ਬਰਨਾਲਾ ਤੇ ਤਪਾ ’ਚ ਸਿਹਤ ਮੰਤਰੀ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ

ਪੁਲਿਸ ਪ੍ਰਸ਼ਾਸਨ ਵੱਲੋਂ ਕੰਪਲੈਕਸ ਪੁਲਿਸ ਛਾਉਣੀ ’ਚ ਤਬਦੀਲ

ਬਰਨਾਲਾ, (ਜਸਵੀਰ ਸਿੰਘ ਗਹਿਲ) | ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦਾ ਬਰਨਾਲਾ ਤੇ ਤਪਾ ’ਚ ਵੱਖ-ਵੱਖ ਜਥੇਬੰਦੀਆਂ ਵੱਲੋਂ ਕਾਲੀਆਂ ਝੰਡੀਆਂ ਨਾਲ ਤਿੱਖਾ ਵਿਰੋਧ ਕੀਤਾ ਗਿਆ ਜਿਸ ਕਾਰਨ ਸਿਹਤ ਮੰਤਰੀ ਸਿੱਧੂ ਨੂੰ ਡੀਸੀ ਦਫ਼ਤਰ ਬਰਨਾਲਾ ਦੇ ਮੁੱਖ ਗੇਟ ਦੀ ਬਜਾਇ ਦੂਸਰੇ ਗੇਟ ਵਿੱਚ ਦੀ ਲੰਘ ਕੇ ਵਾਪਸ ਜਾਣਾ ਪਿਆ। ਉਹ ਇੱਥੇ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਤੇ ਤਪਾ ਵਿਖੇ ਵੱਖ-ਵੱਖ ਵਿਕਾਸ ਕਾਰਜ਼ਾਂ ਦੇ ਨੀਂਹ ਪੱਥਰ ਰੱਖਣ ਲਈ ਪੁੱਜੇ ਹੋਏ ਸਨ।

ਅੱਜ ਜਿਉਂ ਹੀ ਜ਼ਿਲ੍ਹੇ ’ਚ ਸਿਹਤ ਮੰਤਰੀ ਦੀ ਆਮਦ ਦੀ ਭਿਣਕ ਵੱਖ-ਵੱਖ ਬੇਰੁਜ਼ਗਾਰ ਯੂਨੀਅਨਾਂ ਦੇ ਆਗੂਆਂ ਨੂੰ ਪਈ ਤਾਂ ਉਹ ਮਜ਼ਦੂਰਾਂ ਵਰਗਾ ਭੇਸ ਧਾਰਕੇ ਡੀਸੀ ਕੰਪਲੈਕਸ ਲਾਗੇ ਪੁੱਜ ਗਏ। ਜਿੱਥੇ ਪੁਲਿਸ ਵੱਲੋਂ ਪਹਿਲਾਂ ਹੀ ਸਿਹਤ ਮੰਤਰੀ ਦੀ ਆਮਦ ਦੇ ਸਬੰਧ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਸਿਹਤ ਮੰਤਰੀ ਦੇ ਡੀਸੀ ਕੰਪਲੈਕਸ ਅੰਦਰ ਦਾਖਲ ਹੋਣ ਤੋਂ ਲੈ ਕੇ ਕੁੱਝ ਘੰਟੇ ਪਹਿਲਾਂ ਤੋਂ ਹੀ ਸਥਾਨਕ ਪੁਲਿਸ ਪ੍ਰਸ਼ਾਸਨ ਵੱਲੋਂ ਕੰਪਲੈਕਸ ਨੂੰ ਪੁਲਿਸ ਛਾਉਣੀ ’ਚ ਤਬਦੀਲ ਕਰ ਰੱਖਿਆ ਸੀ ਜਿਸ ਕਾਰਨ ਆਪਣੇ ਕੰਮਕਾਰਾਂ ਵਾਸਤੇ ਆਉਣ ਵਾਲੇ ਲੋਕਾਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

ਬੇਸ਼ੱਕ ਹਾਜਰੀਨ ਬੇਰੁਜਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ, ਡੀਪੀਈ 873 ਯੂਨੀਅਨ, ਪੀਟੀਆਈ 646 ਯੂਨੀਅਨ, ਬੀਐੱਡ ਤੇ ਟੈੱਟ ਪਾਸ ਅਤੇ ਆਰਟ ਐਂਡ ਕਰਾਫ਼ਟ ਤੋਂ ਇਲਾਵਾ ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਦੇ ਆਗੂ ਤੇ ਵਰਕਰ ਆਪਣੀ ਮੰਗਾਂ ਦੇ ਸਬੰਧ ਵਿੱਚ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੂੰ ਮਿਲਣਾ ਚਾਹੁੰਦੇ ਸਨ ਪ੍ਰੰਤੂ ਸੁਰੱਖਿਆ ਕਰਮਚਾਰੀਆਂ ਵੱਲੋਂ ਆਗੂਆਂ ਨੂੰ ਸਿਹਤ ਮੰਤਰੀ ਨੂੰ ਸਿਰਫ਼ ਮੰਗ ਪੱਤਰ ਹੀ ਸੌਂਪਣ ਦਿੱਤਾ ਗਿਆ ਜਦਕਿ ਮੰਤਰੀ ਨੇ ਕਿਸੇ ਵੀ ਆਗੂ ਨਾਲ ਬਹੁਤੀ ਗੱਲਬਾਤ ਨਹੀਂ ਕੀਤੀ ਤੇ ਆਗੂਆਂ ਤੋਂ ਮੰਗ ਪੱਤਰ ਹਾਸਲ ਕਰਕੇ ਚਲਦੇ ਬਣੇ।

ਜਿਉਂ ਹੀ ਸਿਹਤ ਮੰਤਰੀ ਦੇ ਕਾਫਲੇ ਦੀਆਂ ਗੱਡੀਆਂ ਡੀਸੀ ਕੰਪਲੈਕਸ ਦੇ ਮੁੱਖ ਗੇਟ ਵੱਲ ਵਧੀਆਂ ਤਾਂ ਅੱਗੇ ਗੇਟ ’ਤੇ ਵੱਖ-ਵੱਖ ਜਥੇਬੰਧੀਆਂ ਦੇ ਆਗੂਆਂ ਤੇ ਵਰਕਰਾਂ ਵੱਲੋਂ ਧਰਨਾ ਲਗਾ ਰੱਖਿਆ ਸੀ, ਜਿੱਥੇ ਉਨ੍ਹਾਂ ਕਾਲੀਆਂ ਝੰਡੀਆਂ ਲਹਿਰਾ ਕੇ ਸਿਹਤ ਮੰਤਰੀ ਸਿੱਧੂ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ, ਜਿਸ ਕਾਰਨ ਸਿਹਤ ਮੰਤਰੀ ਸਿੱਧੂ ਨੂੰ ਕੰਪਲੈਕਸ ਦੇ ਦੂਸਰੇ ਗੇਟ ਰਾਹੀਂ ਬਾਹਰ ਨਿਕਲਣਾ ਪਿਆ। ਕੁੱਝ ਸਮਾਂ ਬਾਅਦ ਵੀ ਧਰਨਾਕਾਰੀ ਗੇਟ ’ਤੇ ਪੰਜਾਬ ਸਰਕਾਰ ਤੇ ਸਿਹਤ ਮੰਤਰੀ ਖਿਲਾਫ਼ ਨਾਅਰੇਬਾਜੀ ਕਰਦੇ ਰਹੇ।

ਇਸੇ ਤਰ੍ਹਾਂ ਤਪਾ ਵਿਖੇ ਜਿਉਂ ਹੀ ਸਿਹਤ ਮੰਤਰੀ ਵੱਖ-ਵੱਖ ਕਾਰਜ਼ਾਂ ਦੇ ਨੀਂਹ ਪੱਥਰ ਰੱਖਣ ਉਪਰੰਤ ਵਾਪਸ ਜਾਣ ਲੱਗੇ ਤਾਂ ਠੇਕਾ ਮੁਲਾਜ਼ਮਾਂ ਵੱਲੋਂ ਕਾਲੀਆਂ ਝੰਡੀਆਂ ਲਹਿਰਾ ਕੇ ਨਾਅਰੇਬਾਜ਼ੀ ਆਰੰਭ ਦਿੱਤੀ ਗਈ। ਉਪਰੰਤ ਯੂਨੀਅਨ ਪ੍ਰਧਾਨ ਮਿਲਖਾ ਸਿੰਘ, ਸਰਵਜੀਤ ਸਿੰਘ ਤਾਜੋਕੇ, ਚਮਕੌਰ ਸਿੰਘ, ਚਰਨਜੀਤ ਖ਼ਿਆਲੀ ਤੇ ਮਨਜੀਤ ਸਿੰਘ ਆਦਿ ਨੇ ਕਿਹਾ ਕਿ ਉਹਨਾਂ ਨੂੰ ਵੱਖ-ਵੱਖ ਵਿਭਾਗਾਂ ਵਿੱਚ ਸਿਰਫ ਸੱਤ ਹਜਾਰ ਰੁਪਏ ’ਤੇ ਨੌਕਰੀ ਕਰਦਿਆਂ ਨੂੰ 25-25 ਸਾਲ ਹੋ ਗਏ ਹਨ ਪਰ ਸਰਕਾਰ ਪੱਕੇ ਨਹੀਂ ਕਰ ਰਹੀ ਜਦਕਿ ਸਰਕਾਰ ਦਾ ਹਰ ਲੀਡਰ ਆਪਣੇ ਭਾਸ਼ਣਾਂ ਵਿੱਚ ਘਰ-ਘਰ ਨੌਕਰੀਆਂ ਦੇਣ ਦੇ ਰਾਗ ਅਲਾਪ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਵਲੋਂ ਉਹਨਾਂ ਦੇ ਸਾਥੀਆਂ ਦੀਆਂ ਪੱਗਾਂ ਵੀ ਉਤਾਰ ਦਿੱਤੀਆਂ ਗਈਆਂ।

ਸਰਕਾਰ ਵਾਂਗ ਇਹਦੇ ਮੰਤਰੀ ਵੀ ਲਾਰੇਹੱਥੀ: ਪ੍ਰਦਰਸ਼ਨਕਾਰੀ

ਹਾਜਰੀਨ ਵੱਖ-ਵੱਖ ਯੂਨੀਅਨ ਦੇ ਆਗੂਆਂ ਦਾ ਕਹਿਣਾ ਸੀ ਕਿ ਬੇਸ਼ੱਕ ਮੰਤਰੀ ਵੱਲੋਂ ਉਨ੍ਹਾਂ ਦਾ ਮੰਗ ਪੱਤਰ ਲੈ ਲਿਆ ਗਿਆ ਹੈ ਪ੍ਰੰਤੂ ਮੰਗਾਂ ਮੰਨੇ ਜਾਣ ਸਬੰਧੀ ਉਨ੍ਹਾਂ ਨੂੰ ਨਾ ਤਾਂ ਕੋਈ ਭਰੋਸਾ ਦਿਵਾਇਆ ਗਿਆ ਹੈ ਅਤੇ ਨਾ ਹੀ ਉਨ੍ਹਾਂ ਦੀ ਕੋਈ ਗੱਲਬਾਤ ਸੁਣੀ ਗਈ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਾਂਗ ਇਸਦੇ ਮੰਤਰੀ ਵੀ ਲਾਰੇਹੱਥੀ ਹਨ ਜਿੰਨ੍ਹਾਂ ਦੀ ਕਹਿਣੀ ਤੇ ਕਰਨੀ ’ਚ ਲੱਖਾਂ ਕੋਹਾਂ ਦਾ ਫਰਕ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ