ਪਾਤੜਾਂ ਵਿਖੇ ਲੁੱਟੇ ਗਏ ਸਨ ਵਪਾਰੀ ਤੋਂ ਤਿੰਨ ਲੱਖ ਰੁਪਏ
-
ਪੰਜਾਬ, ਹਰਿਆਣਾ, ਯੂਪੀ., ਰਾਜਸਥਾਨ ਅਤੇ ਦਿੱਲੀ ਸਨ ਸਰਗਰਮ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਪੁਲਿਸ ਵੱਲੋਂ ਪੁਲਿਸ ਦੀ ਵਰਦੀ ਪਾਕੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਪੰਜ ਜਣਿਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਉਕਤ ਗਿਰੋਹ ਵੱਲੋਂ ਪੰਜਾਬ, ਹਰਿਆਣਾ, ਯੂਪੀ., ਰਾਜਸਥਾਨ ਅਤੇ ਦਿੱਲੀ ਵਿਖੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ।
ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆ ਜ਼ਿਲ੍ਹਾ ਪੁਲਿਸ ਮੁੱਖੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮਾਂ ਵਿੱਚ ਵਿਜੇ ਕੁਮਾਰ ਵਾਸੀ ਵਾਲਮੀਕੀ ਮੁੱਹਲਾ ਮੋਰਪਤੀ ਨਰਵਾਣਾ, ਸੰਜੀਵ ਪੁੱਤਰ ਸੁਨੀਲ ਵਾਸੀ ਮੋਰਪਤੀ ਨਰਵਾਣਾ, ਸਨੀ ਉਰਫ ਸਨੀ ਸਰਮਾ ਵਾਸੀ ਨਰਵਾਣਾ, ਸਤਿੰਦਰ ਪੁੱਤਰ ਬਲਵੀਰ ਸਿੰਘ ਊਚਾਨਾ ਕਲਾਂ ਨਰਵਾਣਾ, ਸਨੀ ਉਰਫ ਸਨੀ ਕਨੜੀ ਪਿੰਡ ਕਨਹੇੜੀ ਟੋਹਾਣਾ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵੱਲੋਂ ਪਿਛਲੇ ਦਿਨੀ ਹੀ ਪਾਤੜਾਂ ਦੇ ਵਪਾਰੀ ਸ਼ਿਵ ਸੰਕਰ ਪਾਸੋਂ ਤਿੰਨ ਲੱਖ ਰੁਪਏ ਦੀ ਖੋਹ ਕੀਤੀ ਸੀ। ਉਸਨੇ ਦੱਸਿਆ ਸੀ ਕਿ ਵਾਰਦਾਤ ਕਰਨ ਵਾਲੇ ਕੁੱਝ ਬੰਦਿਆਂ ਨੇ ਪੁਲਿਸ ਦੀ ਵਰਦੀ ਵੀ ਪਾਈ ਹੋਈ ਸੀ। ਉਕਤ ਗਿਰੋਹ ਦਾ ਮਾਸਟਰ ਮਾਇੰਡ ਵਿਜੇ ਕੁਮਾਰ ਹੈ। ਇਨ੍ਹਾਂ ਦੇ ਗਿਰੋਹ ਵਿੱਚ 9 ਵਿਅਕਤੀ ਸ਼ਾਮਲ ਹਨ। ਡਾ. ਗਰਗ ਨੇ ਦੱਸਿਆ ਕਿ ਇਹ ਯੋਜਨਬੱਧ ਤਰੀਕੇ ਨਾਲ ਵਾਰਦਾਤ ਨੂੰ ਅੰਜਾਮ ਦਿੰਦੇ ਹਨ। ਇਸ ਗੈਂਗ ਦਾ ਨੈਟਵਰਕ ਹਰਿਆਣਾ , ਪੰਜਾਬ , ਰਾਜਸਥਾਨ , ਦਿੱਲੀ , ਯੂ.ਪੀ. ਅਦਿ ਕਈ ਰਾਜਾਂ ਵਿੱਚ ਫੈਲਿਆ ਹੋਇਆ ਹੈ।
ਇਹ ਕਿਸੇ ਨਾ ਕਿਸੇ ਤਰੀਕੇ ਨਾਲ ਟਾਰਗੇਟ ਹੋਣ ਵਾਲੇ ਵਿਅਕਤੀ ਨਾਲ ਸੰਪਰਕ ਬਣਾ ਲੈਂਦੇ ਸਨ ਅਤੇ ਉਹਨਾ ਨੂੰ ਦੱਸਦੇ ਸਨ ਕਿ ਉਹਨ੍ਹਾਂ ਕੋਲ ਬਹੁਤ ਵਧੀਆ ਕਵਾਲਟੀ ਦੇ ਜਾਅਲੀ ਕਰੰਸੀ ਨੋਟ ਹਨ ਅਤੇ ਜੇਕਰ ਉਹ ਅਸਲੀ ਰਕਮ ਦੇ ਜਿੰਨੇ ਨੋਟ ਦੇਣਗੇ ਉਸਤੋਂ ਡਬਲ ਉਹ ਉਹਨਾਂ ਨੂੰ ਵਧੀਆ ਜਾਅਲੀ ਕਰੰਸੀ ਦੇਣਗੇ, ਪਰ ਸੈਂਪਲ ਦੇ ਤੌਰ ਤੇ ਕੁੱਝ ਅਸਲੀ ਨੋਟ ਦਿਖਾ ਦਿੰਦੇ ਸਨ। ਲਾਲਚ ਵਿੱਚ ਆਕੇ ਜਦੋਂ ਵਿਅਕਤੀ ਵਿਜੇ ਪਾਸੋਂ ਆਪਣੇ ਅਸਲੀ ਕਰੰਸੀ ਨੋਟ ਲੈਕੇ ਆਉਂਦੇ ਸਨ ਤਾਂ ਪਹਿਲਾਂ ਤੋਂ ਹੀ ਬਣਾਏ ਪਲੈਨ ਮੁਤਾਬਿਕ ਆਪਣੇ ਗਿਰੋਹ ਦੇ ਦੋ ਤਿੰਨ ਮੈਂਬਰਾਂ ਨੂੰ ਪੁਲਿਸ ਦੀ ਵਰਦੀ ਪਵਾਕੇ ਉਕਤ ਜਗ੍ਹਾਂ ਤੇ ਰੇਡ ਕਰ ਦਿੰਦੇ ਸਨ ਅਤੇ ਜਿਹੜਾ ਵਿਅਕਤੀ ਅਸਲੀ ਰਕਮ ਲੈਕੇ ਆਇਆ ਹੁੰਦਾ ਸੀ ਉਸਨੂੰ ਡਰਾ ਧਮਕਾ ਕੇ ਉਸਤੋਂ ਪੈਸੇ ਖੋਹ ਲੈਂੇਦੇ ਸਨ । ਇਸ ਤਰਾਂ ਇਹ ਅਸਲੀ ਪੁੁਲਿਸ ਦੀ ਰੇਡ ਵਾਲਾ ਸੀਨ ਬਣਾ ਦਿੰਦੇ ਸਨ। ਉਕਤ ਗਿਰੋਹ ਦੇ ਮੈਂਬਰ ਜਾਅਲੀ ਆਈ.ਡੀਜ ਉੱਤੇ ਸਿਮ ਲੈਂਦੇ ਸਨ।
ਇਹ ਹੋਈ ਬ੍ਰਾਮਦਗੀ
ਇਨ੍ਹਾਂ ਪਾਸੋਂ ਨਗਦੀ 3 ਲੱਖ ਰੁਪਏ, ਫੋਰਡ ਈਕੋ ਸਪੋਰਟ ਗੱਡੀ, ਮਾਰੂਤੀ ਆਰਟਿਗਾ ਗੱਡੀ, ਇੱਕ ਰਿਵਾਲਵਰ, ਇੱਕ ਡਬਲ ਬੈਰਲ ਗੰਨ ਸਮੇਤ 04 ਜਿੰਦਾ ਕਾਰਤੂਸ 12 ਬੋਰ,4 ਪੁਲਿਸ ਦੀਆਂ ਵਰਦੀਆਂ, 2 ਹਰਿਆਣਾ ਪੁਲਿਸ ਦੇ ਲੋਗੋ ਵਾਲੇ ਮਾਸਕ ਬ੍ਰਾਮਦ ਹੋਏ ਹਨ।
ਮਾਸਟਰ ਮਾਇੰਡ ਵਿਜੈ ਤੇ 53 ਮਾਮਲੇ ਦਰਜ਼
ਗਿਰੋਹ ਦੇ ਮਾਸਟਰ ਮਾਇੰਡ ਵਿਜੈ ਤੇ ਮਰਡਰ, ਕਿਡਨੈਪਿੰਗ,ਚੋਰੀ, ਡਕੈਤੀ, ਲੁੱਟ ਖੋਹ, ਜਾਅਲਸਾਜੀ ਦੇ 53 ਮੁੱਕਦਮੇ ਦਰਜ ਹਨ। ਬਾਕੀ ਮੈਂਬਰਾਂ ਤੇ ਵੀ ਲੁੱਟ ਖੋਹ ਦੇ ਕਈ ਮੁੱਕਦਮੇ ਵੱਖ ਵੱਖ ਥਾਵਾਂ ਤੇ ਦਰਜ ਹਨ । ਇਸ ਗਿਰੋਹ ਦੇ ਮੈਂਬਰਾਂ ਨੇ 30 ਦੇ ਕਰੀਬ ਲੁੱਟ ਖੋਹ ਦੀਆਂ ਵਾਰਦਾਤਾਂ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਵਿਖੇ ਕੀਤੀਆਂ ਹਨ। ਉਕਤ ਗਿਰੋਹ ਦੇ ਮੈਂਬਰ ਵੱਖ ਵੱਖ ਸਮੇ ਦੌਰਾਨ ਪੰਜਾਬ ਅਤੇ ਹਰਿਆਣਾ ਦੀਆਂ ਜੇਲਾਂ ਵਿੱਚ ਵੀ ਜਾ ਚੁੱਕੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।