ਸਿੰਗਲਾ ਤੇ ਧੀਮਾਨ ਧੜਿਆਂ ਵਿੱਚ ਨਹੀਂ ਇਕਸੁਰਤਾ
- ਸਿੱਧੂ ਕੈਂਪ ਨੇ ਰਾਜਨੀਤਿਕ ਤਿਆਰੀ ਕੀਤੀ ਸ਼ੁਰੂ
ਗੁਰਪ੍ਰੀਤ ਸਿੰਘ, ਸੰਗਰੂਰ। ਨਵਜੋਤ ਸਿੱਧੂ ਦੀ ਪ੍ਰਧਾਨਗੀ ਜ਼ਿਲ੍ਹਾ ਸੰਗਰੂਰ ਦੀ ਕਾਂਗਰਸ ਪਾਰਟੀ ਵਿੱਚ ਆਗੂਆਂ ਦੇ ਆਪਸੀ ਪਾੜੇ ਨੂੰ ਹੋਰ ਵਧਾਵੇਗੀ। ਜ਼ਿਲ੍ਹਾ ਸੰਗਰੂਰ ਵਿੱਚ ਕਾਂਗਰਸ ਦੇ ਪ੍ਰਧਾਨ ਦੀ ਤਾਜਪੋਸ਼ੀ ਨਵੇਂ ਬਖੇੜੇ ਸ਼ੁਰੂ ਕਰ ਸਕਦੀ ਹੈ। ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ, ਜਿਨ੍ਹਾਂ ਨੇ ਸੰਗਰੂਰ ਦੀ ਰਾਜਨੀਤੀ ਵਿੱਚ ਫਿਲਹਾਲ ਏਕਾਧਿਕਾਰ ਬਣਾਇਆ ਹੈ, ਉਹਨਾਂ ਦੀ ਬਾਦਸ਼ਾਹਤ ਨੂੰ ਚੁਣੌਤੀ ਪੇਸ਼ ਹੋ ਸਕਦੀ ਹੈ। ਬੇਸ਼ੱਕ ਹੁਣ ਤੱਕ ਸੰਗਰੂਰ ਦੇ ਕਾਂਗਰਸੀ ਖੁੱਲੇ੍ਹ ਤੌਰ ’ਤੇ ਸਿੱਧੂ ਦੇ ਸਮਰਥਨ ਵਿੱਚ ਸਾਹਮਣੇ ਨਹੀਂ ਆਏ ਹਨ, ਪਰ ਸੰਗਰੂਰ ਵਿੱਚ ਸਿੱਧੂ ਕੈਂਪ ਦੀ ਅਗਵਾਈ ਕਰ ਰਹੇ ਵਿਧਾਇਕ ਸੁਰਜੀਤ ਧੀਮਾਨ ਨੇ ਖੁੱਲ੍ਹ ਕੇ ਸਿੱਧੂ ਦੇ ਹੱਕ ਵਿੱਚ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ।ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਜਿਲ੍ਹਾ ਸੰਗਰੂਰ ਦੀ ਰਾਜਨੀਤੀ ਵਿਚ ਬਹੁਤ ਜਿਆਦਾ ਉਥਲ-ਪੁਥਲ ਹੋਣ ਦੀ ਸੰਭਾਵਨਾ ਹੈ।
ਜਾਣਕਾਰੀ ਅਨੁਸਾਰ ਜ਼ਿਲ੍ਹਾ ਸੰਗਰੂਰ ਦੇ ਸਭ ਤੋਂ ਤਾਕਤਵਰ ਤੇ ਪ੍ਰਭਾਵੀ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ ਦੀ ਯੂਥ ਬਿ੍ਰਗੇਡ ਦਾ ਹਿੱਸਾ ਮੰਨਿਆ ਜਾਂਦਾ ਹੈ, ਪਰ ਸਮੇਂ-ਸਮੇਂ ’ਤੇ ਵਿਜੇਇੰਦਰ ਸਿੰਗਲਾ ਸਿੱਧੇ ਤੌਰ ’ਤੇ ਕੈਪਟਨ-ਸਿੱਧੂ ਯੁੱਧ ਵਿੱਚ ਕੈਪਟਨ ਦੇ ਕੈਂਪ ਵਿੱਚ ਨਜ਼ਰ ਆਏ ਹਨ। ਏਨਾ ਹੀ ਨਹੀਂ ਵਿਜੇਇੰਦਰ ਸਿੰਗਲਾ ਵੀ ਕਈ ਵਾਰ ਸਿੱਧੂ ਦੀ ਬਿਆਨਬਾਜੀ ’ਤੇ ਟਿਪਣੀ ਕਰ ਚੁੱਕੇ ਹਨ, ਜਿਸ ਕਾਰਨ ਸਿੰਗਲਾ ਨੂੰ ਕੈਪਟਨ ਕੈਂਪ ਦਾ ਮੰਨਿਆ ਜਾਂਦਾ ਹੈ। ਦੂਜੇ ਪਾਸੇ ਅਮਰਗੜ ਤੋਂ ਵਿਧਾਇਕ ਸੁਰਜੀਤ ਧੀਮਾਨ ਦੇ ਸਿੰਗਲਾ ਨਾਲ ਸੰਬੰਧ ਬਹੁਤ ਚੰਗੇ ਨਹੀਂ ਹਨ। ਸਮੇਂ ਸਮੇਂ ’ਤੇ, ਸੁਰਜੀਤ ਧੀਮਾਨ ਸਿਰਫ ਸਰਕਾਰ ’ਤੇ ਵਰ੍ਹੇ ਹੀ ਨਹੀਂ, ਬਲਕਿ ਸਰਕਾਰ ਵਿਰੁੱਧ ਚੁਣੌਤੀ ਬਣ ਕੇ ਉੱਭਰੇ ਹਨ। ਧੀਮਾਨ ਹੁਣ ਖੁੱਲ੍ਹ ਕੇ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਖੜ੍ਹੇ ਹੋ ਗਏ ਹਨ।
ਸਿੱਧੂ ਦੀ ਪ੍ਰਧਾਨਗੀ ਤੋਂ ਬਾਅਦ ਹੁਣ ਇਹ ਸੁਭਾਵਿਕ ਹੈ ਕਿ ਜਿਲ੍ਹਾ ਸੰਗਰੂਰ ਦੀ ਰਾਜਨੀਤੀ ਵਿੱਚ ਸੁਰਜੀਤ ਧੀਮਾਨ ਦਾ ਕੱਦ ਜਰੂਰ ਵਧੇਗਾ। ਸੁਰਜੀਤ ਧੀਮਾਨ ਇਸ ਸਮੇਂ ਅਮਰਗੜ੍ਹ ਹਲਕੇ ਤੋਂ ਵਿਧਾਇਕ ਹਨ, ਜਦੋਂਕਿ ਉਹ ਦਿੜ੍ਹਬਾ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਸੁਰਜੀਤ ਧੀਮਾਨ ਸੰਗਰੂਰ ਤੋਂ ਟਿਕਟ ਲਈ ਉਮੀਦਵਾਰ ਸਨ, ਪਰ ਵਿਜੇਇੰਦਰ ਸਿੰਗਲਾ ਨੂੰ ਟਿਕਟ ਮਿਲੀ ਸੀ। ਦੋਵੇਂ ਆਪੋ ਆਪਣੇ ਖੇਤਰ ਵਿੱਚ ਜਿੱਤੇ, ਪਰ ਕੈਬਨਿਟ ਮੰਤਰੀ ਦੀ ਦੌੜ ਵਿੱਚ ਵਿਜੈਇੰਦਰ ਸਿੰਗਲਾ ਨੇ ਸੁਰਜੀਤ ਧੀਮਾਨ ਨੂੰ ਪਛਾੜ ਦਿੱਤਾ, ਸਿੰਗਲਾ ਨੂੰ ਕਦੇ ਵੀ ਧੀਮਾਨ ਦਾ ਸਾਥ ਨਹੀਂ ਮਿਲਿਆ। ਸਿੱਧੂ ਦੀ ਪ੍ਰਧਾਨਗੀ ਤੋਂ ਬਾਅਦ ਹੁਣ ਲੰਬੇ ਸਮੇਂ ਤੋਂ ਸਾਂਤ ਰਹਿਣ ਵਾਲਾ ਧੀਮਾਨ ਗਰੁੱਪ ਅਚਾਨਕ ਚਰਚਾ ਵਿੱਚ ਆ ਗਿਆ ਹੈ। ਹਾਲਾਂਕਿ ਰਾਜਨੀਤੀ ਵਿੱਚ ਉਤਰਾਅ-ਚੜਾਅ ਹਨ, ਪਰ ਮੌਜੂਦਾ ਸਮੇਂ ਵਿੱਚ ਵਿਜੇਇੰਦਰ ਸਿੰਗਲਾ ਦੇ ਏਕਾਅਧਿਕਾਰ ਲਈ ਚੁਣੌਤੀ ਨੂੰ ਰਾਜਨੀਤਕ ਤੌਰ ’ਤੇ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਕਿਉਂਕਿ ਕਾਂਗਰਸ ਵਿੱਚ ਸਿੰਗਲਾ ਦੀ ਪਕੜ ਦਿੱਲੀ ਤੱਕ ਹੈ।
ਸਿੱਧੂ ਦੇ ਖਾਸਮ ਖਾਸ ਧਨਵੰਤ ਹੋ ਸਕਦੇ ਨੇ ‘ਸਿਆਸੀ ਧਨਵਾਨ’
ਹਲਕਾ ਧੂਰੀ ਦੇ ਕਾਂਗਰਸੀ ਆਗੂ ਧਨਵੰਤ ਸਿੰਘ ਨਵਜੋਤ ਸਿੱਧੂ ਦੀ ਪ੍ਰਧਾਨਗੀ ਨੂੰ ਲੈ ਕੇ ਖ਼ਾਸੇ ਉਤਸ਼ਾਹਿਤ ਹਨ ਕਿਸੇ ਸਮੇਂ ਧੂਰੀ ਦੀ ਰਾਜਨੀਤੀ ਵਿੱਚ ਅਸਰ ਰਸੂਖ ਰੱਖਣ ਵਾਲੇ ਧਨਵੰਤ ਇਸ ਸਮੇਂ ਰਾਜਨੀਤੀ ਤੋਂ ਪੂਰੀ ਤਰ੍ਹਾਂ ਦਰ ਕਿਨਾਰ ਹਨ। ਧਨਵੰਤ ਦੀ ਨਵਜੋਤ ਸਿੱਧੂ ਨਾਲ ਯਾਰੀ ਜੱਗ ਜਾਹਰ ਹੈ, ਕੁਝ ਸਮਾਂ ਪਹਿਲਾਂ ਧਨਵੰਤ ਨੇ ਨਵਜੋਤ ਸਿੱਧੂ ਨੂੰ ਹਲਕੇ ਦੇ ਪਿੰਡ ਕੱਕੜਵਾਲ ਵਿਖੇ ਬੁਲਾਇਆ ਸੀ ਜਿਸ ਦੀ ਰਾਜਸੀ ਹਲਕਿਆਂ ਵਿੱਚ ਕਾਫੀ ਚਰਚਾ ਛਿੜੀ ਸੀ। ਜੇਕਰ ਸਿੱਧੂ ਪ੍ਰਧਾਨ ਬਣਦੇ ਨੇ ਤਾਂ ਧਨਵੰਤ ਜ਼ਰੂਰ ਕਾਂਗਰਸ ਵਿੱਚ ਸਰਗਰਮ ਭੂਮਿਕਾ ਨਿਭਾ ਸਕਦੇ ਨੇ। ਜਿਕਰਯੋਗ ਹੈ ਨਵਜੋਤ ਸਿੱਧੂ ਦਾ ਜੱਦੀ ਪਿੰਡ ਧੂਰੀ ਹਲਕੇ ਦਾ ਕੱਕੜਵਾਲ ਹੈ ਪਰ ਸਿੱਧੂ ਦਾ ਜ਼ਿਆਦਾ ਸਮਾਂ ਮਾਨ ਵਾਲਾ ਪਿੰਡ ਵਿੱਚ ਧਨਵੰਤ ਸਿੰਘ ਕੋਲ ਲੰਘਿਆ ਹੈ, ਸਿੱਧੂ ਆਪਣੀ ਕਿ੍ਰਕੇਟ ਦੀ ਖੇਡ ਦੀ ਪ੍ਰੈਕਟਿਸ ਵੀ ਮਾਨ ਵਾਲਾ ਪਿੰਡ ਵਿੱਚ ਹੀ ਕਰਦੇ ਰਹੇ ਨੇ। ਸਿੱਧੂ ਦੀ ਪ੍ਰਧਾਨਗੀ ਦੀ ਚਰਚਾ ਇਹਨਾਂ ਦੋਵੇਂ ਪਿੰਡਾਂ ਵਿੱਚ ਜ਼ਿਆਦਾ ਹੋ ਰਹੀ ਹੈ ਧਨਵੰਤ ਸਿੰਘ 2 ਵਾਰ ਧੂਰੀ ਤੋਂ ਵਿਧਾਇਕ ਰਹਿ ਚੁੱਕੇ ਨੇ, ਇਕ ਵਾਰ ਉਹ ਕਾਂਗਰਸ ਦੀ ਟਿਕਟ ਤੋਂ ਚੋਣ ਜਿੱਤੇ ਸਨ ਤੇ ਇਕ ਵਾਰ ਉਹਨਾਂ ਆਜ਼ਾਦ ਤੌਰ ’ਤੇ ਚੋਣ ਜਿਤੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।