ਕੀ ਹੋਵੇਗਾ ਭਵਿੱਖ ਬਿਨਾਂ ਇਮਤਿਹਾਨ ਦਿੱਤੇ ਬਾਰ੍ਹਵੀਂ ਦੇ ਪ੍ਰਮੋਟ ਹੋਏ ਵਿਦਿਆਰਥੀਆਂ ਦਾ?
ਕੋਰੋਨਾ ਦੀ ਦੂਜੀ ਲਹਿਰ ਇਸ ਵੇਲੇ ਚੱਲ ਰਹੀ ਹੈ। ਇਸ ਸਾਲ ਫਿਰ ਉਹੀ ਦਿਨ ਹਨ। ਸਰਕਾਰਾਂ ਨੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਬਿਨਾਂ ਇਮਤਿਹਾਨਾਂ ਵਿੱਚ ਬੈਠੇ ਹੀ ਪ੍ਰਮੋਟ ਕਰ ਦਿੱਤਾ ਹੈ। ਸੀ.ਬੀ.ਐੱਸ.ਈ. ਅਤੇ ਸੀਆਈਸੀਐਸਈ ਨੇ ਬਾਰ੍ਹਵੀਂ ਕਲਾਸ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ। ਇਸ ਪੈਟਰਨ ’ਤੇ ਦੂਜੇ ਰਾਜ ਤੇ ਪੰਜਾਬ ਐਜੂਕੇਸਨ ਬੋਰਡ ਨੇ ਵੀ ਪ੍ਰੀਖਿਆਵਾਂ ਰੱਦ ਕਰ ਦੇਣੀਆਂ ਹਨ! ਸੀਬੀਐਸਈ ਤੇ ਸੀਆਈਸੀਐਸਈ ਬੋਰਡ ਨੇ ਵਿੱਦਿਅਕ ਅਦਾਰਿਆਂ ਤੋਂ ਪ੍ਰੀ-ਬੋਰਡ ਇਮਤਿਹਾਨਾਂ ਦੇ ਰਿਜ਼ਲਟ ਮੰਗ ਲਏ ਹਨ।
ਹਾਲਾਤ ਦੇ ਮੱਦੇਨਜ਼ਰ ਮਹਿਸੂਸ ਕੀਤਾ ਜਾਂਦਾ ਹੈ ਕਿ ਪਲੱਸ ਟੂ ਦੇ ਵਿਦਿਆਰਥੀਆਂ ਦਾ ਇਨ੍ਹਾਂ ਦੇ ਬੇਸ ’ਤੇ ਹੀ ਨਤੀਜਾ ਕੱਢ ਦਿੱਤਾ ਜਾਣਾ ਹੈ ਹੁੁੁਣ ਇਨ੍ਹਾਂ ਵਿਦਿਆਰਥੀ ਨੂੰ ਆਪਣੇ ਫਾਈਨਲ ਇਮਤਿਹਾਨਾਂ ਵਿੱਚ ਬੈਠਣ ਦੀ ਲੋੜ ਨਹੀਂ ਪਵੇਗੀ। ਇਸ ਤਰ੍ਹਾਂ ਜਿਹੜੇ ਵਿਦਿਆਰਥੀਆਂ ਨੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇਣੀਆਂ ਹਨ ਜਿਵੇਂ ਕਿ ਨੀਟ, ਜੇਈਈ ਤਾਂ ਉਨ੍ਹਾਂ ਵਿਦਿਆਰਥੀਆਂ ਦਾ ਕੀ ਬਣੇਗਾ ਕਿਉਂਕਿ ਉਨ੍ਹਾਂ ਵਿਦਿਆਰਥੀਆਂ ਨੇ ਬਹੁਤ ਮਿਹਨਤ ਕੀਤੀ ਹੈ। ਜਿਹੜੇ ਵਿਦਿਆਰਥੀਆਂ ਨੇ ਮਿਹਨਤ ਨਹੀਂ ਕੀਤੀ ਉਹ ਵੀ ਇਨ੍ਹਾਂ ਦੇ ਬਾਰਬਰ ਆ ਜਾਣਗੇ। ਬਹੁਤ ਸਾਰੇ ਵਿਦਿਆਰਥੀ ਅਤੇ ਮਾਪੇ ਫਿਰ ਖੁਸ਼ ਹੋਣਗੇ ਕਿ ਚੱਲੋ ਸਾਡੇ ਬੱਚੇ ਬਿਨਾਂ ਪ੍ਰੀਖਿਆ ਦਿੱਤੇ ਪਾਸ ਹੋ ਗਏ ਹਨ ਪਰ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਦਾ ਪਤਾ ਨਹੀਂ ਕਿ ਉਹਨਾਂ ਦੇ ਬੱਚਿਆਂ ਨੂੰ ਭਵਿੱਖ ’ਚ ਕਿੰਨਾ ਔਖਾ ਹੋਣ ਪਵੇਗਾ।
ਇਹ ਵਕਤ ਤਾਂ ਕਦੀ ਨਾ ਕਦੀ ਨਿੱਕਲ ਹੀ ਜਾਵੇਗਾ। ਪਰ ਕਿਸੇ ਨੇ ਸੋਚਿਆ ਹੈ ਕਿ ਕੀ ਹੋਵੇਗਾ ਇਹ ਪ੍ਰਮੋਟ ਹੋਏ ਵਿਦਿਆਰਥੀਆਂ ਦਾ ਭਵਿੱਖ? ਪਹਿਲਾਂ ਆਨਲਾਈਨ ਪੜ੍ਹਾਈ… ਜਿਹੜੇ ਵਿਦਿਆਰਥੀਆਂ ਨੂੰ ਕਲਾਸਾਂ ’ਚ ਟਿਕਾਉਣਾ ਮੁਸ਼ਕਲ ਹੁੰਦਾ ਸੀ ਉਹ ਆਨਲਾਈਨ ਮਾਧਿਅਮ ਰਾਹੀਂ ਕੀ ਪੜ੍ਹੇ ਹੋਣਗੇ? ਤੇ ਹੁਣ ਉਨ੍ਹਾਂ ਸਭਨਾਂ ਨੂੰ ਪ੍ਰਮੋਟ ਕਰ ਦੇਣਾ!
ਕੀ ਮਾਪੇ, ਕੀ ਅਧਿਆਪਕ ਇੱਥੋਂ ਤੱਕ ਕਿ ਪੜ੍ਹਨ ਵਾਲੇ ਵਿਦਿਆਰਥੀ ਵੀ ਮਹਿਸੂਸ ਕਰਦੇ ਹਨ ਕਿ ਆਨਲਾਈਨ ਤਰੀਕੇ ਨਾਲ ਵਿਦਿਆਰਥੀਆਂ ਨੂੰ ਕੁੱਝ ਖਾਸ ਸਮਝ ਨਹੀਂ ਆਉਂਦੀ। ਜਿੱਥੇ ਮਾਂ-ਬਾਪ ਪੜ੍ਹੇ-ਲਿਖੇ ਨਹੀਂ ਹਨ ਜਾਂ ਵਿਦਿਆਰਥੀ ਆਪਣੀ ਪੜ੍ਹਾਈ ਨੂੰ ਲੈ ਕੇ ਸੰਜੀਦਾ ਨਹੀਂ ਹਨ, ਉਹ ਬੱਚੇ ਤਾਂ ਅਕਸਰ ਆਨਲਾਈਨ ਹੁੰਦੇ ਹੀ ਨਹੀਂ। ਹਮੇਸ਼ਾ ਬਹਾਨੇ ਹੁੰਦੇ ਹਨ… ਮੈਡਮ ਨੈੱਟ ਨਹੀਂ ਚੱਲਦਾ। ਮੈਡਮ ਜੀ, ਫੋਨ ਕੋਲ ਨਹੀਂ ਸੀ। ਗੱਲ ਕੀ, ਉਹ ਤਾਂ ਕਲਾਸਾਂ ਲਾਉਂਦੇ ਹੀ ਨਹੀਂ। ਟੀਚਰ ਵਿਚਾਰੇ ਤਾਂ ਨੱਬੇ ਪ੍ਰਤੀਸ਼ਤ ਵਿਦਿਆਰਥੀ ਨਾ ਹੋਣ ’ਤੇ ਵੀ ਮਜਬੂਰੀ ਵੱਸ ਆਪਣੀਆਂ ਜਿੰਮੇਵਾਰੀਆਂ ਨਿਭਾਈ ਜਾਂਦੇ ਹਨ। ਪ੍ਰਯੋਗੀ ਵਿਸ਼ਿਆਂ ਨਾਲ ਆਨਲਾਈਨ ਮਾਧਿਅਮ ਨਾਲ ਨਿਆਂ ਨਹੀਂ ਕੀਤਾ ਜਾ ਸਕਦਾ। ਪੇਂਡੂ ਜਾਂ ਪੱਛੜੇ ਖੇਤਰਾਂ ਵਿੱਚ ਜਿੱਥੇ ਮੋਬਾਇਲ ਨੈੱਟਵਰਕ ਜ਼ਿਆਦਾ ਵਿਕਸਿਤ ਨਹੀਂ ਹੈ ਤੇ ਉੱਥੋਂ ਦੇ ਲੋਕ ਵੀ ਟੈਕਨਾਲੋਜੀ ਨੂੰ ਲੈ ਕੇ ਜ਼ਿਆਦਾ ਜਾਣੂ ਨਹੀਂ ਹਨ, ਉੱਥੇ ਬੱਚਿਆਂ ਦੀ ਆਨਲਾਈਨ ਮਾਧਿਅਮ ਰਾਹੀਂ ਕਰਵਾਈ ਜਾ ਰਹੀ ਪੜ੍ਹਾਈ ਕਿੰਨੀ ਕੁ ਕਾਰਗਰ ਸਾਬਤ ਹੋ ਰਹੀ ਹੋਵੇਗੀ, ਅਸੀਂ ਅੰਦਾਜਾ ਲਾ ਸਕਦੇ ਹਾਂ।
ਇਹ ਮੰਨ ਕੇ ਚੱਲੀਏ ਕਿ ਆਨਲਾਈਨ ਤਰੀਕੇ ਨਾਲ ਕੀਤੀ ਪੜ੍ਹਾਈ ਕਿਸੇ ਵੀ ਤਰ੍ਹਾਂ ਕਲਾਸ ਰੂਮ ਟੀਚਿੰਗ ਦੀ ਜਗ੍ਹਾ ਨਹੀਂ ਲੈ ਸਕਦੀ। ਅਜਿਹੇ ਹਾਲਾਤ ਵਿੱਚ ਵਿਦਿਆਰਥੀਆਂ ਨੂੰ ਬਿਨਾਂ ਇਮਤਿਹਾਨਾਂ ਦੇ ਪ੍ਰਮੋਟ ਕਰ ਦੇਣਾ ਹਾਲਾਤ ਦੇ ਮੱਦੇਨਜ਼ਰ ਤਾਂ ਸ਼ਾਇਦ ਠੀਕ ਜਾਪਦਾ ਹੈ ਪਰ ਇਨ੍ਹਾਂ ਦਾ ਭਵਿੱਖ ਕੀ ਹੋਵੇਗਾ ਇਹ ਆਉਣ ਵਾਲੇ ਸਮੇਂ ਵਿੱਚ ਇੱਕ ਵੱਡੀ ਚੁਣੌਤੀ ਹੋਵੇਗੀ। ਕੱਲ੍ਹ ਨੂੰ ਇਹ ਵਿਦਿਆਰਥੀ ਜਦੋਂ ਕਿਸੇ ਪੈਨਲ ਦੇ ਸਾਹਮਣੇ ਕਿਸੇ ਨੌਕਰੀ ਦੀ ਇੰਟਰਵਿਊ ਲਈ ਬੈਠੇ ਹੋਣਗੇ ਤਾਂ ਇਨ੍ਹਾਂ ਦਾ ਪ੍ਰੋਫਾਈਲ ਦੇਖ ਕੇ ਉਨ੍ਹਾਂ ਨੂੰ ਜਰੂਰ ਯਾਦ ਆਵੇਗਾ ਕਿ ਇਹ ਤਾਂ ਪ੍ਰਮੋਟ ਕੀਤਾ ਗਿਆ ਸੀ ਤਾਂ ਯਕੀਨੀ ਤੌਰ ’ਤੇ ਇਸ ਦਾ ਅਸਰ ਉਨ੍ਹਾਂ ਦੇ ਫੈਸਲਾ ਲੈਣ ’ਤੇ ਜਰੂਰ ਪਵੇਗਾ। ਹੋਰ ਤੇ ਹੋਰ ਇਨ੍ਹਾਂ ’ਚੋਂ ਜ਼ਿਆਦਾ ਨੂੰ ਤਾਂ ਡਿਗਰੀਆਂ ਹੋਣ ਦੇ ਬਾਵਜ਼ੂਦ ਵੀ ਆਪਣੇ-ਆਪ ’ਤੇ ਭਰੋਸਾ ਨਹੀਂ ਹੋਵੇਗਾ। ਕਿਉਂਕਿ ਉਨ੍ਹਾਂ ਨੂੰ ਆਪਣੇ ਵਿਸ਼ੇ ਦਾ ਗਿਆਨ ਹੀ ਨਹੀਂ ਹੋਣਾ।
ਅੱਜ ਸ਼ਾਇਦ ਇਸ ਬਾਰੇ ਕੋਈ ਨਹੀਂ ਸੋਚ ਰਿਹਾ ਜਾਂ ਕਹਿ ਲਓ ਕਿ ਹਾਲਾਤ ਹੀ ਇਸ ਤਰ੍ਹਾਂ ਦੇ ਬਣ ਗਏ ਹਨ ਕਿ ਹੋਰ ਕੋਈ ਬਦਲ ਨਜ਼ਰ ਨਹੀਂ ਆਉਂਦਾ। ਇਹ ਵੀ ਸੱਚ ਹੈ ਕਿ ਜਾਨ ਹੈ ਤਾਂ ਜਹਾਨ ਹੈ। ਪਰ ਆਉਣ ਵਾਲੇ ਸਮੇਂ ਵਿੱਚ ਇਹ ਇੱਕ ਨਵੀਂ ਚੁਣੌਤੀ ਬਣ ਕੇ ਸਾਹਮਣੇ ਆਵੇਗੀ। ਜਿਸ ਤਰ੍ਹਾਂ ਸਮੇਂ ਨੂੰ ਮੋੜਿਆ ਨਹੀਂ ਜਾ ਸਕਦਾ, ਉਸੇ ਤਰ੍ਹਾਂ ਵਿਦਿਆਰਥੀਆਂ ਦਾ ਇਹ ਸਮਾਂ ਨਹੀਂ ਮੁੜ ਸਕੇਗਾ।
ਸੋ ਵਿਦਿਆਰਥੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਕੋਰੋਨਾ ਮਹਾਂਮਾਰੀ ਦੀ ਘੜੀ ਵਿੱਚ ਆਪਣੀਆਂ ਜਿੰਮੇਵਾਰੀਆਂ ਸਮਝਦੇ ਹੋਏ ਆਪਣੀ ਪੜ੍ਹਾਈ ਨੂੰ ਪੂਰੀ ਇਮਾਨਦਾਰੀ ਨਾਲ ਕਰਨ। ਉਹ ਇਹ ਨਾ ਸੋਚਣ ਕਿ ਚੱਲੋ ਪੜ੍ਹਾਈ ਤੋਂ ਜਾਨ ਛੁੱਟ ਗਈ, ਸਗੋਂ ਆਉਣ ਵਾਲੇ ਸਮੇਂ ਦੀਆਂ ਚੁਣੌਤੀਆਂ ਨੂੰ ਭਾਂਪਦੇ ਹੋਏ ਬਹੁਤ ਸੰਜੀਦਗੀ ਨਾਲ ਆਪਣੀ ਪੜ੍ਹਾਈ ਕਰਨ। ਇੱਕ ਸਾਲ ਤੋਂ ਆਨਲਾਈਨ ਪੜ੍ਹਾਈ ਕਰਦੇ-ਕਰਦੇ ਉਨ੍ਹਾਂ ਨੂੰ ਹੁਣ ਤੱਕ ਸਮਝ ਜਾਣਾ ਚਾਹੀਦਾ ਹੈ ਕਿ ਇਹ ਦੌਰ ਉਨ੍ਹਾਂ ਦੇ ਮਾਪਿਆਂ ਲਈ ਵੀ ਕਿੰਨਾ ਕਠਿਨ ਹੈ। ਕਿਸ ਤਰ੍ਹਾਂ ਬਹੁਤਿਆਂ ਨੇ ਕਿੰਨੇ ਔਖੇ ਹੋ ਕੇ ਆਪਣੇ ਬੱਚਿਆਂ ਨੂੰ ਉਨ੍ਹਾਂ ਦੀ ਪੜ੍ਹਾਈ ਲਈ ਸਮਾਰਟ ਫੋਨ ਲੈ ਕੇ ਦਿੱਤੇ ਹਨ। ਉਨ੍ਹਾਂ ਵੱਲੋਂ ਕੀਤੀ ਗਈ ਥੋੜ੍ਹੀ ਜਿਹੀ ਅਣਗਹਿਲੀ ਕਿਤੇ ਉਨ੍ਹਾਂ ਦੇ ਮਾਪਿਆਂ ਦੇ ਸਾਰੇ ਸੁਪਨਿਆਂ ਨੂੰ ਢਹਿ-ਢੇਰੀ ਨਾ ਕਰ ਦੇਵੇ। ਸੋ ਬੇਸ਼ੱਕ ਵਿਦਿਆਰਥੀ ਬਿਨਾਂ ਪ੍ਰੀਖਿਆ ਦਿੱਤੇ ਪਾਸ ਹੋ ਗਏ ਹਨ ਪਰ ਉਨ੍ਹਾਂ ਨੂੰ ਆਪਣੇ ਵਿਸ਼ੇ ਸਬੰਧੀ ਗਿਆਨ ਜਰੂਰ ਪ੍ਰਾਪਤ ਕਰਨ ਚਾਹੀਦਾ ਹੈ ਕਿਉਂਕਿ ਉਹ ਵਿਸ਼ੇ ਦਾ ਗਿਆਨ ਅਗਲੀ ਕਲਾਸ ਵਿੱਚ ਬਹੁਤ ਜਰੂਰੀ ਹੈ।
ਵਿਜੈ ਗਰਗ ਸਾਬਕਾ ਪੀਈਐਸ-1,
ਸੇਵਾ ਮੁਕਤ ਪ੍ਰਿੰਸੀਪਲ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮੰਡੀ ਹਰਜੀ ਰਾਮ, ਮਲੋਟ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।