ਬਚਪਨ ਦੀ ਖੇਡ ਦੇ ਮਹੱਤਵ ਦਾ ਬਦਲਦਾ ਰੂਪ

Childhood Games Sachkahoon

ਬਚਪਨ ਦੀ ਖੇਡ ਦੇ ਮਹੱਤਵ ਦਾ ਬਦਲਦਾ ਰੂਪ

ਅੱਜ ਬੈਠੇ-ਬੈਠੇ ਬਚਪਨ ਦੀ ਇੱਕ ਖੇਡ ਯਾਦ ਆ ਗਈ, ਭੰਡਾ-ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ। ਇਹ ਖੇਡ ਬਚਪਨ ਦੀਆਂ ਖੇਡਾਂ ਵਿੱਚੋਂ ਇੱਕ ਹੈ, ਪਰ ਇਸ ਖੇਡ ਦਾ ਮੱਹਤਵ ਬਹੁਤ ਡੂੰਘਾ ਹੈ ਜੋ ਅਸੀਂ ਹੁਣ ਭੁੱਲ ਚੁੱਕੇ ਹਾਂ। ਬਚਪਨ ਵਿੱਚ ਅਸੀਂ ਆਪਣੇ ਸੰਗੀ-ਸਾਥੀ ਨਾਲ ਭੰਡਾ-ਭੰਡਾਰੀਆ ਖੇਡਦੇ ਸਮੇਂ ਉਸਦੇ ਸਿਰ ਉੱਪਰ ਮੁੱਠੀਆਂ ਰੱਖਦੇ ਸੀ, ਅਤੇ ਉਸ ਨੂੰ ਪੁੱਛਦੇ ਸੀ ਭੰਡਾ-ਭੰਡਾਰੀਆ ਕਿੰਨਾ ਕੁ ਭਾਰ, ਜੇ ਉਹ ਕਿਤੇ ਜਿਆਦਾ ਭਾਰ ਕਹਿ ਦਿੰਦਾ ਤਾਂ ਉਸ ਦੇ ਸਿਰ ਤੋਂ ਮੁੱਠੀ ਚੁੱਕ ਲੈਂਦੇ, ਭਾਵੇਂ ਦੂਜੀ ਮੁੱਠੀ ਵੀ ਤਿਆਰ ਈ ਕਰੀ ਬੈਠੇ ਹੁੰਦੇ ਸੀ ਪਰ ਮਾੜਾ ਜਿਹਾ ਸਾਹ ਲੈਣ ਦਿੰਦੇ ਸੀ। ਅਸੀਂ ਖੇਡ-ਖੇਡ ਵਿੱਚ ਆਪਣੇ ਦੋਸਤ ਦਾ ਖਿਆਲ ਰੱਖਦੇ, ਪਰਵਾਹ ਕਰਦੇ ਸੀ।

ਪਰ ਹੁਣ ਅਸੀਂ ਇਹ ਬਚਪਨ ਦੀਆਂ ਗੱਲਾਂ ਬਚਪਨ ਨਾਲ ਹੀ ਪਿੱਛੇ ਛੱਡ ਕੇ ਅਸੀਂ ਆਪ ਅੱਗੇ ਵਧ ਗਏ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਸੀਂ ਹੁਣ ਭਾਵੇਂ ਸਮਝਦਾਰ ਬਣ ਗਏ ਹਾਂ, ਪਰ ਇੱਕ-ਦੂਜੇ ਨੂੰ ਪੁੱਛਣਾ ਈ ਭੁੱਲਗੇ ਹਾਂ। ਜਿਹਨਾਂ ਦੋਸਤਾਂ ਦਾ ਬਚਪਨ ਵਿੱਚ ਇੰਨਾ ਖਿਆਲ ਰੱਖਦੇ ਸੀ, ਅਸੀਂ ਉਹਨਾਂ ਨਾਲ ਕਦੇ ਕੋਈ ਗੱਲ ਸਾਂਝੀ ਹੀ ਨਹੀਂ ਕੀਤੀ ਨਾ ਕਦੇ ਆਪਣਾ ਦੁੱਖ -ਸੁੱਖ ਸਾਂਝਾ ਕੀਤਾ ਨਾ ਕਦੇ ਉਹਨਾਂ ਦਾ ਪੁੱਛਣ ਦੀ ਕੋਸ਼ਿਸ਼ ਕੀਤੀ।

ਦੋਸਤਾਂ ਮਿੱਤਰਾਂ ਦੀ ਗੱਲ ਦੂਰ ਰਹੀ ਅਸੀਂ ਤਾਂ ਆਪਣੇ ਪਰਿਵਾਰ ਨਾਲੋਂ ਵੀ ਵੱਖ-ਵੱਖ ਹੁੰਦੇ ਜਾ ਰਹੇ ਹਾਂ। ਮਾਤਾ-ਪਿਤਾ, ਭੈਣ-ਭਰਾਵਾਂ ਕੋਲ ਬੈਠ ਕੇ ਵੀ ਕਦੇ ਨਹੀਂ ਪੁੱਛਦੇ, ਬਈ ਤੂੰ ਕਿੰਨਾ ਕੁ ਭਾਰ ਚੱਕੀ ਫਿਰਦਾਂ, ਤੈਨੂੰ ਕੋਈ ਲੋੜ ਤਾਂ ਨੀ ਜਾਂ ਚੱਲ ਤੇਰਾ ਭਾਰ ਈ ਵੰਡਾ ਲੈਂਦੇ ਹਾਂ। ਅਸੀਂ ਹੁਣ ਇੰਨੇ ਸੁਆਰਥੀ ਬਣ ਗਏ ਹਾਂ ਕਿ ਸਾਨੂੰ ਦੂਜਿਆਂ ਦਾ ਦੁੱਖ-ਦਰਦ ਨੀ ਮਹਿਸੂਸ ਹੁੰਦਾ। ਅਸੀਂ ਆਪਣੇ-ਆਪ ’ਚ ਏਨੇ ਮਗਰੂਰ ਹੋ ਗਏ ਹਾਂ ਕਿ ਇੱਕ-ਦੂਜੇ ਦੇ ਦੁੱਖ-ਦਰਦ ਨੂੰ ਸਮਝਦੇ ਹੋਏ ਵੀ ਅੱਖਾਂ ਮੀਚ ਲੈਦੇ ਹਾਂ। ਬਚਪਨ ਵਿੱਚ ਜਿਹਨਾਂ ਭੈਣ-ਭਰਾਵਾਂ ਦੇ ਸਾਹਾਂ ’ਚ ਸਾਹ ਲੈਂਦੇ ਸੀ ਹੁਣ ਉਹਨਾਂ ਭੈਣ-ਭਰਾਵਾਂ ਨੂੰ ਦੁਖੀ ਦੇਖ ਕਿਨਾਰਾ ਕਰ ਲੈਂਦੇ ਹਾਂ।

ਹੁਣ ਅਸੀਂ ਜਿੰਨੇ ਸਮਝਦਾਰ ਹੁੰਦੇ ਜਾਂਦੇ ਹਾਂ ਉਨਾ ਹੀ ਆਪਣਿਆਂ ਤੋਂ ਦੂਰ ਅਤੇ ਨਕਲੀ ਜਿੰਦਗੀ ਤੇ ਦਿਖਾਵੇ ਦੀ ਜਿੰਦਗੀ ਜਿਉਣ ਲੱਗ ਪਏ ਹਾਂ। ਦੁੱਖ-ਦਰਦ, ਖੁਸ਼ੀਆਂ ਤਾਂ ਹਰ ਇੱਕ ਦੀ ਜਿੰਦਗੀ ’ਚ ਈ ਆਉਂਦੀਆਂ ਨੇ ਪਰ ਅਸੀਂ ਹੁਣ ਇਹਨਾਂ ਨੂੰ ਕਿਸੇ ਨਾਲ ਸਾਂਝਾ ਕਰਨ ਦੀ ਬਜਾਏ ਇਹਨਾਂ ਨੂੰ ਆਪਣੇ ਅੰਦਰ ਦਬਾ ਕੇ ਚਿਹਰੇ ’ਤੇ ਖੁਸ਼ੀ ਦਿਖਾਉਂਦੇ ਹਾਂ। ਮੇਰੀ ਜਿੰਦਗੀ ਤਾਂ ਖੁੱਲ੍ਹੀ ਕਿਤਾਬ ਆ, ਇਹ ਸ਼ਬਦ ਅਸੀਂ ਅਕਸਰ ਹਰੇਕ ਇਨਸਾਨ ਦੇ ਮੂੰਹੋਂ ਸੁਣਦੇ ਹਾਂ ਪਰ ਉਸ ਕਿਤਾਬ ਦੇ ਕਈ ਹਰਫਾਂ ਨੂੰ ਤਾਂ ਅਸੀਂ ਆਪਣੇ-ਆਪ ਤੋਂ ਵੀ ਲੁਕਾ ਲੈਂਦੇ ਹਾਂ। ਅਸੀਂ ਆਪਣੀ ਪਰੇਸ਼ਾਨੀ ਕਿਸੇ ਨਾਲ ਨਹੀਂ ਸਾਂਝੀ ਕਰਦੇ ਇਹ ਸੋਚਕੇ ਕਿ ਉਹ ਸਾਡੇ ਬਾਰੇ ਕੀ ਸੋਚੇਗਾ, ਅਤੇ ਇਕੱਲਿਆਂ ਲੁਕ-ਲੁਕ ਰੋਣ ਦੀ ਆਦਤ ਪਾ ਲੈਂਦੇ ਹਾਂ ।

ਇਸੇ ਕਾਰਨ ਨਾਲ ਮਾਨਸਿਕ ਬਿਮਾਰੀਆਂ ਜਨਮ ਲੈਂਦੀਆਂ ਹਨ। ਕਈ ਵਾਰ ਇਨਸਾਨ ਅੰਦਰੋਂ-ਅੰਦਰੀ ਇੰਨਾ ਟੁੱਟ ਜਾਂਦਾ ਹੈ ਕਿ ਉਹ ਖੁਦਕੁਸ਼ੀ ਕਰ ਲੈਂਦਾ ਹੈ, ਬਹੁਤੀਆਂ ਖੁਦਕੁਸ਼ੀਆਂ ਤੇ ਮਾਨਸਿਕ ਬਿਮਾਰੀਆਂ ਦੇ ਕਾਰਨ ਇਕੱਲਿਆਂ ਦਾ ਦੁੱਖਾਂ ਨਾਲ ਜੂਝਣਾ ਹੈ। ਦੁੱਖ ਵੰਡਿਆਂ ਘਟ ਜਾਂਦਾ ਇਹ ਭੁੱਲ ਗਏ ਹਾਂ ਅਸੀਂ। ਸਮਾਜ ’ਚ ਨੱਕ ਰੱਖਦੇ-ਰੱਖਦੇ ਸਭ ਕੁਝ ਈ ਗੁਆ ਬੈਠਦੇ ਹਾਂ।

ਹਰ ਇਨਸਾਨ ਅੱਜ ਮਾਨਸਿਕ ਰੂਪ ਵਿੱਚ ਬਿਮਾਰ ਹੈ ਕਾਰਨ ਸਿਰਫ ਇਹੀ ਕਿ ਆਪਣੇ ਅੰਦਰ ਦੇ ਦੁੱਖ ਨੂੰ ਕਿਸੇ ਨਾਲ ਵੰਡਣਾ ਨਹੀਂ ਚਾਹੁੰਦਾ ਅਤੇ ਇਸਦਾ ਕਾਰਨ ਇਹ ਵੀ ਹੈ ਕਿ ਅਸੀਂ ਇੱਕ-ਦੂਸਰੇ ਉੱਪਰ ਵਿਸ਼ਵਾਸ ਨਹੀਂ ਕਰ ਪਾਉਂਦੇ। ਦੁੱਖ ਸੁਣਾਉਣ ਦੀ ਜਗ੍ਹਾ ਦੂਸਰੇ ਇਨਸਾਨ ਵੱਲੋਂ ਮਜਾਕ ਬਣਾਇਆ ਜਾਂਦਾ ਹੈ। ਪੁਰਾਣੇ ਸਮਿਆਂ ਵਿੱਚ ਹਰ ਇੱਕ ਇਨਸਾਨ ਦੇ ਦੁੱਖ-ਸੁੱਖ ਵਿੱਚ ਆਂਢ-ਗੁਆਂਢ ਤੇ ਹੋਰ ਬਹੁਤ ਸਾਰੇ ਅਜਿਹੇ ਇਨਸਾਨ ਸਨ ਜੋ ਇੱਕ-ਦੂਜੇ ਦੇ ਦੁੱਖ ਨੂੰ ਰਲ-ਮਿਲ ਕੇ ਸਾਂਝਾ ਕਰ ਲੈਂਦੇ ਸਨ। ਪਰ ਅੱਜ ਦੇ ਸਮੇਂ ’ਚ ਜੇਕਰ ਕਿਸੇ ਘਰ ਮੌਤ ਵੀ ਹੋ ਜਾਂਦੀ ਹੈ ਤਾਂ ਸਿਰਫ ਆਪਣਾ ਫਰਜ ਪੂਰਾ ਕਰਨ ਲਈ ਕੇਵਲ ਮਿਥਿਆ ਸਮਾਂ ਹੀ ਉਸ ਪਰਿਵਾਰ ਕੋਲ ਅਫਸੋਸ ਕਰਨ ਦਾ ਫਰਜ ਪੂਰਾ ਕਰਕੇ ਚਲੇ ਜਾਂਦੇ ਹਨ। ਇਨਸਾਨ ਹੀ ਇਨਸਾਨ ਤੋਂ ਦੂਰ ਹੁੰਦਾ ਜਾ ਰਿਹਾ। ਇਕੱਲਿਆਂ ਰਹਿਣਾ ਤੇ ਆਪਣੇ-ਆਪ ਨੂੰ ਹੋਰਾਂ ਤੋਂ ਉੱਚਾ ਦਿਖਾਉਣ ਦੀ ਦੌੜ ਨੇ ਰਿਸ਼ਤਿਆਂ ਤੇ ਮੋਹ-ਪਿਆਰ ਦੀਆਂ ਸਾਂਝਾਂ ਨੂੰ ਬਹੁਤ ਪਿੱਛੇ ਛੱਡ ਦਿੱਤਾ।

ਅੱਜ ਇਨਸਾਨ ਨੂੰ ਆਪਣਾ ਸੁਆਰਥ ਪਿਆਰਾ ਹੈ, ਸਮਾਜ ਵਿੱਚ ਵਧਦੇ ਮੋਹ-ਪਿਆਰ ਦੇ ਦਿਖਾਵੇ ਸਿਰਫ ਸੁਆਰਥ ’ਤੇ ਟਿਕੇ ਹੁੰਦੇ ਹਨ। ਕਿੰਨੀਆਂ ਅਜਿਹੀਆਂ ਘਟਨਾਵਾਂ ਸਮਾਜ ਵਿੱਚ ਰੋਜ਼ ਵਾਪਦੀਆਂ ਹਨ। ਸੋ ਅਜੋਕੇ ਸਮਾਜ ਵਿੱਚ ਸਾਨੂੰ ਹਰ ਇੱਕ ਦੇ ਦੁੱਖ-ਸੁਖ ਵਿੱਚ ਆਪਣੇ-ਆਪ ਨੂੰ ਉਹਨਾਂ ਦਾ ਦਰਦੀ ਸਮਝ ਕੇ ਸਹਿਯੋਗ ਦੇਣਾ ਚਾਹੀਦਾ ਹੈ। ਇਨਸਾਨੀਅਤ ਨੂੰ ਜਿੰਦਾ ਰੱਖਣਾ ਜਰੂਰੀ ਹੈ ਜੇਕਰ ਇਨਸਾਨੀਅਤ ਹੀ ਖਤਮ ਹੋ ਗਈ ਤਾਂ ਸਾਡੀ ਜਿੰਦਗੀ ਜਾਨਵਰਾਂ ਤੋਂ ਵੀ ਬਦਤਰ ਹੋ ਜਾਵੇਗੀ, ਸੁਆਰਥ ਤਿਆਗਣਾ ਚਾਹੀਦਾ ਹੈ ਇਸ ਭੱਜ-ਦੌੜ ਭਰੀ ਜਿੰਦਗੀ ਵਿੱਚ ਇੱਕ-ਦੂਸਰੇ ਤੋਂ ਅੱਗੇ ਨਿੱਕਲਣ ਦੀ ਬਜਾਏ ਸਭ ਨੂੰ ਮਿਲ ਕੇ ਅੱਗੇ ਵਧਣਾ ਚਾਹੀਦਾ ਹੈ ਤਾਂ ਜੋ ਹਰ ਇਨਸਾਨ ਦਾ ਇੱਕ-ਦੂਜੇ ਪ੍ਰਤੀ ਮੋਹ-ਪਿਆਰ ਬਣਿਆ ਰਹੇ ਅਤੇ ਹਰ ਕੋਈ ਇੱਕ-ਦੂਜੇ ਦੇ ਦੁੱਖ ਨੂੰ ਵੀ ਆਪਣਾ ਦੁੱਖ ਸਮਝ ਮਹਿਸੂਸ ਕਰ ਸਕੇ। ਇਹੀ ਸਾਡੀ ਜਿੰਦਗੀ ਦਾ ਅਸਲ ਸੱਚਾ ਕਰਮ ਹੋਵੇਗਾ।

ਜੱਬੋਵਾਲ, ਸ਼ਹੀਦ ਭਗਤ ਸਿੰਘ ਨਗਰ
ਰਵਨਜੋਤ ਕੌਰ ਸਿੱਧੂ ਰਾਵੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।