ਅਫ਼ਵਾਹਾਂ ਤੋਂ ਬਚੇ ਮੀਡੀਆ
ਮੰਡੀਆ ਦੀ ਜ਼ਿੰਮੇਵਾਰੀ ਪੁਸ਼ਟੀ ਵਾਲੀਆ ਖਬਰਾਂ ਦੇਣਾ ਹੈ ਤੇ ਅਫ਼ਵਾਹਾਂ ਦਾ ਖੰਡਨ ਕਰਨਾ ਜਾਂ ਜਾਗਰੂਕ ਕਰਨਾ ਹੈ ਇਹ ਜ਼ਿੰਮੇਵਾਰੀ ਸਿਰਫ ਮਹੱਤਵਪੂਰਨ ਹੀ ਨਹੀਂ ਸਗੋਂ ਸਮਾਜ ਤੇ ਦੇਸ਼ ਦੀ ਸੇਵਾ ਹੈ ਖਾਸਕਰ ਸਾਡੇ ਮੁਲਕ ਜਿੱਥੇ ਸੰਪ੍ਰਦਾਇਕ ਟਕਰਾਅ ਦੇ ਆਸਾਰ ਵਧੇਰੇ ਰਹਿੰਦੇ ਹਨ ਪਤਾ ਹੀ ਨਹੀਂ ਲੱਗਦਾ ਕਦੋਂ ਦੋ ਵਿਅਕਤੀਆਂ ਆਪਸੀ ਝਗੜਾ ਦੇ ਸੰਪ੍ਰਦਾਇ ਦਾ ਝਗੜਾ ਬਣ ਜਾਂਦਾ ਹੈਪਿਛਲੇ ਦਿਨੀਂ ਉੱਤਰ ਪ੍ਰਦੇਸ਼ ’ਚ ਇੱਕ ਫਿਰਕੇ (ਸੰਪ੍ਰਦਾਇ) ਦੇ ਬਜੁਰਗ ਵਿਅਕਤੀ ਦੀ ਕੁੱਟਮਾਰ ਦਾ ਮਸਲਾ ਪੂਰੇ ਮੀਡੀਆ ’ਚ ਛਾਇਆ ਰਿਹਾ ਹੈ
ਜਿਸ ਨੂੰ ਇੱਕ ਵਿਅਕਤੀ ਨੇ ਸ਼ੋਸਲ ਮੀਡੀਆ ’ਤੇ ਪਾ ਕੇ ਸਨਸਨੀ ਫੈਲਾ ਦਿੱਤੀ ਇਹ ਵਾਇਰਲ ਵੀਡਿਓ ਸਥਾਪਤ ਮੀਡੀਆ ਦੀ ਖਬਰ ਬਣ ਗਈ ਪਰ ਜਿਵੇਂ-ਜਿਵੇਂ ਮਾਮਲੇ ਦੇ ਪੇਚ ਖੁੱਲ੍ਹਦੇ ਗਏ ਮਾਮਲਾ ਆਪਸੀ ਤੇ ਆਮ ਜਿਹਾ ਸਾਹਮਣੇ ਆਉਣ ਲੱਗਾ ਪਤਾ ਨਹੀਂ ਅਜਿਹੀਆ ਕਿੰਨੀਆ ਹੀ ਵੀਡੀਓ ਸ਼ੋਸਲ ਮੀਡੀਆ ’ਤੇ ਵਾਇਰਲ ਹੁੰਦੀਆ ਰਹਿੰਦੀਆ ਹਨ ਜਿੱਥੋਂ ਤੱਕ ਜ਼ਿੰਮੇਵਾਰ ਮੀਡੀਆ ਦਾ ਸਬੰਧ ਹੈ
ਅਜਿਹੀਆ ਵੀਡੀਓ ਨੂੰ ਸੱਚ ਮੰਨ ਕੇ ਖਬਰ ਘੜਨ ਤੇ ਸਭ ਤੋਂ ਪਹਿਲਾ ਨਸ਼ਰ (ਪੇਸ਼) ਕਰਨ ਦੀ ਮਾੜੀ ਨੀਤੀ ਤੋਂ ਬਚਣਾ ਪਵੇਗਾ ਕੁਝ ਮੀਡੀਆ ਸੰਸਥਾਵਾਂ ਨੇ ਫਰਜ਼ੀ ਖਬਰਾਂ ਦੀ ਜਾਂਚ ਕਰਕੇ ਉਹਨਾਂ ਦਾ ਸੱਚ ਪਾਠਕਾਂ/ ਦਰਸ਼ਕਾਂ ਤੱਕ ਪਹੁੰਚਾਉਣ ਦਾ ਵਧੀਆ ਕੰਮ ਸ਼ੁਰੂ ਕੀਤਾ ਹੈ ਪਰ ਮੀਡੀਆ ਦਾ ਇੱਕ ਹਿੱਸਾ ਵਾਇਰਲ ਵੀਡਿਓ ਨੂੰ ਆਪਣੀ ਖਬਰ ਦਾ ਸਹੀ ਸਰੋਤ ਮੰਨ ਕੇ ਵਾਹ-ਵਾਹ ਲੁੱਟਣ ਦੀ ਕਮਜ਼ੋਰੀ ਦਾ ਸ਼ਿਕਾਰ ਹੋ ਗਿਆ ਹੈ ਸ਼ੋਸਲ ਮੀਡੀਆ ਦਾ ਆਪਣਾ ਮਹੱਤਵ ਹੈ ਪਰ ਇਸ ਦੀ ਦੁਰਵਰਤੋਂ ਸਮਾਜ ਲਈ ਖਤਰਨਾਕ ਹੈ ਦੇਸ਼ ਨੇ ਅਜ਼ਾਦੀ ਤੋਂ ਪਹਿਲਾ ਵੀ ਅਫ਼ਵਾਹਾਂ ਕਾਰਨ ਬੜਾ ਨੁਕਸਾਨ ਉਠਾਇਆ ਹੈ
ਚਾਹੀਦਾ ਤਾਂ ਇਹ ਸੀ ਕਿ ਸ਼ੋਸਲ ਮੀਡੀਆ ਵਰਗੀ ਕਰਾਂਤੀ ਲੋਕਾਂ ਨੂੰ ਅਫ਼ਵਾਹਾਂ ਤੋਂ ਬਚਾਉਣ ’ਚ ਸਹਾਇਕ ਹੁੰਦੀ ਪਰ ਕੰਮ ਉਲਟਾ ਹੀ ਹੋ ਗਿਆ ਹੈ ਸਵਾਰਥੀ ਤੇ ਸਮਾਜ ਵਿਰੋਧੀ ਤੱਤਾ ਨੇ ਸ਼ੋਸਲ ਮੀਡੀਆ ਦੀ ਇਸ ਹੱਦ ਤੱਕ ਦੁਰਵਰਤੋਂ ਕੀਤੀ ਕਿ ਫੇਸਬੁੱਕ, ਟਵਿੱਟਰ ਵਰਗੇ ਪਲੇਟ ਫਾਰਮਾਂ ਦਾ ਅਮਰੀਕਾ ਸਮੇਤ ਭਾਰਤ ਤੇ ਹੋਰ ਮੁਲਕਾਂ ਦੀਆਂ ਸਰਕਾਰਾਂ ਨਾਲ ਹੀ ਟਕਰਾਅ ਹੋ ਗਿਆ ਹੈ ਮਾਮਲੇ ਅਦਾਲਤਾਂ ’ਚ ਚੱਲ ਰਹੇ ਹਨ ਵਿਚਾਰਾ ਦੀ ਆਜ਼ਾਦੀ ਜ਼ਰੂਰੀ ਹੈ ਪਰ ਕਿਸੇ ਸੂਚਨਾ ਤੇ ਅਫਵਾਹ ’ਚ ਫਰਕ ਦੀ ਜਿੰਮੇਵਾਰੀ ਮੀਡੀਆ ਦੀ ਹੈ ਦੇਸ਼ ਤੇ ਸਮਾਜ ’ਚ ਭਾਈਚਾਰੇ, ਸਦਭਾਵਨਾ ਤੇ ਪ੍ਰੇਮ -ਪਿਆਰ ਨੂੰ ਕਾਇਮ ਰੱਖਣ ਲਈ ਮੀਡੀਆ ਨੂੰ ਹਮੇਸ਼ਾ ਚੌਕਸ ਰਹਿਣਾ ਪਵੇਗਾ ਸੱਚ ਹੀ ਮੀਡੀਆ ਦੀ ਬੁਨਿਆਦ ਤੇ ਭਰੋਸੇਯੋਗਤਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।