ਵਿਦਿਆਰਥੀਆਂ ਬਿਨਾ ਸਕੂਲ ਵੀ ਉਦਾਸ ਨੇ
ਸਾਨੂੰ ਸਭ ਨੂੰ ਆਪਣੀ ਜ਼ਿੰਦਗੀ ’ਚੋਂ ਅਗਿਆਨਤਾ ਰੂਪੀ ਹਨ੍ਹੇਰੇ ਨੂੰ ਦੂਰ ਕਰਨ ਲਈ ਯੋਗ ਅਗਵਾਈ ਦੀ ਜ਼ਰੂਰਤ ਪੈਂਦੀ ਹੈ। ਇਹ ਅਗਵਾਈ ਅਧਿਆਪਕ ਦਿੰਦੇ ਹਨ। ਅਧਿਆਪਕ ਹਮੇਸ਼ਾ ਆਪਣੇ ਵਿਦਿਆਰਥੀਆਂ ਨੂੰ ਆਪਣੇ ਤੋਂ ਉੱਚੇ ਮੁਕਾਮ ’ਤੇ ਪਹੁੰਚਾ ਕੇ ਖ਼ੁਸ਼ੀ ਮਹਿਸੂਸ ਕਰਦਾ ਹੈ। ਉਹ ਆਪਣੇ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਲਈ ਨਵੇਂ, ਸੌਖੇ ਅਤੇ ਪ੍ਰੇਰਨਾਦਾਇਕ ਤਰੀਕਿਆਂ ਦੀ ਵਰਤੋਂ ਲਈ ਹਮੇਸ਼ਾ ਤੱਤਪਰ ਰਹਿੰਦਾ ਹੈ। ਉਸ ਦੀ ਘਾਲਣਾ ਨੂੰ ਕਦੇ ਵੀ ਦਰਕਿਨਾਰ ਨਹੀਂ ਕੀਤਾ ਜਾ ਸਕਦਾ। ਅਧਿਆਪਨ ਵਿਚੋਂ ਹੀ ਦੂਸਰੇ ਸਾਰੇ ਕਿੱਤਿਆਂ ਦਾ ਜਨਮ ਹੁੰਦਾ ਹੈ। ਅਜੋਕੇ ਸਮੇਂ ਪੜ੍ਹਾਈ ਨੂੰ ਜ਼ਿੰਦਗੀ ’ਚੋਂ ਮਨਫ਼ੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਨਪੜ੍ਹ ਵਿਅਕਤੀ ਦੀ ਹਾਲਤ ਇੱਕ ਹਨ੍ਹੇਰੀ ਕੁੰਦਰ ਦੇ ਸਮਾਨ ਹੁੰਦੀ ਹੈ।
ਜੇਕਰ ਸਾਡੇ ਕੋਲ ਵਿੱਦਿਆ ਰੂਪੀ ਹਥਿਆਰ ਹੋਵੇਗਾ ਤਾਂ ਕਮਾਈ ਕਰਨੀ ਸੌਖੀ ਹੋਵੇਗੀ। ਸਰੀਰਕ ਮਿਹਨਤ ਨਾਲੋਂ ਦਿਮਾਗੀ ਮਿਹਨਤ ਅਸਾਨ ਹੁੰਦੀ ਹੈ। ਇਕੱਲੇ ਗਾਰੇ, ਇੱਟਾਂ-ਬੱਜਰੀ ਆਦਿ ਚੁੱਕਣਾ ਹੀ ਮਿਹਨਤ ਨਹੀਂ ਹੁੰਦੀ। ਪੜ੍ਹਨ-ਲਿਖਣ ਨਾਲ ਮਨ ਸਾਫ਼ ਹੁੰਦੇ ਹਨ ਤੇ ਇਸ ਨਾਲ ਸਾਡਾ ਜ਼ਿੰਦਗੀ ਜਿਊਣ ਦਾ ਢੰਗ ਸੌਖਾ ਹੋ ਜਾਂਦਾ ਹੈ। ਕੋਰੋਨਾ ਮਹਾਂਮਾਰੀ ਨੇ ਸਦੀਆਂ ਪੁਰਾਣੀ ਅਧਿਆਪਨ ਤਕਨੀਕ ਵਿਚ ਅਣਕਿਆਸੀ ਤਬਦੀਲੀ ਲਿਆਂਦੀ ਹੈ। ਜਿਵੇਂ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ, ਉਸੇ ਤਰ੍ਹਾਂ ਇਸ ਆਨਲਾਈਨ ਸਿੱਖਿਆ ਦੇ ਵੀ ਦੋ ਪਹਿਲੂ ਹਨ- ਚੰਗੇ ਅਤੇ ਮਾੜੇ। ਵਿੱਦਿਆ ਨੂੰ ਵੀ ਇਨ੍ਹਾਂ ਚੰਗੇ-ਮਾੜੇ ਪੜਾਵਾਂ ’ਚੋਂ ਗੁਜ਼ਰਨਾ ਪਿਆ। ਲੱਗਦਾ ਹੈ ਕਿ ਇਸ ’ਤੇ ਕੀਤੇ ਜਾ ਰਹੇ ਤਜ਼ਰਬੇ ਕਿਸੇ ਤਰ੍ਹਾਂ ਵੀ ਕਾਮਯਾਬ ਨਹੀਂ ਹੋ ਸਕੇ। ਸਭ ਤੋਂ ਪਹਿਲਾਂ ਆਪਾਂ ਇਸ ਦੇ ਵਿਦਿਆਰਥੀਆਂ ਨੂੰ ਹੋਏ ਲਾਭ ਦੀ ਗੱਲ ਕਰਾਂਗੇ।
ਜੋ ਵਿਦਿਆਰਥੀ ਪੜ੍ਹਾਈ ਵਿਚ ਪੂਰੀ ਰੀਝ ਰੱਖਦੇ ਹਨ, ਉਨ੍ਹਾਂ ਨੇ ਵਿੱਦਿਆ ਦੀ ਨਵੀਂ ਤਕਨੀਕ ਦਾ ਭਰਪੂਰ ਫ਼ਾਇਦਾ ਲਿਆ ਹੈ। ਉਹ ਪੜ੍ਹਾਈ ਨਾਲ ਲਗਾਤਾਰ ਜੁੜੇ ਰਹੇ। ਯੂ-ਟਿਊਬ ਵਰਗੇ ਸਾਧਨਾਂ ਦਾ ਸਦਉਪਯੋਗ ਕਰ ਕੇ ਉਨ੍ਹਾਂ ਨੇ ਮਾਹਿਰ ਸਿੱਖਿਆ ਸ਼ਾਸਤਰੀਆਂ ਤੋਂ ਆਪਣੀ ਸਮਝ ਤੋਂ ਪਰੇ ਦਾ ਗਿਆਨ ਇਕੱਠਾ ਕੀਤਾ। ਉਨ੍ਹਾਂ ਲਾਇਕ ਵਿਦਿਆਰਥੀਆਂ ਨੇ ਇਸ ਗੱਲ ਨੂੰ ਦਿਮਾਗ ਵਿਚ ਰੱਖਿਆ ਕਿ ਜੇ ਅਸੀਂ ‘ਅੱਜ ਸਮੇਂ ਨੂੰ ਬਰਾਬਾਦ ਕਰਾਂਗੇ ਤਾਂ ਇਹ ਸੌ ਪ੍ਰਤੀਸ਼ਤ ਸਾਨੂੰ ਬਰਬਾਦ ਕਰੇਗਾ।’ ਪਰ ਇਸ ਇੱਕਪਾਸੜ ਸਿੱਖਿਆ ਪ੍ਰਾਪਤੀ ਵਿਚ ਸਿੱਖਣ ਵਾਲਿਆਂ ਦੀ ਗਿਣਤੀ 10% ਹੀ ਸੀ।
ਦੂਜੇ ਪਾਸੇ ਇਸ ਲੰਬੇ ਸਮੇਂ ਦੌਰਾਨ ਇਸ ਤਰ੍ਹਾਂ ਕਰਵਾਈ ਆਨਲਾਈਨ ਪੜ੍ਹਾਈ ਦੇ ਨੁਕਸਾਨ ਦੀ ਗੱਲ ਕਰੀਏ ਤਾਂ ਸਿੱਖਿਆ ਲੈਣ ਵਾਲਾ ਵਿਦਿਆਰਥੀ ਗਾਇਬ ਹੀ ਰਿਹਾ । ਜਿਹੜੀ ਪੜ੍ਹਾਈ ਗਰੀਬਾਂ ਦੇ ਬੱਚਿਆਂ ਲਈ ਪਹਿਲੀ ਤੋਂ ਅੱਠਵੀਂ ਤੱਕ ਮੁਫ਼ਤ ਸੀ, ਉਹ ਮਹਿੰਗੀ ਹੋ ਗਈ। ਨੈੱਟਪੈਕ ਪੁਆਉਣੇ ਪੈ ਗਏ। ਘਰ ਵਿਚ 2-3 ਬੱਚੇ ਹਨ ਤਾਂ ਅਲੱਗ-ਅਲੱਗ ਫੋਨਾਂ ਦੀ ਜ਼ਰੂਰਤ ਪਈ। ਮਾਪਿਆਂ ਨੂੰ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਲਈ ਵੀ ਫੋਨ ਦੀ ਜ਼ਰੂਰਤ ਹੈ ਜੋ ਕਿ ਘਰੇਲੂ ਕਲੇਸ਼ ਦਾ ਕਾਰਨ ਬਣੀ।
ਫੋਨ ਦੀ ਜ਼ਿਆਦਾ ਵਰਤੋਂ ਨਾਲ ਬਿਜਲੀ ਦਾ ਖ਼ਰਚਾ ਵੀ ਵਧਿਆ। ਇਸ ਤਰ੍ਹਾਂ ਆਮਦਨ ਘਟਣ ਦੇ ਬਾਵਜੂਦ ਖ਼ਰਚੇ ਵਧੇ। ਮਾਪਿਆਂ ਤੋਂ ਮਹਿੰਗੇ ਫੋਨ ਅਤੇ ਨੈੱਟ ਪੈਕ ਦੀ ਰੋਜ਼ ਦੀ ਮੰਗ ਉਨ੍ਹਾਂ ਲਈ ਪਰੇਸ਼ਾਨੀ ਦਾ ਕਾਰਨ ਬਣੀ। ਹਰੇਕ ਮਾਂ-ਬਾਪ ਆਪਣੀ ਔਲਾਦ ਨੂੰ ਕਾਮਯਾਬ ਹੋਇਆ ਵੇਖਣਾ ਚਾਹੁੰਦਾ ਹੈ ਜਿਸ ਲਈ ਉਨ੍ਹਾਂ ਨੇ ਬੱਚਿਆਂ ਦੀ ਮੰਗ ਨੂੰ ਜਿਵੇਂ-ਕਿਵੇਂ ਪੂਰੀ ਕਰਨ ਦੀ ਕੋਸ਼ਿਸ਼ ਕੀਤੀ। ਪਰੰਤੂ ਕਈ ਬੱਚਿਆਂ ਨੇ ਇਸ ਦੀ ਦੁਰਵਰਤੋਂ ਸ਼ੁਰੂ ਕਰ ਦਿੱਤੀ। ਅਧਿਆਪਕਾਂ ਵੱਲੋਂ ਦਿੱਤੇ ਕੰਮ ਨੂੰ ਇਮਾਨਦਾਰੀ ਨਾਲ ਬਹੁਤ ਘੱਟ ਵਿਦਿਆਰਥੀਆਂ ਹੀ ਕਰਦੇ ਹਨ। ਬਾਕੀ ਤਾਂ ਸਾਰਾ ਦਿਨ ਆਨਲਾਈਨ ਗੇਮਾਂ ਖੇਡਦੇ ਜਾਂ ਫਿਰ ਹੋਰ ਬਹੁਤ ਕੁਝ ਵੇਖਦੇ ਹਨ ਜੋ ਉਨ੍ਹਾਂ ਦੇ ਵੇਖਣ ਯੋਗ ਨਹੀਂ ਹੁੰਦਾ।
ਅਧਿਆਪਕ ਅਤੇ ਵਿਦਿਆਰਥੀਆਂ ਦੇ ਕੰਮ ਦੀ ਕੋਈ ਸਮਾਂ-ਸਾਰਣੀ ਨਹੀਂ ਰਹੀ। ਦੇਰ ਰਾਤ ਤੱਕ ਕੰਮ ਕਰਵਾਉਣ ਦੇ ਮੈਸੇਸ ਆਉਂਦੇ ਰਹਿੰਦੇ ਜਿਸ ਨਾਲ ਅਧਿਆਪਕਾਂ ਦੇ ਪਰਿਵਾਰਕ ਮਾਹੌਲ ਖ਼ਰਾਬ ਹੋਏ ਕਿਉਂਕਿ ਸਕੂਲ ’ਚ ਸਾਰਾ ਕੁਝ ਸਮੇਂ ਦੇ ਦਾਇਰੇ ਵਿਚ ਰਹਿ ਕੇ ਹੁੰਦਾ ਸੀ। ਮੋਬਾਈਲ ਫੋਨ ਦੀ ਹੱਦ ਤੋਂ ਵੱਧ ਵਰਤੋਂ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਦੀਆਂ ਅੱਖਾਂ ਦੀ ਲੋਅ ਘਟਾ ਦਿੱਤੀ ਅਤੇ ਹੋਰ ਸਰੀਰਕ ਕਮਜ਼ੋਰੀਆਂ ਨੂੰ ਵੀ ਜਨਮ ਦਿੱਤਾ ਸਾਰਾ ਦਿਨ ਜ਼ਿਆਦਾ ਬੈਠਣ ਨਾਲ ਪਿੱਠ ਦਰਦ ਵਰਗੀਆਂ ਸਮੱਸਿਆਵਾਂ ਨੇ ਜਨਮ ਲਿਆ। ਪਿੰਡਾਂ ’ਚ ਨੈੱਟਵਰਕ ਪ੍ਰੋਬਲਮ ਜ਼ਿਆਦਾ ਹੋਣ ਕਾਰਨ ਵਿਦਿਆਰਥੀਆਂ ਦੇ ਮਨਾਂ ਅੰਦਰ ਪੜ੍ਹਾਈ ਲਈ ਅਕੇਵਾਂ ਵਧਿਆ।
ਮੁੱਕਦੀ ਗੱਲ ਇਹ ਕਿ ਕੋਈ ਵੀ ਟੈਕਨਾਲੋਜੀ ਬੰਦੇ ਦੀ ਥਾਂ ਨਹੀਂ ਲੈ ਸਕਦੀ। ਰੁਚੀਹੀਣ ਵਿਦਿਆਰਥੀਆਂ ਨੇ ਪੂਰਾ ਅਨੰਦ ਮਾਣਿਆ। ਉਨ੍ਹਾਂ ਨੂੰ ਨਹੀਂ ਪਤਾ ਕਿ ਇਹ ਘਾਟਾ ਜ਼ਿੰਦਗੀ ਭਰ ਪੂਰਾ ਨਹੀਂ ਹੋ ਸਕਦਾ। ਹੁਣ ਤਾਂ ਰੱਬ ਅੱਗੇ ਇਹੀ ਅਰਦਾਸ ਹੈ ਕਿ ਸਾਰੇ ਛੇਤੀ ਹੀ ਕੋਰੋਨਾ ਦੇ ਮੱਕੜਜਾਲ ’ਚੋਂ ਬਾਹਰ ਨਿੱਕਲਣ। ਹੁਣ ਸਕੂਲ ਖੁੱਲ੍ਹਣ ਤਾਂ ਵਿਦਿਆਰਥੀ ਵੀ ਚਾਈਂ-ਚਾਈਂ ਸਕੂਲ ਆਉਣ ਤੇ ਆਪਣੀ ਪੜ੍ਹਾਈ ਪ੍ਰਤੀ ਰੁਚੀ ਦਿਖਾਉਣ। ਵਿਦਿਆਰਥੀਆਂ ਬਿਨਾਂ ਸਕੂਲ ਹੀ ਉਦਾਸ ਲੱਗਦਾ ਹੈ।
ਵਿਜੈ ਗਰਗ ,
ਸਾਬਕਾ ਪੀਈਐਸ-1,
ਸੇਵਾ ਮੁਕਤ ਪ੍ਰਿੰਸੀਪਲ, ਮਲੋਟ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।