ਹਰਭਜਨ ਸਿੰਘ ਦੇਸ਼ ਲਈ ਹੋਏ ਸ਼ਹੀਦ, ਪੁੱਤਰ ਰੁਜ਼ਗਾਰ ਲਈ ਧਰਨਿਆਂ ’ਚ ਮਾਰ ਰਿਹੈ ਨਾਅਰੇ

Harbhajan Singh Sachkahoon

ਹਰਭਜਨ ਸਿੰਘ ਦੇ ਪੁੱਤਰ ਨੂੰ ਤਰਸ ਦੇ ਅਧਾਰ ’ਤੇ ਨੌਕਰੀ ਤੋਂ ਮਿਲਿਆ ਜਵਾਬ

  • ਰਣਜੀਤ ਸਿੰਘ ਨੇ ਅਮਰਿੰਦਰ ਸਿੰਘ ਨੂੰ ਕੀਤਾ ਸੁਆਲ, ਕੀ ਉਸਦੇ ਪਿਤਾ ਦੀ ਦੇਸ਼ ਲਈ ਕੁਰਬਾਨੀ ਨਹੀਂ?

ਪਟਿਆਲਾ, ਖੁਸ਼ਵੀਰ ਸਿੰਘ ਤੂਰ। ਪੰਜਾਬ ਸਰਕਾਰ ਵੱਲੋਂ ਤਰਸ ਦੇ ਅਧਾਰ ’ਤੇ ਆਪਣੇ ਵਿਧਾਇਕਾਂ ਦੇ ਪੁੱਤਰਾਂ ਨੂੰ ਤਾਂ ਨੌਕਰੀ ਦੇ ਦਿੱਤੀ ਗਈ ਹੈ, ਪਰ ਰਣਜੀਤ ਸਿੰਘ ਨੂੰ ਤਰਸ ਦੇ ਅਧਾਰ ’ਤੇ ਨੌਕਰੀ ਦੇਣ ਤੋਂ ਜਵਾਬ ਦੇ ਦਿੱਤਾ ਸੀ। ਰਣਜੀਤ ਸਿੰਘ ਦੇ ਪਿਤਾ ਹਰਭਜਨ ਸਿੰਘ ਨੇ ਵੀ ਦੇਸ਼ ਦੀ ਆਨ, ਬਾਨ, ਸ਼ਾਨ ਲਈ ਆਪਣਾ ਬਲੀਦਾਨ ਦਿੱਤਾ ਸੀ ਅਤੇ ਅੱਤਵਾਦੀਆਂ ਵੱਲੋਂ ਕੀਤੇ ਬਲਾਸਟ ਵਿੱਚ ਉਹ ਸ਼ਹੀਦ ਹੋ ਗਏ ਸਨ। ਰਣਜੀਤ ਸਿੰਘ ਦਾ ਗਿਲਾ ਹੈ ਕਿ ਸਰਕਾਰ ਨੇ ਉਸਦੇ ਪਿਤਾ ਦੀ ਸ਼ਹਾਦਤ ਦਾ ਕੋਈ ਮੁੱਲ ਨਹੀਂ ਪਾਇਆ।

Harbhajan Singh Sachkahoon

ਇਕੱਤਰ ਕੀਤੀ ਜਾਣਕਾਰੀ ਅਨੁਸਾਰ ਫੌਜੀ ਹਰਭਜਨ ਸਿੰਘ ਵਾਸੀ ਪਿੰਡ ਮੰਡਾਲੀ ਜ਼ਿਲ੍ਹਾ ਮਾਨਸਾ ਜੋ ਕਿ 7 ਜੂਨ 1995 ਨੂੰ ਜੰਮੂ ਕਸ਼ਮੀਰ ਵਿੱਚ ਅੱਤਵਾਦੀਆਂ ਵੱਲੋਂ ਕੀਤੇ ਇੱਕ ਬਲਾਸਟ ਦੌਰਾਨ ਸ਼ਹੀਦ ਹੋ ਗਏ ਸਨ। ਪਰਿਵਾਰ ਨੂੰ ਉਨ੍ਹਾਂ ਦੀ ਲਾਸ਼ ਵੀ ਪੂਰੀ ਨਹੀਂ ਮਿਲੀ ਸੀ। ਉਸ ਵਕਤ ਹਰਭਜਨ ਸਿੰਘ ਦੇ ਪੁੱਤਰਾਂ ਦੀ ਉਮਰ ਤਿੰਨ -ਚਾਰ ਸਾਲ ਹੀ ਸੀ। ਇਸ ਤੋਂ ਬਾਅਦ ਸਾਲ 2017 ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਸ਼ਹੀਦ ਹਰਭਜਨ ਸਿੰਘ ਦੀ ਪਤਨੀ ਜਸਵਿੰਦਰ ਕੌਰ ਵੱਲੋਂ ਪੰਜਾਬ ਸਰਕਾਰ ਸਮੇਤ ਸਬੰਧਿਤ ਵਿਭਾਗ ਨੂੰ ਆਪਣੇ ਪੁੱਤਰ ਨੂੰ ਤਰਸ ਦੇ ਅਧਾਰ ’ਤੇ ਨੌਕਰੀ ਦੇਣ ਲਈ ਇੱਕ ਪੱਤਰ ਪਾਇਆ ਗਿਆ ਸੀ ਪਰ ਸਰਕਾਰ ਵੱਲੋਂ ਉਨ੍ਹਾਂ ਨੂੰ ਤਰਸ ਦੇ ਅਧਾਰ ’ਤੇ ਨੌਕਰੀ ਦੇਣ ਤੋਂ ਜਵਾਬ ਦੇ ਦਿੱਤਾ ਸੀ।ਸ਼ਹੀਦ ਹਰਭਜਨ ਸਿੰਘ ਦੇ ਪੁੱਤਰ ਰਣਜੀਤ ਸਿੰਘ ਨੇ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਦੱਸਿਆ ਕਿ ਉਸ ਸਮੇਂ ਉਨ੍ਹਾਂ ਦੀ ਮਾਤਾ ਦੀ 2600 ਰੁਪਏ ਪੈਨਸ਼ਨ ਲੱਗ ਗਈ ਸੀ ਜਿਸ ’ਤੇ ਹੀ ਉਸ ਵੱਲੋਂ ਉਨ੍ਹਾਂ ਦੇ ਪਰਿਵਾਰ ਦਾ ਗੁਜਾਰਾ ਚਲਾਇਆ ਗਿਆ। ਉਸਨੇ ਦੱਸਿਆ ਕਿ ਡਾਇਰੈਕਟਰ ਰੱਖਿਆ ਸੇਵਾਵਾਂ ਵੱਲੋਂ ਆਪਣੇ ਭੇਜੇ ਪੱਤਰ ਵਿੱਚ ਕਿਹਾ ਗਿਆ ਸੀ ਕਿ ਪੰਜਾਬ ਸਰਕਾਰ ਵੱਲੋਂ ਸਾਲ 2002 ਵਿੱਚ ਜਾਰੀ ਕੀਤੇ ਪੱਤਰ ਮੁਤਾਬਿਕ ਤਰਸ ਦੇ ਅਧਾਰ ’ਤੇ ਨੌਕਰੀ ਦੇਣ ਲਈ ਵਿਚਾਰਿਆ ਨਹੀਂ ਜਾ ਸਕਦਾ। ਉਸਨੇ ਦੱਸਿਆ ਕਿ ਵਿਭਾਗ ਵੱਲੋਂ ਇਹ ਤਰਕ ਦਿੱਤਾ ਗਿਆ ਸੀ ਕਿ ਉਸਦੇ ਪਿਤਾ ਨੂੰ ਸ਼ਹੀਦ ਹੋਏ ਨੂੰ ਕਾਫ਼ੀ ਸਮਾਂ ਹੋ ਚੁੱਕਿਆ ਹੈ। ਇਸ ਲਈ ਸਰਕਾਰ ਐਨੇ ਸਮੇਂ ਬਾਅਦ ਤਰਸ ਦੇ ਅਧਾਰ ’ਤੇ ਨੌਕਰੀ ਨਹੀਂ ਦੇ ਸਕਦੀ।

ਰਣਜੀਤ ਸਿੰਘ ਨੇ ਸੁਆਲ ਚੁੱਕਦਿਆਂ ਕਿਹਾ ਕਿ ਜੇਕਰ ਤਿੰਨ ਦਹਾਕਿਆਂ ਬਾਅਦ ਵਿਧਾਇਕਾਂ ਦੇ ਪੁੱਤਰਾਂ ਨੂੰ ਤਰਸ ਦੇ ਅਧਾਰ ’ਤੇ ਨੌਕਰੀ ਦਿੱਤੀ ਜਾ ਸਕਦੀ ਹੈ ਤਾਂ ਉਸ ਨੂੰ ਕਿਉਂ ਨਹੀਂ। ਕੀ ਉਸਦੇ ਪਿਤਾ ਦੀ ਦੇਸ਼ ਲਈ ਕੁਰਬਾਨੀ ਨਹੀਂ ਹੈ? ਉਸਨੇ ਕਿਹਾ ਕਿ ਸਿਰਫ਼ ਵਿਧਾਇਕਾਂ ਦੇ ਪੁੱਤਰਾਂ ਲਈ ਕਾਨੂੰਨਾਂ ’ਚ ਸੋਧ ਹੋ ਸਕਦੀ ਹੈ, ਆਮ ਪਰਿਵਾਰ ਲਈ ਨਹੀਂ। ਰਣਜੀਤ ਸਿੰਘ ਨੇ ਦੱਸਿਆ ਕਿ ਉਹ ਬੀ.ਏ,ਐਮ.ਏ, ਈਟੀਟੀ ਸਮੇਤ ਦੋਵੇਂ ਟੈੱਟ ਪਾਸ ਹੈ। ਇੱਥੋਂ ਤੱਕ ਕਿ 2364 ਪੋਸਟਾਂ ਵਿੱਚ ਉਸਦੀ ਸਕਰੂਟਿੰਗ ਵੀ ਹੋ ਚੁੱਕੀ ਹੈ, ਪਰ ਹਾਈਕੋਰਟ ’ਚ ਮਾਮਲਾ ਲਟਕਿਆ ਪਿਆ ਹੈ। ਉਸਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸੁਆਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਨਜਰੀਂ ਦੇਸ਼ ਲਈ ਬਲੀਦਾਨ ਦੇਣ ਵਾਲੇ ਆਮ ਪਰਿਵਾਰਾਂ ਦੇ ਨੌਜਵਾਨ ਕਿਉਂ ਨਹੀਂ ਆ ਰਹੇ।

ਰਣਜੀਤ ਸਿੰਘ ਧਰਨੇ ’ਤੇ ਡਟਿਆ ਹੋਇਆ, ਯੋਗਤਾ ਦੇ ਅਧਾਰ ’ਤੇ ਮੰਗ ਰਿਹੈ ਨੌਕਰੀ

ਸ਼ਹੀਦ ਹਰਭਜਨ ਸਿੰਘ ਦੇ ਪੁੱਤਰ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਰੁਜ਼ਗਾਰ ਲਈ ਧਰਨਿਆਂ ਦੇ ਰਾਹ ਪਿਆ ਹੈ। ਉਹ ਈਟੀਟੀ ਟੈੱਟ ਪਾਸ ਯੂਨੀਅਨ ਨਾਲ ਜੁੜ ਕੇ ਆਪਣੇ ਰੁਜ਼ਗਾਰ ਲਈ ਸਰਕਾਰ ਨਾਲ ਲੜਾਈ ਲੜ ਰਿਹਾ ਹੈ। ਉਸ ਨੇ ਕਿਹਾ ਕਿ ਉਹ ਯੋਗਤਾ ਦੇ ਅਧਾਰ ’ਤੇ ਆਪਣਾ ਰੁਜ਼ਗਾਰ ਮੰਗ ਰਿਹਾ ਹੈ ਅਤੇ ਸਰਕਾਰ ਨੂੰ ਉਸ ’ਤੇ ਤਰਸ ਕਰਨ ਦੀ ਕੋਈ ਲੋੜ ਨਹੀਂ। ਉਹ ਕਹਿੰਦਾ ਹੈ ਕਿ ਮੁੱਖ ਮੰਤਰੀ ਦੇ ਸ਼ਹਿਰ ’ਚ ਉਹ ਪੁਲਿਸ ਦੇ ਡੰਡੇ ਅਤੇ ਖਿੱਚ ਧੂਹ ਦਾ ਅਨੇਕਾਂ ਵਾਰ ਸ਼ਿਕਾਰ ਹੋ ਚੁੱਕਾ ਹੈ। ਅੱਜ ਵੀ ਉਹ ਸੰਗਰੂਰ ਧਰਨੇ ਵਿੱਚ ਡਟਿਆ ਹੋਇਆ ਹੈ। ਉਸਨੇ ਕਿਹਾ ਕਿ ਘਰ-ਘਰ ਨੌਕਰੀ ਦੇ ਦਾਅਵੇ ਕਰਨ ਵਾਲੇ ਯੋਗਤਾ ਸਮੇਤ ਸਰਕਾਰ ਦੀਆਂ ਸ਼ਰਤਾਂ ਪੂਰੀਆਂ ਕਰਨ ਵਾਲੇ ਨੌਜਵਾਨਾਂ ਨੂੰ ਵਿਸਾਰ ਰਹੇ ਹਨ ਅਤੇ ਅਤੇ ਆਪਣਿਆਂ ਲਈ ਕਾਨੂੰਨਾਂ ਨੂੰ ਛਿੱਕੇ ਢੰਗ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।