ਅਮਰਿੰਦਰ ਸਿੰਘ ਹੁਣ ਬੀਤੇ ਜ਼ਮਾਨੇ ਦੀ ਗੱਲ, ਨਵਜੋਤ ਸਿੱਧੂ ਦੇ ਹੱਥਾਂ ’ਚ ਹੀ ਆਉਣੀ ਚਾਹੀਦੀ ਐ ਕਮਾਨ
-
ਸੁਨੀਲ ਜਾਖੜ ਵੱਲੋਂ ਸੱਦੀ ਮੀਟਿੰਗ ਵਿੱਚ ਪੁੱਜਣਗੇ ਨਵਜੋਤ ਸਿੱਧੂ ਹਮਾਇਤੀ ਵਿਧਾਇਕ, ਕਰਨਗੇ ਹੰਗਾਮਾ
-
ਕਾਂਗਰਸ ਪ੍ਰਧਾਨ ਨੇ ਸੱਦੀ ਐ ਵਿਧਾਇਕਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ, ਪੇਸ਼ ਕਰਨਗੇ ਪ੍ਰਸਤਾਵ
ਅਸ਼ਵਨੀ ਚਾਵਲਾ, ਚੰਡੀਗੜ। ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਸੋਮਵਾਰ ਨੂੰ ਚੰਡੀਗੜ ਵਿਖੇ ਸਾਰੇ ਕਾਂਗਰਸੀ ਵਿਧਾਇਕਾਂ ਦੀ ਮੀਟਿੰਗ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਹੱਕ ਵਿੱਚ ਮੀਟਿੰਗ ਸੱਦ ਲਈ ਹੈ, ਜਿਸ ਵਿੱਚ ਇੱਕ ਪ੍ਰਸਤਾਵ ਪਾਸ ਕਰਦੇ ਹੋਏ ਕਾਂਗਰਸ ਹਾਈ ਕਮਾਨ ਨੂੰ ਭੇਜਿਆ ਜਾਏਗਾ। ਇਸ ਮੀਟਿੰਗ ਨੂੰ ਸੱਦਣ ਤੋਂ ਬਾਅਦ ਨਵਜੋਤ ਸਿੱਧੂ ਨਾਲ ਚੱਲ ਰਹੇ ਕਾਂਗਰਸੀ ਵਿਧਾਇਕਾਂ ਨੇ ਵੀ ਅੰਦਰ ਖਾਤੇ ਆਪਣੀ ਰਣਨੀਤੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਕਿਸ ਤਰੀਕੇ ਉਹ ਮੀਟਿੰਗ ਦੌਰਾਨ ਸੁਨੀਲ ਜਾਖੜ ਦੇ ਮਤੇ ਨੂੰ ਡੇਗ ਦੇਣਗੇ।
ਸਿੱਧੂ ਸਮਰਥਕ ਵਿਧਾਇਕਾਂ ਦਾ ਕਹਿਣਾ ਹੈ ਕਿ ਸੁਨੀਲ ਜਾਖੜ ਐਵੇਂ ਕਿਵੇਂ ਅਮਰਿੰਦਰ ਸਿੰਘ ਦੇ ਹੱਕ ਵਿੱਚ ਮਤਾ ਪੇਸ਼ ਕਰਦੇ ਹੋਏ ਪਾਸ ਕਰਵਾ ਲੈਣਗੇ। ਉਹ ਵੀ ਮੌਕੇ ’ਤੇ ਮੌਜੂਦ ਹੋਣਗੇ ਅਤੇ ਫੱਟੇ ਚੱਕ ਦਿਆਂਗੇ। ਕਿਸੇ ਵੀ ਹਾਲਤ ਵਿੱਚ ਨਵਜੋਤ ਸਿੱਧੂ ਦੇ ਖ਼ਿਲਾਫ਼ ਇੱਕ ਵੀ ਸ਼ਬਦ ਪ੍ਰਸਤਾਵ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਜਾਏਗਾ, ਇਸ ਲਈ ਮੌਕੇ ‘ਤੇ ਹੰਗਾਮਾ ਹੀ ਕਿਉਂ ਨਾ ਕਰਨਾ ਪਵੇ। ਵਿਧਾਇਕਾਂ ਦਾ ਤਾਂ ਇਥੇ ਤੱਕ ਕਹਿਣਾ ਹੈ ਕਿ ਤੁਹਾਨੂੰ (ਵਿਰੋਧੀਆਂ) ਸ਼ਾਇਦ ਦਿਖਾਈ ਕੁਝ ਹੋਰ ਦੇ ਰਿਹਾ ਹੈ ਪਰ ਕੱਲ੍ਹ ਦੀ ਮੀਟਿੰਗ ਵਿੱਚ ਸਾਰਾ ਕੁਝ ਇਸ ਤੋਂ ਉਲਟ ਹੋ ਜਾਏਗਾ, ਪ੍ਰਸਤਾਵ ਜਰੂਰ ਪਏਗਾ ਪਰ ਉਹ ਕਿਸੇ ਹੋਰ ਦੇ ਹੱਕ ਵਿੱਚ ਹੀ ਪੈ ਜਾਏਗਾ।
ਕਾਂਗਰਸੀ ਵਿਧਾਇਕਾਂ ਦੀ ਇਸ ਮੀਟਿੰਗ ਤੋਂ ਪਹਿਲਾਂ ਨਵਜੋਤ ਸਿੱਧੂ ਦੇ ਸਮਰਥਕ ਕਾਂਗਰਸੀ ਵਿਧਾਇਕਾਂ ਦੇ ਇਸ ਤਰਾਂ ਤੇਵਰ ਦਿਖਾਉਣਾ ਸਾਫ਼ ਕਰਦਾ ਹੈ ਕਿ ਕਾਂਗਰਸ ਭਵਨ ਵਿਖੇ ਦੁਪਹਿਰ ਬਾਅਦ ਹੋਣ ਵਾਲੀ ਮੀਟਿੰਗ ਕਾਫ਼ੀ ਜਿਆਦਾ ਹੰਗਾਮੇਦਾਰ ਰਹਿਣ ਵਾਲੀ ਹੈ। ਜਾਣਕਾਰੀ ਅਨੁਸਾਰ ਪੰਜਾਬ ਕਾਂਗਰਸ ਪ੍ਰਧਾਨ ਦੀ ਕੁਰਸੀ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਕਾਂਗਰਸ ਪਾਰਟੀ ਵਿੱਚ ਮਾਹੌਲ ਕਾਫ਼ੀ ਜਿਆਦਾ ਗਰਮਾਇਆ ਹੋਇਆ ਹੈ। ਕਾਂਗਰਸ ਹਾਈ ਕਮਾਨ ਵਲੋਂ ਕੋਈ ਵੀ ਅਧਿਕਾਰਤ ਐਲਾਨ ਆਉਣ ਤੋਂ ਪਹਿਲਾਂ ਨਵਜੋਤ ਸਿੱਧੂ ਵਲੋਂ ਆਪਣੀ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ ਤਾਂ ਉਥੇ ਹੀ ਕੈਪਟਨ ਖੇਮੇ ਨੇ ਵੀ ਗਤੀਵਿਧੀਆਂ ਤੇਜ ਕਰ ਦਿੱਤੀਆਂ ਹਨ। ਸੁਨੀਲ ਜਾਖੜ ਵੱਲੋਂ ਕਾਂਗਰਸ ਦੇ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਦੀ ਮੀਟਿੰਗ ਕਾਂਗਰਸ ਭਵਨ ਵਿਖੇ ਬਾਅਦ ਦੁਪਹਿਰ 3 ਵਜੇ ਸੱਦੀ ਗਈ ਹੈ। ਜਿਸ ਵਿੱਚ ਉਨਾਂ ਨੇ ਸਰਵ ਸੰਮਤੀ ਨਾਲ ਮਤਾ ਪਾਸ ਕਰਨ ਦੇ ਨਾਲ ਸੋਨੀਆ ਗਾਂਧੀ ਨੂੰ ਭੇਜਣਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮਤਾ ਅਮਰਿੰਦਰ ਸਿੰਘ ਦੇ ਹੱਕ ਵਿੱਚ ਆਏਗਾ ਤਾਂ ਕਿ ਸੋਨੀਆ ਗਾਂਧੀ ਪੰਜਾਬ ਕਾਂਗਰਸ ਦਾ ਪ੍ਰਧਾਨ ਨਵਜੋਤ ਸਿੱਧੂ ਨੂੰ ਨਾ ਬਣਾ ਕੇ ਅਮਰਿੰਦਰ ਸਿੰਘ ਅਨੁਸਾਰ ਹੀ ਫੈਸਲਾ ਕਰਨ।
ਇਸ ਮੀਟਿੰਗ ਬਾਰੇ ਜਿਥੇ ਸੁਨੀਲ ਜਾਖੜ ਅਤੇ ਅਮਰਿੰਦਰ ਸਿੰਘ ਦੇ ਖੇਮੇ ਦੇ ਵਿਧਾਇਕਾਂ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ ਉਥੇ ਨਵਜੋਤ ਸਿੱਧੂ ਨੂੰ ਸਮਰਥਨ ਦੇ ਚੁੱਕੇ ਕਾਂਗਰਸੀ ਵਿਧਾਇਕ ਵੀ ਤਿਆਰੀ ਵਿੱਚ ਜੁਟ ਗਏ ਹਨ। ਇਹ ਵਿਧਾਇਕ ਕਿਸੇ ਵੀ ਹਾਲਤ ਵਿੱਚ ਅਮਰਿੰਦਰ ਸਿੰਘ ਦੇ ਹੱਕ ਵਿੱਚ ਅਤੇ ਨਵਜੋਤ ਸਿੱਧੂ ਦੇ ਖ਼ਿਲਾਫ਼ ਕੋਈ ਵੀ ਮਤਾ ਪਾਸ ਹੋਣ ਤੋਂ ਰੋਕਣਗੇ। ਇਸ ਲਈ ਰਣਨੀਤੀ ਵੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।
ਕਈ ਵਿਧਾਇਕਾਂ ਨੇ ਇਸ ਰਣਨੀਤੀ ਲਈ ਪੁਸ਼ਟੀ ਕਰ ਦਿੱਤੀ ਹੈ ਪਰ ਉਹ ਆਪਣਾ ਨਾਂਅ ਪ੍ਰਕਾਸ਼ਿਤ ਨਹੀਂ ਕਰਵਾਉਣਾ ਚਾਹੁੰਦੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜਾ ਕੁਝ ਵੀ ਉਹ ਕੱਲ੍ਹ ਹੋਣ ਵਾਲੀ ਮੀਟਿੰਗ ਵਿੱਚ ਕਰਨਗੇ, ਉਹ ਸਾਰਿਆਂ ਦੇ ਸਾਹਮਣੇ ਆ ਜਾਏਗਾ। ਇਸ ਮੀਟਿੰਗ ਵਿੱਚ ਕਿਸੇ ਦੇ ਹੱਕ ਵਿੱਚ ਜਾਂ ਕਿਸੇ ਦੇ ਖ਼ਿਲਾਫ਼ ਕੋਈ ਮਤਾ ਪਾਸ ਨਹੀਂ ਹੋਏਗਾ, ਜੇਕਰ ਇੰਜ ਹੋਇਆ ਤਾਂ ਜੰਮ ਕੇ ਹੰਗਾਮਾ ਕੀਤਾ ਜਾਏਗਾ।
ਮੀਟਿੰਗ ਵਿੱਚ ਜਿਹੜਾ ਕੁਝ ਹੋਏਗਾ, ਉਸ ਦਾ ਨਹੀਂ ਐ ਕਿਸੇ ਨੂੰ ਅੰਦਾਜ਼ਾ : ਮਦਨ ਜਲਾਲਪੁਰ
ਨਵਜੋਤ ਸਿੱਧੂ ਦੇ ਹੱਕ ਵਿੱਚ ਹੰਗਾਮਾ ਕਰਨ ਦੀ ਤਿਆਰੀ ਕਰਨ ਵਾਲੇ ਵਿਧਾਇਕਾਂ ਵਿੱਚ ਸ਼ਾਮਲ ਘਨੌਰ ਤੋਂ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਕਾਂਗਰਸ ਹਾਈ ਕਮਾਨ ਸੋਨੀਆ ਗਾਂਧੀ ਤੋਂ ਕੋਈ ਵੱਡਾ ਨਹੀਂ ਹੋ ਸਕਦਾ ਹੈ ਕੀ ਇਹ ਲੋਕ ਉਨਾਂ ਤੋਂ ਵੀ ਵੱਡੇ ਹੋ ਗਏ ਹਨ। ਜੇਕਰ ਨਵਜੋਤ ਸਿੱਧੂ ਨੂੰ ਹਾਈ ਕਮਾਨ ਪ੍ਰਧਾਨ ਬਣਾ ਰਹੀ ਹੈ ਤਾਂ ਇਨਾਂ ਨੂੰ ਮਨਜ਼ੂਰ ਕਰਨਾ ਚਾਹੀਦਾ ਹੈ। ਸੋਮਵਾਰ ਹੋਣ ਵਾਲੀ ਮੀਟਿੰਗ ਵਿੱਚ ਕੋਈ ਵੀ ਇਹੋ ਜਿਹਾ ਮਤਾ ਪਾਸ ਨਹੀਂ ਹੋਣ ਦਿੱਤਾ ਜਾਏਗਾ। ਇਥੇ ਤੱਕ ਕਿ ਕੱਲ੍ਹ ਜਿਹੜਾ ਕੁਝ ਹੋਏਗਾ, ਸ਼ਾਇਦ ਉਸ ਦਾ ਅੰਦਾਜ਼ਾ ਤੁਹਾਨੂੰ (ਵਿਰੋਧੀਆਂ) ਨਹੀਂ ਹੈ। ਜਿਹੜਾ ਕੁਝ ਦਿਖਾਇਆ ਜਾ ਰਿਹਾ ਹੈ, ਕਲ ਨੂੰ ਉਸ ਤੋਂ ਬਿਲਕੁਲ ਉਲਟ ਮੀਟਿੰਗ ਵਿੱਚ ਹੋਏਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।