ਪੁੱਠੇ-ਸਿੱਧੇ ਤਰੀਕਿਆਂ ਨਾਲ ਜਹਾਜ਼ੇ ਚੜ੍ਹਨ ਦਾ ਸ਼ੌਂਕ ਪਾਲਣਾ ਖ਼ਤਰਨਾਕ

Abroad Sachkahoon

ਪੁੱਠੇ-ਸਿੱਧੇ ਤਰੀਕਿਆਂ ਨਾਲ ਜਹਾਜ਼ੇ ਚੜ੍ਹਨ ਦਾ ਸ਼ੌਂਕ ਪਾਲਣਾ ਖ਼ਤਰਨਾਕ

ਪਿਛਲੇ ਕਈ ਦਿਨਾਂ ਤੋਂ ਅਖਬਾਰਾਂ ਦੀਆਂ ਸੁਰਖੀਆਂ ਬਣੇ ਕੁਝ ਕੇਸ ਜਿਸ ’ਚ ਕੁੜੀ ਵੱਲੋਂ ਵਿਦੇਸ਼ ਜਾਣ ਦੇ ਨਾਂਅ ’ਤੇ ਮੁੰਡੇ ਨਾਲ ਮਾਰੀ ਠੱਗੀ ਦਾ ਜ਼ਿਕਰ ਮਿਲਦਾ ਹੈ ਇੱਕ ਲੜਕੇ ਨੇ ਇਸ ਸਭ ਸਟਰੈੱਸ ਦੌਰਾਨ ਖੁਦਕੁਸ਼ੀ ਤੱਕ ਕਰ ਲਈ ਸੋਸ਼ਲ ਮੀਡੀਆ ’ਤੇ ਅਜਿਹੀਆਂ ਹੋਰ ਵੀ ਬਹੁਤ ਘਟਨਾਵਾਂ ਲੋਕਾਂ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਕੁੜੀਆਂ ਦੀਆਂ ਤਸਵੀਰਾਂ ਪਾ ਕੇ ਉਨ੍ਹਾਂ ਨੂੰ ਲਾਹਨਤਾਂ ਪਾਈਆਂ ਗਈਆਂ ਤੇ ਉਨ੍ਹਾਂ ਨੂੰ ਕੈਨੇਡਾ ਤੋਂ ਵਾਪਸ ਮੋੜਨ ਦੀਆਂ ਮੰਗਾਂ ਵੀ ਜ਼ੋਰ ਫੜਨ ਲੱਗੀਆਂ ਪਰ ਇਸ ਸਭ ਲਈ ਕੀ ਸਿਰਫ ਕੁੜੀਆਂ ਹੀ ਜਿੰਮੇਵਾਰ ਨੇ? ਕੀ ਉਨ੍ਹਾਂ ਨੂੰ ਵਾਪਸ ਭੇਜਣ ਨਾਲ ਸਾਰੇ ਮਸਲੇ ਹੱਲ ਹੋ ਜਾਣਗੇ ਤੇ ਫੇਰ ਅਜਿਹੇ ਮਾਮਲੇ ਦੁਬਾਰਾ ਨਾ ਹੋਣਗੇ ਇਸ ਗੱਲ ਦੀ ਵੀ ਕਿਹੜਾ ਗਰੰਟੀ ਹੈ।

ਪੰਦਰਾਂ-ਵੀਹ ਸਾਲ ਪਹਿਲਾਂ ਹਾਲਾਤ ਅਲੱਗ ਸੀ ਉਦੋਂ ਮੁੰਡੇ ਵਿਆਹ ਕਰਵਾ ਕੇ ਇੱਕ-ਦੋ ਮਹੀਨੇ ਰਹਿ ਕੇ ਚਲੇ ਜਾਂਦੇ ਤੇ ਮੁੜ ਵਿਆਹੀਆਂ ਕੁੜੀਆਂ ਦੀ ਸਾਰ ਨਾ ਲੈਂਦੇ ਉਹ ਵਿਚਾਰੀਆਂ ਇੱਥੇ ਹੀ ਬੁੱਢੀਆਂ ਹੋ ਜਾਂਦੀਆਂ ਸਮੇਂ ਦੇ ਨਾਲ ਸਮੱਸਿਆ ਨੇ ਸਿਰਫ ਆਪਣਾ ਰੂਪ ਬਦਲ ਲਿਆ ਜਦੋਂਕਿ ਇਸਦਾ ਕੋਈ ਹੱਲ ਨਹੀਂ ਹੋ ਸਕਿਆ ਸਾਡੇ ਦੇਸ਼ ਵਿਚ ਸਭ ਕੁਝ ਰੱਬ ਆਸਰੇ ਹੀ ਚੱਲਦਾ ਹੈ ਇੱਥੇ ਇੱਕ ਵਾਰ ਗੱਪ ਮਾਰ ਕੇ ਲੋਕਾਂ ਨੂੰ ਬੁੱਧੂ ਬਣਾ ਕੇ ਸੱਤਾ ਲੈਣਾ ਹੀ ਹਰ ਪਾਰਟੀ ਦਾ ਮਕਸਦ ਹੈ ਭਾਰਤੀ ਲੋਕਾਂ ਦੀ ਮਾਸੂਮੀਅਤ ਹੈ? ਕਿ ਉਹ ਹਰ ਵਾਰ ਗੱਲਾਂ ’ਚ ਆ ਕੇ ਵੋਟਾਂ ਪਾ ਦਿੰਦੇ ਨੇ ਫੇਰ ਪੰਜ ਸਾਲ ਆਪਣੇ ਕੀਤੇ ਦੀ ਸਜ਼ਾ ਭੁਗਤਦੇ ਰਹਿੰਦੇ ਨੇ ਸਾਰੇ ਟੈਕਸ ਅਦਾ ਕਰਕੇ ਵੀ ਸਾਨੂੰ ਨਾ ਕੋਈ ਸਿੱਖਿਆ ਦੀ ਗਰੰਟੀ ਨਾ ਰੁਜਗਾਰ ਦੀ ਗਰੰਟੀ ਨਾ ਕੋਈ ਸਿਹਤ ਸਹੂਲਤਾਂ, ਆਖਿਰ ਕਿਉਂ?

ਪਹਿਲਾਂ ਰੁਜਗਾਰ ਨਹੀਂ ਮਿਲਦਾ ਜੇਕਰ ਮਿਲਦਾ ਹੈ ਤਾਂ ਤਨਖਾਹ ਨਹੀਂ ਮਿਲਦੀ ਜੇਕਰ ਮਿਲਦੀ ਹੈ ਤਾਂ ਨੌਂ ਹਜ਼ਾਰ ਤੇ ਪਰਖ ਕਾਲ ਦੇ ਨਾਂਅ ’ਤੇ ਮੁੱਢਲੇ ਤਿੰਨ ਸਾਲ ਸ਼ੋਸ਼ਣ ਫੇਰ ਇਸ ਵਧਦੀ ਮਹਿੰਗਾਈ ’ਚ ਮਹਿੰਗਾਈ ਭੱਤਾ ਹਜ਼ਮ ਕਰ ਜਾਣਾ ਪੰਜ ਸਾਲ ਬਾਅਦ ਵੀ ਤਨਖਾਹ ਕਮਿਸ਼ਨ ਨੂੰ ਕੱਟ-ਵੱਢ ਕੇ ਦੇਣਾ ਮਾਨਸਿਕ ਪ੍ਰੇਸ਼ਾਨੀ ਦੇਣਾ ਹੀ ਹੈ ਇਸ ਲਈ ਲੋਕ ਪੜ੍ਹ ਕੇ ਆਪਣਾ ਭਵਿੱਖ ਬਣਾਉਣ ਲਈ ਵਿਦੇਸ਼ ਜਾਣਾ ਪਸੰਦ ਕਰਦੇ ਹਨ।

ਜਿਹੜੇ ਬੱਚੇ ਚੰਗੀ ਸਿੱਖਿਆ ਹਾਸਲ ਕਰਕੇ ਵਿਦੇਸ਼ ਜਾਂਦੇ ਹਨ, ਜਿੰਨ੍ਹਾਂ ਕੋਲ ਡਿਗਰੀਆਂ ਡਿਪਲੋਮੇ ਹੁੰਦੇ ਹਨ ਉਹ ਆਰਾਮ ਨਾਲ ਜਾ ਕੇ ਵਿਦੇਸ਼ ਸੈੱਟ ਹੋ ਜਾਂਦੇ ਹਨ ਉਹਨਾਂ ਲਈ ਕੋਈ ਬਹੁਤੀ ਸਮੱਸਿਆ ਨਹੀਂ ਕਿਉਕਿ ਯੂਰਪੀਅਨ ਲੋਕ ਆਪ ਮੰਨਦੇ ਹਨ ਕਿ ਭਾਰਤੀ ਲੋਕ ਬਹੁਤ ਮਿਹਨਤੀ ਹਨ ਅਮਰੀਕਾ ’ਚ ਪੰਜਾਹ ਫੀਸਦੀ ਤੋਂ ਵੱਧ ਡਾਕਟਰ ਤੇ ਇੰਜੀਨੀਅਰ ਭਾਰਤੀ ਹਨ ਪਰ ਸਮੱਸਿਆ ਉਹਨਾਂ ਬੱਚਿਆਂ ਲਈ ਹੈ ਜਿਹੜੇ ਪੜ੍ਹਨਾ ਨਹੀਂ ਚਾਹੁੰਦੇ ਬਲਕਿ ਕਿਸੇ ਸੌਖੇ ਤਰੀਕੇ ਨਾਲ ਵਿਦੇਸ਼ ਸੈੱਟ ਹੋਣਾ ਚਾਹੁੰਦੇ ਹਨ।

ਜੇਕਰ ਵਿਦੇਸ਼ ਹੀ ਜਾਣਾ ਹੈ ਤਾਂ ਜੀ ਸਦਕੇ ਜਾਓ ਪਰ ਸਹੀ ਤਰੀਕੇ ਨਾਲ ਮਿਹਨਤ ਕਰਕੇ ਜਾਓ ਹੁਣ ਕੁੜੀਆਂ ਨੂੰ ਦੋਸ਼ ਦੇ ਰਹੇ ਨੇ ਗ਼ਲਤੀ ਤਾਂ ਮੁੰਡੇ ਦੀ ਅਤੇ ਉਸਦੇ ਪਰਿਵਾਰ ਦੀ ਵੀ ਹੁੰਦੀ ਹੈ ਉਹ ਮਾਪੇ ਹੀ ਬੇਗਾਨੀ ਕੁੜੀ ’ਤੇ ਪੈਸੇ ਲਾਉਂਦੇ ਹਨ ਜਿਨ੍ਹਾਂ ਦੇ ਆਪਣੇ ਬੱਚੇ ਨਾਲਾਇਕ ਹੁੰਦੇ ਨੇ ਉਹ ਨਾ ਪੜ੍ਹ ਸਕਦੇ ਨੇ ਨਾ ਕੋਈ ਨੌਕਰੀ ਕਰ ਸਕਦੇ ਨੇ, ਇੱਥੋਂ ਤੱਕ ਕਿ ਉਹ ਆਈਲੈਟਸ ਦਾ ਪੇਪਰ ਤੱਕ ਨਹੀਂ ਪਾਸ ਕਰ ਸਕਦੇ ਚਾਲੀ ਲੱਖ ਬੇਗਾਨੀ ਕੁੜੀ ’ਤੇ ਖਰਚਣ ਨਾਲੋਂ ਤਾਂ ਇੰਨੇ ਪੈਸਿਆਂ ’ਚ ਆਪਣੇ ਲੜਕੇ ਨੂੰ ਹੀ ਕੋਈ ਕੰਮਕਾਰ ਕਰਵਾ ਦਿਓ ਪਰ ਨਹੀਂ ਜਹਾਜ਼ੇ ਚੜ੍ਹਨ ਦਾ ਸ਼ੌਂਕ ਇਸ ਕਦਰ ਲੋਕਾਂ ’ਤੇ ਹਾਵੀ ਹੈ ਕਿ ਹੋਰ ਕੁਝ ਦਿਸਦਾ ਹੀ ਨਹੀਂ ਉਦੋ ਕਿਸੇ ਦੀ ਸਲਾਹ ਵੀ ਨਹੀਂ ਲੈਂਦੇ ਇੱਥੋਂ ਤੱਕ ਕਿ ਰਿਸ਼ਤੇਦਾਰਾਂ ਤੱਕ ਨੂੰ ਨਹੀਂ ਦੱਸਦੇ ਵੀ ਕੋਈ ਮਤੇ ਭਾਨੀ ਹੀ ਨਾ ਮਾਰ ਦੇਵੇ ਹੁਣ ਭੁਗਤਦੇ ਰਹੋ ਆਪਣੀ ਗ਼ਲਤੀ ਦਾ ਨਤੀਜਾ।

ਇਸ ’ਚ ਕੋਈ ਸ਼ੱਕ ਨਹੀਂ ਕਿ ਕੁੜੀਆਂ ਮੁੰਡਿਆਂ ਨਾਲੋਂ ਪੜ੍ਹਨ ’ਚ ਹੁਸ਼ਿਆਰ ਹੁੰਦੀਆਂ ਨੇ ਉਹ ਪੜ੍ਹ ਜਾਂਦੀਆਂ ਨੇ ਤੇ ਬੈਂਡ ਵੀ ਲੈ ਜਾਂਦੀਆਂ ਨੇ ਪਰ ਕਈ ਵਾਰ ਘਰ ਦੇ ਹਾਲਤ ਉਨ੍ਹਾਂ ਦੇ ਸੁਪਨੇ ’ਚ ਰੁਕਾਵਟ ਬਣਦੇ ਹਨ ਬਾਰ੍ਹਵੀਂ ਦੇ ਬੱਚੇ ਸਾਡੇ ਕੋਲ ਪੜ੍ਹਦੇ ਨੇ ਕਿੰਨੇ ਕੁ ਸਮਝਦਾਰ ਹੁੰਦੇ ਨੇ ਕਿ ਇਨ੍ਹਾਂ ਬੱਚਿਆਂ ਨੂੰ ਵਿਆਹ ਸ਼ਬਦ ਦਾ ਸਹੀ ਅਰਥ ਤੱਕ ਨਹੀਂ ਪਤਾ ਹੁੰਦਾ ਇਹ ਵਿਆਹ ਸਿਰਫ ਮਾਪਿਆਂ ਵੱਲੋਂ ਕੀਤਾ ਇੱਕ ਵਪਾਰਕ ਸੌਦਾ ਹੁੰਦਾ ਹੈ ਬੱਚੇ ਉਦੋਂ ਸੁਪਨੇ ਪੂਰੇ ਕਰਨ ਦੇ ਚੱਕਰ ’ਚ ਇੱਕ ਵਾਰ ਹਰ ਗੱਲ ਲਈ ਮੰਨ ਜਾਂਦੇ ਹਨ ਪਰ ਸਮਾਂ ਪੈ ਕੇ ਜਦੋਂ ਅਕਲ ਆਉਂਦੀ ਹੈ ਓਦੋਂ ਪਤਾ ਲੱਗਦਾ ਹੈ ਕਿ ਇਹ ਵਪਾਰਕ ਡੀਲ ਸਾਰੀ ਜਿੰਦਗੀ ਜੋਕ ਵਾਂਗ ਉਨ੍ਹਾਂ ਦਾ ਖੂਨ ਚੂਸਦੀ ਰਹੇਗੀ ਉੱਥੋਂ ਦੀ ਅਜਾਦ ਜਿੰਦਗੀ ਇਨਸਾਨ ਨੂੰ ਬਹੁਤ ਬਦਲ ਦਿੰਦੀ ਹੈ ਉੱਥੇ ਕਿਸੇ ’ਤੇ ਕੋਈ ਦਬਾਅ ਨਹੀਂ ਹੁੰਦਾ, ਸਭ ਨੂੰ ਆਪਣੀ ਜਿੰਦਗੀ ਦੇ ਫੈਸਲੇ ਲੈਣ ਦੀ ਅਜਾਦੀ ਹੈ।

ਇਹ ਇੱਕ ਅਜਿਹਾ ਸੌਦਾ ਹੈ ਜਿਸ ’ਚ ਹਰ ਕੋਈ ਆਪਣਾ ਫਾਇਦਾ ਦੇਖਦਾ ਹੈ ਕੁੜੀ ਆਪ ਵਿਚਾਰੀ ਮੋਹਰੇ ਵਾਂਗ ਵਰਤੀ ਜਾਂਦੀ ਹੈ ਬੱਸ ਅਗਲਾ ਵੀਹ ਲੱਖ ਲਾਉਣ ਲਈ ਤਿਆਰ ਤਾਂ ਰਿਸ਼ਤਾ ਤੈਅ, ਨਾ ਕੋਈ ਰੰਗ-ਰੂਪ ਦਾ ਸੁਮੇਲ, ਨਾ ਕੋਈ ਸਿੱਖਿਆ ਦਾ ਸੁਮੇਲ, ਬੱਸ ਇੱਕ ਵਾਧੇ ਦਾ ਸੌਦਾ ਕੁੜੀ ਵਾਲਿਆਂ ਦਾ ਇਹ ਫਾਇਦਾ ਇੱਕ ਤਾਂ ਪੱਚੀ ਹਜ਼ਾਰ ਰੁਪਏ ’ਚ ਵਿਆਹ ਦੀ ਫਿਕਰ ਖ਼ਤਮ, ਦੂਜਾ ਮਨਮਰਜ਼ੀ ਦਾ ਰਿਸ਼ਤਾ ਮੁਫ਼ਤ ’ਚ, ਤੀਜਾ ਕੁੜੀ ਦੇ ਭਰਾਵਾਂ ਲਈ ਵਿਦੇਸ਼ ਦਾ ਰਾਹ ਖੁੱਲਦਾ ਨਜਰ ਆਉਂਦਾ ਹੈ।

ਇਸ ਸੌਦੇ ’ਚ ਵਿਚੋਲੇ ਤੱਕ ਵਿਦੇਸ਼ ਜਾਣ ਦੇ ਸੁਫ਼ਨੇ ਦੇਖ ਰਹੇ ਹੁੰਦੇ ਹਨ ਤੇ ਕਹਾਣੀ ਖਰਾਬ ਹੋਣ ’ਤੇ ਸਾਰਾ ਦੋਸ਼ ਕੁੜੀ ਦਾ ਇਸ ਸਾਰੇ ਘਟਨਾਕ੍ਰਮ ’ਚ ਦੱਸੋ ਸਹੀ ਕੌਣ ਹੈ? ਕੁੜੀ ਦੇ ਮਾਤਾ-ਪਿਤਾ, ਮੁੰਡਾ ਜਾਂ ਮੁੰਡੇ ਦੇ ਮਾਤਾ ਪਿਤਾ ਕੋਈ ਵੀ ਸਹੀ ਨਹੀਂ ਇਹ ਰਿਸ਼ਤੇ ਲਾਲਚ ਦੀ ਬੁਨਿਆਦ ’ਤੇ ਟਿਕੇ ਹੁੰਦੇ ਨੇ ਫੇਰ ਲਾਲਚ ਦਾ ਅੰਤ ਚੰਗਾ ਕਿਵੇਂ ਹੋ ਸਕਦਾ ਸੋਚਣ ਵਾਲੀ ਗੱਲ ਹੈ ਇੱਕ ਮੁੰਡਾ ਮਰ ਜਾਣ ਨਾਲ ਜਾਂ ਇੱਕ-ਦੋ ਕੁੜੀਆਂ ਵਾਪਸ ਆਉਣ ਨਾਲ ਇਸ ਕਹਾਣੀ ਦਾ ਅੰਤ ਨਹੀਂ ਹੋਣ ਵਾਲਾ ਇੱਕ ਵੱਡ ਅਕਾਰੀ ਦੈਂਤ ਸਾਡੇ ਬੱਚੇ ਨਿਗਲਣ ਲਈ ਕਾਹਲਾ ਹੈ ਸਾਨੂੰ ਆਪਣੇ ਬੱਚੇ ਆਪ ਬਚਾਉਣੇ ਪੈਣਗੇ ਆਪਣੇ ਬੱਚਿਆਂ ਦੀਆਂ ਰੁਚੀਆਂ ਦੇਖੋ, ਉਨ੍ਹਾਂ ਦੇ ਕਰੀਅਰ ਵੱਲ ਧਿਆਨ ਦਿਓ, ਚੰਗੀ ਸਿੱਖਿਆ ਦਿਓ ਆਹ ਕੁੜੀ ’ਤੇ ਪੈਸੇ ਲਾ ਕੇ ਬਾਹਰ ਜਾਣ ਦੇ ਸੁਫ਼ਨੇ ਜੇਕਰ ਦੇਖਣੇ ਬੰਦ ਨਾ ਕੀਤੇ ਤਾਂ ਆਹੀ ਕੁਝ ਹੋਣਾ ਅਜੇ ਵੀ ਵਕਤ ਹੈ ਸੰਭਲ ਜਾਓ।

ਸਰਕਾਰਾਂ ਚੁਣਦੇ ਵਕਤ ਪੁਲਾਂ, ਸੜਕਾਂ ਤੇ ਗਲੀਆਂ ਪੱਕੀਆਂ ਜਾਂ ਆਟਾ ਦਾਲ ਨਾ ਮੰਗੋ ਇਹ ਭੀਖ ਹੈ ਜੋ ਆਗੂ ਤੁਹਾਨੂੰ ਹੱਸਦੇ-ਹੱਸਦੇ ਦੇ ਦੇਣਗੇ ਆਪਣੇ ਹੱਕ ਮੰਗੋ ਆਪਣੇ ਬੱਚਿਆਂ ਲਈ ਰੁਜਗਾਰ ਮੰਗੋ ਜਿੰਨੇ ਪੈਸੇ ਪੰਜਾਬ ਦੇ ਹਰ ਮਹੀਨੇ ਬਾਹਰਲੇ ਦੇਸ਼ਾਂ ਦੀਆਂ ਫੀਸਾਂ ਦੇ ਰੂਪ ’ਚ ਜਾ ਰਹੇ ਨੇ ਇੰਨੇ ਪੈਸੇ ਤਾਂ ਪੰਜਾਬ ਦੀ ਕਿਸਮਤ ਬਦਲ ਦੇਣਗੇ ਜੇਕਰ ਅਸੀਂ ਸਾਰਥਿਕ ਕਦਮ ਨਾ ਚੁੱਕੇ ਤਾਂ ਆਉਣ ਵਾਲੇ ਸਮੇਂ ’ਚ ਪੰਜਾਬ ਸਿਰਫ ਬੁੱਢੇ ਲੋਕਾਂ ਦਾ ਸੁਬਾ ਬਣ ਕੇ ਰਹਿ ਜਾਵੇਗਾ ਤੇ ਜਵਾਨੀ ਵਿਦੇਸ਼ ਦੇ ਝਾਂਸੇ ’ਚ ਮਰਦੀ ਰਹੇਗੀ।

ਪੰਜਾਬੀ ਅਧਿਆਪਕ, ਸਰਕਾਰੀ ਹਾਈ ਸਕੂਲ,
ਮਿਰਜ਼ਾਪੁਰ, ਪਟਿਆਲਾ ਮੋ. 94173-61546
ਚੰਨੀ ਚਹਿਲ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।