ਪਿਛਲੇ ਸਾਲ 2019-20 ਵਿੱਚ ਸਰਕਾਰ ਵੱਲੋਂ 42 ਨੌਜਵਾਨਾਂ ਨੂੰ ਹੀ ਦਿੱਤਾ ਗਿਐ ਬੇਰੁਜ਼ਗਾਰੀ ਭੱਤਾ
- ਬੇਰੁਜ਼ਗਾਰੀ ਭੱਤਾ ਦੇਣ ਵਿੱਚ ਵੀ ਸਰਕਾਰ ਨੇ ਕੀਤਾ ਕਮਾਲ, ਦਿੱਤਾ ਸਿਰਫ਼ 106 ਰੁਪਏ ਪ੍ਰਤੀ ਮਹੀਨਾ
ਪੰਜਾਬ ਸਰਕਾਰ ਵਲੋਂ ਵਿੱਤੀ ਸਾਲ 2019-20 ਵਿੱਚ 42 ਬੇਰੁਜ਼ਗਾਰਾਂ ਨੂੰ ਕੁਲ 53 ਹਜ਼ਾਰ 550 ਰੁਪਏ ਬੇਰੁਜ਼ਗਾਰੀ ਭੱਤਾ ਦਿੱਤਾ ਗਿਆ ਹੈ, ਜਿਸ ਅਨੁਸਾਰ 1 ਸਾਲ ਦੌਰਾਨ ਇੱਕ ਬੇਰੁਜ਼ਗਾਰ ਨੂੰ 1275 ਰੁਪਏ ਮਿਲੇ ਅਤੇ 1 ਮਹੀਨੇ ਵਿੱਚ ਇਹ ਰਕਮ 106 ਰੁਪਏ 25 ਪੈਸੇ ਬਣਦੀ ਹੈ। ਇਥੇ ਹੀ ਖਾਸ ਗਲ ਇਹ ਹੈ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਵਿੱਚ 40 ਲੱਖ ਨੌਜਵਾਨ ਬੇਰੁਜ਼ਗਾਰ ਹੋਣ ਦਾ ਦਾਅਵਾ ਕਰਨ ਵਾਲੀ ਕਾਂਗਰਸ ਨੂੰ ਸੱਤਾ ਸੰਭਾਲਦੇ ਹੀ ਸਿਰਫ਼ 212 ਬੇਰੁਜ਼ਗਾਰ ਹੀ ਮਿਲੇ ਸਨ, ਜਿਸ ਕਾਰਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸੱਤਾ ਸੰਭਾਲਣ ਤੋਂ ਬਾਅਦ ਸਾਲ 2017-18 ਵਿੱਚ 212 ਬੇਰੁਜ਼ਗਾਰਾਂ ਨੂੰ ਹਰ ਮਹੀਨੇ ਭੱਤਾ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਇਹ ਬੇਰੁਜ਼ਗਾਰ ਲਗਾਤਾਰ ਘਟਦੇ ਹੀ ਜਾ ਰਹੇ ਹਨ।
ਸਾਲ 2017-18 ਵਿੱਚ ਮਿਲਣ ਵਾਲੇ 212 ਬੇਰੁਜ਼ਗਾਰ ਅਗਲੇ ਸਾਲ 2018-19 ਵਿੱਚ ਸਿਰਫ਼ 97 ਰਹਿ ਗਏ ਅਤੇ ਇਸ ਤੋਂ ਬਾਅਦ ਹੁਣ ਇਹ ਬੇਰੁਜ਼ਗਾਰ 42 ਰਹਿ ਗਏ ਹਨ। ਜਿਨਾਂ ਨੂੰ ਕਿ ਬੀਤੇ ਸਾਲ 2019-20 ਵਿੱਚ ਸਰਕਾਰ ਵਲੋਂ ਬੇਰੁਜ਼ਗਾਰੀ ਭੱਤਾ ਦਿੱਤਾ ਗਿਆ ਹੈ। ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਬੇਰੁਜ਼ਗਾਰੀ ਭੱਤਾ ਲੈਣ ਵਾਲੇ ਇਹ ਅੰਕੜੇ ਖ਼ੁਦ ਸਰਕਾਰ ਦੇ ਹੀ ਇੱਕ ਅਧਿਕਾਰੀ ਵਲੋਂ ਸੂਚਨਾ ਅਧਿਕਾਰ ਐਕਟ ਦੇ ਤਹਿਤ ਜਾਰੀ ਕੀਤੇ ਗਏ ਹਨ, ਜਿਸ ਤੋਂ ਸਾਫ਼ ਹੁੰਦਾ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਦਾਅਵੇ ਕੁਝ ਹੋਰ ਕੀਤੇ ਜਾ ਰਹੇ ਸਨ ਅਤੇ ਅਸਲ ਵਿੱਚ ਸਚਾਈ ਕੁਝ ਹੋਰ ਹੀ ਹੈ।