ਸਾਡੇ ਨਾਲ ਸ਼ਾਮਲ

Follow us

14.9 C
Chandigarh
Friday, February 27, 2026
More
    Home Breaking News ਪੰਜਾਬ ਭਰ ਤੋਂ ...

    ਪੰਜਾਬ ਭਰ ਤੋਂ ਕਿਸਾਨਾਂ ਦੇ 5 ਵੱਡੇ ਕਾਫ਼ਲੇ ਦਿੱਲੀ ਲਈ ਹੋਏ ਰਵਾਨਾ

    5 ਜੂਨ ਦੇ ਮੁਜ਼ਾਹਰਿਆਂ ਸਬੰਧੀ ਤਿਆਰੀਆਂ ਜ਼ੋਰਾਂ ’ਤੇ

    • ਕਿਸਾਨ ਆਗੂਆਂ ਵੱਲੋਂ ਹਰਿਆਣਾ ਅੰਦਰ ਕਿਸਾਨਾਂ ਨਾਲ ਕੀਤੇ ਮਾੜੇ ਵਿਵਹਾਰ ਦੀ ਕੀਤੀ ਨਿਖੇਧੀ

    ਖੁਸ਼ਵੀਰ ਸਿੰਘ ਤੂਰ, ਪਟਿਆਲਾ। ਸੰਯੁਕਤ ਕਿਸਾਨ ਮੋਰਚੇ ’ਚ ਸ਼ਾਮਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਪੰਜਾਬ ਭਰ ’ਚ 108 ਥਾਵਾਂ ਟੋਲ-ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ, ਅਡਾਨੀਆਂ ਦੀ ਖੁਸ਼ਕ ਬੰਦਰਗਾਹ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਜਾਰੀ ਹਨ। ਅੱਜ ਸੂਬੇ ਅੰਦਰੋਂ ਸਿੰਘੂ ਬਾਰਡਰ ਲਈ ਪੰਜ ਵੱਡੇ ਕਾਫ਼ਲੇ ਰਵਾਨਾ ਹੋਏ। ਇਸ ਦੌਰਾਨ 5 ਜੂਨ ਨੂੰ ‘ਸੰਪੂਰਨ ਕ੍ਰਾਂਤੀ ਦਿਹਾੜਾ‘ ਮਨਾਉਣ ਲਈ ਭਾਜਪਾ ਆਗੂਆਂ ਦੇ ਘਰਾਂ-ਦਫ਼ਤਰਾਂ ਅੱਗੇ ਖੇਤੀ-ਕਾਨੂੰਨਾਂ ਦੀਆਂ ਕਾਪੀਆਂ ਫੂਕਣ ਸਬੰਧੀ ਪ੍ਰੋਗਰਾਮਾਂ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਹਨ। ਪਿੰਡਾਂ ਦੀਆਂ ਇਕਾਈਆਂ ਵੱਲੋਂ ਮੀਟਿੰਗਾਂ ਕਰਦਿਆਂ ਲਾਮਬੰਦੀ ਕੀਤੀ ਜਾ ਰਹੀ ਹੈ। ਇੱਧਰ ਕਿਸਾਨ ਜਥੇਬੰਦੀਆਂ ਨੇ ਟੋਹਾਣਾ (ਹਰਿਆਣਾ) ਦੇ ਜਜਪਾ ਵਿਧਾਇਕ ਦਵੇਂਦਰ ਬਬਲੀ ਵੱਲੋਂ ਕਿਸਾਨਾਂ ਨਾਲ ਕੀਤੇ ਮਾੜੇ ਵਿਵਹਾਰ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਨਾਲ ਇੱਕਜੁੱਟਤਾ ਪ੍ਰਗਟਾਈ ਹੈ।

    ਅੱਜ ਪੰਜਾਬ ਚੋਂ ਕਰੀਬ 500 ਕਾਰਾਂ, ਬੱਸਾਂ, ਟਰੈਕਟਰ-ਟਰਾਲੀਆਂ ਦੇ ਕਾਫ਼ਲਿਆਂ ਨੂੰ ਰਵਾਨਾ ਕਰਦਿਆਂ ਕਿਸਾਨ-ਆਗੂਆਂ ਨੇ ਕਿਹਾ ਕਿ 3 ਖੇਤੀ-ਕਾਨੂੰਨ, ਬਿਜ਼ਲੀ ਸੋਧ ਬਿਲ-2020 ਅਤੇ ਪਰਾਲੀ ਆਰਡੀਨੈਂਸ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।
    ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਜਨਰਲ-ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਕਿਸਾਨ-ਅੰਦੋਲਨ ਦੇ 6 ਮਹੀਨੇ ਪੂਰੇ ਹੋਣ ’ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਭਰ ਵਿੱਚ ਰੋਸ ਦਿਵਸ ਮਨਾਉਣ ਦੇ ਸੱਦੇ ਨੂੰ ਮੁਲਕ ਦੀ ਕਿਸਾਨੀ ਦੇ ਨਾਲ ਨਾਲ ਸਮਾਜ ਦੇ ਹੋਰਨਾਂ ਵਰਗਾਂ ਨੇ ਵੀ ਹੁੰਗਾਰਾ ਦਿੱਤਾ ਹੈ। ਟਰੇਡ ਯੂਨੀਅਨਾਂ ਅਤੇ ਹੋਰ ਲੋਕ ਜਥੇਬੰਦੀਆਂ ਨੇ ਵੀ ਇਸ ਦੀ ਡਟਵੀਂ ਹਮਾਇਤ ਕੀਤੀ ਹੈ।


    ਦੇਸ਼ ਦੇ ਵੱਖ-ਵੱਖ ਖੇਤਰਾਂ ’ਚ ਲੋਕ ਸੜਕਾਂ ’ਤੇ ਆਏ ਹਨ, ਥਾਂ-ਥਾਂ ਕਾਲੇ ਝੰਡੇ ਲਹਿਰਾਏ ਗਏ ਹਨ, ਮੋਦੀ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ ਹਨ। ਹਰਿਆਣੇ ਅੰਦਰ ਕਿਸਾਨਾਂ ਦੇ ਰੋਹ ਦਾ ਬਹੁਤ ਤਿੱਖਾ ਪ੍ਰਗਟਾਵਾ ਹੋਇਆ ਹੈ। ਹਿਸਾਰ ’ਚ ਖੱਟੜ ਹਕੂਮਤ ਵੱਲੋਂ ਢਾਹੇ ਗਏ ਜਬਰ ਦੀ ਚੀਸ ਇਸ ਐਕਸ਼ਨ ਰਾਹੀਂ ਜੋਰਦਾਰ ਲਲਕਾਰ ਬਣ ਕੇ ਪ੍ਰਗਟ ਹੋਈ ਹੈ। ਕਿਸਾਨੀ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਲਈ ਲੰਮਾ ਇਰਾਦਾ ਧਾਰ ਰਹੀ ਹੈ, 6 ਮਹੀਨਿਆਂ ਮਗਰੋਂ ਵੀ ਰੋਹ ਮੱਠਾ ਨਹੀਂ ਪਿਆ ਸਗੋਂ ਏਨੀਆਂ ਕੁਰਬਾਨੀਆਂ ਹੋ ਜਾਣ ਤੇ ਦੁਸ਼ਵਾਰੀਆਂ ਦਾ ਸਾਹਮਣਾ ਹੋਣ ਨੇ ਤੇ ਮੋਦੀ ਸਰਕਾਰ ਦੇ ਅੜੀਅਲ ਵਤੀਰੇ ਨੇ ਇਸ ਰੋਹ ਨੂੰ ਹੋਰ ਡੂੰਘਾ ਕੀਤਾ ਹੈ। ਆਗੂਆਂ ਨੇ ਕਿਹਾ ਕਿ ਕਿਸਾਨ-ਅੰਦੋਲਨ ਮੁਲਕ ਦੇ ਕਿਰਤੀ ਲੋਕਾਂ ਦੇ ਮਨਾਂ ਅੰਦਰ ਜੂਝਣ ਦਾ ਭਰੋਸਾ ਪੈਦਾ ਕਰ ਰਿਹਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।