ਕਿਸਾਨੀ ਰੋਹ : ਕੰਧਾਂ ਟੱਪਕੇ ਡੀਸੀ ਦਫ਼ਤਰ ਦੇ ਮੀਟਿੰਗ ਹਾਲ ’ਚ ਪੁੱਜੇ ਕਿਸਾਨ

Farmers Sachkahoon

ਨਵੇਂ ਬਣਨ ਵਾਲੇ ਨੈਸ਼ਨਲ ਹਾਈਵੇ ਲਈ ਕਿਸਾਨਾਂ ਦੇ ਸੁਣਨੇ ਸੀ ਇਤਰਾਜ

  • ਬਠਿੰਡਾ ਤੇ ਪਟਿਆਲਾ ਜ਼ਿਲ੍ਹੇ ’ਚੋਂ ਪੁੱਜੇ ਹੋਏ ਸੀ ਕਿਸਾਨ

  • ਮੀਟਿੰਗ ਹਾਲ ’ਚ ਗੂੰਜੇ ਸਰਕਾਰ ਵਿਰੋਧੀ ਨਾਅਰੇ

ਬਠਿੰਡਾ, ਸੁਖਜੀਤ ਮਾਨ। ਭਾਰਤਮਾਲਾ ਪ੍ਰੋਜੈਕਟ ਤਹਿਤ ਬਣਾਏ ਜਾ ਰਹੇ ਨੈਸ਼ਨਲ ਹਾਈਵੇ ’ਚ ਆਉਂਦੀਆਂ ਜ਼ਮੀਨਾਂ ਦੇ ਮਾਲਕ ਕਿਸਾਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਗੇਟ ਅਤੇ ਕੰਧਾਂ ਟੱਪਕੇ ਅੰਦਰ ਚਲੇ ਗਏ ਤੇ ਮੀਟਿੰਗ ਹਾਲ ਦੀਆਂ ਮੁੱਖ ਕੁਰਸੀਆਂ ਸਮੇਤ ਉੱਥੇ ਲੱਗੇ ਮੇਜਾਂ ’ਤੇ ਬੈਠਕੇ ਸਰਕਾਰ ਵਿਰੋਧੀ ਜੋਰਦਾਰ ਨਾਅਰੇਬਾਜ਼ੀ ਕੀਤੀ ਕਿਸਾਨਾਂ ਦਾ ਗਿਲ੍ਹਾ ਸੀ ਕਿ ਅਧਿਕਾਰੀਆਂ ਵੱਲੋਂ ਹਾਲ ’ਚ ਕੁੱਝ ਜਾਅਲੀ ਕਿਸਾਨਾਂ ਨੂੰ ਬਿਠਾ ਕੇ ਹੀ ਹਾਂ-ਹਾਂ ਕਰਵਾਈ ਜਾ ਰਹੀ ਹੈ ਜਦੋਂਕਿ ਉਨ੍ਹਾਂ ਨੂੰ ਤਾਂ ਮੀਟਿੰਗ ਦੇ ਨੇੜੇ ਨਹੀਂ ਢੁੱਕਣ ਦਿੱਤਾ। ਪੁਲਿਸ ਦਾ ਸਖਤ ਪਹਿਰਾ ਵੀ ਕਿਸਾਨਾਂ ਦੇ ਰਾਹ ਨਾ ਰੋਕ ਸਕਿਆ ਨੈਸ਼ਨਲ ਹਾਈਵੇ ਇੰਸਟੀਚਿਊਟ ਦੇ ਇੱਕ ਅਧਿਕਾਰੀ ਨੂੰ ਵੀ ਕਿਸਾਨਾਂ ਨੇ ਮੀਟਿੰਗ ਹਾਲ ’ਚ ਹੀ ਘੇਰੀ ਰੱਖਿਆ ਇਸ ਮੀਟਿੰਗ ’ਚ ਸ਼ਾਮਿਲ ਹੋਣ ਲਈ ਬਠਿੰਡਾ ਤੋਂ ਇਲਾਵਾ ਪਟਿਆਲਾ ਜ਼ਿਲ੍ਹੇ ਦੇ ਕਿਸਾਨ ਵੀ ਪੁੱਜੇ ਹੋਏ ਸੀ।

Farmers Sachkahoon

ਵੇਰਵਿਆਂ ਮੁਤਾਬਿਕ ਨੈਸ਼ਨਲ ਹਾਈਵੇ ਸਬੰਧੀ ਇਤਰਾਜ ਸੁਣਨ ਲਈ ਅੱਜ ਅਧਿਕਾਰੀਆਂ ਵੱਲੋਂ ਮੀਟਿੰਗ ਡੀਸੀ ਦਫ਼ਤਰ ਮੀਟਿੰਗ ਹਾਲ ’ਚ ਰੱਖੀ ਗਈ ਸੀ ਜਿਸ ਸਬੰਧੀ ਬਕਾਇਦਾ ਤੌਰ ’ਤੇ ਸਬੰਧਿਤ ਪਿੰਡਾਂ ’ਚ ਸਪੀਕਰਾਂ ਰਾਹੀਂ ਹੋਕਾ ਦਿੱਤਾ ਗਿਆ ਸੀ ਕਿ ਜਿੰਨਾਂ ਕਿਸਾਨਾਂ ਦੀ ਜ਼ਮੀਨ ਇਸ ਹਾਈਵੇ ’ਚ ਆਉਂਦੀ ਹੈ ਉਹ ਮੀਟਿੰਗ ’ਚ ਪੁੱਜਣ ਅੱਜ ਜਦੋਂ ਮੀਟਿੰਗ ਸਮੇਂ ਕਿਸਾਨ ਰੋਡ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਯਾਦਵਿੰਦਰ ਸਿੰਘ ਅਤੇ ਬਠਿੰਡਾ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਅਤੇ ਕਿਸਾਨ ਯੂਨੀਅਨਾਂ ਦੀ ਅਗਵਾਈ ’ਚ ਡੀਸੀ ਦਫ਼ਤਰ ਕੋਲ ਪੁੱਜੇ ਤਾਂ ਪੁਲਿਸ ਨੇ ਮੁੱਖ ਗੇਟ ਨੂੰ ਜਿੰਦਾ ਲਾ ਦਿੱਤਾ ਜਿਸ ਕਾਰਨ ਕਿਸਾਨਾਂ ’ਚ ਰੋਹ ਪੈਦਾ ਹੋ ਗਿਆ। ਕਿਸਾਨਾਂ ਦਾ ਤਰਕ ਸੀ ਕਿ ਜੇਕਰ ਉਨ੍ਹਾਂ ਨੂੰ ਅੰਦਰ ਹੀ ਨਹੀਂ ਜਾਣ ਦੇਣਾ ਫਿਰ ਸੱਦਿਆ ਕਿਸ ਕੰਮ ਲਈ ਸੀ ਲੰਬਾ ਸਮਾਂ ਕਿਸਾਨਾਂ ਅਤੇ ਪੁਲਿਸ ਦਰਮਿਆਨ ਹੁੰਦੀ ਰਹੀ ਬਹਿਸਬਾਜ਼ੀ ਦੇ ਬਾਅਦ ਵੀ ਜਦੋਂ ਕਿਸਾਨਾਂ ਨੂੰ ਅੰਦਰ ਨਾ ਜਾਣ ਦਿੱਤਾ ਤਾਂ ਹਰਖੇ ਹੋਏ ਕਿਸਾਨ ਗੇਟ ਉੱਤੋਂ ਦੀ ਤੇ ਕੰਧਾਂ ਟੱਪਕੇ ਅੰਦਰ ਚਲੇ ਗਏ।

ਕਿਸਾਨਾਂ ਦੇ ਅੰਦਰ ਦਾਖਲਾ ਹੁੰਦਿਆਂ ਹੀ ਅਧਿਕਾਰੀ ਮੀਟਿੰਗ ’ਚੋਂ ਖਿਸਕ ਗਏ ਤੇ ਕਿਸਾਨਾਂ ਨੇ ਹਾਲ ’ਚ ਮੁੱਖ ਕੁਰਸੀਆਂ ਤੇ ਉੱਥੇ ਲੱਗੇ ਮੇਜਾਂ ’ਤੇ ਬੈਠਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਕਿਸਾਨਾਂ ਨੇ ਐਨਐਚਆਈ ਦੇ ਇੱਕ ਅਧਿਕਾਰੀ ਨੂੰ ਮੀਟਿੰਗ ਹਾਲ ’ਚੋਂ ਬਾਹਰ ਨਹੀਂ ਜਾਣ ਦਿੱਤਾ ਤੇ ਘਿਰਾਓ ਕਰਕੇ ਨਾਅਰੇ ਲਾਏ ਕਿਸਾਨਾਂ ਨੇ ਸਰਕਾਰ ’ਤੇ ਨਿਸ਼ਾਨੇ ਵਿੰਨ੍ਹਦਿਆਂ ਕਿਹਾ ਕਿ ਪ੍ਰਸਾਸ਼ਨ ਤੋਂ ਇਲਾਵਾ ਪੰਜਾਬ ਸਰਕਾਰ ਵੀ ਕੇਂਦਰ ਨਾਲ ਮਿਲਕੇ ਰੋਡ ਮਾਫੀਆ ਬਣੀ ਹੋਈ ਹੈ ਤੇ ਇਹ ਮਾਫ਼ੀਆ ਸਰਕਾਰ ਦਾ ਕਮਾਊ ਪੁੱਤ ਹੈ ਕਿਸਾਨਾਂ ਨੇ ਆਖਿਆ ਕਿ ਉਨ੍ਹਾਂ ਮੀਟਿੰਗ ਤੋਂ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇਸ ਸਬੰਧੀ ਜਦੋਂ ਸਰਕਾਰ ਨਾਲ ਗੱਲ ਚੱਲ ਰਹੀ ਹੈ ਤਾਂ ਮੀਟਿੰਗ ਬੁਲਾਈ ਹੀ ਕਿਉਂ ਗਈ

ਮਰਜਾਂਗੇ ਪਰ ਜ਼ਮੀਨ ਨਹੀਂ ਦਿਆਂਗੇ : ਕਿਸਾਨ

ਮੀਟਿੰਗ ’ਚ ਸ਼ਾਮਿਲ ਹੋਣ ਪੁੱਜੀ ਬਿਰਧ ਮਹਿਲਾ ਕਿਸਾਨ ਜੰਗੀਰ ਕੌਰ ਨੇ ਆਖਿਆ ਕਿ ਉਹ ਆਪਣੇ ਖੇਤਾਂ ’ਚੋਂ ਦੀ ਸੜਕ ਨਹੀਂ ਲੰਘਣ ਦੇਣਗੇ ਕਿਉਂਕਿ ਜੇ ਸੜਕ ਨਿੱਕਲ ਗਈ ਤਾਂ ਜ਼ਮੀਨ ਦੇ ਦੋ-ਦੋ ਟੋਟੇ ਹੋ ਜਾਣਗੇ ਉਨ੍ਹਾਂ ਸਖਤ ਲਹਿਜੇ ’ਚ ਪ੍ਰਸਾਸ਼ਨ ਨੂੰ ਚਿਤਾਵਨੀ ਦਿੰਦਿਆਂ ਆਖਿਆ ਕਿ ਉਹ ਮਰ ਜਾਣਗੇ ਪਰ ਜ਼ਮੀਨ ਨਹੀਂ ਦੇਣਗੇ।

ਮੀਟਿੰਗਾਂ ਮੁਲਤਵੀ ਕਰ ਦਿੱਤੀਆਂ : ਤਹਿਸੀਲਦਾਰ

ਕਾਫੀ ਲੰਬਾ ਸਮਾਂ ਜਦੋਂ ਕਿਸਾਨ ਮੀਟਿੰਗ ਹਾਲ ’ਚ ਹੀ ਨਾਅਰੇਬਾਜ਼ੀ ਕਰਦੇ ਰਹੇ ਤਾਂ ਪ੍ਰਸਾਸ਼ਨ ਨੂੰ ਮੀਟਿੰਗ ਮੁਲਤਵੀ ਕਰਨੀ ਪਈ ਇਸ ਦੌਰਾਨ ਕਿਸਾਨਾਂ ਨੂੰ ਸ਼ਾਂਤ ਕਰਨ ਲਈ ਪੁੱਜੇ ਤਹਿਸੀਲਦਾਰ ਸੁਖਵੀਰ ਸਿੰਘ ਬਰਾੜ ਨੇ ਕਿਹਾ ਕਿ ਨੈਸ਼ਨਲ ਹਾਈਵੇ ਸਬੰਧੀ ਇਤਰਾਜ ਸੁਣਨ ਲਈ ਜੋ ਅੱਜ ਦੋ ਮੀਟਿੰਗਾਂ ਰੱਖੀਆਂ ਗਈਆਂ ਸੀ। ਉਨ੍ਹਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਇਸ ਭਰੋਸੇ ਮਗਰੋਂ ਇੱਕ ਕਿਸਾਨ ਆਗੂ ਨੇ ਮੇਜ ’ਤੇ ਖੜ੍ਹੇ ਹੋ ਕੇ ਕਿਹਾ ਕਿ ਉਨ੍ਹਾਂ ਦਾ 32 ਸਾਲ ਦਾ ਤਜਰਬਾ ਹੈ, ਇਹ ਐਵੇਂ ਹੀ ਕਹਿ ਦਿੰਦੇ ਨੇ ਜਿੰਨਾਂ ਸਮਾਂ ਲਿਖਤੀ ਨਹੀਂ ਦਿੰਦੇ ਉਹ ਇੱਥੇ ਹੀ ਬੈਠੇ ਰਹਿਣਗੇ ਤਹਿਸੀਲਦਾਰ ਨੇ ਕਿਸਾਨਾਂ ਨੂੰ ਮੀਟਿੰਗ ਮੁਲਤਵੀ ਸਬੰਧੀ ਲਿਖਤੀ ਤੌਰ ’ਤੇ ਵੀ ਲਿਆ ਕੇ ਦੇਣ ਲਈ ਕਿਹਾ।

ਕਿਸਾਨਾਂ ਦੀ ਗੱਲ ਸੁਣਕੇ ਪ੍ਰਸਾਸ਼ਨ ਵੱਲੋਂ ਮੰਨਿਆ ਜਾਣਾ ਚਾਹੀਦੈ : ਐਨਐਚਆਈ ਅਧਿਕਾਰੀ

ਇਸ ਦੌਰਾਨ ਕਿਸਾਨਾਂ ਨੇ ਨੈਸ਼ਨਲ ਹਾਈਵੇ ਇੰਸਟੀਚਿਊਟ (ਐਨਐਚਆਈ) ਦੇ ਇੱਕ ਅਧਿਕਾਰੀ ਸਰਬਪ੍ਰੀਤ ਸਿੰਘ ਨੂੰ ਮੀਟਿੰਗ ਹਾਲ ’ਚ ਹੀ ਘੇਰੀ ਰੱਖਿਆ ਇਸ ਅਧਿਕਾਰੀ ਨਾਲ ਸਵਾਲ-ਜਵਾਬ ਕਰਦਿਆਂ ਕਿਸਾਨਾਂ ਨੇ ਆਖਿਆ ਕਿ ਜੇਕਰ ਉਨ੍ਹਾਂ ਨੂੰ ਮੀਟਿੰਗ ’ਚ ਬਿਠਾਇਆ ਹੀ ਨਹੀਂ ਜਾਣਾ ਸੀ ਤਾਂ ਸੱਦਿਆ ਹੀ ਕਿਉਂ। ਕਿਸਾਨਾਂ ਦੇ ਇਨ੍ਹਾਂ ਸਵਾਲਾਂ ਦੇ ਜਵਾਬ ਦਿੰਦਿਆਂ ਅਧਿਕਾਰੀ ਨੇ ਆਖਿਆ ਕਿ ਇਸ ਲਈ ਉਹ ਜਵਾਬਦੇਹ ਨਹੀਂ ਹੈ ਕਿ ਉਨ੍ਹਾਂ ਨੂੰ ਅੰਦਰ ਕਿਉਂ ਨਹੀਂ ਆਉਣ ਦਿੱਤਾ ਇਹ ਸਥਾਨਕ ਪ੍ਰਸਾਸ਼ਨ ਦਾ ਕੰਮ ਹੈ ਜਦੋਂ ਪੱਤਰਕਾਰਾਂ ਨੇ ਅਧਿਕਾਰੀ ਸਰਬਪ੍ਰੀਤ ਸਿੰਘ ਨੂੰ ਪੁੱਛਿਆ ਕਿ ਕਿਸਾਨਾਂ ਦਾ ਉਨ੍ਹਾਂ ਦਾ ਘਿਰਾਓ ਕਿਉਂ ਕੀਤਾ ਤਾਂ ਉਨ੍ਹਾਂ ਆਖਿਆ ਕਿ ਉਹ ਇਸ ਨੂੰ ਘਿਰਾਓ ਨਹੀਂ ਮੰਨਦੇ ਕਿਉਂਕਿ ਉਨ੍ਹਾਂ ਨੇ ਤਾਂ ਖੁਦ ਕਿਸਾਨਾਂ ਨੂੰ ਇੱਥੇ ਸੱਦਿਆ ਸੀ ਕਿਉਂਕਿ ਇਹ ਮੀਟਿੰਗ ਇਤਰਾਜ ਸੁਣਨ ਲਈ ਜਨਤਕ ਸੁਣਵਾਈ ਵਜੋਂ ਰੱਖੀ ਗਈ ਸੀ ਤੇ ਇਤਰਾਜ ਹੀ ਸੁਣੇ ਜਾਣੇ ਸਨ ਅਧਿਕਾਰੀ ਨੇ ਤਰਕ ਦਿੱਤਾ ਕਿ ਕਿਸਾਨਾਂ ਵੱਲੋਂ ਜੋ ਗੱਲ ਰੱਖੀ ਜਾ ਰਹੀ ਹੈ ਇਸਨੂੰ ਪ੍ਰਸਾਸ਼ਨ ਵੱਲੋਂ ਸੁਣਕੇ ਇਸਨੂੰ ਮੰਨਿਆ ਜਾਣਾ ਚਾਹੀਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।