ਮੁੱਖ ਸਕੱਤਰ ਵੱਲੋਂ ਅਵਾਰਾ ਪਸ਼ੂਆਂ ਨੂੰ ਫੜਨ ਲਈ ਈ-ਪੋਰਟਲ ਤਿਆਰ ਕਰਨ ਦਾ ਆਦੇਸ਼
- ਸਰਕਾਰੀ ਕੈਟਲ ਪਾਊਂਡਜ ਦੀ ਸਮਰੱਥਾ ਵਧਾਉਣ ਲਈ ਹੋਰ ਸ਼ੈੱਡ ਬਣਾਉਣ ਲਈ ਵੀ ਕਿਹਾ
ਅਸ਼ਵਨੀ ਚਾਵਲਾ, ਚੰਡੀਗੜ। ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਹੁਣ ਲੋਕਾਂ ਦੀਆਂ ਉਂਗਲਾਂ ‘ਤੇ ਹੋਵੇਗਾ। ਇਸ ਲਈ ਸਿਰਫ ਬੇਸਹਾਰਾ ਪਸ਼ੂ ਦੀ ਤਸਵੀਰ ਈ-ਪੋਰਟਲ ‘ਤੇ ਅਪਲੋਡ ਕਰਨੀ ਪਵੇਗੀ ਅਤੇ ਇਸ ਬਾਅਦ ਸਬੰਧਤ ਇਨਫੋਰਸਮੈਂਟ ਅਮਲਾ ਅਜਿਹੇ ਪਸ਼ੂਆਂ ਨੂੰ ਸੂਬੇ ਵਿੱਚ ਬਣਾਏ ਗਏ ਕੈਂਟਲ ਪਾਊਂਡਜ ਵਿੱਚ ਪਹੁੰਚਾਏਗਾ। ਇਹ ਸਹੂਲਤ 24 ਘੰਟੇ ਉਪਲੱਬਧ ਹੋਵੇਗੀ, ਜੋ ਆਪਣੀ ਕਿਸਮ ਦਾ ਨਿਵੇਕਲਾ ਉਪਰਾਲਾ ਹੈ, ਜਿਸ ਦਾ ਮਕਸਦ ਅਵਾਰਾ ਪਸ਼ੂਆਂ ਦੇ ਵੱਧ ਰਹੇ ਖਤਰੇ ਨੂੰ ਠੱਲ ਪਾਉਣਾ ਹੈ। ਸੂਬੇ ਵਿੱਚ ਬਣਾਏ ਗਏ ਕੈਂਟਲ ਪਾਊਂਡਜ ਦੀ ਸਮਰੱਥਾ ਅਤੇ ਸੈੱਡਾਂ ਦੀ ਗਿਣਤੀ ਵਧਾਈ ਜਾਵੇਗੀ ਤਾਂ ਜੋ ਜਨਤਕ ਥਾਵਾਂ ਅਤੇ ਸੜਕਾਂ ਨੂੰ ਅਵਾਰਾ ਪਸ਼ੂਆਂ ਤੋਂ ਮੁਕਤ ਕੀਤਾ ਜਾ ਸਕੇ।
ਸੂਬੇ ਵਿੱਚੋਂ ਅਵਾਰਾ ਪਸ਼ੂਆਂ ਦੇ ਖਤਰੇ ਨੂੰ ਦੂਰ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਦੀ ਸਮੀਖਿਆ ਸਬੰਧੀ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਦੀ ਪ੍ਰਧਾਨਗੀ ਹੇਠ ਹੋਈ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ। ਮੁੱਖ ਸਕੱਤਰ ਵੱਲੋਂ ਪ੍ਰਸ਼ਾਸਨਿਕ ਸੁਧਾਰ ਵਿਭਾਗ ਨੂੰ ਈ-ਪੋਰਟਲ ਤਿਆਰ ਕਰਨ ਦਾ ਆਦੇਸ਼ ਦਿੱਤਾ, ਜਿਸ ‘ਤੇ ਅਵਾਰਾ ਪਸ਼ੂਆਂ ਦੀ ਤਸਵੀਰ (ਜੀਓ-ਟੈਗਿੰਗ) ਅਪਲੋਡ ਕਰਨ ਦੀ ਸਹੂਲਤ 24 ਘੰਟੇ ਉਪਲਬਧ ਹੋਵੇਗੀ। ਇਹ ਤਸਵੀਰ ਹੈੱਡਕੁਆਰਟਰ ‘ਤੇ ਪਹੁੰਚ ਜਾਵੇਗੀ, ਜਿੱਥੋਂ ਇਹ ਤਸਵੀਰ ਆਪਣੇ ਆਪ ਅਵਾਰਾ ਪਸ਼ੂਆਂ ਨੂੰ ਫੜ ਕੇ ਲਿਜਾਣ ਵਾਲੇ ਸਬੰਧਤ ਅਧਿਕਾਰੀਆਂ ਤੱਕ ਪਹੁੰਚ ਜਾਵੇਗੀ।
ਅਵਾਰਾ ਪਸ਼ੂ ਸਬੰਧੀ ਜਾਣਕਾਰੀ ਮਿਲਣ ‘ਤੇ, ਇਨਾਂ ਨੂੰ ਫੜਨ ਵਾਲੀ ਟੀਮ ਸਾਰੇ ਲੋੜੀਂਦੇ ਸਾਜੋ-ਸਾਮਾਨ ਨਾਲ ਸਬੰਧਤ ਖੇਤਰ ਵਿੱਚ ਜਾਵੇਗੀ ਅਤੇ ਉਸ ਪਸ਼ੂ ਨੂੰ ਨੇੜਲੇ ਕੈਟਲ ਪਾਊਂਡਜ ਵਿੱਚ ਲੈ ਕੇ ਜਾਵੇਗੀ ਅਤੇ ਪਸ਼ੂ ਨੂੰ ਲਿਆਉਣ ਸਬੰਧੀ ਜਾਣਕਾਰੀ ਉਸ ਕੈਂਟਲ ਪਾਊਂਡਜ ਨੂੰ ਚਲਾ ਰਹੇ ਸਰਕਾਰੀ ਜਾਂ ਨਿੱਜੀ ਸੰਸਥਾ ਦੇ ਅਮਲੇ ਨਾਲ ਪਹਿਲਾਂ ਹੀ ਸਾਂਝੀ ਕੀਤੀ ਜਾਵੇਗੀ।
ਫੜੇ ਗਏ ਇਸ ਅਵਾਰਾ ਪਸ਼ੂ ਦੀ ਪਸ਼ੂਆਂ ਦੇ ਸਥਾਨਕ ਡਾਕਟਰ ਵੱਲੋਂ ਦੇਖਭਾਲ ਕੀਤੀ ਜਾਵੇਗੀ ਅਤੇ ਪਸ਼ੂ ਦੇ ਢੁਕਵੇਂ ਮੁੜਵਸੇਬੇ ਨੂੰ ਯਕੀਨੀ ਬਣਾਉਣ ਲਈ ਸਬੰਧਤ ਕੈਂਟਲ ਪਾਊਂਡਜ ਵਿੱਚ ਲੋੜੀਂਦਾ ਪ੍ਰਬੰਧ ਕੀਤਾ ਜਾਵੇਗਾ। ਸਬੰਧਤ ਅਧਿਕਾਰੀ ਹਰ ਤਸਵੀਰ ‘ਤੇ ਕਾਰਵਾਈ ਕਰਨ ਉਪਰੰਤ ਕਾਰਵਾਈ ਰਿਪੋਰਟ ਦੀ ਜਾਣਕਾਰੀ ਮੁੱਖ ਦਫ਼ਤਰ ਨੂੰ ਦੇਣ ਲਈ ਜਿੰਮੇਵਾਰ ਹੋਣਗੇ। ਮੁੱਖ ਸਕੱਤਰ ਵੱਲੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਸੂਬੇ ਦੇ ਸਾਰੇ 20 ਸਰਕਾਰੀ ਕੈਂਟਲ ਪਾਊਂਡਜ ਵਿੱਚ ਹੋਰ ਸ਼ੈੱਡ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਗਏ।
ਇਸ ਤੋਂ ਇਲਾਵਾ, ਉਨਾਂ ਨੇ ਪੇਂਡੂ ਵਿਕਾਸ ਵਿਭਾਗ ਨੂੰ ਸੂਬੇ ਵਿਚ ਬਲਾਕ ਪੱਧਰ ‘ਤੇ 5 ਏਕੜ ਰਕਬੇ ਵਿੱਚ ਛੋਟੇ ਕੈਟਲ ਪਾਊਂਡਜ ਖੋਲਣ ਸਬੰਧੀ ਯੋਜਨਾ ‘ਤੇ ਕੰਮ ਕਰਨ ਲਈ ਵੀ ਕਿਹਾ। ਪਸ਼ੂ ਪਾਲਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ 10,024 ਪਸੂ 20 ਸਰਕਾਰੀ ਕੈਟਲ ਪਾਊਂਡਜ ਵਿੱਚ ਰੱਖੇ ਗਏ ਹਨ, ਜਿਨਾਂ ਵਿੱਚ ਇਸ ਸਮੇਂ ਪਸ਼ੂਆਂ ਲਈ 77 ਸ਼ੈੱਡ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter , Instagram, link din , YouTube‘ਤੇ ਫਾਲੋ ਕਰੋ।