ਪਰਨੀਤ ਕੌਰ ਅਤੇ ਜਸਬੀਰ ਡਿੰਪਾ ਨੇ ਨਕਾਰੀਆਂ, ਇਹੋ ਜਿਹਾ ਕੁਝ ਵੀ ਨਹੀਂ
ਮੁੱਖ ਮੰਤਰੀ ਦਫ਼ਤਰ ਨੇ ਵੀ ਕੀਤਾ ਇਨਕਾਰ, ਕਿਹਾ, ਮੁੱਖ ਮੰਤਰੀ ਦੀ ਨਹੀਂ ਹੋਈ ਕੋਈ ਮੀਟਿੰਗ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਮੁੱਖ ਮੰਤਰੀ ਅਮਰਿੰਦਰ ਸਿੰਘ ਬੀਤੇ ਦਿਨਾਂ ਵਿੱਚ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਦੇ ਘਰ ਸਮਝੌਤੇ ਲਈ ਨਹੀਂ ਗਏ ਅਤੇ ਨਾ ਹੀ ਕਿਸੇ ਵੀ ਤਰ੍ਹਾਂ ਦੀ ਕੋਈ ਮੀਟਿੰਗ ਹੋਈ ਹੈ। ਇਹ ਸਿਰਫ਼ ਅਫ਼ਵਾਹਾਂ ਹਨ ਅਤੇ ਇਨ੍ਹਾਂ ਅਫ਼ਵਾਹਾਂ ਤੋਂ ਸੰਸਦ ਮੈਂਬਰ ਪਰਨੀਤ ਕੌਰ ਅਤੇ ਸੰਸਦ ਮੈਂਬਰ ਜਸਬੀਰ ਡਿੰਪਾ ਨੇ ਸਾਫ਼ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖ਼ਬਰਾਂ ਵਿੱਚ ਰਤੀ ਭਰ ਵੀ ਸਚਾਈ ਨਹੀਂ ਹੈ। ਪ੍ਰਤਾਪ ਬਾਜਵਾ ਨਾਲ ਉਨ੍ਹਾਂ ਦੀ ਪਿਛਲੇ ਕਾਫ਼ੀ ਸਮੇਂ ਤੋਂ ਕੋਈ ਗੱਲਬਾਤ ਹੀ ਨਹੀਂ ਹੋਈ ਹੈ ਤਾਂ ਉਹ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੀਟਿੰਗ ਕਿਵੇਂ ਕਰਵਾ ਸਕਦੇ ਹਨ।
ਸੰਸਦ ਮੈਂਬਰ ਪਰਨੀਤ ਕੌਰ ਨੇ ਤਾਂ ਹੈਰਾਨਗੀ ਜਤਾਈ ਕਿ ਉਹ ਤਾਂ ਪੰਜਾਬ ਜਾਂ ਫਿਰ ਚੰਡੀਗੜ੍ਹ ਹੀ ਨਹੀਂ ਹਨ, ਇਸ ਲਈ ਮੀਟਿੰਗ ਕਿਵੇਂ ਕਰਵਾਈ ਜਾ ਸਕਦੀ ਹੈ। ਇਥੇ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਰਹਿਣ ਵਾਲੇ ਇੱਕ ਸੀਨੀਅਰ ਅਧਿਕਾਰੀ ਨੇ ਵੀ ਇਨ੍ਹਾਂ ਖ਼ਬਰਾਂ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਪ੍ਰਤਾਪ ਬਾਜਵਾ ਨਾਲ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕੋਈ ਮੀਟਿੰਗ ਨਹੀਂ ਹੋਈ ਹੈ ਅਤੇ ਕਿਸੇ ਵੀ ਪ੍ਰਾਈਵੇਟ ਗੱਡੀ ਵਿੱਚ ਸਫ਼ਰ ਹੀ ਨਹੀਂ ਕਰਦੇ ਹਨ। ਉਨ੍ਹਾਂ ਨਾਲ ਪੁਖ਼ਤਾ ਸੁਰੱਖਿਆ ਚਲਦੀ ਹੈ, ਉਨ੍ਹਾਂ ਸਾਫ਼ ਕੀਤਾ ਕਿ ਸਾਰਾ ਕੁਝ ਅਫ਼ਵਾਹਾਂ ਹਨ।
ਇਥੇ ਜਿਕਰਯੋਗ ਹੈ ਕਿ ਬੀਤੇ ਦਿਨ ਤੋਂ ਖ਼ਬਰਾਂ ਚਲ ਰਹੀਆਂ ਹਨ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਇੱਕ ਪ੍ਰਾਈਵੇਟ ਗੱਡੀ ‘ਤੇ ਸਵਾਰ ਹੋ ਕੇ ਬੁੱਧਵਾਰ ਨੂੰ ਸੰਸਦ ਮੈਂਬਰ ਪ੍ਰਤਾਪ ਬਾਜਵਾ ਦੇ ਘਰ ਗਏ ਸਨ ਅਤੇ ਉਨ੍ਹਾਂ ਨਾਲ ਮੀਟਿੰਗ ਕੀਤੀ ਗਈ ਹੈ, ਜਿਸ ਤੋਂ ਬਾਅਦ ਦੋਹਾ ਵਿਚਕਾਰ ਸਮਝੌਤਾ ਹੋਣ ਦੀ ਰਾਹ ਪੱਧਰਾ ਹੋ ਗਿਆ ਹੈ। ਇਸ ਮੀਟਿੰਗ ਨੂੰ ਕਰਵਾਉਣ ਵਿੱਚ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਵਲੋਂ ਅਹਿਮ ਭੂਮਿਕਾ ਨਿਭਾਈ ਗਈ ਹੈ। ਇਨ੍ਹਾਂ ਦੋਹੇ ਸੰਸਦ ਮੈਂਬਰਾਂ ਵਲੋਂ ਇਸ ਤਰ੍ਹਾਂ ਦੀ ਕੋਈ ਵੀ ਮੀਟਿੰਗ ਕਰਵਾਉਣ ਵਿੱਚ ਭੂਮਿਕਾ ਤੋਂ ਸਾਫ਼ ਇਨਕਾਰ ਕੀਤਾ ਹੈ। ਦੂਜੇ ਪਾਸੇ ਪ੍ਰਤਾਪ ਬਾਜਵਾ ਵੀ ਇਸ ਤਰ੍ਹਾਂ ਦੀ ਕੋਈ ਵੀ ਮੀਟਿੰਗ ਹੋਣ ਦੀ ਗਲ ਤੋਂ ਇਨਕਾਰ ਕਰ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।