ਬੇਰੁਜ਼ਗਾਰ ਅਧਿਆਪਕਾਂ ਨੇ ਮੋਤੀ ਮਹਿਲ ਦੇ ਦੂਜੇ ਪਾਸਿਓਂ ਤੋੜੇ ਬੈਰੀਕੇਡ, ਘਿਰਾਓ ਦਾ ਕੀਤਾ ਯਤਨ
ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਵੱਲੋਂ ਅੱਜ ਮੋਤੀ ਮਹਿਲ ਦੇ ਘਿਰਾਓ ਦੌਰਾਨ ਪੁਲਿਸ ਨੇ ਅਧਿਆਪਕਾਂ ’ਤੇ ਜੰਮ ਕੇ ਲਾਠੀਚਾਰਜ ਕੀਤਾ। ਇੱਥੋਂ ਤੱਕ ਲੜਕੀਆਂ ਦੀਆਂ ਗੁੱਤਾਂ ਪੱੁਟੀਆਂ ਗਈਆਂ ਅਤੇ ਨੌਜਵਾਨਾਂ ਨਾਲ ਭਾਰੀ ਧੱਕਾ-ਮੁੱਕੀ ਹੋਈ। ਲਾਠੀਚਾਰਜ਼ ਐਨਾ ਜ਼ਬਰਦਸਤ ਸੀ ਕਿ ਪੁਲਿਸ ਦੀਆਂ ਡਾਂਗਾਂ ਵੀ ਟੁੱਟ ਗਈਆਂ। ਲਾਠੀਚਾਰਜ ਦੌਰਾਨ ਕਈ ਅਧਿਆਪਕਾਂ ਦੇ ਲਾਠੀਆਂ ਨਾਲ ਨੀਲ ਪੈ ਗਏ ਅਤੇ ਕਈਆਂ ਦੇ ਅੰਦਰੂਨੀ ਸੱਟਾਂ ਲੱਗੀਆਂ।
ਜਾਣਕਾਰੀ ਅਨੁਸਾਰ ਅੱਜ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਵੱਲੋਂ ਅਚਾਨਕ ਹੀ ਦੁਪਹਿਰ ਮੌਕੇ ਮੋਤੀ ਮਹਿਲ ਦੇ ਘਿਰਾਓ ਦੀ ਜਾਣਕਾਰੀ ਦਿੱਤੀ ਗਈ। ਇਨ੍ਹਾਂ ਬੇਰੁਜ਼ਗਾਰਾਂ ਵੱਲੋਂ ਪਹਿਲਾਂ ਟਾਵਰ ’ਤੇ ਚੜ੍ਹੇ ਆਪਣੇ ਸਾਥੀ ਕੋਲ ਇਕੱਠ ਕੀਤਾ ਗਿਆ ਅਤੇ ਉਸ ਤੋਂ ਬਾਅਦ ਦੁਪਹਿਰ ਮੌਕੇ ਮੋਤੀ ਮਹਿਲ ਵੱਲ ਰੁਖ ਕੀਤਾ ਗਿਆ। ਇਸ ਵਾਰ ਬੇਰੁਜ਼ਗਾਰ ਅਧਿਆਪਕ ਵਾਈਪੀਐਸ ਚੌਂਕ ਦੀ ਥਾਂ ਉਪਰਲੇ ਪਾਸੇ ਦੀ ਬੈਰੀਕੇਡ ਤੋੜ ਕੇ ਮੋਤੀ ਮਹਿਲ ਦੇ ਨਾਲ ਖਹਿੰਦੇ ਗੁਰਦੁਆਰਾ ਮੋਤੀ ਬਾਗ ਚੌਂਕ ’ਚ ਪੁੱਜ ਗਏ, ਜਿੱਥੇ ਕਿ ਮੋਤੀ ਮਹਿਲ ਦਾ ਮੁੱਖ ਗੇਟ ਕੁਝ ਹੀ ਦੂਰੀ ’ਤੇ ਸੀ।
ਇਸ ਦੌਰਾਨ ਪੁਲਿਸ ਵੱਲੋਂ ਅਧਿਆਪਕਾਂ ਨੂੰ ਜਦੋਂ ਅੱਗੇ ਵਧਣ ਤੋਂ ਰੋਕਣਾ ਚਾਹਿਆ ਤਾਂ ਅਧਿਆਪਕ ਅੱਗੇ ਵਧਣ ਲੱਗੇ, ਜਿਸ ਤੋਂ ਬਾਅਦ ਪੁਲਿਸ ਵੱਲੋਂ ਜ਼ਬਰਦਸਤ ਲਾਠੀਚਾਰਜ ਕਰ ਦਿੱਤਾ ਗਿਆ। ਇਸ ਦੌਰਾਨ ਪੁਰਸ਼ ਪੁਲਿਸ ਵੱਲੋਂ ਲੜਕੀਆਂ ਨਾਲ ਭਾਰੀ ਧੁੱਕਾ-ਮੁੱਕੀ ਕੀਤੀ ਗਈ ਅਤੇ ਲੜਕੀਆਂ ਵੱਲੋਂ ਆਪਣੀਆਂ ਗੁੱਤਾਂ ਪੱੁਟਣ ਦੇ ਦੋਸ਼ ਲਾਏ ਗਏ। ਕਈ ਅਧਿਆਪਕ ਪੁਲਿਸ ਦੀਆਂ ਡਾਂਗਾਂ ਨਾਲ ਹੇਠਾਂ ਡਿੱਗ ਗਏ। ਇਸ ਮੌਕੇ ਕੁੱਟਣ ਦੇ ਬਾਵਜੂਦ ਅਧਿਆਪਕਾਂ ਨੇ ਉੱਥੇ ਹੀ ਧਰਨਾ ਠੋਕ ਦਿੱਤਾ।
ਲੜਕੀਆਂ ਅਤੇ ਲੜਕਿਆਂ ਨੇ ਪੁਲਿਸ ਨੂੰ ਕਿਹਾ ਕਿ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ ਜਾਣ ਤਾਂ ਜੋ ਉਹ ਰੁਜ਼ਗਾਰ ਦੀ ਮੰਗ ਨਾ ਕਰ ਸਕਣ। ਇਸ ਮੌਕੇ ਸੂਬਾ ਪ੍ਰਧਾਨ ਦੀਪਕ ਕੰਬੋਜ ਅਤੇ ਸੂਬਾ ਸੀਨੀਅਰ ਉਪ ਪ੍ਰਧਾਨ ਸੰਦੀਪ ਸਾਮਾ ਨੇ ਕਿਹਾ ਕਿ 7 ਜੁਲਾਈ ਨੂੰ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ ਪੈਨਲ ਮੀਟਿੰਗ ਵਿੱਚ ਇਹ ਭਰੋਸਾ ਦਿੱਤਾ ਗਿਆ ਸੀ ਕਿ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ 14 ਜੁਲਾਈ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਮੰਨ ਲਈਆਂ ਜਾਣਗੀਆਂ ਪਰ ਅੱਜ ਕੋਈ ਵੀ ਕੈਬਨਿਟ ਮੀਟਿੰਗ ਨਹੀਂ ਹੋਈ।
ਇਸ ਦੇ ਰੋਸ ਵਜੋਂ ਹੀ ਅੱਜ ਅਧਿਆਪਕਾਂ ਨੂੰ ਇਹ ਤਿੱਖਾ ਐਕਸ਼ਨ ਲੈਣਾ ਪਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਾਥੀ ਸੁਰਿੰਦਰਪਾਲ 116 ਦਿਨਾਂ ਤੋਂ ਟਾਵਰ ’ਤੇ ਬੈਠਾ ਹੈ ਪਰ ਸਰਕਾਰ ਨੂੰ ਨਹੀਂ ਦਿਖ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਉਸ ਨੌਜਵਾਨ ਦੀ ਕੋਈ ਪ੍ਰਵਾਹ ਨਹੀਂ। ਉਨ੍ਹਾਂ ਦੋਸ਼ ਲਾਇਆ ਕਿ ਅੱਜ ਪੁਲਿਸ ਨੇ ਲੜਕੀਆਂ ਦੀਆਂ ਗੁੱਤਾਂ ਪੁੱਟੀਆਂ ਅਤੇ ਉਨ੍ਹਾਂ ਦੇ ਡੰਡੇ ਵਰਾਏ ਹਨ। ਇਸ ਕੁੱਟਮਾਰ ’ਚ ਗੁਰਮੀਤ ਕੌਰ, ਸੁਰੇਸ਼ ਸੋਨੀ, ਸਰਬਜੀਤ ਕੌਰ, ਹਰਪ੍ਰੀਤ ਕੌਰ, ਬੇਅੰਤ ਕੌਰ, ਸ਼ਿਵਾਲੀ, ਕਰਮਜੀਤ ਕੌਰ, ਪਿੰਕੀ ਕੌਰ, ਹਰਪ੍ਰੀਤ ਕੌਰ, ਅਮਨ ਸੱਗੂ, ਬਲਵਿੰਦਰ ਕਾਕਾ, ਪ੍ਰਗਟ ਬੋਹਾ, ਜੋਗਾ ਬੋਹਾ ਆਦਿ ਜ਼ਖਮੀ ਹੋ ਗਏ।
ਬੇਰੁਜ਼ਗਾਰਾਂ ਨੇ ਤੋੜੀਆਂ ਲਾਠੀਆਂ ਸੰਭਾਲੀਆਂ
ਇਸ ਦੌਰਾਨ ਅਧਿਆਪਕ ਆਗੂਆਂ ਨੇ ਪੁਲਿਸ ਵੱਲੋਂ ਬੇਰੁਜ਼ਗਾਰਾਂ ਦੇ ਮਾਰ ਕੇ ਤੋੜੀਆਂ ਲਾਠੀਆਂ ਨੂੰ ਸਾਂਭ ਲਿਆ। ਉਨ੍ਹਾਂ ਕਿਹਾ ਕਿ 2022 ਦੌਰਾਨ ਜਦੋਂ ਕਾਂਗਰਸੀ ਆਗੂ ਜਾਂ ਵਿਧਾਇਕ ਲੋਕਾਂ ਵਿੱਚ ਵੋਟਾਂ ਲੈਣ ਆਉਣਗੇ ਤਾਂ ਇਨ੍ਹਾਂ ਲਾਠੀਆਂ ਨਾਲ ਹੀ ਸਵਾਗਤ ਕਰਾਂਗੇ, ਜਿਸ ਤਰ੍ਹਾਂ ਬੇਰੁਜ਼ਗਾਰਾਂ ਦਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਹ ਦਰਜ਼ਨਾਂ ਵਾਰ ਉਨ੍ਹਾਂ ਦੇ ਵਰ੍ਹੀਆਂ ਲਾਠੀਆਂ ਨੂੰ ਭੁੱਲਣਗੇ ਨਹੀਂ। ਹੁਣ ਤਾਂ ਇਹ ਸੱਤਾ ਦੇ ਨਸ਼ੇ ਵਿੱਚ ਨੌਜਵਾਨਾਂ ਨੂੰ ਾਾਂ ਹੀ ਕੁੱਟ ਰਹੇ ਹਨ, ਇਸ ਤੋਂ ਬਾਅਦ ਵਾਰੀ ਲੋਕਾਂ ਦੀ ਆਵੇਗੀ।
20 ਜੁਲਾਈ ਨੂੰ ਸੁਰੇਸ਼ ਕੁਮਾਰ ਨਾਲ ਦਿੱਤਾ ਮੀਟਿੰਗ ਦਾ ਸਮਾਂ
ਬੇਰੁਜ਼ਗਾਰਾਂ ਵੱਲੋਂ ਕੀਤੇ ਪ੍ਰਦਰਸ਼ਨ ਤੋਂ ਬਾਅਦ ਐਸਡੀਐਮ ਪਟਿਆਲਾ ਵੱਲੋਂ ਈਟੀਟੀ ਟੈੱਟ ਪਾਸ ਅਧਿਆਪਕਾਂ ਨੂੰ ਲਿਖਤੀ ਪੱਤਰ ਦਿੰਦਿਆਂ 20 ਜੁਲਾਈ ਨੂੰ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਪੈਨਲ ਮੀਟਿੰਗ ਦਾ ਸਮਾਂ ਦਿੱਤਾ ਗਿਆ। ਇਸ ਤੋਂ ਬਾਅਦ ਭਾਵੇਂ ਅਧਿਆਪਕਾਂ ਵੱਲੋਂ ਭਾਵੇਂ ਮੋਤੀ ਮਹਿਲ ਕੋਲੋਂ ਆਪਣਾ ਧਰਨਾ ਖਤਮ ਕਰ ਦਿੱਤਾ ਗਿਆ, ਪਰ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਪੂਰੀਆਂ ਹੋਈਆਂ ਤਾ ਸੰਘਰਸ਼ ਹੋਰ ਤਿੱਖਾ ਹੋਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।