ਰੋਪੜ ਥਰਮਲ ਪਲਾਂਟ ਦਾ ਇੱਕ ਯੂਨਿਟ ਹੋਇਆ ਬੰਦ

Thermal Plant
Thermal Plant

ਪਾਵਰਕੌਮ ਬਿਜਲੀ ਬੱਚਤ ਦੀਆਂ ਅਪੀਲਾਂ ਕਰਨ ’ਤੇ ਹੋਈ

ਖੁਸ਼ਵੀਰ ਸਿੰਘ ਤੂਰ, ਪਟਿਆਲਾ। ਪੰਜਾਬ ਅੰਦਰ ਪੈਦਾ ਹੋਏ ਬਿਜਲੀ ਸੰਕਟ ਨੇ ਅਮਰਿੰਦਰ ਸਰਕਾਰ ਦੀ ਭਾਰੀ ਫਜੀਅਤ ਕਰਵਾ ਦਿੱਤੀ ਹੈ। ਇੱਥੋਂ ਤੱਕ ਕਿ ਪਾਵਰਕੌਮ ਵੱਲੋਂ ਬਿਜਲੀ ਪ੍ਰਬੰਧਾਂ ਦੇ ਕੀਤੇ ਦਾਅਵੇ ਵੀ ਸਰਕਾਰ ’ਤੇ ਭਾਰੂ ਪਏ ਹਨ। ਬਿਜਲੀ ਸੰਕਟ ’ਚ ਪਾਵਰਕੌਮ ਨੂੰ ਇੱਕ ਹੋਰ ਝਟਕਾ ਸਰਕਾਰੀ ਰੋਪੜ ਥਰਮਲ ਪਲਾਂਟ ਦੇ ਇੱਕ ਯੂਨਿਟ ਦੇ ਤਕਨੀਕੀ ਖਰਾਬੀ ਕਾਰਨ ਬੰਦ ਹੋਣ ਕਾਰਨ ਲੱਗਾ ਹੈ। ਪਾਵਰਕੌਮ ਨੇ ਅੱਜ ਇੱਕ ਹੋਰ ਅਪੀਲ ਸਾਪਿੰਗ ਮਾਲਾਂ ਅਤੇ ਹੋਰ ਵਪਾਰਕ ਅਦਾਰਿਆਂ ਨੂੰ ਕੀਤੀ ਹੈ ਕਿ ਉਹ ਅਗਲੇ ਸੱਤ ਦਿਨ ਏ.ਸੀ. ਨਾ ਚਲਾਉਣ ਅਤੇ ਬਿਜਲੀ ਦੀ ਸਹੀ ਵਰਤੋਂ ਕਰਨ।

ਜਾਣਕਾਰੀ ਅਨੁਸਾਰ ਸਰਪਲੱਸ ਬਿਜਲੀ ਦੇ ਦਾਅਵੇ ਕਰਦੇ ਪੰਜਾਬ ਦੇ ਗਰਮੀ ਨੇ ਫਿਊਜ਼ ਉਡਾ ਦਿੱਤੇ ਹਨ। ਮੀਂਹ ਨਾ ਪੈਣ ਕਾਰਨ ਤੇ ਗਰਮੀ ਦੇ ਤਿੱਖੇ ਤੇਵਰਾਂ ਨੇ ਮੋਤੀਆਂ ਵਾਲੀ ਸਰਕਾਰ ਨੂੰ ਨੀਂਦ ’ਚੋਂ ਜਗਾ ਦਿੱਤਾ ਹੈ। ਰਹਿੰਦੀ-ਖੂੰਹਦੀ ਕਸਰ ਸਰਕਾਰ ਦੀਆਂ ਵਿਰੋਧੀ ਧਿਰਾਂ ਵੱਲੋਂ ਪੂਰੀ ਕਰ ਦਿੱਤੀ ਗਈ ਹੈ। ਅੱਜ ਸਰਕਾਰੀ ਥਰਮਲ ਪਲਾਂਟ ਰੋਪੜ ਦਾ ਚਾਰ ਨੰਬਰ ਯੂਨਿਟ ਦੁਪਹਿਰ ਵੇਲੇ ਤਕਨੀਕੀ ਖਰਾਬੀ ਆ ਜਾਣ ਕਰਕੇ ਬੰਦ ਹੋ ਗਿਆ। ਇਸ ਯੂਨਿਟ ’ਤੇ ਪਿਛਲੇ ਮਹੀਨਿਆਂ ਦੌਰਾਨ ਪਾਵਰਕੌਮ ਨੇ ਕਰੋੜਾਂ ਰੁਪਏ ਖਰਚੇ ਕੀਤੇ ਸਨ।

Ropar Thermal Plant : ਹੁਣ ਰੋਪੜ ਥਰਮਲ ਪਲਾਂਟ ਦੇ ਤਿੰਨ ਯੂਨਿਟ ਹੀ ਕਾਰਜਸ਼ੀਲ

ਹੁਣ ਰੋਪੜ ਥਰਮਲ ਪਲਾਂਟ ਦੇ ਤਿੰਨ ਯੂਨਿਟ ਹੀ ਕਾਰਜਸ਼ੀਲ ਹਨ। ਇਸ ਪਲਾਂਟ ਤੋਂ ਪਾਵਰਕੌਮ ਨੂੰ 560 ਮੈਗਾਵਾਟ ਬਿਜਲੀ ਹਾਸਲ ਹੋ ਰਹੀ ਹੈ। ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਚਾਰੇ ਯੂਨਿਟਾਂ ਤੋਂ 845 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਇਸ ਵਕਤ ਪ੍ਰਾਈਵੇਟ ਰਾਜਪੁਰਾ ਥਰਮਲ ਪਲਾਂਟ ਸਭ ਤੋਂ ਵੱਧ 1337 ਮੈਗਾਵਾਟ ਬਿਜਲੀ ਉਤਪਾਦਨ ਦੇ ਰਿਹਾ ਹੈ। ਜਦਕਿ ਤਲਵੰਡੀ ਸਾਬੋ ਥਰਮਲ ਪਲਾਂਟ ਤੋਂ 1240 ਮੈਗਾਵਾਟ ਬਿਜਲੀ ਹਾਸਲ ਹੋ ਰਹੀ ਹੈ। ਗੋਇੰਦਵਾਲ ਸਾਹਿਬ ਥਰਮਲ ਪਲਾਂਟ ਤੋਂ 505 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਇੱਧਰ ਲੋਕਾਂ ਵੱਲੋਂ ਸੁਆਲ ਖੜ੍ਹੇ ਕੀਤੇ ਜਾ ਰਹੇ ਹਨ ਜੇਕਰ ਬਿਲ ਦੇ ਕੇ ਬਿਜਲੀ ਨਹੀਂ ਮਿਲ ਰਹੀ, ਜੇਕਰ ਕੁਰਸੀ ਖਾਤਰ ਮੁਫ਼ਤ ਕਰ ਦਿੱਤੀ ਗਈ ਤਾਂ ਫ਼ਿਰ ਰੱਬ ਦੀ ਰਾਖਾ ਹੋਵੇਗਾ।

ਹੁਣ ਵਾਪਰਕ ਅਦਾਰਿਆਂ ਨੂੰ ਸੱਤ ਦਿਨ ਏ.ਸੀ. ਬੰਦ ਰੱਖਣ ਦੀ ਅਪੀਲ

ਬਿਜਲੀ ਸੰਕਟ ਕਾਰਨ ਅੱਜ ਪਾਵਰਕੌਮ ਵੱਲੋਂ ਪੰਜਾਬ ਦੇ ਸ਼ਾਪਿੰਗ ਮਾਲਾਂ ਤੇ ਹੋਰ ਵਪਾਰਕ ਅਦਾਰਿਆਂ ਨੂੰ ਅਗਲੇ ਸੱਤ ਦਿਨ ਤੱਕ ਏ.ਸੀ. ਨਾ ਚਲਾਉਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਸ਼ਾਪਿੰਗ ਮਾਲ ਅਤੇ ਵਪਾਰਕ ਅਦਾਰਿਆਂ ਦੇ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਲੋੜੀਂਦੀਆਂ ਜਰੂਰਤਾਂ ਨਾ ਹੋਣ ਤਾਂ ਲਾਈਟਾਂ ਤੇ ਉਪਕਰਣਾਂ ਨੂੰ ਬੰਦ ਕਰਕੇ ਬਿਜਲੀ ਦੀ ਸਹੀ ਵਰਤੋਂ ਕੀਤੀ ਜਾਵੇ ਅਤੇ ਉੱਚ ਬਿਜਲੀ ਖਪਤ ਕਰਨ ਵਾਲੇ ਉਪਕਰਣਾਂ ਨੂੰ ਬੰਦ ਕਰ ਦਿੱਤਾ ਜਾਵੇ। ਅਗਲੇ ਸੱਤ ਦਿਨਾਂ ਲਈ 9 ਜੁਲਾਈ ਤੱਕ ਏਅਰ ਕੰਡੀਸਨਰ ਬੰਦ ਰੱਖੇ ਜਾਣ।

ਪਾਵਰਕੌਮ ਦੀ ਅਪੀਲ, ਪਾਵਰਕੌਮ ਨੇ ਨਾ ਮੰਨੀ

ਇੱਧਰ ਪਾਵਰਕੌਮ ਵੱਲੋਂ ਪਿਛਲੇ ਦਿਨੀਂ ਸਰਕਾਰੀ ਅਤੇ ਨਿੱਜੀ ਦਫ਼ਤਰਾਂ ਅੰਦਰ ਏ.ਸੀ. ਬੰਦ ਰੱਖਣ ਦੀ ਅਪੀਲ ਕੀਤੀ ਗਈ ਸੀ। ਪਰ ਇਸ ਅਪੀਲ ਦਾ ਅਸਰ ਖੁਦ ਪਾਵਰਕੌਮ ’ਤੇ ਨਹੀਂ ਹੋਇਆ। ਅੱਜ ਜਦੋਂ ਪਾਵਰਕੌਮ ਦੇ ਮੁੱਖ ਦਫ਼ਤਰ ਦਾ ਦੌਰਾ ਕੀਤਾ ਗਿਆ ਤਾਂ ਡਾਇਰੈਕਟਰ ਅਤੇ ਸੀਐਮਡੀ ਦੇ ਦਫ਼ਤਰਾਂ ’ਚ ਤਾਂ ਏ.ਸੀ. ਬੰਦ ਨਜ਼ਰ ਆਏ। ਜਦਕਿ ਕਈ ਦਫ਼ਤਰਾਂ ’ਚ ਅਧਿਕਾਰੀ ਏ.ਸੀ. ਦੇ ਠੰਢੇ ਬੁੱਲੇ ਲੈਂਦੇ ਨਜ਼ਰ ਆਏ। ਇਸ ਦੇ ਨਾਲ ਹੀ ਹੋਰਨਾਂ ਸਰਕਾਰੀ ਦਫ਼ਤਰਾਂ ਵਿੱਚ ਵੀ ਪਾਵਰਕੌਮ ਦੀ ਅਪੀਲ ਦਾ ਬਹੁਤਾ ਅਸਰ ਨਹੀਂ ਹੋਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।