ਵਿੱਦਿਅਕ ਢਾਂਚੇ ਨੂੰ ਸੁਧਾਰਨਾ ਸਮੇਂ ਦੀ ਮੁੱਖ ਲੋੜ

Educational Structure Sachkahoon

ਵਿੱਦਿਅਕ ਢਾਂਚੇ ਨੂੰ ਸੁਧਾਰਨਾ ਸਮੇਂ ਦੀ ਮੁੱਖ ਲੋੜ

ਵਿੱਦਿਆ ਸਾਡੀ ਜਿੰਦਗੀ ਨਾਲ ਜੁੜੀ ਇੱਕ ਅਟੁੱਟ ਤੰਦ ਹੁੰਦੀ ਹੈ ਅਤੇ ਇਹ ਵਿਅਕਤੀ ਨੂੰ ਜੀਵਨ ਵਿੱਚ ਪੇਸ਼ ਹੋਣ ਵਾਲੇ ਸੰਘਰਸ਼ਾਂ ਜਾਂ ਉਨ੍ਹਾਂ ਹਲਾਤਾਂ ਨਾਲ ਮੁਕਾਬਲਾ ਕਰਨ ਦੇ ਯੋਗ ਬਣਾਉਂਦੀ ਹੈ ਜਿਸ ਵਿੱਚ ਉਹ ਖੁਦ ਜਾਂ ਹੋਰਾਂ ਦੀ ਜਿੰਦਗੀ ਨੂੰ ਬਿਹਤਰ ਬਣਾਉਣ ਲਈ ਸਫਲ ਕੋਸ਼ਿਸ਼ ਕਰ ਸਕਦਾ ਹੈ। ਅਜਿਹੀ ਗੁਣਵਾਨ ਸਿੱਖਿਆ ਪ੍ਰਣਾਲੀ ਬੱਚਿਆਂ ਵਿੱਚ ਆਰਥਿਕ, ਸਮਾਜਿਕ ਤੇ ਕੁਦਰਤੀ ਚੱਕਰ ਬਾਰੇ ਸਮਝ ਪੈਦਾ ਕਰਦੀ ਹੈ। ਜੇਕਰ ਸਕੂਲੀ ਸਿੱਖਿਆ ਦੀ ਗੱਲ ਕੀਤੀ ਜਾਵੇ ਤਾਂ ਉਸ ਅਨੁਸਾਰ ਸਿੱਖਿਆਰਥੀ ਨੂੰ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਗਿਆਨ ਦੇਣ ਦੇ ਨਾਲ-ਨਾਲ ਉਸ ਸਿੱਖਿਆਰਥੀ ਨੂੰ ਉਸ ਲੈਵਲ ਤੱਕ ਤਿਆਰ ਕਰਨਾ ਹੁੰਦਾ ਹੈ ਜਿਸ ਵਿੱਚ ਉਹ ਉਸ ਵਿਸ਼ੇ, ਘਟਨਾਵਾਂ ਜਾਂ ਪੱਖਾਂ ਬਾਰੇ ਬਿਨਾਂ ਗੁੰਮਰਾਹ ਹੋਏ ਨਿਰਪੱਖਤਾ ਨਾਲ ਸੋਚ ਸਕੇ ਅਤੇ ਨਾਲ ਹੀ ਵਿੱਦਿਆ ਕਿਸੇ ਵੀ ਵਿਦਿਆਰਥੀ ਦੇ ਚੰਗੇ ਤੇ ਮਾੜੇ ਪੱਖਾਂ ਨੂੰ ਪਛਾਣ ਕੇ ਉਸ ਦੇ ਕਮਜ਼ੋਰ ਕੋਨਿਆਂ ਨੂੰ ਵੀ ਮਜਬੂਤ ਕਰਦੀ ਹੈ।

ਵਿੱਦਿਆ ਨੂੰ ਇਨਸਾਨ ਦਾ ਤੀਜਾ ਨੇਤਰ ਕਿਹਾ ਜਾਂਦਾ ਹੈ ਚੰਗੀ ਸਿੱਖਿਆ ਪ੍ਰਾਪਤ ਕਰਕੇ ਕਿਸੇ ਵੀ ਸਿੱਖਿਆਰਥੀ ਦੇ ਦਿ੍ਰਸ਼ਟੀਕੋਣ, ਸੋਚ ਅਤੇ ਵਿਚਾਰਧਾਰਾ ਵਿੱਚ ਹਾਂ-ਪੱਖੀ ਪਰਿਵਰਤਨ ਆ ਜਾਂਦਾ ਹੈ ਤੇ ਉਸ ਦੇ ਹੁਨਰ ਤੇ ਕਾਬਲੀਅਤ ਵਿੱਚ ਵੀ ਨਿਖਾਰ ਆਉਂਦਾ ਹੈ। ਜਦ ਵੀ ਕੋਈ ਜਨਮ ਲੈਂਦਾ ਹੈ ਤਾਂ ਉਸ ਵਿੱਚ ਕੁਝ ਨਾ ਕੁਝ ਖਾਸ ਜਰੂਰ ਹੁੰਦਾ ਹੈ, ਇਸੇ ਕਰਕੇ ਸਾਡੀ ਮੁੱਢਲੀ ਸਕੂਲੀ ਸਿੱਖਿਆ ਅਧੀਨ ਆਉਣ ਵਾਲਾ ਹਰ ਬੱਚਾ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਇੱਥੋਂ ਹੀ ਉਸਦਾ ਸਰਵਪੱਖੀ ਵਿਕਾਸ ਕਰਕੇ ਉਸ ਨੂੰ ਤਰਾਸ਼ਣਾ ਹੁੰਦਾ ਹੈ, ਭਾਵ ਕਿ ਉਸਨੂੰ ਯੋਗ ਵਿੱਦਿਆ ਪ੍ਰਦਾਨ ਕਰਕੇ ਉਸਨੂੰ ਮਾਨਸਿਕ ਤੌਰ ’ਤੇ ਮਜਬੂਤ ਕਰਕੇ ਯੋਗ ਬੁਲੰਦੀਆਂ ’ਤੇ ਪਹੁੰਚਾਇਆ ਜਾਵੇ।

ਜੇਕਰ ਸਾਡੀ ਸਕੂਲੀ ਸਿੱਖਿਆ ਦੇ ਮੌਜੂਦਾ ਪੱਧਰ ’ਤੇ ਨਜ਼ਰ ਮਾਰੀਏ ਤਾਂ ਇਸਦੀ ਦਸ਼ਾ ਤੇ ਦਿਸ਼ਾ ਧੁੰਦਲੀ ਪ੍ਰਤੀਤ ਹੁੰਦੀ ਹੈ ਉਂਝ ਤਾਂ ਭਾਵੇਂ ਇਹ ਵਰਤਾਰਾ ਕਈ ਦਹਾਕਿਆਂ ਤੋਂ ਚੱਲਦਾ ਆ ਰਿਹਾ ਸੀ ਪਰ ਇਸ ਦਾ ਜ਼ਿਆਦਾ ਜਲੂਸ ਤਦ ਨਿੱਕਲਿਆ ਸੀ ਜਦ ਸਰਕਾਰ ਨੇ ਪੰਜਵੀਂ ਅਤੇ ਅਠਵੀਂ ਦੀਆਂ ਬੋਰਡ ਪ੍ਰੀਖਿਆਵਾਂ ਰੱਦ ਕਰਕੇ ਹਰ ਬੱਚੇ ਨੂੰ ਬਿਨ ਇਮਤਿਹਾਨ ਲਏ ਹੀ ਅਗਲੀ ਕਲਾਸ ਵਿੱਚ ਕਰਨ ਦਾ ਫੈਸਲਾ ਲਿਆ ਸੀ, ਫਿਰ ਰਹਿੰਦੀ ਕਸਰ ਕਰੀਬ ਦਸ-ਬਾਰ੍ਹਾਂ ਸਾਲ ਪਹਿਲਾਂ ਚੱਲੀ ਲੱਚਰ ਗਾਇਕੀ ਨੇ ਕੱਢ ਦਿੱਤੀ ਸੀ ਜਿਸ ਵਿੱਚ ਸਕੂਲਾਂ ਕਾਲਜਾਂ ਰਾਹੀਂ ਪੜ੍ਹਾਈਆਂ ਨੂੰ ਪਾਸੇ ਰੱਖ ਲੜਾਈਆਂ ਆਦਿ ਨੂੰ ਮੁੱਖ ਤੌਰ ’ਤੇ ਵਿਖਾ ਕੇ ਵਿਦਿਆਰਥੀਆਂ ਨੂੰ ਰਸਤੇ ਤੋਂ ਭਟਕਾਇਆ ਗਿਆ ਸੀ।

ਪ੍ਰਾਈਵੇਟ ਸਕੂਲਾਂ ਨੇ ਵੀ ਸਿੱਖਿਆ ਦੀ ਗੁਣਵੱਤਾ ’ਤੇ ਅਸਰ ਪਾਇਆ, ਕਿਉਂਕਿ ਹਰ ਸਾਲ ਰਿਜ਼ਲਟ ਵਧੀਆ ਬਣਾਉਣ ਦੇ ਚੱਕਰ ’ਚ ਵਿੱਦਿਆ ਨਾਲ ਕਾਫੀ ਦਾਅ-ਪੇਚ ਖੇਡੇ ਜਾਂਦੇ ਹਨ। ਸਰਕਾਰ ਤੇ ਅਫਸਰਸ਼ਾਹੀ ਦੀ ਸਿੱਖਿਆ ਪ੍ਰਤੀ ਇੱਛਾ-ਸ਼ਕਤੀ ਦਾ ਨਾ ਹੋਣਾ, ਸਰਕਾਰੀ ਸਕੂਲਾਂ ਅਤੇ ਸਿੱਖਿਆ ਲਈ ਜਰੂਰੀ ਬਜਟ ਨਾ ਮਿਲਣਾ ਜਾਂ ਫਿਰ ਸਹੀ ਸਮੇਂ ਤੇ ਸਹੀ ਕੰਮ ਲਈ ਉਸ ਨੂੰ ਖਰਚ ਨਾ ਕਰਨਾ, ਸਕੂਲਾਂ ਦੀਆਂ ਖਸਤਾ ਇਮਾਰਤਾਂ, ਅਧਿਆਪਕਾਂ ਦੀ ਘਾਟ, ਸਿੱਖਿਆ ਦਾ ਬੁਨਿਆਦੀ ਢਾਂਚਾ ਨਾ ਹੋਣਾ ਆਦਿ ਖਾਮੀਆਂ ਨੇ ਸਰਕਾਰੀ ਸਿੱਖਿਆ ਢਾਂਚੇ ’ਤੇ ਬੁਰੇ ਪ੍ਰਭਾਵ ਪਾਏ ਹਨ। ਪਿਛਲੇ ਕੁਝ ਸਾਲਾਂ ’ਚ ਸਿੱਖਿਆ ਦੇ ਬਾਹਰੀ ਢਾਂਚੇ ਨੂੰ ਦਰੁਸਤ ਕਰਨ ਲਈ ਸਰਕਾਰ ਵੱਲੋਂ ਚੁੱਕੇ ਗਏ ਕੁਝ ਕਦਮਾਂ ਤੇ ਅਧਿਆਪਕਾਂ ਦੀ ਮਿਹਨਤ ਸਦਕਾ ਕੀਤੇ ਗਏ ਪ੍ਰਚਾਰ ਤੇ ਪ੍ਰਸਾਰ ਨਾਲ ਆਮ ਲੋਕਾਂ ਦਾ ਝੁਕਾਅ ਫਿਰ ਸਰਕਾਰੀ ਸਕੂਲਾਂ ਵੱਲ ਹੋਣ ਲੱਗਾ ਹੈ।

ਗੌਰ ਕਰਨ ਵਾਲੀ ਗੱਲ ਹੈ ਕਿ ਸਾਡੇ ਨਿੱਜੀ ਜਾਂ ਸਰਕਾਰੀ ਸਿਸਟਮ ਵਿੱਚ ਸਕੂਲੀ ਅਤੇ ਕਿਤਾਬੀ ਵਿੱਦਿਆ, ਬੱਚਿਆਂ ਦੇ ਬਹੁਪੱਖੀ ਗਿਆਨ ਨੂੰ ਸੁਧਾਰਨ ਲਈ ਯੋਗ ਬਦਲਾਅ ਕੀਤੇ ਗਏ ਹਨ? ਤਾਂ ਜਵਾਬ ਸ਼ਾਇਦ ਨਾਂਹ ਹੀ ਹੋਏਗਾ। ਪਹਿਲੀ ਜਮਾਤ ਦੇ ਪਿਆਸੇ ਕਾਂ ਵਾਂਗ ਉਹੀ ਪੁਰਾਣਾ ਪਾਠਕ੍ਰਮ ਪੜ੍ਹਾਉਣ ਦੇ ਉਹੀ ਪੁਰਾਣੇ ਢੰਗ-ਤਰੀਕੇ, ਗਣਿਤ ਵਿਸ਼ੇ ਵਿੱਚ ਸਮਝਾਉਣ ਲਈ ਡਿਜ਼ੀਟਲ ਜਮਾਨਾ ਹੁੰਦਿਆਂ ਵੀ ਉਹੀ ਤੱਕੜੀ-ਵੱਟੇ ਆਦਿ ਦੀਆਂ ਉਦਾਹਰਨਾਂ ਦੇ ਕੇ ਸਮਝਾਇਆ ਜਾਂਦਾ ਹੈ। ਕੰਪਿਊਟਰ ਲੈਬਾਂ ਦਾ ਜੋ ਹਾਲ ਅੱਠ-ਦਸ ਸਾਲ ਪਹਿਲਾਂ ਸੀ ਉਹੀ ਹੁਣ ਹੈ, ਕਲਾਸ ਦੇ ਪੰਦਰਾਂ ਸਿਸਟਮਾਂ ਵਿੱਚੋਂ ਪੰਜ-ਸੱਤ ਖਰਾਬ ਹੁੰਦੇ ਨੇ, ਟੀਚਰ ਸਿਰਫ ਪੇਂਟ ਡਿਜ਼ਾਇਨਿੰਗ ਅਦਿ ਬਾਰੇ ਥੋੜ੍ਹਾ ਸਮਝਾ ਕੇ ਆਪਣਾ ਕੰਮ ਖਤਮ ਕਰਦੇ ਹਨ ਤੇ ਸਾਡੇ ਵਰਗੇ ਵਿਦਿਆਰਥੀ ਗੇਮਾਂ ਜਾਂ ਨੈੱਟ ’ਤੇ ਸਰਚਾਂ ਕਰਕੇ ਆਪਣਾ ਸਮਾਂ ਖਰਾਬ ਕਰਦੇ ਹਨ। ਬਹੁ ਗਿਣਤੀ ਅਜਿਹੇ ਵਿਦਿਆਰਥੀ ਵੀ ਮਿਲ ਜਾਣਗੇ ਜਿਨ੍ਹਾਂ ਨੂੰ ਦਸਵੀਂ ਵਿੱਚ ਹੋ ਕੇ ਵੀ ਕੰਪਿਊਟਰ ਨੂੰ ਸਹੀ ਤਰੀਕੇ ਨਾਲ ਸ਼ਟ-ਡਾਊਨ ਕਰਨਾ ਨਹੀਂ ਆਉਂਦਾ, ਟਾਇੰਪਿੰਗ, ਪਿ੍ਰੰਟ, ਸਕੈਨ ਐਕਸਲ, ਜੀ-ਮੇਲ ਆਦਿ ਵਰਗੇ ਰੋਜ਼ਾਨਾ ਕੰਮ ਆਉਣ ਵਾਲੇ ਫੀਚਰਾਂ ਦੇ ਗਿਆਨ ਦੀ ਤਾਂ ਗੱਲ ਹੀ ਦੂਰ ਹੈ।

ਸੋ ਮੁੱਕਦੀ ਗੱਲ ਇਹੋ ਹੈ ਕਿ ਕਿਸੇ ਨਾ ਕਿਸੇ ਵਜ੍ਹਾ ਕਰਕੇ ਸਿਰਫ ਸੀਮਤ ਅਤੇ ਅਧੂਰੀ ਸਿੱਖਿਆ ਹੀ ਸਾਡੇ ਉੱਪਰ ਥੋਪੀ ਜਾ ਰਹੀ ਹੈ, ਉਸ ਮੁਕੱਮਲ ਗਿਆਨ ਤੋਂ ਸਾਨੂੰ ਵਾਂਝਾ ਰੱਖਿਆ ਜਾ ਰਿਹਾ ਹੈ ਜਿਸ ਦੇ ਨਾ ਹੋਣ ਕਰਕੇ ਅਸੀਂ ਆਪਣੇ ਹੱਕਾਂ ਪ੍ਰਤੀ ਅਵੇਸਲੇ ਤੇ ਅਗਿਆਨੀ ਹਾਂ, ਗਲਤ ਵਿਰੁੱਧ ਆਵਾਜ਼ ਚੁੱਕਣ ਵੇਲੇ ਡਰਦੇ ਹਾਂ, ਅਗਿਆਨੀ ਹੋਣ ਕਰਕੇ ਹੀ ਸਾਡੀ ਨੌਜਵਾਨ ਪੀੜ੍ਹੀ ਖੁਦ ਕਿਸੇ ਕਾਰੋਬਾਰ ਦਾ ਮਾਲਕ ਬਣਨ ਦੀ ਜਗ੍ਹਾ ਕਿਸੇ ਦਾ ਨੌਕਰ ਲੱਗਣਾ ਜ਼ਿਆਦਾ ਪਸੰਦ ਕਰ ਰਹੀ ਹੈ, ਇੱਥੇ ਖੁਦ ਦੇ ਕਾਰੋਬਾਰ, ਪਰਿਵਾਰ ਆਦਿ ਛੱਡ ਵਿਦੇਸ਼ਾਂ ਵਿੱਚ ਦਿਨ-ਰਾਤ ਦੀਆਂ ਸ਼ਿਫਟਾਂ ਕਰ ਰਹੀ ਹੈ ਤੇ ਜੋ ਬਚੀ ਉਹ ਨਸ਼ੇੜੀ ਬਣ ਰਹੀ ਹੈ ਕਾਰਨ ਹੈ ਵਿੱਦਿਆ ਦੀ ਕਮੀ, ਕਿਉਂਕਿ ਕਿਤਾਬਾਂ ਵਿੱਚ ਜੋ ਗਿਆਨ ਦਿੱਤਾ ਜਾਂਦਾ ਹੈ ਉਹ ਸਿਰਫ ਖਾਨਾਪੂਰਤੀ ਮਾਤਰ ਹੀ ਹੈ, ਇਹ ਕਿਸੇ ਕਿਤਾਬ ਵਿੱਚ ਨਹੀਂ ਦੱਸਿਆ ਜਾਂ ਸਿਖਾਇਆ ਜਾਂਦਾ ਕਿ ਵੱਡਿਆਂ ਦਾ ਸਤਿਕਾਰ ਕਿਵੇਂ ਕਰਨਾ ਹੈ, ਲੋੜਵੰਦ ਦੀ ਮੱਦਦ ਕਿਵੇਂ ਕਰਨੀ ਹੈ, ਦੁਨੀਆਦਾਰੀ ਵਿੱਚ ਕਿਵੇਂ ਵਿਚਰਨਾ ਹੈ, ਕਿਤੇ ਹੋ ਰਹੇ ਅੱਤਿਆਚਾਰ ਤੇ ਜ਼ਬਰ ਵਿਰੁੱਧ ਆਵਾਜ਼ ਕਿਵੇਂ ਉਠਾਉਣੀ ਹੈ।

ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਪਰ ਇੱਥੋਂ ਦੀ ਸਕੂਲੀ ਵਿੱਦਿਆ ਵਿੱਚ ਖੇਤੀਬਾੜੀ ਵਿਸ਼ੇ ਨੂੰ ਵਾਧੂ ਵਿਸ਼ਾ ਸਮਝ ਕੇ ਇੱਕ ਖੂੰਜੇ ਹੀ ਲਾ ਰੱਖਿਆ ਹੈ ਮੁੱਢਲੀ ਸਿੱਖਿਆ ਵਿੱਚ ਹੀ ਵਿਦਿਆਰਥੀਆਂ ਦੇ ਦਿਮਾਗ ਵਿੱਚ ਸਰਕਾਰੀ ਨੌਕਰੀ ਦਾ ਕੀੜਾ ਫਿੱਟ ਕਰ ਦਿੱਤਾ ਜਾਂਦਾ ਹੈ ਬਜਾਇ ਇਸਦੇ ਕਿ ਉਸਨੂੰ ਇੱਕ ਨੇਕ ਤੇ ਕਾਬਿਲ ਇਨਸਾਨ ਬਣਾਇਆ ਜਾਵੇ, ਨੌਕਰੀ ਨਾ ਮਿਲੇ ਤਾਂ ਉਹ ਇੰਨਾ ਕੁ ਕਾਬਿਲ ਜਰੂਰ ਹੋਏ ਕਿ ਉਹ ਨਸ਼ੇੜੀ ਜਾਂ ਚੋਰ ਬਣਨ ਦੀ ਜਗ੍ਹਾ ਖੁਦ ਕੋਈ ਕੰਮ ਸ਼ੁਰੂ ਕਰ ਸਕੇ ਜਾਂ ਉਸ ਵਿੱਚ ਕੋਈ ਨਾ ਕੋਈ ਹੁਨਰ ਜਾਂ ਕਲਾ ਜਰੂਰ ਹੋਣੀ ਚਾਹੀਦੀ ਹੈ ਜੋ ਉਸਨੂੰ ਕਿਸੇ ਅੱਗੇ ਹੱਥ ਅੱਡਣ ਲਈ ਮਜਬੂਰ ਨਾ ਕਰੇ।

ਪਰ ਸਾਡੇ ਮੌਜੂਦਾ ਸਿੱਖਿਆ ਢਾਚੇ ਵਿੱਚ ਤਾਂ ਗੱਲਾਂ ਹੀ ਬਿਲਕੁਲ ਅਲੱਗ ਹਨ ਸਾਡੇ ਦੇਸ਼ ਦਾ ਬਚਪਨ ਤੇ ਜਵਾਨੀ ਨੰਬਰਾਂ ਜਾਂ ਪ੍ਰਤੀਸ਼ਤ ਦੀ ਦੌੜ ਦਾ ਸ਼ਿਕਾਰ ਹੋ ਕੇ ਰਹਿ ਗਏ ਹਨ। ਰਿਜਲਟ ਦੇ ਦਿਨ ਸੌ ਪ੍ਰਤੀਸ਼ਤ ਜਾਂ ਉਸ ਦੇ ਆਸ-ਪਾਸ ਰਹਿਣ ਦੀ ਲਾਲਸਾ ਨੇ ਸਿੱਖਿਆ ਦੇ ਬੁਨਿਆਦੀ ਅਮਲ ਦੀ ਸਮਝ ਨੂੰ ਧੁੰਦਲਾ ਕਰਕੇ ਰੱਖ ਦਿੱਤਾ ਹੈ। ਕਿਤਾਬਾਂ ਵਿਚਲੇ ਪਾਠਕ੍ਰਮ ਨੂੰ ਸਮਝਾਉਣ ਦੀ ਜਗ੍ਹਾ ’ਤੇ ਰਟਾਇਆ ਜਾਂਦਾ ਹੈ। ਅਸਲ ਵਿੱਚ ਪ੍ਰੀਖਿਆ ਦਾ ਇਹ ਸਿਸਟਮ ਵਿਦਿਆਰਥੀ ਦੀ ਯਾਦ ਸ਼ਕਤੀ ਦੀ ਜ਼ਰੂਰ ਪਰਖ ਕਰ ਸਕਦਾ ਹੈ ਪਰ ਉਸਦੀ ਸੋਚ-ਸਮਝ, ਦਿ੍ਰਸ਼ਟੀਕੋਣ ਅਤੇ ਉਸਦੇ ਵਿਅਕਤੀਗਤ ਦਾ ਮੁਲਾਂਕਣ ਨਹੀਂ ਕਰ ਸਕਦਾ। ਮੌਜੂਦਾ ਸਿੱਖਿਆ ਦੇ ਢਾਂਚੇ ਕਰਕੇ ਜਿਆਦਾਤਰ ਅਧਿਆਪਕ ਵੀ ਆਪਣੇ ਕੰਮ ਨੂੰ ਸਿਰਫ ਪ੍ਰੀਖਿਆ ਤੇ ਅੰਕ ਦੌੜ ਵੱਲ ਕੇਂਦਰਿਤ ਕਰਨ ਲਈ ਮਜਬੂਰ ਹੋ ਗਏ ਹਨ।

ਸੋ ਸਮੇਂ ਦੀ ਮੁੱਖ ਲੋੜ ਹੈ ਵਿੱਦਿਆਕ ਢਾਂਚੇ ਵਿੱਚ ਕ੍ਰਾਂਤੀਕਾਰੀ ਬਦਲਾਅ ਕਰਨ ਦੀ, ਵਿਦਿਆਰਥੀਆਂ ਨੂੰ ਅਜਿਹੀ ਸਿੱਖਿਆ ਦੇਣ ਦੀ ਜਿਸ ਨਾਲ ਉਹ ਖੁਦ ਨੂੰ ਮਾਨਸਿਕ, ਸਰੀਰਕ, ਅਧਿਆਤਮਿਕ ਤੇ ਆਰਥਿਕ ਤੌਰ ’ਤੇ ਮਜਬੂਤ ਕਰ ਸਕਣ, ਆਪਣੇ ਹੱਕਾਂ ਬਾਰੇ ਉਹ ਜਾਗਰੂਕ ਹੋ ਸਕਣ, ਸੋਚ-ਵਿਚਾਰ ਕੇ ਸਹੀ ਨੂੰ ਚੁਣਨ ਦੇ ਸਮਰੱਥ ਹੋ ਸਕਣ ਤੇ ਇਸਦਾ ਹੱਲ ਇਹ ਹੈ ਕਿ ਸਾਡੇ ਪ੍ਰੀਖਿਆ ਤੰਤਰ ਨੂੰ ਸੁਧਾਰਿਆ ਜਾਵੇ ਅਤੇ ਸਾਡੀ ਸਿੱਖਿਆ ਪ੍ਰਣਾਲੀ ਨੂੰ ਮੁੜ ਲੀਹ ’ਤੇ ਲਿਆਂਦਾ ਜਾਵੇ ।

ਸੁਖਵਿੰਦਰ ਚਹਿਲ, ਸੰਗਤ ਕਲਾਂ (ਬਠਿੰਡਾ)
ਮੋ. 85590-86235

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।