ਪੰਜਾਬ ਤੋਂ ਬਾਅਦ ਹਰਿਆਣਾ ’ਚ ਵੀ ਕਾਂਗਰਸ ਦਾ ਅੰਦਰੂਨੀ ਕਲੇਸ਼ ਸਿਖਰ ’ਤੇ

ਹੁੱਡਾ ਧਿਰ ਅਤੇ ਸੈਲਜਾ ਧਿਰ ਆਹਮੋ-ਸਾਹਮਣੇ, ਹੁੱਡਾ ਨੂੰ ਪਾਰਟੀ ਪ੍ਰਧਾਨ ਬਣਾਏ ਜਾਣ ਦੀ ਮੰਗ ਕਰ ਰਹੇ ਨੇ ਹੁੱਡਾ ਧਿਰ ਦੇ ਵਿਧਾਇਕ

  • ਪਾਰਟੀ ’ਤੇ ਪਕੜ ਕਮਜ਼ੋਰ ਨਾ ਹੋਵੇ ਇਸ ਲਈ ਭਾਜਪਾ ਨੂੰ ਮਜ਼ਬੂਤ ਕਰ ਰਹੇ ਹਨ ਹੁੱਡਾ : ਸੈਲਜਾ ਧਿਰ

ਸੱਚ ਕਹੂੰ ਨਿਊਜ਼, ਚੰਡੀਗੜ੍ਹ। ਪੰਜਾਬ ਦੇ ਨਾਲ-ਨਾਲ ਹਰਿਆਣਾ ’ਚ ਹੁਣ ਕਾਂਗਰਸ ਦਾ ਆਪਸੀ ਕਲੇਸ਼ ਸਿਖਰ ’ਤੇ ਹੈ ਪੰਜਾਬ ’ਚ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਤੋਂ ਬਾਅਦ ਹਰਿਆਣਾ ’ਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਬਨਾਮ ਪਾਰਟੀ ਪ੍ਰਧਾਨ ਕੁਮਾਰੀ ਸੈਲਜਾ ਦੀ ਲੜਾਈ ਹੁਣ ਖੁੱਲ੍ਹ ਕੇ ਸਾਹਮਣੇ ਆ ਗਈ ਹੈ ਕੁਮਾਰੀ ਸੈਲਜਾ ਨੂੰ ਸੂਬਾ ਪ੍ਰਧਾਨ ਅਹੁਦੇ ਤੋਂ ਹਟਾਉਣ ਦੀ ਮੰਗ ਸਬੰਧੀ ਹੁੱਡਾ ਸਮਰੱਥਕ ਵਿਧਾਇਕਾਂ ਨੇ ਸੋਮਵਾਰ ਨੂੰ ਸੰਗਠਨ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਨਾਲ ਦਿੱਲੀ ’ਚ ਮੁੜ ਮੁਲਾਕਾਤ ਕੀਤੀ ਕਾਂਗਰਸ ਅਗਵਾਈ ਪੰਜਾਬ ’ਚ ਕੈਪਟਨ ਬਨਾਮ ਸਿੱਧੂ ਵਿਵਾਦ ’ਚ ਉਲਝੀ ਹੋਈ ਹੀ ਹੈ ਕਿ ਹਰਿਆਣਾ ’ਚ ਅਲੱਗ ਮੁਸ਼ਕਲ ਖੜੀ ਹੋ ਗਈ ਹੁੱਡਾ ਸਮਰੱਥਕ ਵਿਧਾਇਕਾਂ ਨੇ ਕੁਮਾਰੀ ਸੈਲਜਾ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ।

ਸੋਮਵਾਰ ਨੂੰ ਦਿੱਲੀ ’ਚ ਪਹਿਲਾਂ ਤਾਂ 21 ਹੁੱਡਾ ਸਮਰੱਥਕ ਵਿਧਾਇਕਾਂ ਨੇ ਭੁਪਿੰਦਰ ਸਿੰਘ ਹੁੱਡਾ ਨਾਲ ਮੀਟਿੰਗ ਕੀਤੀ ਫਿਰ ਇਨ੍ਹਾਂ ’ਚੋਂ ਪੰਜ ਵਿਧਾਇਕਾਂ ਦਾ ਵਫ਼ਦ ਕਾਂਗਰਸ ਦੇ ਸੰਗਠਨ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੂੰ ਜਾ ਕੇ ਮਿਲਿਆ ਹਾਲੇ 4 ਦਿਨ ਪਹਿਲਾਂ ਹੀ ਇਨ੍ਹਾਂ ’ਚੋਂ 19 ਵਿਧਾਇਕਾਂ ਨੇ ਹਰਿਆਣਾ ਇੰਚਾਰਜ ਵਿਵੇਕ ਬਾਂਸਲ ਨਾਲ ਮੁਲਾਕਾਤ ਕਰਕੇ ਕੁਮਾਰੀ ਸੈਲਜਾ ਨੂੰ ਹਟਾ ਭੁਪਿੰਦਰ ਸਿੰਘ ਹੁੱਡਾ ਨੂੰ ਸੂਬਾ ਪ੍ਰਧਾਨ ਬਣਾਉਣ ਦੀ ਮੰਗ ਕੀਤੀ ਸੀ।

ਅੱਜ ਵੀ ਇਨ੍ਹਾਂ ਵਿਧਾਇਕਾਂ ਨੇ ਸੈਲਜਾ ਨੂੰ ਹਟਾ ਹੁੱਡਾ ਨੂੰ ਸੂਬਾ ਕਾਂਗਰਸ ਪ੍ਰਧਾਨ ਬਣਾਉਣ ਦੀ ਮੰਗ ਕੀਤੀ ਨਾਲ ਹੀ ਇਹ ਮੰਗ ਵੀ ਕੀਤੀ ਕਿ ਸੂਬੇ ’ਚ ਸੰਗਠਨ ਦੇ ਫੇਰਬਦਲ ’ਚ ਵਿਧਾਇਕਾਂ ਦੀ ਵੀ ਸੁਣੀ ਜਾਵੇ ਉੱਥੇ ਸੈਲਜਾ ਧਿਰ ਦਾ ਮੰਨਣਾ ਹੈ ਕਿ ਸੰਗਠਨ ’ਚ ਆਪਣੀ ਪਕੜ ਕਮਜ਼ੋਰ ਨਾ ਹੋਵੇ ਇਸ ਲਈ ਸਾਥੀ ਵਿਧਾਇਕਾਂ ਤੋਂ ਜਾਣ ਬੁਝ ਕੇ ਇਹ ਸਭ ਕਰਵਾ ਰਹੇ ਹਨ ਭੁਪਿੰਦਰ ਸਿੰਘ ਹੁੱਡਾ।

ਸੋਨੀਆ ਦੀ ਭਰੋਸੇਮੰਦ ਕੁਮਾਰੀ ਸੈਲਜਾ ਨੇ ਕੀਤੀ ਰਾਹੁਲ ਗਾਂਧੀ ਨਾਲ ਮੁਲਾਕਾਤ

ਸੂਬੇ ’ਚ ਭੁਪਿੰਦਰ ਸਿੰਘ ਹੁੱਡਾ ਅਤੇ ਕੁਮਾਰੀ ਸੈਲਜਾ ਦੀ ਲੜਾਈ ਕੋਈ ਨਵੀਂ ਗੱਲ ਨਹੀਂ ਹੈ ਹੁੱਡਾ ਵੱਡੇ ਜਾਟ ਆਗੂ ਅਤੇ ਸਾਬਕਾ ਮੁੱਖ ਮੰਤਰੀ ਹਨ ਤਾਂ ਕੁਮਾਰੀ ਸੈਲਜਾ ਪਾਰਟੀ ਦੀ ਵੱਡੀ ਦਲਿਤ ਆਗੂ, ਸਾਬਕਾ ਕੇਂਦਰੀ ਮੰਤਰੀ ਅਤੇ ਸੋਨੀਆ ਗਾਂਧੀ ਦੀ ਭਰੋਸੇਮੰਦ ਮੰਨੀ ਜਾਂਦੀ ਹੈ ਕੁਮਾਰੀ ਸੈਲਜਾ ਸ਼ਨਿੱਚਰਵਾਰ ਨੂੰ ਦਿੱਲੀ ’ਚ ਵੇਣੂਗੋਪਾਲ ਅਤੇ ਹਰਿਆਣਾ ਕਾਂਗਰਸ ਇੰਚਾਰਜ ਵਿਵੇਕ ਬਾਂਸਲ ਨੂੰ ਮਿਲੀ ਸੀ ਉੱਥੇ ਉਨ੍ਹਾਂ ਨੇ ਐਤਵਾਰ ਸਵੇਰੇ ਕਾਂਗਰਸੀ ਆਗੂ ਰਾਹੁਲ ਗਾਂਧੀ ਨਾਲ ਵੀ ਮੁਲਾਕਾਤ ਕੀਤੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।