ਇੱਕ ਮਿਆਨ ’ਚ ਦੋ ਤਲਵਾਰਾਂ

Punjab Congress Crisis Sachkahoon

ਇੱਕ ਮਿਆਨ ’ਚ ਦੋ ਤਲਵਾਰਾਂ

ਕਾਂਗਰਸ ਹਾਈਕਮਾਨ ਵੱਲੋਂ ਪੰਜਾਬ ਕਾਂਗਰਸ ਦਾ ਕਲੇਸ਼ ਮੁਕਾਉਣ ਲਈ ਵਿਧਾਇਕ ਨਵਜੋਤ ਸਿੱਧੂ ਨੂੰ ਸੂਬਾ ਪ੍ਰਧਾਨ ਬਣਾਉਣ ਦੇ ਫੈਸਲੇ ਦੀ ਚਰਚਾ ਹੋ ਰਹੀ ਹੈ ਪਰ ਜਿਸ ਤਰ੍ਹਾਂ ਇਸ ਫੈਸਲੇ ਦੇ ਐਲਾਨ ਤੋਂ ਪਹਿਲਾਂ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਨਰਾਜ਼ਗੀ ਜਾਹਿਰ ਕੀਤੀ ਹੈ ਉਸ ਤੋਂ ਲੱਗਦਾ ਹੈ ਕਿ ਪਾਰਟੀ ’ਚ ਧੜੇਬੰਦੀ ਖ਼ਤਮ ਹੋਣ ਦੀ ਬਜਾਇ ਵਧ ਸਕਦੀ ਹੈ ਸਿੱਧੂ ਨੂੰ ਪ੍ਰਧਾਨ ਬਣਾਉਣ ਸਬੰਧੀ ਉਨ੍ਹਾਂ ਦੇ ਹਮਾਇਤੀਆਂ ’ਚ ਜੇਕਰ ਉਤਸ਼ਾਹ ਹੈ ਤਾਂ ਕੈਪਟਨ ਹਮਾਇਤੀ ਚੁੱਪ ਹਨ, ਉਹ ਸਿੱਧੂ ਦੇ ਜਸ਼ਨਾਂ ’ਚ ਨਜ਼ਰ ਨਹੀਂ ਆਏ ਹਾਈਕਮਾਨ ਲਈ ਵੀ ਇਹ ਹਾਲਤ ਸ਼ਸ਼ੋਪੰਜ ਵਾਲੀ ਰਹੀ ਹੈ ਕਿ ਸੂਬੇ ਦੇ ਦੋ ਸੀਨੀਅਰ ਆਗੂਆਂ ਨੂੰ ਇੱਕ ਰੱਖਣ ਲਈ ਵੱਡੀ ਜੱਦੋ-ਜਹਿਦ ਕਰਨੀ ਪੈ ਰਹੀ ਹੈ।

ਅਮਰਿੰਦਰ ਖੇਮੇ ਦੇ ਵਿਰੋਧੀ ਨਵਜੋਤ ਸਿੱਧੂ ਨੂੰ ਗਰਮਜੋਸ਼ੀ ਨਾਲ ਮਿਲ ਰਹੇ ਹਨ ਹਾਈਕਮਾਨ ਨੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੂੰ ਫੈਸਲੇ ਦੇ ਐਲਾਨ ਤੋਂ ਪਹਿਲਾਂ ਪੰਜਾਬ ਭੇਜਿਆ ਤਾਂ ਕਿ ਫੈਸਲੇ ਲਈ ਢੁੱਕਵਾਂ ਮਾਹੌਲ ਬਣਾ ਲਿਆ ਜਾ ਸਕੇ ਇਹ ਘਟਨਾ ਚੱਕਰ ਪਾਰਟੀ ਲਈ ਇੱਕ ਵੱਡੀ ਚੁਣੌਤੀ ਹੈ ਖਾਸਕਰ ਉਦੋਂ ਜਦੋਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਮੁੱਖ ਮੰਤਰੀ ਬਣੇ ਅਮਰਿੰਦਰ ਸਿੰਘ ਲਈ ਪੰਜ ਕੁ ਸਾਲ ਪਹਿਲਾਂ ਪਾਰਟੀ ’ਚ ਆਏ ਨਵਜੋਤ ਸਿੱਧੂ ਨੂੰ ਅਹਿਮ ਅਹੁਦਾ ਮਿਲਣਾ ਗਵਾਰਾ ਨਹੀਂ ਗੱਲ ਸਿਰਫ ਅਹੁਦੇ ਦੇ ਮਹੱਤਵ ਦੀ ਨਹੀਂ ਸਗੋਂ ਮੁੱਖ ਮੰਤਰੀ ਤੇ ਨਵਜੋਤ ਸਿੱਧੂ ਵਿਚਾਲੇ ਪਿਛਲੇ ਕਈ ਸਾਲਾਂ ਤੋਂ ਟਕਰਾਅ ਵੀ ਚੱਲਦਾ ਆਇਆ ਹੈ ਸਿੱਧੂ ਨੂੰ ਪ੍ਰਧਾਨ ਬਣਾਉਣ ਤੋਂ ਬਾਦ ਦੋਵੇਂ ਆਗੂ ਤਾਲਮੇਲ ਬਣਾ ਕੇ ਚੱਲ ਸਕਣਗੇ ਇਹ ਬਹੁਤ ਵੱਡੀ ਚੁਣੌਤੀ ਹੈ।

ਕਾਂਗਰਸ ਨੇ ਕਿਸ ਉਮੀਦ ’ਤੇ ਨਵਜੋਤ ਸਿੱਧੂ ’ਤੇ ਏਨਾ ਵੱਡਾ ਦਾਅ ਖੇਡਿਆ ਹੈ ਇਹ ਚਰਚਾ ਦਾ ਵਿਸ਼ਾ ਹੈ ਜੇਕਰ ਧੜਬੰਦੀ ਵਧਦੀ ਹੈ ਤਾਂ ਚੋਣਾਂ ਦੌਰਾਨ ਇਹ ਵੱਖਰੀ ਸਮੱਸਿਆ ਬਣ ਸਕਦੀ ਹੈ ਜੇਕਰ ਹਾਈਕਮਾਨ ਦਾ ਨਵਜੋਤ ਸਿੱਧੂ (ਉਮਰ 57) ਵਾਲਾ ਤਜ਼ਰਬਾ ਕਾਮਯਾਬ ਹੁੰਦਾ ਹੈ ਤਾਂ ਇਹ ਪਾਰਟੀ ’ਚ ਪੀੜ੍ਹੀ ਬਦਲਾਅ ਦਾ ਫੈਸਲਾ ਹੋਵੇਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ’ਚ ਸੁਖਬੀਰ ਬਾਦਲ ਤੇ ਆਮ ਆਦਮੀ ਪਾਰਟੀ ’ਚ ਭਗਵੰਤ ਮਾਨ 60 ਸਾਲ ਤੋਂ ਘੱਟ ਉਮਰ ਦੇ ਲੀਡਰ ਹਨ ਇਹ ਵੀ ਮੰਨਿਆ ਜਾ ਸਕਦਾ ਹੈ ਕਿ ਨਵਜੋਤ ਸਿੱਧੂ ਦੀ ਤਿੱਖੀ ਬਿਆਨਬਾਜ਼ੀ ਨੂੰ ਵੀ ਹਾਈਕਮਾਨ ਨੇ ਇੱਕ ਯੋਗਤਾ ਦੇ ਰੂਪ ’ਚ ਵੇਖਿਆ ਹੈ।

ਇਹ ਵੀ ਅਹਿਮ ਬਿੰਦੂ ਹੈ ਕਿ ਕੀ ਹਾਈਕਮਾਨ ਨੂੰ ਨਵਜੋਤ ਸਿੱਧੂ ਦੀ ਜ਼ਿਆਦਾ ਜ਼ਰੂਰਤ ਹੈ ਜਾਂ ਸਿੱਧੂ ਦੀਆਂ ਇੱਛਾਵਾਂ ਦਾ ਕੋਈ ਪ੍ਰਸੰਗ ਹੈ ਭਾਵੇਂ ਪਾਰਟੀ ਨੇ ਅਗਲੇ ਮੁੱਖ ਮੰਤਰੀ ਦੇ ਚਿਹਰੇ ਬਾਰੇ ਅਜੇ ਕੁਝ ਵੀ ਨਹੀਂ ਕਿਹਾ ਪਰ ਸਿਆਸੀ ਹਲਕਿਆਂ ’ਚ ਮੌਜ਼ੂਦਾ ਫੈਸਲੇ ਤੋਂ ਕਈ ਅਰਥ ਕੱਢੇ ਵੀ ਜਾ ਰਹੇ ਹਨ ਸਰਕਾਰ ਦੇ ਬਾਕੀ ਰਹਿੰਦੇ ਕਾਰਜਕਾਲ ’ਚ ਮੁੱਖ ਮੰਤਰੀ ਅਮਰਿੰਦਰ ਸਿੰਘ ਲਈ ਕੋਈ ਖ਼ਤਰਾ ਨਹੀਂ ਪਰ ਚੋਣਾਂ ਤੋਂ ਬਾਦ ਪੈਦਾ ਹੋਣ ਵਾਲੇ ਹਾਲਾਤਾਂ ਬਾਰੇ ਚਰਚਾ ਛਿੜ ਰਹੀ ਹੈ ਇੱਥੇ ਕਾਂਗਰਸ ਹਾਈ ਕਮਾਨ ਲਈ ਸਭ ਤੋਂ ਵੱਡੀ ਸਿਰਦਰਦੀ ਚੋਣਾਂ ਦੌਰਾਨ ਧੜੇਬੰਦੀ ਤੋਂ ਹੋਣ ਵਾਲੇ ਨੁਕਸਾਨ ਨੂੰ ਰੋਕਣਾ ਹੋਏਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।