ਨਸ਼ਿਆਂ ਦੇ ਖਾਤਮੇ ਲਈ ਐਸ.ਟੀ.ਐਫ., ਪੁਲੀਸ ਅਤੇ ਖੁਫੀਆ ਵਿੰਗ ਦਰਮਿਆਨ ਹੋਰ ਤਾਲਮੇਲ ਕਰਨ ਲਈ ਆਖਿਆ
- ਜਬਤ ਕੀਤੇ ਨਸ਼ਿਆਂ ਦੀ ਵੱਡੀ ਖੇਪ ਨੂੰ ਲਾਈਵ ਨਸ਼ਟ ਕਰਨ ਦੀ ਡਿਜੀਟਲ ਤੌਰ ਉਤੇ ਸ਼ੁਰੂਆਤ ਕੀਤੀ
ਅਸ਼ਵਨੀ ਚਾਵਲਾ, ਚੰਡੀਗੜ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਲਾਹਨਤ ਨਾਲ ਨਿਪਟਣ ਲਈ ਕੌਮੀ ਡਰੱਗ ਨੀਤੀ ਲਿਆਉਣ ਲਈ ਆਪਣੀ ਮੰਗ ਨੂੰ ਦੁਹਰਾਉਂਦੇ ਹੋਏ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਵਾਸਤੇ ਐਸ.ਟੀ.ਐਫ., ਪੁਲੀਸ ਅਤੇ ਖੁਫੀਆ ਵਿੰਗ ਦਰਮਿਆਨ ਹੋਰ ਤਾਲਮੇਲ ਕਰਨ ਦੀ ਲੋੜ ਉਤੇ ਜੋਰ ਦਿੱਤਾ।
ਇਸ ਅਲਾਮਤ ਖਿਲਾਫ ਲੜਾਈ ਵਿਚ ਸਾਰੀਆਂ ਧਿਰਾਂ ਦੇ ਸਹਿਯੋਗ ਦੀ ਮੰਗ ਕਰਦੇ ਹੋਏ ਮੁੱਖ ਮੰਤਰੀ ਨੇ ਇਸ ਨੂੰ ਆਲਮੀ ਸਮੱਸਿਆ ਕਰਾਰ ਦਿੱਤਾ। ਉਨਾਂ ਕਿਹਾ ਕਿ ਭਾਵੇਂ ਕਿ ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼, ਦਿੱਲੀ ਵਰਗੇ ਗੁਆਂਢੀ ਸੂਬੇ ਨਸ਼ਿਆਂ ਦੀ ਤਸਕਰੀ ਨਾਲ ਨਿਪਟਣ ਲਈ ਕਾਰਗਰ ਢੰਗ-ਤਰੀਕਾ ਲਾਗੂ ਕਰਨ ਵਾਸਤੇ ਰਜਾਮੰਦ ਹੋਏ ਸਨ ਪਰ ਇਸ ਪਾਸੇ ਵੱਲ ਮਹੱਤਵਪੂਰਨ ਅਮਲ ਨਹੀਂ ਹੋਇਆ।
ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਨਸ਼ਿਆਂ ਪ੍ਰਤੀ ਕਿਸੇ ਕਿਸਮ ਦਾ ਲਿਹਾਜ ਨਹੀਂ ਵਰਤੇਗੀ। ਉਨਾਂ ਨੇ ਇਸ ਸਮੱਸਿਆ ਦਾ ਕਾਰਨ ਸੂਬੇ ਵਿਚ ਨਾਰਕੋ-ਅੱਤਵਾਦ ਨੂੰ ਹੱਲਾਸ਼ੇਰੀ ਦੇਣ ਲਈ ਪਾਕਿਸਤਾਨ ਦੇ ਨਾਲ-ਨਾਲ ਤਸਕਰਾਂ, ਗੈਂਗਸਟਰਾਂ ਅਤੇ ਅੱਤਵਾਦੀਆਂ ਦਰਿਮਆਨ ਮਜਬੂਤ ਗੱਠਜੋੜ ਦੱਸਿਆ।
ਨਸ਼ਾਖੋਰੀ ਅਤੇ ਤਸਕਰੀ ਵਿਰੁੱਧ ਕੌਮਾਂਤਰੀ ਦਿਹਾੜੇ ਮੌਕੇ ਲੋਕਾਂ ਨੂੰ ਮੁਖਾਤਿਬ ਹੁੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਬਹੁਤੇ ਨਸ਼ੇ ਖਾਸ ਤੌਰ ਉਤੇ ਅਫਗਾਨਿਸਤਾਨ ਤੋਂ ਹੈਰੋਇਨ ਦੀ ਤਸਕਰੀ ਵਾਇਆ ਪਾਕਿਸਤਾਨ, ਗੁਆਂਢੀ ਸੂਬੇ ਹਰਿਆਣਾ, ਜੰਮੂ ਕਸ਼ਮੀਰ, ਰਾਜਸਥਾਨ, ਦਿੱਲੀ ਅਤੇ ਇੱਥੋਂ ਤੱਕ ਕਿ ਨੇਪਾਲ ਤੋਂ ਹੁੰਦੀ ਹੈ। ਉਨਾਂ ਨੇ ਇਸ ਕਦਮ ਨੂੰ ਪੰਜਾਬ ਦੀ ਜਵਾਨੀ ਨੂੰ ਕਮਜੋਰ ਕਰਨ ਅਤੇ ਉਨਾਂ ਨੂੰ ਹਥਿਆਰਬੰਦ ਸੈਨਾਵਾਂ ਤੋਂ ਦੂਰ ਕਰਨ ਲਈ ਪਾਕਿਸਤਾਨ ਦੀ ਸਾਜਿਸ਼ ਦੱਸਿਆ। ਉਨਾਂ ਨੇ ਡਰੋਨਾਂ ਰਾਹੀਂ ਨਸ਼ਿਆਂ ਦੀ ਤਸਕਰੀ ਅਤੇ ਕਾਂਡਲਾ ਬੰਦਰਗਾਹ ਰਾਹੀਂ ਪੰਜਾਬ ਨੂੰ ਭੇਜੀ ਜਾਣ 700 ਕਿਲੋਗ੍ਰਾਮ ਹੈਰੋਇਨ ਜਬਤ ਕੀਤੇ ਜਾਣ ਦੀਆਂ ਘਟਨਾਵਾਂ ਦਾ ਵੀ ਹਵਾਲਾ ਦਿੱਤਾ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਵੀ ਜੰਮੂ ਕਸ਼ਮੀਰ ਵਿਚ ਉੜੀ ਸੈਕਟਰ ਰਾਹੀਂ ਪਾਕਿਸਤਾਨ ਵੱਲੋਂ ਖਤਰਨਾਕ ਹਥਿਆਰ ਭੇਜੇ ਗਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।