ਚੰਡੀਗੜ ਦੇ ਸੈਕਟਰ 17 ਵਿਖੇ ਹੀ ਪੁਲਿਸ ਨੇ ਘੇਰ ਲਿਆ ਯੂਥ ਭਾਜਪਾ ਨੂੰ, ਪੁਲਿਸ ਦੇਖ ਹਿੰਸਕ ਹੋਏ ਨੌਜਵਾਨ
- ਮਹਿਲਾ ਪੁਲਿਸ ਅਧਿਕਾਰੀ ਹੋਈ ਜ਼ਖਮੀ, ਹੱਥੋਪਾਈ ਤੱਕ ਉੱਤਰ ਆਏ ਸਨ ਭਾਜਪਾਈ
- ਭਾਨੂੰ ਪ੍ਰਤਾਪ ਸਿੰਘ ਸਣੇ ਯੂਥ ਭਾਜਪਾਈ ਗ੍ਰਿਫ਼ਤਾਰ, ਡੱਕਿਆ ਥਾਣੇ ’ਚ
ਅਸ਼ਵਨੀ ਚਾਵਲਾ, ਚੰਡੀਗੜ, ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕੀਤੇ ਗਏ ਵਾਅਦੇ ਮੁਕੰਮਲ ਨਾ ਕਰਨ ਅਤੇ ਬਿਜਲੀ ਦੀ ਖਸਤਾ ਹਾਲਾਤ ਦਾ ਦੋਸ਼ ਲਾਉਂਦਿਆਂ ਯੂਥ ਭਾਜਪਾ ਵੱਲੋਂ ਸੋਮਵਾਰ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਰਿਹਾਇਸ਼ ਨੂੰ ਘੇਰਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ। ਯੂਥ ਭਾਜਪਾ ਦੇ ਲੀਡਰ ਸੈਕਟਰ 17 ਵਿੱਚ ਇਕੱਠੇ ਹੋਏ ਸਨ ਅਤੇ ਇੱਥੇ ਤੋਂ ਹੀ ਇਨਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਰਵਾਨਾ ਹੋਣਾ ਸੀ ਪਰ ਸੈਕਟਰ 17 ਤੋਂ ਹੀ ਇਨਾਂ ਯੂਥ ਭਾਜਪਾ ਦੇ ਲੀਡਰਾਂ ਨੂੰ ਪੁਲਿਸ ਨੇ ਬਾਹਰ ਨਾ ਨਿਕਲਣ ਦਿੱਤਾ ਅਤੇ ਇਨਾਂ ਦਾ ਸੁਆਗਤ ਜਲ ਤੋਪਾਂ ਅਤੇ ਹੰਝੂ ਗੈਸ ਦੇ ਗੋਲੇ ਨਾਲ ਕੀਤਾ ਗਿਆ।
ਇਸ ਦੌਰਾਨ ਯੂਥ ਭਾਜਪਾ ਦੇ ਲੀਡਰ ਹਿੰਸਕ ਵੀ ਹੋ ਗਏ ਸਨ ਤਾਂ ਪੁਲਿਸ ਵੱਲੋਂ ਵੀ ਜੁਆਬ ਲਾਠੀ ਚਾਰਜ ਨਾਲ ਦਿੱਤਾ ਗਿਆ। ਇੱਥੇ ਹੀ ਇੱਕ ਮਹਿਲਾ ਪੁਲਿਸ ਅਧਿਕਾਰੀ ਜ਼ਖਮੀ ਹੋਈ ਗਈ। ਮਹਿਲਾ ਪੁਲਿਸ ਅਧਿਕਾਰੀ ਦੇ ਮੱਥੇ ’ਤੇ ਸੱਟ ਲਗੀ ਅਤੇ ਉਨਾਂ ਨੂੰ ਤੁਰੰਤ ਨੇੜਲੇ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਇਸ ਪ੍ਰਦਰਸ਼ਨ ਦੌਰਾਨ ਕੁਝ ਯੂਥ ਭਾਜਪਾ ਦੇ ਲੀਡਰ ਵੀ ਜ਼ਖਮੀ ਹੋਏ ਹਨ, ਜਿਹੜੇ ਕਿ ਇਸ ਸਮੇਂ ਸਰਕਾਰੀ ਹਸਪਤਾਲਾਂ ਵਿੱਚ ਜੇਰੇ ਇਲਾਜ ਹਨ।
ਯੂਥ ਭਾਜਪਾ ਵਲੋਂ ਸੋਮਵਾਰ ਨੂੰ ਇਸ ਪ੍ਰਦਰਸ਼ਨ ਦਾ ਐਲਾਨ ਕੀਤਾ ਹੋਇਆ ਸੀ ਅਤੇ ਇਸ ਪ੍ਰਦਰਸ਼ਨ ਦੀ ਅਗਵਾਈ ਪੰਜਾਬ ਯੂਥ ਪ੍ਰਧਾਨ ਭਾਨੂੰ ਪ੍ਰਤਾਪ ਵਲੋਂ ਕੀਤੀ ਜਾ ਰਹੀ ਸੀ ਹਾਲਾਂਕਿ ਇਸ ਦੌਰਾਨ ਭਾਨੂੰ ਪ੍ਰਤਾਪ ਵਲੋਂ ਕੋਈ ਜਿਆਦਾ ਗਰਮੀ ਨਹੀਂ ਦਿਖਾਈ ਗਈ ਪਰ ਉਨਾਂ ਨਾਲ ਮੌਕੇ ’ਤੇ ਆਏ ਵੱਡੀ ਗਿਣਤੀ ਵਿੱਚ ਯੂਥ ਭਾਜਪਾ ਲੀਡਰ ਕਾਫ਼ੀ ਜਿਆਦਾ ਗਰਮ ਨਜ਼ਰ ਆ ਰਹੇ ਸਨ ।
ਚੰਡੀਗੜ ਪੁਲਿਸ ਵੱਲੋਂ ਇਨਾਂ ਨੂੰ ਰੋਕਦੇ ਹੋਏ ਆਪਣਾ ਪ੍ਰਦਰਸ਼ਨ ਬੈਰੀਕੇਟਰ ਕੋਲ ਹੀ ਖ਼ਤਮ ਕਰਨ ਲਈ ਕਿਹਾ ਗਿਆ ਪਰ ਉਹਨਾ ਮੰਨ ਅਤੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਇਸ ਦੌਰਾਨ ਇਨਾਂ ਨੂੰ ਖਦੇੜਨ ਲਈ ਪੁਲਿਸ ਵੱਲੋਂ ਜਲ ਤੋਪਾਂ ਦਾ ਇਸਤੇਮਾਲ ਕੀਤਾ ਗਿਆ ਪਰ ਇਹ ਭਾਜਪਾ ਯੂਥ ਆਗੂ ਹਿੰਸਕ ਹੁੰਦੇ ਹੋਏ ਨਾ ਸਿਰਫ਼ ਅੱਗੇ ਵੱਧ ਰਹੇ ਸਨ, ਸਗੋਂ ਪੁਲਿਸ ਨਾਲ ਹੱਥੋ-ਪਾਈ ਵੀ ਕਰ ਰਹੇ ਸਨ। ਜਿਸ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਹੰਝੂ ਗੈਂਸ ਦੇ ਗੋਲੇ ਵੀ ਸੁੱਟੇ ਗਏ। ਇਸ ਦੌਰਾਨ ਸਥਿਤੀ ਕਾਫ਼ੀ ਜਿਆਦਾ ਗੰਭੀਰ ਬਣੀ ਹੋਈ ਸੀ।
ਅਮਰਿੰਦਰ ਸਿੰਘ ਦੀ ਸਰਕਾਰ ਹਰ ਫ੍ਰੰਟ ’ਤੇ ਫੇਲ ਹੋਈ : ਭਾਨੂੰ ਪ੍ਰਤਾਪ
ਇਸ ਮੌਕੇ ਪ੍ਰਧਾਨ ਭਾਨੂੰ ਪ੍ਰਤਾਪ ਨੇ ਕਿਹਾ ਕਿ ਅਮਰਿੰਦਰ ਸਿੰਘ ਦੀ ਸਰਕਾਰ ਹਰ ਫ੍ਰੰਟ ’ਤੇ ਫੇਲ ਹੋਈ ਹੈ ਅਤੇ ਉਹ ਅਮਰਿੰਦਰ ਸਿੰਘ ਤੋਂ ਜੁਆਬ ਲੈਣ ਲਈ ਇਥੇ ਆਏ ਸਨ ਪਰ ਉਨਾਂ ਨੂੰ ਰਿਹਾਇਸ਼ ਵੱਲ ਜਾਣ ਨਹੀਂ ਦਿੱਤਾ ਗਿਆ, ਸਗੋਂ ਪੁਲਿਸ ਵੱਲੋਂ ਮਾੜਾ ਸਲੂਕ ਕਰਦੇ ਹੋਏ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ ਗਿਆ, ਜਿਸ ਕਰਕੇ ਕਾਫ਼ੀ ਯੂਥ ਆਗੂ ਜ਼ਖਮੀ ਹੋ ਗਏ ਹਨ। ਉਨਾਂ ਕਿਹਾ ਕਿ ਆਉਣ ਵਾਲੀ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੀ ਜਨਤਾ ਅਮਰਿੰਦਰ ਸਿੰਘ ਨੂੰ ਮੁਆਫ਼ ਨਹੀਂ ਕਰੇਗੀ ਅਤੇ ਉਨਾਂ ਵੱਲੋਂ ਕੀਤੇ ਗਏ ਹਰ ਵਾਅਦੇ ਬਾਰੇ ਪੁੱਛਿਆ ਜਾਏਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।