕ ਬਣਾਉਣ ਦਾ ਕੰਟਰੈਕਟ ਲੈਣ ਵਾਲੀ ਕੰਪਨੀ ਨੂੰ ਕੀਤੀ ਸਖ਼ਤ ਹਦਾਇਤ
ਇਹ ਵੀ ਜ਼ਿਕਰਯੋਗ ਹੈ ਕਿ ਲੁਧਿਆਣਾ ਫਿਰੋਜ਼ਪੁਰ ਰੋਡ ’ਤੇ ਵਾਪਰਦੇ ਸੜਕ ਹਾਦਸਿਆਂ ’ਤੇ ਸੁਪਰੀਮ ਕੋਰਟ ਨੇ ਨੋਟਿਸ ਲੈਂਦਿਆਂ ਸਰਕਾਰ ਤੇ ਸੜਕ ਬਣਾਉਣ ਦਾ ਕੰਟਰੈਕਟ ਲੈਣ ਵਾਲੀ ਕੰਪਨੀ ਨੂੰ ਸਖ਼ਤ ਹਦਾਇਤ ਕੀਤੀ ਸੀ, ਜਿਸ ’ਤੇ ਮੋਗਾ ਦੇ ਡਿਪਟੀ ਕਮਿਸ਼ਨਰ ਦੀ ਦਿੱਲੀ ਵਿਖੇ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਹੋਈ ਸੀ ਜਿਸ ਉਪਰੰਤ ਫੋਰ ਲੇਨ ਤੇ ਨਾਲ ਲੱਗਦੀਆਂ ਲਿੰਕ ਸੜਕਾਂ ਦੀ ਸੰਪੂਰਨਤਾ ਲਈ ਹਾਈਵੇ ਅਥਾਰਟੀ ਨੇ ਇੱਕ ਨਿੱਜੀ ਫਰਮ ਨੂੰ 13.50 ਕਰੋੜ ਰੁਪਏ ਮਨਜ਼ੂਰ ਕੀਤੇ ਸਨ ਤਾਂ ਕਿ ਲੋਕਾਂ ਦੀਆਂ ਜਾਨਾਂ ਸੁਰੱਖਿਅਤ ਕੀਤੀਆਂ ਜਾ ਸਕਣ।
ਪਰ ਇਸ ਉਪਰੰਤ ਵੀ ਫੋਰ ਲੇਨ ਦੀ ਸਮੱਸਿਆ ਜਿਉਂ ਦੀ ਤਿਉਂ ਹੀ ਖੜ੍ਹੀ ਹੈ। ਇਸ ਸੜਕ ’ਤੇ ਵੱਡੇ-ਵੱਡੇ ਟੋਏ ਅਤੇ ਰੌਂਗ ਸਾਈਡ ’ਤੇ ਚੱਲਦੇ ਵਾਹਨ ਅਕਸਰ ਅਜਿਹੇ ਹਾਦਸਿਆਂ ਦਾ ਕਾਰਨ ਬਣਦੇ ਹਨ। ਅਧੂਰੇ ਪੁਲਾਂ ’ਤੇ ਨਾ ਤਾਂ ਰਿਫਲੈਕਟਰ ਲੱਗੇ ਹਨ ਤੇ ਨਾ ਹੀ ਕੋਈ ਦਿਸ਼ਾ ਸੂਚਕ। ਸਰਕਾਰਾਂ ਅਤੇ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਆਮ ਲੋਕ ਖਮਿਆਜ਼ਾ ਭੁਗਤ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ