ਆਓ! ਬੱਚਿਓ ਪਹੀਏ ਬਾਰੇ ਜਾਣੀਏ

ਆਓ! ਬੱਚਿਓ ਪਹੀਏ ਬਾਰੇ ਜਾਣੀਏ

ਸਾਰੇ ਵਿਗਿਆਨੀ ਅੱਜ ਇਹ ਗੱਲ ਮੰਨਦੇ ਹਨ ਕਿ ਦੁਨੀਆਂ ਦੀ ਸਭ ਤੋਂ ਵੱਡੀ ਖੋਜ ਜਾਂ ਕਾਢ ਪਹੀਆ ਹੀ ਹੈ, ਜਿਸ ’ਤੇ ਦੁਨੀਆਂ ਦੀਆਂ ਹੋਰ ਸਾਰੀਆਂ ਕਾਢਾਂ ਨਿਰਭਰ ਹਨ। ਕਈ ਕਾਢਾਂ ਤਾਂ ਅਚਨਚੇਤ ਹੀ ਹੋ ਗਈਆਂ ਜਿਵੇਂ ਰੇਡੀਅਮ ਅਤੇ ਪੈਂਸਲੀਨ। ਸ਼ਾਇਦ ਪਹੀਏ ਦਾ ਵਿਚਾਰ ਵੀ ਇਸੇ ਤਰ੍ਹਾਂ ਹੀ ਲੱਭਿਆ ਹੋਵੇਗਾ। ਹਜ਼ਾਰਾਂ ਸਾਲ ਪਹਿਲਾਂ ਮਨੁੱਖ ਭਾਰੀ ਚੀਜ਼ਾਂ ਨੂੰ ਘੜੀਸ ਕੇ ਇੱਕ ਥਾਂ ਤੋਂ ਦੂਜੀ ਥਾਂ ਲਿਜਾਂਦਾ ਸੀ। ਇੱਕ ਦਿਨ ਇੱਕ ਵਿਅਕਤੀ ਨੇ ਪਹਾੜੀ ’ਤੇ ਬਹੁਤ ਮੋਟੇ ਤਣੇ ਵਾਲਾ ਬਹੁਤ ਭਾਰਾ ਦਰੱਖਤ ਕੱਟ ਲਿਆ।

ਉਸ ਨੂੰ ਪੂਰੀ ਤਰ੍ਹਾਂ ਛਾਂਗ ਲਿਆ, ਹੁਣ ਉਹ ਇੱਕ ਭਾਰਾ ਗੋਲ ਖੁੰਡ ਸੀ। ਉਹ ਉਸ ਨੂੰ ਘੜੀਸਣ ਬਾਰੇ ਸੋਚ ਰਿਹਾ ਸੀ ਕਿ ਕਿਸੇ ਕਾਰਨ ਅਚਨਚੇਤ ਉਹ ਪਹਾੜੀ ਤੋਂ ਰੁੜ੍ਹ ਪਿਆ ਅਤੇ ਢਲਾਨ ’ਤੇ ਰੁੜ੍ਹਦਾ-ਰੁੜ੍ਹਦਾ ਉਸ ਦੀ ਝੌਂਪੜੀ ਤੱਕ ਪਹੁੰਚ ਗਿਆ। ਇਹ ਸ਼ਾਇਦ ਪਹੀਏ ਦਾ ਪਹਿਲਾ ਜਨਮ ਦਿਨ ਸੀ। ਮਨੁੱਖ ਦੇ ਮਨ ਵਿੱਚ ਗੋਲ ਚੀਜ਼ ਦੇ ਰੁੜ੍ਹਨ ਬਾਰੇ ਵਿਚਾਰ ਪੈਦਾ ਹੋ ਗਿਆ। ਇਸ ਤੋਂ ਮਗਰੋਂ ਪਹੀਏ ਨੇ ਹੌਲੀ-ਹੌਲੀ ਜੋ ਤਰੱਕੀ ਕੀਤੀ ਹੈ, ਉਹ ਤੁਸੀਂ ਅੱਜ ਦੇਖ ਹੀ ਰਹੇ ਹੋ।

ਪਹੀਏ ਦੇ ਕੁਝ ਪੁਰਾਣੇ ਨਿਸ਼ਾਨ ਅਤੇ ਨਮੂਨੇ ਚਾਰ ਕੁ ਹਜ਼ਾਰ ਸਾਲ ਪਹਿਲਾਂ ਮਿਲੇ ਹਨ। ਜੋ ਲੱਕੜ ਦੇ ਫੱਟਿਆਂ ਨੂੰ ਜੋੜ ਕੇ ਅਤੇ ਗੋਲ ਕਰਕੇ ਬਣੇ ਹੋਏ ਸਨ। ਫਿਰ ਇਸ ਵਿਚਕਾਰ ਸੁਰਾਖ਼ ਕਰਕੇ ਧੁਰੇ ਜਾਂ ਐਕਸਲ ਵੀ ਵਰਤੋਂ ਸ਼ੁਰੂ ਹੋ ਗਈ, ਜਿਸ ਨਾਲ ਪਹੀਆ ਹੌਲਾ ਅਤੇ ਤੇਜ਼ ਤੁਰਨ ਲੱਗ ਪਿਆ।

ਅੱਜ ਦਾ ਹਰ ਪਹੀਆ ਚੱਕਰ ਅਤੇ ਐਕਸਲ ਦੇ ਸਿਧਾਂਤ ’ਤੇ ਕੰਮ ਕਰਦਾ ਹੈ। ਪਹੀਏ ਨੂੰ ਹੌਲਾ ਕਰਨ ਵਾਸਤੇ ਧੁਰੇ ਅਤੇ ਚੱਕਰ ਵਿਚਕਾਰ ਲੱਕੜ ਦੀਆਂ ਕੜੀਆਂ ਲੱਗੀਆਂ ਹੋਈਆਂ ਹਨ, ਜਿਵੇਂ ਤੁਸੀਂ ਰੇਹੜੀਆਂ ਦੇ ਪਹੀਏ ਦੀਆਂ ਦੇਖਦੇ ਹੋ, ਹੋਰ ਹੌਲਾ ਕਰਨ ਵਾਸਤੇ ਲੋਹੇ ਦੀਆਂ ਤਾਰਾਂ ਵਰਤੀਆਂ ਜਿਵੇਂ ਤੁਹਾਡੇ ਸਾਈਕਲ ਦੀਆਂ ਤਾਰਾਂ ਹਨ । ਫਿਰ ਇੱਕ ਡਨਲੱਪ ਸਾਹਿਬ ਨੇ ਟਾਇਰ ਅਤੇ ਟਿਊਬ ਬਣਾ ਲਏ। ਪਹਿਲਾਂ ਟਿਊਬ ਵਿੱਚ ਪਾਣੀ ਭਰਿਆ ਜਾਂਦਾ ਸੀ ਫਿਰ ਹੌਲਾ ਕਰਨ ਵਾਸਤੇ ਹਵਾ ਭਰਨ ਦੀ ਖੋਜ ਹੋ ਗਈ। ਅੱਜ ਦੀਆਂ ਨਵੀਆਂ ਕਾਰਾਂ ਦੇ ਟਾਇਰਾਂ ਵਿੱਚ ਤਾਂ ਟਿਊਬ ਵੀ ਨਹੀਂ ਹੁੰਦੀ। ਸੋ, ਅੱਜ ਦੇ ਪਹੀਏ ਬੜੇ ਹੌਲੇ, ਮਜ਼ਬੂਤ, ਤਕੜੇ ਅਤੇ ਤੇਜ਼ ਹੋ ਗਏ ਹਨ।

ਖੋਜਾਂ ਕਰਦੇ, ਚਾਰ ਹਜ਼ਾਰ ਸਾਲਾਂ ਵਿੱਚ ਪਹੀਏ ਦਾ ਪਰਿਵਾਰ ਬਹੁਤ ਵੱਡਾ ਹੋ ਗਿਆ ਹੈ। ਚੱਲਣ ਵਾਲੀਆਂ ਸਭ ਮਸ਼ੀਨਾਂ ਵਿੱਚ ਪੁਰਜ਼ੇ, ਪੁਲੀਆਂ, ਗਰਾਰੀਆਂ, ਬਾਲ ਬੈਰਿੰਗ ਸਭ ਪਹੀਏ ਦੇ ਪੁੱਤ-ਪੋਤੇ, ਪੜੋਤੇ ਅਤੇ ਭੈਣ-ਭਰਾ ਹੀ ਹਨ। ਜੋ ਤੁਹਾਨੂੰ ਹਰ ਪਾਸੇ, ਘਰ, ਬਾਹਰ, ਬਾਜ਼ਾਰ, ਖੇਤ, ਸਫਰ, ਧਰਤੀ, ਆਕਾਸ਼ ਅਤੇ ਪਾਣੀ ਅੰਦਰ ਦਿਸ ਪੈਣਗੇ। ਮੋਟਰ, ਕਾਰ, ਰੇਲ, ਇੰਜਣ, ਪੱਖੇ, ਟੁੱਲੂ ਪੰਪ, ਮੱਛੀ ਮੋਟਰ, ਘੜੀ, ਮੇਲੇ ਵਿੱਚ ਚੰਡੋਲ, ਸਭ ਗਰਾਰੀਆਂ ਅਤੇ ਪਹੀਆਂ ਨਾਲ ਹੀ ਚੱਲਦੇ ਹਨ।

ਹਵਾਈ ਜਹਾਜ਼ ਦੇ ਅੱਗੇ ਪੱਖੇ ਚੱਲਦੇ ਹਨ, ਸਮੁੰਦਰੀ ਜਹਾਜ਼ ਦੇ ਥੱਲੇ ਪੱਖੇ ਹੀ ਪਾਣੀ ਨੂੰ ਧੱਕਦੇ ਹਨ। ਘੁਮਿਆਰ ਦਾ ਚੱਕ ਪਹੀਆ ਹੀ ਹੈ ਜੋ ਘੁੰਮ ਕੇ ਗੋਲ ਭਾਂਡੇ ਬਣਾਉਂਦਾ ਹੈ। ਧਰਤੀ ਵੀ ਇੱਕ ਪਹੀਏ ਵਾਂਗ ਧੁਰੇ ’ਤੇ ਘੁੰਮਦੀ ਹੈ ਆਪਾਂ ਰਿੰਮ ’ਤੇ ਬੈਠ ਕੇ ਦਿਨ-ਰਾਤ ਬਣਦੇ ਦੇਖਦੇ ਹਾਂ। ਤੁਹਾਡੇ ਸਕੇਟਿੰਗ ਵਾਲੇ ਬੂਟਾਂ ਹੇਠ ਪਹੀਏ ਹਨ, ਤੁਹਾਡੇ ਭਾਰੇ ਬੈਗ ਦੇ ਥੱਲੇ ਪਹੀਏ ਲੱਗ ਗਏ ਹਨ। ਪਹੀਆ ਇਸ ਯੁੱਗ ਦੀ ਸਭ ਤੋਂ ਵੱਡੀ, ਲਾਭਦਾਇਕ ਅਤੇ ਸਭ ਕਾਢਾਂ ਦੀ ਮਾਂ ਹੈ। ਸੋਚੋ ਜੇ ਪਹੀਆ ਨਾ ਹੁੰਦਾ ਤਾਂ ਇਹ ਦੁਨੀਆਂ ਕਿਸ ਤਰ੍ਹਾਂ ਦੀ ਹੁੰਦੀ!
ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ,
ਮਮਦੋਟ, ਫਿਰੋਜ਼ਪੁਰ
ਮੋ. 75891-55501

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।