ਬੀਤੇ 2 ਦਿਨਾਂ ਤੱਕ ਕਰਦੇ ਰਹੇ ਇੰਤਜ਼ਾਰ, ਨਰਾਜ਼ ਨਜ਼ਰ ਆ ਰਹੀ ਐ ਹਾਈ ਕਮਾਨ
- ਹਾਈ ਕਮਾਨ ਦਾ ਆਦੇਸ਼, ਜਲਦ ਹੀ ਮੁਕੰਮਲ ਕੀਤੇ ਜਾਣ ਚੋਣ ਵਾਅਦੇ, ਡੈਡਲਾਈਨ ਵਿੱਚ ਹੋਣ ਸਾਰੇ ਕੰਮ
- 18 ਨੁਕਤੇ ਦਿੰਦੇ ਹੋਏ ਦਿੱਤੇ ਗਏ ਆਦੇਸ਼, ਅਮਰਿੰਦਰ ਸਿੰਘ ਨੂੰ ਹੁਣ ਕਰਨਾ ਪਏਗਾ ਕੰਮ
ਅਸ਼ਵਨੀ ਚਾਵਲਾ, ਚੰਡੀਗੜ੍ਹ। ਪੰਜਾਬ ਦੇ ‘ਕੈਪਟਨ’ ਲਈ ਕਾਂਗਰਸ ਹਾਈ ਕਮਾਨ ਕੋਲ ਮਿਲਣ ਲਈ ਸਮਾਂ ਹੀ ਨਹੀਂ ਹੈ, ਜਿਸ ਕਾਰਨ ਅਮਰਿੰਦਰ ਸਿੰਘ ਬਿਨਾਂ ਹਾਈ ਕਮਾਨ ਨੂੰ ਮਿਲੇ ਹੀ ਵਾਪਸ ਚੰਡੀਗੜ੍ਹ ਆ ਗਏ ਹਨ। ਜਿਸ ਤੋਂ ਬਾਅਦ ਇੰੰਝ ਲਗ ਰਿਹਾ ਹੈ ਕਿ ਪੰਜਾਬ ਵਿੱਚ ਚਲ ਰਹੇ ਕਲੇਸ਼ ਕਰਕੇ ਹਾਈ ਕਮਾਨ ਅਮਰਿੰਦਰ ਸਿੰਘ ਤੋਂ ਖ਼ਾਸੇ ਨਰਾਜ਼ ਹਨ, ਜਿਸ ਕਾਰਨ ਹੀ ਉਨ੍ਹਾਂ ਨੂੰ ਸਮਾਂ ਨਹੀਂ ਮਿਲਿਆ ਹੈ। ਰਾਹੁਲ ਗਾਂਧੀ ਪਿਛਲੇ 2-3 ਦਿਨ ਤੋਂ ਪੰਜਾਬ ਦੇ ਕਾਂਗਰਸੀ ਲੀਡਰਾਂ ਨੂੰ ਮਿਲ ਰਹੇ ਹਨ ਅਤੇ ਕਾਫ਼ੀ ਸਮਾਂ ਵੀ ਮੀਟਿੰਗ ਦੌਰਾਨ ਦਿੱਤਾ ਜਾ ਰਿਹਾ ਹੈ ਪਰ ਅਮਰਿੰਦਰ ਸਿੰਘ ਦਿੱਲੀ ਵਿਖੇ 2 ਦਿਨ ਤੱਕ ਇੰਤਜ਼ਾਰ ਕਰਦੇ ਰਹੇ ਪਰ ਉਨ੍ਹਾਂ ਦੀ ਮੁਲਾਕਾਤ ਸੋਨੀਆ ਗਾਂਧੀ ਤਾਂ ਦੂਰ ਰਾਹੁਲ ਗਾਂਧੀ ਨਾਲ ਵੀ ਨਹੀਂ ਹੋ ਪਾਈ। ਜਿਸ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਇਹ ਚਰਚਾ ਸ਼ੁਰੂ ਹੋ ਗਿਆ ਹੈ ਕਿ ਮੌਜੂਦਾ ਕੈਪਟਨ ਦਾ ਸਮਾਂ ਬੀਤ ਗਿਆ ਹੈ ਅਤੇ ਜਲਦ ਹੀ ਪੰਜਾਬ ਕਾਂਗਰਸ ਨੂੰ ਨਵਾਂ ਕੈਪਟਨ ਮਿਲਣ ਵਾਲਾ ਹੈ।
ਦਿੱਲੀ ਹਾਈ ਕਮਾਨ ਵਲੋਂ ਅਮਰਿੰਦਰ ਸਿੰਘ ਨੂੰ ਮਿਲਣ ਲਈ ਸਮਾਂ ਹੀ ਨਹੀਂ ਮਿਲਣ ਦੇ ਨਾਲ ਹੀ ਅਮਰਿੰਦਰ ਸਿੰਘ ਨੂੰ ਜੇਕਰ ਕੁਝ ਮਿਲਿਆ ਹੈ ਤਾਂ ਉਹ ਡੈਡਲਾਈਨ ਹੈ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਡੈਡਲਾਈਨ ਦਿੰਦੇ ਹੋਏ 18 ਨੁਕਤੇ ’ਤੇ ਜਲਦ ਹੀ ਕੰਮ ਕਰਨ ਲਈ ਕਿਹਾ ਹੈ, ਜਿਹੜੇ ਕਿ ਪੰਜਾਬ ਕਾਂਗਰਸ ਵਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਚੋਣ ਮਨੋਰਥ ਪੱਤਰ ਵਿੱਚ ਸ਼ਾਮਲ ਕੀਤੇ ਗਏ ਸਨ। ਇਹ 18 ਚੋਣ ਵਾਅਦੇ ਜਲਦ ਹੀ ਮੁਕੰਮਲ ਕਰਦੇ ਹੋਏ ਅਮਰਿੰਦਰ ਸਿੰਘ ਨੂੰ ਬਕਾਇਦਾ ਪ੍ਰੈਸ ਕਾਨਫਰੰਸ ਵੀ ਕਰਨੀ ਪਏਗੀ ਤਾਂ ਕਿ ਪੰਜਾਬ ਦੀ ਜਨਤਾ ਨੂੰ ਇਹ ਵੀ ਪਤਾ ਚਲ ਸਕੇ ਕਿ ਕਾਂਗਰਸ ਪਾਰਟੀ ਵਲੋਂ ਕੀਤੇ ਗਏ ਚੋਣ ਵਾਅਦੇ ਮੁਕੰਮਲ ਕਰ ਲਏ ਗਏ ਹਨ।
ਪੰਜਾਬ ਕਾਂਗਰਸ ਪ੍ਰਭਾਰੀ ਹਰੀਸ਼ ਰਾਵਤ ਨੇ ਦੱਸਿਆ ਕਿ ਅਮਰਿੰਦਰ ਸਿੰਘ ਨੂੰ ਡੈਡਲਾਈਨ ਦੇ ਦਿੱਤੀ ਗਈ ਹੈ, ਇਸ ਲਈ ਉਨ੍ਹਾਂ ਨੂੰ ਇਸ ਦੀ ਪਾਲਣਾ ਕਰਦੇ ਹੋਏ 18 ਚੋਣ ਮੁੱਦੇ ਨੂੰ ਪੂਰਾ ਕਰਨਾ ਪਏਗਾ। ਇਸ ਵਿੱਚ ਦਲਿਤ ਵਿਦਿਆਰਥੀਆਂ ਦੀ ਪੋਸਟਮੈਟ੍ਰਿਕ ਸਕਾਲਰਸ਼ਿਪ ਅਤੇ ਬਿਜਲੀ ਐਗਰੀਮੈਂਟ ਦਾ ਮੁੱਦਾ ਮੁੱਖ ਰੂਪ ਵਿੱਚ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਐਗਰੀਮੈਂਟ ਬਾਰੇ ਅਮਰਿੰਦਰ ਸਿੰਘ ਨੇ ਦੱਸਿਆ ਕਿ ਕੁਝ ਰੱਦ ਕਰ ਦਿੱਤੇ ਗਏ ਹਨ ਤਾਂ ਕੁਝ ਬਿਜਲੀ ਐਗਰੀਮੈਂਟ ਨੂੰ ਰੱਦ ਕਰਨ ਲਈ ਵਿਚਾਰ ਕੀਤਾ ਜਾ ਰਿਹਾ ਹੈ। ਹਰੀਸ਼ ਰਾਵਤ ਨੇ ਕਿਹਾ ਕਿ ਪੰਜਾਬ ਵਿੱਚ 200 ਯੁਨਿਟ ਤੱਕ ਬਿਜਲੀ ਮੁਫ਼ਤ ਕਰਨ ਦੇ ਆਦੇਸ਼ ਵੀ ਦਿੱਤੇ ਹਨ ਕਿ ਇਸ ਸਬੰਧੀ ਜਲਦ ਹੀ ਕਾਰਵਾਈ ਕੀਤੀ ਜਾਵੇ।
ਜਲਦ ਦਿੱਲੀ ਤਲਬ ਹੋਣਗੇ ਨਵਜੋਤ ਸਿੱਧੂ
ਹਰੀਸ਼ ਰਾਵਤ ਨੇ ਕਿਹਾ ਕਿ ਨਵਜੋਤ ਸਿੱਧੂ ਵਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੀ ਸਾਰੀ ਵੀਡੀਓ ਕਲਿਪ ਉਨ੍ਹਾਂ ਵਲੋਂ ਦਿੱਲੀ ਮੰਗਵਾ ਲਏ ਗਏ ਹਨ, ਜਿਸ ਨੂੰ ਦੇਖਣ ਤੋਂ ਬਾਅਦ ਨਵਜੋਤ ਸਿੱਧੂ ਨੂੰ ਦਿੱਲੀ ਬੁਲਾਇਆ ਜਾਏਗਾ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਪਾਰਟੀ ਲਈ ਵੱਡੇ ਲੀਡਰ ਹਨ ਅਤੇ ਪਾਰਟੀ ਨੂੰ ਉਨ੍ਹਾਂ ਦੀ ਜਰੂਰਤ ਵੀ ਹੈ ਪਰ ਅਨੁਸ਼ਾਸਨ ਤੋੜਨ ਦੀ ਇਜਾਜ਼ਤ ਨਹੀਂ ਹੋਏਗੀ, ਇਸ ਲਈ ਜਲਦ ਹੀ ਨਵਜੋਤ ਸਿੱਧੂ ਨੂੰ ਦਿੱਲੀ ਵਿਖੇ ਤਲਬ ਕੀਤਾ ਜਾਏਗਾ।
ਅਮਰਿੰਦਰ ਸਿੰਘ ਨੂੰ ਨਜ਼ਰ ਅੰਦਾਜ਼ ਕਰ ਰਹੀ ਐ ਹਾਈ ਕਮਾਨ : ਅੰਕਿਤ ਬਾਂਸਲ
ਅਮਰਿੰਦਰ ਸਿੰਘ ਦੇ ਓ.ਐਸ.ਡੀ. ਅੰਕਿਤ ਬਾਂਸਲ ਨੇ ਟਵਿੱਟਰ ‘ਤੇ ਜਾ ਕੇ ਕਾਂਗਰਸ ਹਾਈ ਕਮਾਨ ’ਤੇ ਉਂਗਲ ਚੁੱਕ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈ ਕਮਾਨ ਅਮਰਿੰਦਰ ਸਿੰਘ ਨੂੰ ਨਜ਼ਰ ਅੰਦਾਜ਼ ਕਰ ਰਹੀ ਹੈ। ਪੰਜਾਬ ਵਿੱਚ ਕਾਂਗਰਸ ਦਾ ਮਤਲਬ ਹੀ ਅਮਰਿੰਦਰ ਸਿੰਘ ਹਨ ਅਤੇ ਪਿਛਲੇ 10 ਸਾਲ ਅਮਰਿੰਦਰ ਸਿੰਘ ਕਾਂਗਰਸ ਤੋਂ ਦੂਰ ਰੱਖਿਆ ਗਿਆ ਤਾਂ ਹੀ ਕਾਂਗਰਸ ਸੱਤਾ ਤੋਂ ਦੂਰ ਰਹੀ ਸੀ। ਆਖਰ ਵਿੱਚ ਅਮਰਿੰਦਰ ਸਿੰਘ ਵਲੋਂ ਹੀ ਪੰਜਾਬ ਵਿੱਚ ਕਾਂਗਰਸ ਪਾਰਟੀ ਨੂੰ ਖੜ੍ਹਾ ਕੀਤਾ ਗਿਆ ਹੈ।
ਗਲਤ ਸਲਾਹਕਾਰਾਂ ਨਾਲ ਘਿਰੇ ਹੋਏ ਕੈਪਟਨ, ਭਾਈ ਭਤੀਜਾ ਵਾਦ ਹੋਇਆ ਭਾਰੂ : ਜਾਖੜ
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਹੀ ਅਮਰਿੰਦਰ ਸਿੰਘ ‘ਤੇ ਹਮਲਾ ਕਰ ਦਿੱਤਾ ਹੈ ਕਿ ਅਮਰਿੰਦਰ ਸਿੰਘ ਨੂੰ ਕੁਝ ਸਲਾਹਕਾਰਾਂ ਨੇ ਘੇਰਿਆ ਹੋਇਆ ਹੈ, ਜਿਸ ਕਾਰਨ ਹੀ ਸਰਕਾਰ ਵਿੱਚ ਹੁਣ ਭਾਈ ਭਤੀਜਾ ਵਾਦ ਭਾਰੀ ਹੁੰਦਾ ਨਜ਼ਰ ਆ ਰਿਹਾ ਹੈ। ਦਿੱਲੀ ਵਿਖੇ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਸੁਨੀਲ ਜਾਖੜ ਨੇ ਕਿਹਾ ਕਿ ਚੰਦ ਗਲਤ ਲੋਕ ਅਮਰਿੰਦਰ ਸਿੰਘ ਤੋਂ ਇਸ ਤਰ੍ਹਾਂ ਦੇ ਗਲਤ ਫੈਸਲੇ ਕਰਵਾ ਰਹੇ ਹਨ। ਪਿਛਲੇ ਸਮਾਂ ਦੌਰਾਨ ਇਹ ਕਥਿਤ ਸਲਾਹਕਾਰ ਉਨ੍ਹਾਂ ਦੇ ਨੇੜੇ ਆਏ ਹਨ।
ਜੁਲਾਈ ਦੇ ਪਹਿਲੇ ਹਫ਼ਤੇ ਮਿਲੇਗਾ ਪੰਜਾਬ ਕਾਂਗਰਸ ਪ੍ਰਧਾਨ
ਹਰੀਸ਼ ਰਾਵਤ ਨੇ ਦਿੱਲੀ ਵਿਖੇ ਇਸ਼ਾਰਾ ਕਰ ਦਿੱਤਾ ਹੈ ਕਿ ਪੰਜਾਬ ਕਾਂਗਰਸ ਨੂੰ ਨਵਾਂ ਪ੍ਰਧਾਨ ਜੁਲਾਈ ਦੇ ਪਹਿਲੇ ਹਫ਼ਤੇ ਮਿਲ ਜਾਏਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਚਾਰਾ ਚਲ ਰਹੀਆਂ ਹਨ ਅਤੇ ਜੁਲਾਈ ਸ਼ੁਰੂਆਤ ਵਿੱਚ ਇਸ ਦਾ ਫੈਸਲਾ ਕਰ ਲਿਆ ਜਾਏਗਾ। ਉਨ੍ਹਾਂ ਕਿਹਾ ਹੁਣ ਪੰਜਾਬ ਦੀ ਲੜਾਈ ਜਿਆਦਾ ਦੇਰ ਚਲਣ ਵਾਲੀ ਨਹੀਂ ਹੈ। ਇਸ ਸਾਰੇ ਮਾਮਲੇ ਨੂੰ ਹੀ ਨਿਪਟਾ ਦਿੱਤਾ ਜਾਏਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।