ਜ਼ਿੰਦਗੀ ਦੇ ਬਿਖੜੇ ਰਾਹਾਂ ’ਤੇ ਤੁਰਦਿਆਂ
ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪ੍ਰਤਿਭਾ, ਯੋਗਤਾ ਅਤੇ ਗੁਣ ਸਾਰਿਆਂ ਅੰਦਰ ਹੀ ਛੁਪੇ ਹੋਏ ਹੁੰੁੁੁੁਦੇ ਹਨ ਪਰ ਉਸ ਦਾ ਵਿਕਾਸ ਸਾਰੇ ਨਹੀਂ ਕਰ ਸਕਦੇ। ਲੋੜ ਹੈ ਇਨ੍ਹਾਂ ਨੂੰ ਪਛਾਨਣ ਅਤੇ ਜਗਾਉਣ ਦੀ। ਮੰਜ਼ਿਲ ਤੱਕ ਪਹੁੰਚਣ ਲਈ ਅਨੇਕਾਂ ਬਿਖੜੇ ਰਾਹਾਂ ’ਤੇ ਵੀ ਤੁਰਨਾ ਪੈਂਦਾ ਹੈ। ਅਜਿਹੇ ਕੰਡਿਆਲੇ ਰਾਹਾਂ ’ਤੇ ਤੁਰਦਿਆਂ, ਆਉਣ ਵਾਲੀਆਂ ਅੜਚਨਾਂ ਤੋਂ ਘਬਰਾਇਆਂ ਕੁਝ ਵੀ ਪੱਲੇ ਨਹੀਂ ਜੇ ਪੈਂਦਾ। ਕੁਝ ਪਾਉਣ ਲਈ ਠ੍ਹੋਕਰਾਂ ਅਤੇ ਸੱਟਾਂ ਵੀ ਸਹਿਣੀਆਂ ਪੈਂਦੀਆਂ ਹਨ। ਆਪਣੇ ਰਸਤੇ ਆਪ ਬਣਾਉਣ ਲਈ ਔਕੜਾਂ ਭਰੇ ਅਤੇ ਨਿਰਾਸ਼ਤਾ ਦੇ ਵਿੰਗੇ-ਟੇਢੇ ਅਤੇ ਉੱਚੇ-ਨੀਵੇਂ ਜੰਗਲਾਂ-ਪਹਾੜਾਂ ’ਚੋਂ ਗੁਜ਼ਰਨਾ ਪੈਂਦਾ ਹੈ। ਜੇ ਅਸੀਂ ਆਪਣੇ ਸਿਰ ਪਈਆਂ ਬਿਪਤਾ ਦੇ ਅਤੇ ਛੱਲਾਂ ਮਾਰਦੇ ਸ਼ੂਕਦੇ ਦਰਿਆਵਾਂ ਨੂੰ ਤਰ ਜਾਂਦੇ ਹਾਂ ਤਾਂ ਅਗਲੇ ਪਾਸੇ ਸਫ਼ਲਤਾ ਦੇ ਸੁੰਦਰ ਨਜ਼ਾਰੇ ਸਾਡੀ ਉਡੀਕ ਕਰ ਰਹੇ ਹੁੰਦੇ ਹਨ।
ਕਈ ਲੋਕ ਇਹ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਨੂੰ ਕੋਈ ਸਹਾਰਾ ਨਹੀਂ ਦਿੰਦਾ ਅਜਿਹੇ ਲੋਕ ਭੁੱਲ ਜਾਂਦੇ ਹਨ ਕਿ ਅੱਗੇ ਵਧਣ ਲਈ ਸਭ ਤੋਂ ਵੱਡਾ ਸਹਾਰਾ ਤਾਂ ਖੁਦ ਦਾ ਹੁੰਦਾ ਹੈ। ਸਭ ਤੋਂ ਵੱਡੀ ਸ਼ਕਤੀ ਤਾਂ ਆਪਣੇ ਅੰਦਰ ਦੀ ਦਲੇਰੀ ਹੈ। ਬਾਹਰਲੀ ਪ੍ਰੇਰਨਾ ਜਾਂ ਆਸਰੇ ਦਾ ਮੁਹਤਾਜ ਹੋਣਾ ਤਾਂ ਇੱਕ ਬਹਾਨਾ ਹੈ, ਕਾਇਰਤਾ ਹੈ, ਮੂਰਖਤਾ ਹੈ। ਹਿੰਮਤੀ ਅਤੇ ਉੱਦਮੀ ਬੰਦੇ ਅਜਿਹੇ ਬਹਾਨੇ ਨਹੀਂ ਘੜਦੇ। ਸਾਡਾ ਸੱਚਾ ਸਾਥੀ ਅੰਦਰਲੀ ਯੋਗਤਾ, ਪ੍ਰਤਿਭਾ ਅਤੇ ਹੌਂਸਲਾ ਹੈ। ਸੱਚੀ ਪ੍ਰੇਰਕ ਸ਼ਕਤੀ ਕੁਦਰਤ ਹੈ ਜੋ ਹਰ ਵਕਤ, ਹਰ ਮੌਸਮ, ਹਰ ਛਿਣ ਸਾਨੂੰ ਪ੍ਰੇਰਣਾ ਦੇ ਰਹੀ ਹੈ। ਜੇਕਰ ਅਸੀਂ ਇਸ ਨੂੰ ਪਛਾਣ ਜਾਂਦੇ ਹਾਂ ਤਾਂ ਸਾਰੀਆਂ ਰੁਕਾਵਟਾਂ ਹੱਸਦੇ-ਖੇਡਦੇ ਪਾਰ ਕਰ ਜਾਂਦੇੇ ਹਾਂ।
ਬਹੁਤ ਸਾਰੇ ਲੋਕਾਂ ’ਚ ਸਾਰੇ ਗੁਣ ਹੁੰਦੇ ਹਨ। ‘ਕੁਝ’ ਕਰ ਸਕਣ ਦੀ ਸ਼ਕਤੀ ਵੀ ਹੁੰਦੀ ਹੈ। ਉਨ੍ਹਾਂ ਅੰਦਰ ਮਹਾਨਤਾ ਦੇ ਬੀਜ ਵੀ ਛੁਪੇ ਹੋਏ ਹੁੰਦੇ ਹਨ ਪਰ ਉਤਸ਼ਾਹ ਦੀ ਘਾਟ ਹੁੰਦੀ ਹੈ। ਉਹ ਉੱਥੇ ਹੀ ਪਏ ਰਹਿੰਦੇ ਹਨ। ਅੱਗੇ ਵਧਣ ਦੀ ਹਿੰਮਤ ਹੀ ਨਹੀਂ ਕਰਦੇ। ਆਦਮੀ ਨੂੰ ਜਦੋਂ ਵੀ ਆਪਣੇ ਅੰਦਰੋਂ ਅੱਗੇ ਵਧਣ ਦੀ ਪੇ੍ਰਰਣਾ ਮਿਲੇ ਤਾਂ ਉਨ੍ਹਾਂ ਪਲਾਂ ਨੂੰ ਜੇਕਰ ਵਿਅਰਥ ਨਾ ਗੁਆਇਆ ਜਾਵੇ ਤਾਂ ਉਸ ਦਾ ਜੀਵਨ ਹੀ ਬਦਲ ਸਕਦਾ ਹੈ।
ਆਪਣੇ ਸੁਪਨਿਆਂ ਨੂੰ ਕੇਵਲ ਸੁਪਨਾ ਹੀ ਨਾ ਸਮਝੋ। ਤੁਸੀਂ ਜੋ ਇੱਛਾ ਦਿਲ ਦੀਆਂ ਗਹਿਰਾਈਆਂ ’ਚੋਂ ਕਰਕੇ ਕੋਈ ਸੁਫ਼ਨਾ ਬੁਣਦੇ ਹੋ, ਉਹ ਸੁਫ਼ਨਾ ਸੱਚਾਈ ਬਣ ਸਕਦਾ ਹੈ। ਲੋੜ ਹੈ ਆਤਮ-ਵਿਸ਼ਵਾਸ, ਲਗਨ ਅਤੇ ਮਿਹਨਤ ਦੀ। ਕਈ ਲੋਕ ਐਨੇ ਆਤਮ-ਵਿਸ਼ਵਾਸੀ ਹੁੰਦੇ ਹਨ ਕਿ ਉਹ ਆਪਣੇ ਆਖ਼ਰੀ ਸਾਹਾਂ ਤੱਕ ਵੀ ਹਾਰ ਨਹੀਂ ਸਵੀਕਾਰ ਕਰਦੇ। ਆਪਣੇ ਅੰਦਰਲੇ ਵਿਸ਼ਵਾਸ ਦੀ ਸ਼ਕਤੀ ਆਦਮੀ ਕੋਲੋਂ ਅਜਿਹੇ ਕੰਮ ਵੀ ਕਰਵਾ ਦਿੰਦੀ ਹੈ ਜੋ ਅਸੰਭਵ ਦਿਸਦੇ ਹੁੰਦੇ ਹਨ। ਆਤਮ-ਵਿਸ਼ਵਾਸ ਦੀ ਕਮੀ ਹੀ ਅਸਫ਼ਲਤਾ ਦਾ ਵੱਡਾ ਕਾਰਨ ਹੈ। ਜਦੋਂ ਆਦਮੀ ਦਾ ਆਤਮ-ਵਿਸ਼ਵਾਸ ਜਾਗ ਉੱਠਦਾ ਹੈ ਤਾਂ ਉਸ ਅੰਦਰਲੀਆਂ ਸਾਰੀਆਂ ਸੁੱਤੀਆਂ ਸ਼ਕਤੀਆਂ ਜਾਗ ਉੱਠਦੀਆਂ ਹਨ। ਜਿਸਦੇ ਮਨ ’ਚ ਸ਼ੱਕ ਅਤੇ ਅਵਿਸ਼ਵਾਸ ਹੈ, ਉਹ ਕਦੇ ਵੀ ਸਫ਼ਲਤਾ ਦੇ ਸਿਖ਼ਰ ਤੱਕ ਨਹੀਂ ਪਹੁੰਚ ਸਕਦਾ। ਵਿਸ਼ਵਾਸ ਹੀ ਜੀਵਨ ਦਾ ਨਿਰਮਾਤਾ ਅਤੇ ਰੱਖਿਅਕ ਹੈ। ਬਿਨਾ ਵਿਸ਼ਵਾਸ ਦੇ ਆਦਮੀ ਜ਼ਿੰਦਗੀ ਜਿਉਣ ਦੀ ਉਮੀਦ ਹੀ ਨਹੀਂ ਕਰ ਸਕਦਾ।
ਆਪਣੀਆਂ ਭੁੱਲਾਂ ਉੱਤੇ ਐਵੇਂ ਹੀ ਪਛਤਾਵੇ ਦੇ ਹੰਝੂ ਨਹੀਂ ਵਹਾਉਂਦੇ ਰਹਿਣਾ ਚਾਹੀਦਾ ਬਲਕਿ ਇਹ ਸੋਚਣਾ ਚਾਹੀਦਾ ਹੈ ਕਿ ਭਵਿੱਖ ਵਿਚ ਅਜਿਹੀਆਂ ਭੁੱਲਾਂ ਤੋਂ ਕਿਵੇਂ ਬਚਿਆ ਜਾ ਸਕੇ। ਅਸੀਂ ਜੇਕਰ ਕਿਸੇ ਨਾਲ ਕੋਈ ਅਜਿਹਾ ਵਿਹਾਰ ਕਰ ਲਿਆ ਹੈ, ਜਿਸ ਨਾਲ ਉਸ ਦੇ ਮਨ ਨੂੰ ਠੇਸ ਪਹੁੰਚੀ ਹੈ ਤਾਂ ਉਸ ਤੋਂ ਮੁਆਫੀ ਮੰਗ ਕੇ ਅੱਗੇ ਤੋਂ ਅਜਿਹੀ ਗ਼ਲਤੀ ਨਾ ਕਰਨ ਦਾ ਆਪਣੇ-ਆਪ ਨਾਲ ਅਹਿਦ ਕਰ ਲੈਣਾ ਚਾਹੀਦਾ ਹੈ। ਸਵੈ-ਪੜਚੋਲ ਤੋਂ ਇਹ ਪਤਾ ਲੱਗ ਜਾਂਦਾ ਹੈ ਕਿ ਅਸੀਂ ਕਿੰਨੇ ਕੁ ਹਰਮਨਪਿਆਰੇ ਜਾਂ ਬਦਨਾਮ ਹਾਂ? ਕਿੰਨੇ ਕੁ ਸਫ਼ਲ ਜਾਂ ਅਸਫ਼ਲ ਹਾਂ? ਸਾਡੇ ’ਚ ਕਿੰਨੇ ਕੁ ਗੁਣ ਜਾਂ ਔਗੁਣ ਹਨ?
ਸਾਡੇ ਮਨ ’ਚ ਜਿਹੋ-ਜਿਹੇ ਭਾਵ ਭਰੇ ਹਨ, ਸਾਡੇ ਸਰੀਰ ਦਾ ਰੋਆਂ-ਰੋਆਂ ਉਨ੍ਹਾਂ ਭਾਵਾਂ ਨੂੰ ਹੀ ਗ੍ਰਹਿਣ ਕਰਦਾ ਹੈ। ਜੋ ਆਦਮੀ ਆਪਣੇ ਸਰੀਰਕ ਅੰਗਾਂ ਦੀ ਸ਼ਕਤੀ ਉੱਪਰ ਸ਼ੱਕ ਕਰਦਾ ਹੈ ਅਤੇ ਉਨ੍ਹਾਂ ਦੀ ਹਰਕਤ ਜਾਂ ਕੰਮਾਂ ’ਚ ਨੁਕਸ ਹੀ ਲੱਭਦਾ ਹੈ, ਉਹ ਉਸ ਸਰੀਰ ਤੋਂ ਕੀ ਉਮੀਦ ਰੱਖ ਸਕਦਾ ਹੈ? ਉਸ ਦਾ ਅਵਿਸ਼ਵਾਸ ਸਰੀਰ ਨੂੰ ਪ੍ਰਭਾਵਿਤ ਜ਼ਰੂਰ ਕਰਦਾ ਹੈ। ਜੇਕਰ ਮਨ ’ਚ ਤੰਦਰੁਸਤੀ ਦਾ ਵਿਸ਼ਵਾਸ ਅਤੇ ਸੁਝਾਅ ਹੋਣਗੇ, ਮਨ ’ਚ ਚੜ੍ਹਦੀ ਕਲਾ ਦੀ ਤੱਤਪਰਤਾ ਅਤੇ ਬੁਲੰਦ ਹੌਂਸਲੇ ਦੀ ਨਿੱਡਰਤਾ ਹੋਵੇਗੀ ਤਾਂ ਸਰੀਰ ਦੇ ਜੀਵਾਣੂਆਂ ਦੀ ਸੁੱਤੀਆਂ ਹੋਈਆਂ ਸ਼ਕਤੀਆਂ ਆਪਣੇ-ਆਪ ਜਾਗ ਪੈਣਗੀਆਂ।
ਆਦਮੀ ਦੇ ਸ਼ੰਕੇ ਜਦ ਮਨ ਨੂੰ ਘੇਰ ਲੈਂਦੇ ਹਨ, ਜਦ ਮਨ ’ਚ ਡਰ ਭਰ ਜਾਂਦਾ ਹੈ, ਜਦ ਮਨ ਅਸ਼ਾਂਤ ਰਹਿਣ ਲੱਗ ਜਾਂਦਾ ਹੈ ਤਾਂ ਆਦਮੀ ਖੁਦ ਨੂੰ ਮਜ਼ਬੂਰ ਸਮਝਣ ਲੱਗ ਪੈਂਦਾ ਹੈ ਤਾਂ ਅਜਿਹੇ ਵੇਲੇ ਘਬਰਾਉਣ ਦੀ ਲੋੜ ਨਹੀਂ ਸਗੋਂ ਮੁਸ਼ਕਲਾਂ ਦਾ ਡਟ ਕੇ ਸਾਹਮਣਾ ਕਰਨ ਦੀ ਲੋੜ ਹੁੰਦੀ ਹੈ। ਲੋੜ ਹੁੰਦੀ ਹੈ ਨਿੱਡਰ ਹੋ ਕੇ ਹੌਂਸਲੇ ਨਾਲ ਅੱਗੇ ਵਧਣ ਦੀ। ਮੁਸ਼ਕਲਾਂ ਤੋਂ ਡਰ ਕੇ ਭੱਜਣ ਦੀ ਬਜਾਏ ਉਨ੍ਹਾਂ ਨੂੰ ਭਜਾਉਣ ਦੀ, ਹਰਾਉਣ ਦੀ ਅਤੇ ਉਨ੍ਹਾਂ ਉੱਤੇ ਜਿੱਤ ਹਾਸਲ ਕਰਨ ਦੀ ਲੋੜ ਹੁੰਦੀ ਹੈ।
ਡਰਨਾ ਤਾਂ ਮੌਤ ਤੋਂ ਵੀ ਨਹੀਂ ਚਾਹੀਦਾ। ਮੌਤ ਦਾ ਵਿਚਾਰ ਮਨ ’ਚ ਆਉਣਾ ਮੌਤ ਤੋਂ ਵੀ ਭਿਅੰਕਰ ਹੈ। ਸਾਡੇ ਵਿਚਾਰ ਜਿਹੋ-ਜਿਹੇ ਹੋਣਗੇੇ ਸਾਨੂੰ ਅਜਿਹੇ ਹੀ ਹਾਲਾਤ ਦਾ ਸਾਹਮਣਾ ਕਰਨਾ ਪਵੇਗਾ। ਇਸ ਲਈ ਸਾਨੂੰ ਆਪਣੇ ਵਿਚਾਰਾਂ ਨੂੰ ਉੱਜਲ ਬਣਾਉਣ ਦੀ ਲੋੜ ਹੈ। ਆਪਣੇ ਅੰਦਰ ਰੌਸ਼ਨੀਆਂ ਭਰਨ ਦੀ ਲੋੜ ਹੈ ਤਾਂ ਕਿ ਸਾਡਾ ਦਿਲ-ਦਿਮਾਗ , ਨਵੀਂ ਸੋਚ, ਨਵੇਂ ਚਾਨਣ ਅਤੇ ਉੱਗਦੇ ਸੂਰਜ ਵਾਂਗ ਦਿ੍ਰੜ੍ਹ ਵਿਸ਼ਵਾਸੀ ਬਣ ਜਾਏ।
ਗੁਰੂ ਅਰਜਨ ਦੇਵ ਨਗਰ,
ਪੁਰਾਣੀ ਕੈਂਟ ਰੋਡ, ਫਰੀਦਕੋਟ।
ਮੋ. 98152-96475
ਸੰਤੋਖ ਸਿੰਘ ਭਾਣਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।