ਇਨਸਾਫ਼ ਦੀ ਮੰਗ ਨੂੰ ਲੈ ਕੇ ਮਾਪਿਆਂ ਨੇ ਲਾਇਆ ਧਰਨਾ
-
ਪੁਲਿਸ ਨੇ 2 ਦੋਸਤਾਂ ਖ਼ਿਲਾਫ਼ ਮਾਮਲਾ ਕੀਤਾ ਦਰਜ਼
ਸਮਾਣਾ, (ਸੁਨੀਲ ਚਾਵਲਾ)। ਭਾਖੜਾ ਨਹਿਰ ਵਿੱਚ ਡੁੱਬੇ ਨੌਜਵਾਨ ਦੇ ਮਾਪਿਆਂ ਨੇ ਉਸ ਦੇ 2 ਦੋਸਤਾਂ ’ਤੇ ਉਸ ਨੂੰ ਨਹਿਰ ’ਚ ਧੱਕਾ ਦੇ ਕੇ ਜਾਨੋਂ ਮਾਰਨ ਦੇ ਦੋਸ਼ ਲਾਉਣ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ’ਚ ਕੋਈ ਕਾਰਵਾਈ ਨਾ ਕਰਨ ਤੋਂ ਗੁੱਸੇ ’ਚ ਆਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਮੁਹੱਲਾ ਵਾਸੀਆਂ ਨੇ ਅੱਜ ਪਹਿਲਾ ਸਥਾਨਕ ਸਿਵਲ ਹਸਪਤਾਲ ਦੇ ਅੱਗੇ ਰੋਡ ਜਾਮ ਕੀਤੀ ਤੇ ਫ਼ਿਰ ਸਮਾਣਾ ਪਟਿਆਲਾ ਰੋਡ ’ਤੇ ਜਾਮ ਲਾ ਦਿੱਤਾ। ਇਨਸਾਫ ਦੀ ਮੰਗ ਕਰਦਿਆਂ ਮਿਹਨਤ ਮਜਦੂਰੀ ਕਰਨ ਵਾਲੇ ਮ੍ਰਿਤਕ ਦੇ ਮਾਪਿਆਂ ਨੇ ਪੁਲਿਸ ਤੇ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਪੰਜਾਬ ਸਰਕਾਰ ਨੂੰ ਜੰਮ ਕੇ ਲਾਹਣਤਾ ਪਾਈਆਂ। ਆਮ ਆਦਮੀ ਪਾਰਟੀ ਦੇ ਆਗੂ ਚੇਤਨ ਸਿੰਘ ਜੋੜਾਮਾਜਰਾ ਨੇ ਇਸ ਧਰਨੇ ਵਿਚ ਸ਼ਾਮਲ ਹੁੰਦਿਆਂ ਇਨਸਾਫ ਦੀ ਮੰਗ ਕੀਤੀ ਤੇ ਪੁਲਿਸਦੀ ਢਿਲੀ ਕਾਰਵਾਈ ਤੇ ਸਵਾਲ ਚੁੱਕੇ।
ਮ੍ਰਿਤਕ ਨੌਜਵਾਨ ਸਨੀ ਦੇ ਪਿਤਾ ਪ੍ਰੇਮ ਵਾਸੀ ਮਲਕਾਣਾ ਪੱਤੀ ਨੇ ਦੱਸਿਆ ਕਿ ਸੋਮਵਾਰ ਸ਼ਾਮ ਸਮੇਂ ਉਸ ਦਾ ਦੋਸਤ ਉਸ ਨੂੰ ਬੁਲਾ ਕੇ ਆਪਣੇ ਨਾਲ ਲੈ ਗਿਆ ਸੀ,ਪ੍ਰੰਤੂ ਕਾਫ਼ੀ ਸਮਾਂ ਤੱਕ ਸਨੀ ਵਾਪਿਸ ਨਹੀਂ ਪਰਿਤਿਆ। ਉਨ੍ਹਾਂ ਇੱਕ ਦੋ ਵਾਰ ਉਸ ਦਾ ਫੋਨ ਕੀਤਾ ਪ੍ਰੰਤੂ ਉਸ ਸਮੇਂ ਉਸਨੇ ਫੋਨ ਨਹੀਂ ਚੁੱਕਿਆ ਜਦੋਂਕਿ ਕੁੱਝ ਦੇਰ ਬਾਅਦ ਫ਼ੋਨ ਬੰਦ ਆਉਣ ਲੱਗ ਪਿਆ। ਹਨੇਰੀ ਤੇ ਤੇਜ਼ ਝਖੜ ਕਾਰਨ ਉਨ੍ਹਾਂ ਸੋਚਿਆ ਕਿ ਸੰਨੀ ਆਪਣੇ ਦੋਸਤ ਕੋਲ ਹੀ ਰਹਿਗੇ। ਕਰੀਬ 11 ਵਜੇ ਉਸਦੇ ਦੋਸਤ ਦਾ ਪਿਤਾ ਵੀਰਭਾਨ ਉਨਾਂ ਦੇ ਘਰ ਆਇਆ ਕਿ ਉਸਨੇ ਦੱਸਿਆ ਕਿ ਉਨਾਂ ਦਾ ਲੜਕਾ ਭਾਖੜਾ ਨਹਿਰ ਵਿਚ ਡੁੱਬ ਗਿਆ ਹੈ। ਉਨਾਂ ਤੁਰੰਤ ਉਸਦੀ ਭਾਲ ਸ਼ੁਰੂ ਕੀਤੀ। ਮੰਗਲਵਾਰ ਨੂੰ ਉਨਾਂ ਉਸਦੀ ਲਾਸ਼ ਖਨੋਰੀ ਕੋਲੋਂ ਮਿਲ ਗਈ। ਉਨਾਂ ਦੱਸਿਆ ਕਿ ਮੌਕੇ ਤੇ ਇੱਕ ਵਿਅਕਤੀ ਨੇ ਉਨਾਂ ਨੂੰ ਦੱਸਿਆ ਕਿ ਸਨੀ ਨੂੰ 2 ਲੜਕਿਆਂ ਨੇ ਨਹਿਰ ਵਿਚ ਧੱਕਾ ਦਿੱਤਾ ਸੀ,ਜਿਸ ਤੇ ਉਨਾਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤੇ ਆਪਣੇ ਲੜਕੇ ਦੀ ਹੱਤਿਆ ਬਾਰੇ ਸ਼ਿਕਾਇਤ ਕੀਤੀ।
ਉਨਾਂ ਦੋਸ਼ ਲਗਾਇਆ ਕਿ ਪੁਲਿਸ ਨੇ ਮਾਮਲੇ ’ਚ ਕੋਈ ਕਾਰਵਾਈ ਨਹੀਂ ਕੀਤੀ। ਜਿਸ ਦੇ ਰੋਸ ਵਜੋਂ ਉਨਾਂ ਨੂੰ ਰੋਡ ਜਾਮ ਕਰਨੀ ਪਈ। ਕਾਫ਼ੀ ਸਮਾਂ ਰੋਡ ਜਾਮ ਹੋਣ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਪੁਲਿਸ ਨੇ ਤੁਰੰਤ ਸੰਜੂ ਪੁੱਤਰ ਪੱਪੂ ਰਾਮ ਅਤੇ ਮੋਹਿਤ ਕੁਮਾਰ ਪੁੱਤਰ ਵੀਰਭਾਨ ਖ਼ਿਲਾਫ਼ ਆਈਪੀਸੀ ਦੀ ਧਾਰਾ 304,34 ਤਹਿਤ ਮਾਮਲਾ ਦਰਜ਼ ਕਰ ਲਿਆ ਤੇ ਛੇਤੀ ਹੀ ਦੋਵਾਂ ਦੀ ਗ੍ਰਿਫ਼ਤਾਰ ਦਾ ਭਰੋਸਾ ਦੇ ਕੇ ਧਰਨਾ ਖ਼ਤਮ ਕਰਵਾਇਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।