ਅਕ੍ਰਿਤਘਣ ਲੋਕਾਂ ਦਾ ਸੰਗ ਸਦਾ ਪੱਲੇ ਪਛਤਾਵਾ ਹੀ ਛੱਡਦਾ ਹੈ
ਸਮਾਜਿਕ ਜੀਵਨ ਵਿਚ ਆਪਸੀ ਸਬੰਧਾਂ ਦਾ ਬਹੁਤ ਮਹੱਤਵ ਹੁੰਦਾ ਹੈ ਕਿਉਂਕਿ ਹਰ ਸਬੰਧ ਮਨ ਅਤੇ ਭਾਵ ਨਾਲ ਜੁੜਿਆ ਹੁੰਦਾ ਹੈ। ਇਨ੍ਹਾਂ ਸਬੰਧਾਂ ਨੂੰ ਜ਼ਿੰਮੇਵਾਰੀ ਨਾਲ ਨਿਭਾਉਣ ’ਤੇ ਸਨੇਹ ਉਪਜਦਾ ਹੈ। ਵਿਅਕਤੀ ਡੂੰਘਾਈ ਤੱਕ ਹਿਰਦੇ ਨਾਲ ਜੁੜ ਜਾਂਦੇ ਹਨ ਅਤੇ ਉਨ੍ਹਾਂ ਦੇ ਉੱਤਮ ਭਾਵਾਂ ਨੂੰ ਸਵੀਕਾਰ ਕਰਕੇ ਇਨ੍ਹਾਂ ਵਿਚਲਾ ਨਿੱਘ ਪ੍ਰਾਪਤ ਹੁੰਦਾ ਹੈ। ਅੱਜ ਦੇ ਯੁੱਗ ਵਿਚ ਸਮਾਜਿਕ ਸਬੰਧਾਂ ਨੂੰ ਵੀ ਡਾਢਾ ਖੋਰਾ ਲੱਗਦਾ ਜਾ ਰਿਹਾ ਹੈ। ਇਨਸਾਨ ਦੀ ਸੋਚ ਸਿਰਫ ਆਪਣੇ ਸਵਾਰਥ ਤੱਕ ਹੀ ਸਿਮਟ ਕੇ ਰਹਿ ਗਈ ਹੈ। ਅਸੀਂ ਆਪਣੇ ਵਿਰਸੇ ਨੂੰ ਭੁੱਲਦੇ ਹੋਏ ਬੁਨਿਆਦੀ ਕਦਰਾਂ-ਕੀਮਤਾਂ ਨੂੰ ਵੀ ਤਿਲਾਂਜਲੀ ਦੇ ਰਹੇ ਹਾਂ। ਅਜੋਕੇ ਪਦਾਰਥਵਾਦੀ, ਮਤਲਬਪ੍ਰਸਤ ਤੇ ਨਿਰਮੋਹੇ ਸਮਾਜ ਵਿਚ, ਬਦਲਦੇ ਸਬੰਧਾਂ ਬਾਰੇ ਸੁਲੱਖਣ ਸਰਹੱਦੀ ਲਿਖਦੇ ਹਨ:-
ਗਰਜਾਂ ਨਾਲ ਹੀ ਮਾਂ-ਪਿਓ-ਵੀਰੇ, ਗਰਜਾਂ ਨਾਲ ਸ਼ਰੀਕੇ
ਗਰਜਾਂ ਦੀ ਸੁੱਖ ਮੰਗੋ ਯਾਰੋ, ਗਰਜਾਂ ਨਾਲ ਹੀ ਰਿਸ਼ਤੇ।
ਜਦੋਂ ਇਨਸਾਨ ਸਵਾਰਥੀ ਹੋ ਜਾਂਦਾ ਹੈ ਤਾਂ ਪਰਮਾਤਮਾ ਵੱਲੋਂ ਮਿਲੇ ਇਨਸਾਨੀਅਤ ਦੇ ਗੁਣ ਵੀ ਉਸ ਲਈ ਬੇਅਰਥ ਹੋ ਜਾਂਦੇ ਹਨ। ਉਨ੍ਹਾਂ ਨੂੰ ਸਿਰਫ਼ ਆਪਣਾ ਸੁਖ ਅਤੇ ਯਸ਼ ਹੀ ਦਿਖਾਈ ਦਿੰਦਾ ਹੈ। ਅੱਜ ਸਮਾਜ ਵਿਚ ਬਹੁਤੇ ਲੋਕ ਇਸ ਤਰ੍ਹਾਂ ਦੇ ਮਿਲਦੇ ਹਨ ਜੋ ਕਿਸੇ ਦੇ ਵਿਸ਼ਵਾਸਪਾਤਰ ਬਣ ਕੇ, ਬਾਅਦ ਵਿਚ ਕਿਸੇ ਹੋਰ ਲਾਲਚ ਵਿਚ ਆ ਕੇ, ਉਨ੍ਹਾਂ ਦੀ ਹੀ ਵਿਰੋਧਤਾ ਕਰਨ ਵਿਚ ਜ਼ਰਾ ਜਿੰਨੀ ਸ਼ਰਮ ਵੀ ਨਹੀਂ ਕਰਦੇ। ਆਪਣੇ ਕੰਮ ਨੂੰ ਸੰਵਾਰਨ ਲਈ ਕਿਸੇ ਦਾ ਵੀ ਨੁਕਸਾਨ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਇਸੇ ਕਾਰਨ ਹੀ ਅੱਜ ਸਾਡੇ ਸਮਾਜ ਦਾ ਸਮੁੱਚਾ ਤਾਣਾਬਾਣਾ ਉਲਝਦਾ ਜਾ ਰਿਹਾ ਹੈ। ਇਸ ਸਬੰਧ ’ਚ ਵੀ ਕਿਸੇ ਸਿਆਣੇ ਨੇ ਕਿੰਨਾ ਖੂਬ ਕਿਹੈ:-
ਰੌਸ਼ਨੀ ਦੇ ਅੱਗੇ ਜਾ ਕੇ ਵੇਖਿਆ,
ਲੋਕ ਨੇੜੇ ਹੋ ਕੇ ਯਾਰ ਮਾਰ ਨੇ ਕਰਦੇ
ਦਿਲ ਜਿੱਤ ਕੇ ਦਿਲਦਾਰ ਦਾ,
ਬੜੀ ਬੇਰਹਿਮੀ ਨਾਲ ਵਾਰ ਨੇ ਕਰਦੇ
ਅਜਿਹੇ ਲੋਕ ਜਿਨ੍ਹਾਂ ਅੰਦਰ ਆਪਣਿਆਂ ਪ੍ਰਤੀ ਵਫਾ ਕਰਨ ਦਾ ਜਜ਼ਬਾ ਨਹੀਂ ਉਨ੍ਹਾਂ ਨੂੰ ਅਕਿ੍ਰਤਘਣ ਵਿਅਕਤੀ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਅਕਿ੍ਰਤਘਣ ਲੋਕਾਂ ਦੀ ਚਾਲ ਅਤੇ ਚਿਹਰਾ ਸਮਝ ’ਚ ਨਾ ਆਵੇ ਸੁਭਾਵਿਕ ਹੈ ਕਿਉਂਕਿ ਅਜਿਹੇ ਲੋਕ ਹਨ੍ਹੇਰੇ ਵਿਚ ਹੀ ਹਮਲਾ ਕਰਦੇ ਹਨ ਅਰਥਾਤ ਛਲ, ਕਪਟ ਦਾ ਸਹਾਰਾ ਲੈਂਦੇ ਹਨ। ਜਦੋਂ ਆਪਣੇ ਹੀ ਦੁਸ਼ਮਣ ਬਣ ਕੇ ਇਸ ਸ਼੍ਰੇਣੀ ਵਿਚ ਆ ਜਾਣ ਤਾਂ ਰੌਸ਼ਨੀ ਵਿਚ ਵੀ ਉਨ੍ਹਾਂ ਦਾ ਚਿਹਰਾ ਨਹੀਂ ਪਹਿਚਾਣਿਆ ਜਾ ਸਕਦਾ। ਇਹ ਸੰਸਾਰ ਪਲ-ਪਲ ਬਦਲ ਰਿਹਾ ਹੈ, ਇੱਥੇ ਕੋਈ ਵੀ ਕਿਸੇ ਦਾ ਨਹੀਂ।
ਅੱਜ ਸਮਾਜ ਅੰਦਰ ਬਹੁਤੇ ਅਜਿਹੇ ਲੋਕਾਂ ਨਾਲ ਵਾਹ ਪੈਂਦਾ ਹੈ ਜੋ ਕੇਵਲ ਉਹੀ ਯਾਦ ਰੱਖਦੇ ਹਨ ਜੋ ਉਨ੍ਹਾਂ ਨੇ ਤੁਹਾਡੇ ਵਾਸਤੇ ਕੀਤਾ ਹੁੰਦਾ ਹੈ ਪਰ ਜੋ ਤੁਸੀਂ ਉਨ੍ਹਾਂ ਵਾਸਤੇ ਕੀਤਾ ਹੈ ਉਸ ਨੂੰ ਬਿਲਕੁਲ ਯਾਦ ਨਹੀਂ ਰੱਖਦੇ। ਸਿਰਫ਼ ਆਪਣੇ ਦੁਆਰਾ ਤੁਹਾਡੇ ਲਈ ਕੀਤੇ ਕੰਮਾਂ ਦੀ ਦੁਹਾਈ ਦੇ ਕੇ ਤੁਹਾਨੂੰ ਦੂਸਰਿਆਂ ਸਾਹਮਣੇ ਬੇਇੱਜ਼ਤ ਕਰਨ ’ਚ ਜ਼ਰਾ ਜਿੰਨੀ ਵੀ ਸ਼ਰਮ ਨਹੀਂ ਕਰਦੇ। ਕਿਸੇ ਦੇ ਕੀਤੇ ਅਹਿਸਾਨਾਂ ਨੂੰ ਭੁਲਾ ਕੇ, ਉਸ ਨੂੰ ਮਾੜਾ ਕਹਿ ਕੇ ਉਸ ਦਾ ਦਿਲ ਦੁਖਾਉਣ ਵਾਲੇ ਵਿਅਕਤੀ ਵੀ ਤਾਂ ਅਕਿ੍ਰਤਘਣ ਹੀ ਹੁੰਦੇ ਹਨ। ਅਜਿਹੇ ਲੋਕਾਂ ਕਰਕੇ ਹੀ ਅਜੋਕੇ ਸਮਾਜ ਵਿਚ ਆਪਸੀ ਸਬੰਧ ਵਿਗੜਦੇ ਰਹਿੰਦੇ ਹਨ। ਜੇਕਰ ਦੋਵੇਂ ਧਿਰਾਂ ਇੱਕ-ਦੂਜੇ ਦੇ ਕੀਤੇ ਕੰਮਾਂ ਨੰ ਯਾਦ ਰੱਖਦੇ ਹੋਏ ਵਿਚਰਨ ਤਾਂ ਸਬੰਧਾਂ ਵਿਚ ਕਦੇ ਵੀ ਤਰੇੜਾਂ ਨਾ ਪੈਣ ਅਤੇ ਜੀਵਨ ਵਿਚ ਸ਼ਾਂਤੀ ਦਾ ਦਾਮਨ ਬਣਿਆ ਰਹੇ।
ਵਿਅਕਤੀ ਦੇ ਜੀਵਨ ਵਿਚ ਕਈ ਵਾਰ ਅਜਿਹੇ ਪਲ ਆ ਜਾਂਦੇ ਹਨ ਜਦੋਂ ਵਿਅਕਤੀ ਜੀਵਨ ਦੇ ਅਜਿਹੇ ਮੋੜ ’ਤੇ ਖੜ੍ਹਾ ਹੁੰਦਾ ਹੈ ਕਿ ਉਸ ਨੂੰ ਸਮਝ ਨਹੀਂ ਆਉਂਦੀ ਕਿ ਉਹ ਕਿਸ ਪਾਸੇ ਨੂੰ ਮੁੜੇ। ਅਜਿਹੇ ਸਮੇਂ ਉਹ ਆਪਣੇ ਕਿਸੇ ਪਿਆਰੇ ਨਾਲ ਸਲਾਹ ਕਰਦਾ ਹੈ, ਮਿਲੀ ਸਲਾਹ ’ਤੇ ਚੱਲਦਾ ਹੋਇਆ ਅੱਗੇ ਵਧਦਾ ਹੈ। ਜੇਕਰ ਉਹ ਅਸਫਲ ਹੋ ਜਾਵੇ ਤੇ ਉਸ ਨੂੰ ਸਲਾਹ ਦੇਣ ਵਾਲੇ ਹੀ ਜਦੋਂ ਉਸ ਦਾ ਮਜ਼ਾਕ ਉਡਾਉਣ ਲੱਗ ਪੈਣ ਤਾਂ ਅਜਿਹੇ ਸਲਾਹਕਾਰ ਵੀ ਤਾਂ ਅਕਿ੍ਰਤਘਣ ਹੀ ਹੁੰਦੇ ਹਨ।
ਸਮਾਜ ਵਿਚ ਵਿਚਰਦੇ ਸਮੇਂ ਆਪਸੀ ਵਿਚਾਰ-ਵਟਾਂਦਰਾ ਹੁੰਦਾ ਰਹਿੰਦਾ ਹੈ। ਇਸ ਦੌਰਾਨ ਜਦੋਂ ਕੋਈ ਵਿਅਕਤੀ ਕਿਸੇ ਦੂਸਰੇ ਕੋਲੋਂ ਕੁਝ ਗੱਲਾਂ ਗ੍ਰਹਿਣ ਕਰਕੇ, ਕੁਝ ਨਵਾਂ ਕਰਨ ਲੱਗਦੇ ਹਨ ਤੇ ਫਿਰ ਆਪਣੇ-ਆਪ ਨੂੰ ਉੱਚਾ ਅਖਵਾਉਣ ਦੇ ਚਾਹਵਾਨ ਅਜਿਹੇ ਵਿਅਕਤੀ, ਉਨ੍ਹਾਂ ਨੂੰ ਹੀ ਨੀਵਾਂ ਵਿਖਾਉਣ ਲਈ ਨਜ਼ਰਅੰਦਾਜ਼ ਕਰਨ ਲੱਗ ਪੈਣ ਜਿਨ੍ਹਾਂ ਕੋਲੋਂ ਉਨ੍ਹਾਂ ਨੇ ਸਿੱਖਿਆ ਸੀ ਤਾਂ ਉਹ ਵੀ ਅਕਿ੍ਰਤਘਣਾਂ ਦੀ ਸ਼੍ਰੇਣੀ ਵਿਚ ਹੀ ਆਉਂਦੇ ਹਨ। ਅਜਿਹੇ ਸਵਾਰਥੀ ਕਿਸਮ ਦੇ ਲੋਕ ਜੋ ਸ਼ਿਸ਼ਟਾਚਾਰ ਦਾ ਪੱਲਾ ਝਾੜ ਕੇ, ਉਨ੍ਹਾਂ ਲੋਕਾਂ ਦਾ ਸ਼ੁਕਰੀਆ ਵੀ ਨਹੀਂ ਕਰਦੇ, ਕਦੇ ਉਨ੍ਹਾਂ ਦੀ ਖੈਰ ਵੀ ਨਹੀਂ ਮੰਗਦੇ ਜਿਨ੍ਹਾਂ ਕੋਲੋਂ ਉਨ੍ਹਾਂ ਨੇ ਗੁਣਾਂ ਦੀ ਅਮੀਰੀ ਪ੍ਰਾਪਤ ਕੀਤੀ ਹੁੰਦੀ ਹੈ ਬਲਕਿ ਆਪਣੇ-ਆਪ ਨੂੰ ਅਕਲਮੰਦ ਸਮਝਦੇ ਹੋਏ ਅੱਖਾਂ ਵਿਖਾਉਣ ਲੱਗ ਪੈਣ ਤਾਂ ਉਹ ਕੇਵਲ ਆਪਣੀ ਅੰਤਰ-ਆਤਮਾ ਨਾਲ ਜ਼ੁਲਮ ਹੀ ਕਰਦੇ ਹਨ। ਅਜਿਹੇ ਲੋਕਾਂ ਨੂੰ ਫਿਰ ਸਮਾਜ ਵੀ ਨਕਾਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਚੰਗੇ ਲੋਕ ਇਨ੍ਹਾਂ ਦਾ ਨਾਂਅ ਲੈਣਾ ਵੀ ਚੰਗਾ ਨਹੀਂ ਸਮਝਦੇ।
ਅਜਿਹੇ ਸਵਾਰਥੀ ਕਿਸਮ ਦੇ ਲੋਕਾਂ ਨੂੰ ਜਦੋਂ ਮਤਲਬ ਹੁੰਦਾ ਹਾਂ ਤਾਂ ਇੰਨੇ ਨਿਮਰ ਹੋ ਜਾਂਦੇ ਹਨ ਕਿ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਗੱਲਾਂ ਕਰਦੇ ਸਮੇਂ ਉਨ੍ਹਾਂ ਦੇ ਮੂੰਹ ਵਿਚੋਂ ਸੁਗੰਧਿਤ ਫੁੱਲ ਕਿਰ ਰਹੇ ਹੋਣ। ਉਨ੍ਹਾਂ ਦਾ ਅਸਲੀ ਚਿਹਰਾ ਪਹਿਚਾਣਨਾ ਮੁਸ਼ਕਲ ਹੋ ਜਾਂਦਾ ਹੈ। ਮਤਲਬ ਨਿੱਕਲ ਜਾਣ ਤੋਂ ਬਾਅਦ ਉਹ ਝੱਟ ਰੰਗ ਬਦਲ ਲੈਂਦੇ ਹਨ ਅਤੇ ਪਛਾਣਨੋਂ ਵੀ ਹਟ ਜਾਂਦੇ ਹਨ। ਇੰਨੀ ਜਲਦੀ-ਜਲਦੀ ਰੰਗ ਬਦਲਦੇ ਵੇਖ ਕੇ ਤਾਂ ਗਿਰਗਿਟ ਵੀ ਉਨ੍ਹਾਂ ਸਾਹਮਣੇ ਸ਼ਰਮਸਾਰ ਹੋ ਜਾਂਦੀ ਹੈ ਕਿਉਂਕਿ ਉਸ ਨੂੰ ਵੀ ਰੰਗ ਬਦਲਣ ਲਈ ਕੁਝ ਸਮਾਂ ਲੱਗਦਾ ਹੈ। ਅਕਿ੍ਰਤਘਣ ਲੋਕ ਉਸ ਕਿਰਾਏ ਦੇ ਮਕਾਨ ਦੀ ਤਰ੍ਹਾਂ ਹੁੰਦੇ ਹਨ ਜਿਸ ਨੂੰ ਜਿੰਨਾ ਮਰਜ਼ੀ ਸਜਾ ਲਓ ਕਦੇ ਵੀ ਆਪਣਾ ਨਹੀਂ ਹੁੰਦਾ। ਅਜਿਹੇ ਲੋਕਾਂ ਦੀ ਨਜ਼ਰ ਅਤੇ ਨੀਅਤ ਵਿਚ ਬਹੁਤ ਫਰਕ ਹੁੰਦਾ ਹੈ। ਸ਼ਰੀਫ ਅਤੇ ਸਿੱਧੇ-ਸਾਦੇ ਲੋਕ ਇਨ੍ਹਾਂ ਦੀ ਚੁੰਗਲ ਵਿਚ ਜਲਦੀ ਫਸ ਜਾਂਦੇ ਹਨ।
ਅਕਿ੍ਰਤਘਣ ਲੋਕਾਂ ਵਿਚ ਘਿਰੇ ਰਹਿਣ ਨਾਲ ਕੋਈ ਲਾਭ ਨਹੀਂ ਹੁੰਦਾ ਬਲਕਿ ਪਛਤਾਵਾ ਹੀ ਝੋਲੀ ਪੈਂਦਾ ਹੈ। ਅਜਿਹੇ ਲੋਕਾਂ ਨਾਲ ਚੱਲਣ ਨਾਲੋਂ ਤਾਂ ਇਕੱਲੇ ਚੱਲਣਾ ਜ਼ਿਆਦਾ ਫਾਇਦੇ ਵਾਲੀ ਗੱਲ ਹੈ। ਇਸ ਲਈ ਅਜਿਹੇ ਲੋਕਾਂ ਕੋਲੋਂ ਦੂਰੀ ਸਿਰਜ ਲੈਣਾ ਹੀ ਬਿਹਤਰ ਹੁੰਦਾ ਹੈ। ਇਸ ਨਾਲ ਜੀਵਨ ਵਿਚ ਅਨੰਦ ਦੀ ਨਵੀਂ ਕਿਰਨ ਚਮਕਣ ਲੱਗਦੀ ਹੈ, ਆਤਮਿਕ ਵਿਕਾਸ ਹੁੰਦਾ ਹੈ ਅਤੇ ਜ਼ਿੰਦਗੀ ਹੱਸਦੀ-ਮੁਸਕਰਾਉਂਦੀ ਮਹਿਸੂਸ ਹੁੰਦੀ ਹੈ।
ਕੈਲਾਸ਼ ਚੰਦਰ ਸ਼ਰਮਾ, ਰਣਜੀਤ ਐਵੀਨਿਊ, ਅੰਮ੍ਰਿਤਸਰ
ਮੋ. 98774-66607
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।