ਅਮਰਗੜ ਤੋਂ ਵਿਧਾਇਕ ਸੁਰਜੀਤ ਧੀਮਾਨ ਨੇ ਕੀਤੀ ਤਿੰਨ ਮੈਂਬਰੀ ਕਮੇਟੀ ਕੋਲ ਮੰਗ
-
ਅਮਰਿੰਦਰ ਸਿੰਘ ਨੇ ਨਹੀਂ ਕੀਤਾ ਆਪਣੇ ਵਾਅਦਿਆਂ ਨੂੰ ਪੂਰਾ, ਪੰਜਾਬ ’ਚ ਚਲ ਰਿਹਾ ਐ ਮਾਫ਼ੀਆ : ਧੀਮਾਨ
-
ਕਿਹਾ, ਪੰਜਾਬ ’ਚ ਹੋ ਰਿਹਾ ਐ ਬੀ.ਸੀ. ਨਾਲ ਧੱਕਾ, ਕੈਬਨਿਟ ਵਿੱਚ ਇੱਕ ਵੀ ਮੰਤਰੀ ਬੀ.ਸੀ. ਨਹੀਂ
ਚੰਡੀਗੜ, (ਅਸ਼ਵਨੀ ਚਾਵਲਾ)। ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਖ਼ਿਲਾਫ਼ ਮੋਰਚਾ ਖੋਲ ਕੇ ਬੈਠੇ ਅਮਰਗੜ ਤੋਂ ਵਿਧਾਇਕ ਸੁਰਜੀਤ ਧੀਮਾਨ ਨੇ ਦਿੱਲੀ ਵਿਖੇ ਤਿੰਨ ਮੈਂਬਰੀ ਕਮੇਟੀ ਅੱਗੇ ਅਮਰਿੰਦਰ ਸਿੰਘ ਨੂੰ ਤੁਰੰਤ ਬਦਲਣ ਦੀ ਮੰਗ ਕਰ ਦਿੱਤੀ ਹੈ। ਸੁਰਜੀਤ ਧੀਮਾਨ ਨੇ ਕਮੇਟੀ ਅੱਗੇ ਕਿਹਾ ਕਿ ਅਮਰਿੰਦਰ ਸਿੰਘ ਦੀ ਕਪਤਾਨੀ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ, ਇਸ ਲਈ ਤੁਰੰਤ ਅਮਰਿੰਦਰ ਸਿੰਘ ਨੂੰ ਬਦਲ ਦੇਣਾ ਚਾਹੀਦਾ ਹੈ ਨਹੀਂ ਤਾਂ ਆਉਣ ਵਾਲੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਵੱਡੀ ਹਾਰ ਤੱਕ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਦਿੱਲੀ ਵਿਖੇ ਖੜਗੇ ਕਮੇਟੀ ਅੱਗੇ ਪੇਸ਼ ਹੋਣ ਤੋਂ ਬਾਅਦ ਸੁਰਜੀਤ ਧੀਮਾਨ ਨੇ ਦੱਸਿਆ ਕਿ ਉਨਾਂ ਨੇ ਤਿੰਨ ਮੈਂਬਰੀ ਕੋਲ ਦਿਲ ਖੋਲ ਕੇ ਗੱਲ ਰੱਖੀ ਹੈ। ਪੰਜਾਬ ਵਿੱਚ ਅਨੇਕੋ ਮੁੱਦੇ ਹਨ, ਜਿਹੜੇ ਕਿ ਹੁਣ ਤੱਕ ਅਮਰਿੰਦਰ ਸਿੰਘ ਹੱਲ ਨਹੀਂ ਕਰ ਪਾਏ ਹਨ। ਪੰਜਾਬ ਵਿੱਚ ਹੁਣ ਵੀ ਮਾਫ਼ੀਆ ਰਾਜ ਚਲ ਰਿਹਾ ਹੈ ਤਾਂ ਅਧਿਕਾਰੀ ਕਿਸੇ ਨੂੰ ਪੁੱਛਦੇ ਤੱਕ ਨਹੀਂ ਹਨ। ਉਨਾਂ ਕਿਹਾ ਕਿ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਹਨ, ਇਸ ਲਈ ਚੋਣਾਂ ਦੌਰਾਨ ਕਾਂਗਰਸ ਉਮੀਦਵਾਰ ਆਮ ਜਨਤਾ ਅੱਗੇ ਕੀ ਮੂੰਹ ਲੈ ਕੇ ਜਾਏਗੀ।
ਉਨਾਂ ਇਹ ਵੀ ਕਿਹਾ ਕਿ ਪੰਜਾਬ ਦੀ 18 ਮੈਂਬਰੀ ਕੈਬਨਿਟ ਵਿੱਚ ਇੱਕ ਵੀ ਬੈਕਵਰਡ ਕਲਾਸ ਤੋਂ ਵਿਧਾਇਕ ਸ਼ਾਮਲ ਨਹੀਂ ਕੀਤਾ ਗਿਆ ਹੈ, ਜਦੋਂ ਕਿ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਬੈਕਵਰਡ ਕਲਾਸ ਦੀ ਗਿਣਤੀ ਹੈ। ਇਸ ਲਈ ਬੈਕਵਰਡ ਕਲਾਸ ਨੂੰ ਬਣਦਾ ਸਨਮਾਨ ਨਹੀਂ ਦੇਣਾ ਵੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੱਦਾ ਬਣੇਗਾ। ਇਨਾਂ ਸਾਰੀਆਂ ਗੱਲਾ ਨੂੰ ਜੁਆਬ ਕਾਂਗਰਸ ਪਾਰਟੀ ਨੂੰ ਚੋਣਾਂ ਦੌਰਾਨ ਦੇਣਾ ਪਏਗਾ।
ਇਥੇ ਜਿਕਰ ਯੋਗ ਹੈ ਕਿ ਸੁਰਜੀਤ ਸਿੰਘ ਧੀਮਾਨ ਨੇ ਪਿਛਲੇ ਕੁਝ ਦਿਨਾਂ ਤੋਂ ਬਾਗੀ ਤੇਵਰ ਅਪਣਾਏ ਹੋਏ ਹਨ ਅਤੇ ਉਨਾਂ ਨੇ ਹੀ ਪੰਜਾਬ ਵਿੱਚ ਸਾਰੀਆਂ ਤੋਂ ਪਹਿਲਾਂ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਲਾਂਭੇ ਕਰਨ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਉਨਾਂ ਦੇ ਬਿਆਨ ਦਾ ਸਮਰਥਨ ਕੀਤਾ ਸੀ। ਹੁਣ ਸੁਰਜੀਤ ਸਿੰਘ ਧੀਮਾਨ ਨੇ ਦਿੱਲੀ ਵਿਖੇ ਤਿੰਨ ਮੈਂਬਰੀ ਕਮੇਟੀ ਕੋਲ ਇਹ ਮੰਗ ਕਰ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।