ਦੋ ਪ੍ਰਵਾਸੀ ਮਜ਼ਦੂਰ ਨੌਜਵਾਨਾਂ ਦੀ ਸੱਪ ਲੜਨ ਨਾਲ ਮੌਤ
ਅੱਪਰਾ, (ਮੁਨੀਸ਼ ਕੁਮਾਰ ਆਸ਼ੂ)। ਨਜਦੀਕੀ ਪਿੰਡ ਬੜਾ ਪਿੰਡ ਵਿਖੇ ਬੀਤੀ ਰਾਤ ਦੋ ਨੌਜਵਾਨ ਪ੍ਰਵਾਸੀ ਮਜ਼ਦੂਰਾਂ ਦੀ ਸੱਪ ਦੇ ਡੰਗਣ ਨਾਲ ਮੌਤ ਹੋਣ ਦਾ ਦੁੱਖਦਾਇਕ ਸਮਾਚਾਰ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਿ੍ਰਤਕ ਨੌਜਵਾਨਾਂ ਦੇ ਰਿਸ਼ਤੇਦਾਰ ਲਾਲ ਬਿਹਾਰੀ ਨੇ ਦੱਸਿਆ ਕਿ ਉਸ ਦੇ ਦੋਵੇਂ ਮਿ੍ਰਤਕ ਭਤੀਜੇ ਕੁੱਝ ਦਿਨ ਪਹਿਲਾਂ ਹੀ ਉੱਤਰ ਪ੍ਰਦੇਸ਼ (ਯੂ ਪੀ) ਤੋਂ ਝੋਨੇ ਦੀ ਬਿਜਾਈ ਕਰਨ ਦੇ ਲਈ ਆਏ ਸਨ। ਉਸ ਨੇ ਅੱਗੇ ਦੱਸਿਆ ਕਿ ਬੀਤੀ ਰਾਤ ਉਹ ਬੜਾ ਪਿੰਡ ਵਿਖੇ ਇੱਕ ਕਿਸਾਨ ਦੀ ਮੋਟਰ ਦੀ ਛੱਤ ਤੇ ਸੌਂ ਰਹੇ ਸਨ। ਜਦੋਂ ਬਹੁਤ ਹੀ ਤੇਜ਼ ਹਨ੍ਹੇਰੀ ਚੱਲੀ ਤਾਂ ਉਹ ਦੋਨੋਂ ਤੇਜ ਹਨ੍ਹੇਰੀ ਅਤੇ ਬਾਰਿਸ਼ ਦੇ ਕਾਰਨ ਥੱਲੇ ਮੋਟਰ ਵਾਲੇ ਕਮਰੇ ‘ਚ ਆ ਕੇ ਸੌਂ ਗਏ।
ਉਸ ਨੇ ਅੱਗੇ ਦੱਸਿਆ ਕਿ ਜਦੋਂ ਉਹ ਸਵੇਰੇ ਉਠੇ ਤਾਂ ਕਹਿਣ ਲੱਗੇ ਕਿ ਉਨ੍ਹਾਂ ਦੇ ਪੇਟ ’ਚ ਕਾਫੀ ਦਰਦ ਹੋ ਰਿਹਾ ਹੈ। ਉਨ੍ਹਾਂ ਦੋਨਾਂ ਨੂੰ ਹੀ ਪਹਿਲਾਂ ਗੁਰਾਇਆਂ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਕਿ ਉਨ੍ਹਾਂ ਦੀ ਸਿਹਤ ਹੋਰ ਵੀ ਨਾਜ਼ੁਕ ਦੱਸੀ ਗਈ ਤਾਂ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਪਰ ਇਲਾਜ ਦੌਰਾਨ ਦੋਨਾਂ ਦੀ ਹੀ ਸਿਵਲ ਹਸਪਤਾਲ ਫਗਵਾੜਾ ’ਚ ਹੀ ਮੌਤ ਹੋ ਗਈ। ਇਸ ਸਬੰਧੀ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਇਨ੍ਹਾਂ ਦੋਨੋਂ ਹੀ ਨੌਜਵਾਨਾਂ ਨੂੰ ਕਿਸੇ ਜ਼ਹਿਰੀਲੇ ਜਾਨਵਰ ਨੇ ਡੰਗ ਮਾਰਿਆ ਹੈ ਜਿਸ ਕਾਰਨ ਇਨ੍ਹਾਂ ਦੀ ਮੌਤ ਹੋਈ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਗੁਰਾਇਆ ਪੁਲਸ ਮੁਲਾਜਮਾਂ ਨੇ ਦੱਸਿਆ ਕਿ ਮਿ੍ਰਤਕ ਪ੍ਰਵਾਸੀ ਮਜਦੂਰਾਂ ਦੀ ਸ਼ਨਾਖਤ ਪੰਕਜ ਤੇ ਬਾਲਕ ਵਾਸੀ ਉੱਤਰ ਪ੍ਰਦੇਸ਼ (ਯੂ ਪੀ) ਵਜੋਂ ਹੋਈ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਦਿੱਤੇ ਗਏ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਮਿ੍ਰਤਕ ਨੌਜਵਾਨਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਮਗਰੋਂ ਵਾਰਸਾਂ ਦੇ ਹਵਾਲੇ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।