ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਹਰ ਵਰਗ ਦੀ ਭਲਾਈ ਦੀ ਵਚਨਬੱਧਤਾ ਪੁਗਾਈ : ਪ੍ਰਨੀਤ ਕੌਰ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਸਾਬਕਾ ਕੇਂਦਰੀ ਮੰਤਰੀ ਤੇ ਮੈਂਬਰ ਲੋਕ ਸਭਾ ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਰਾਜ ਦੇ ਹਰ ਵਰਗ ਦੀ ਭਲਾਈ ਦੀ ਆਪਣੀ ਵਚਨਬੱਧਤਾ ਪੁਗਾਈ ਹੈ। ਉਨ੍ਹਾਂ ਨੇ ਅੱਜ ਇੱਥੇ ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਵੱਲੋਂ ਪਟਿਆਲਾ ਜ਼ਿਲ੍ਹੇ ’ਚ ਸਵੈ ਸਹਾਇਤਾ ਸਮੂਹਾਂ ਦੇ ਅਨੁਸੂਚਿਤ ਜਾਤੀ ਨਾਲ ਸਬੰਧਤ ਅਤੇ ਕਿੱਤਾਮੁਖੀ ਸਿੱਖਿਆ ਹਾਸਲ 111 ਮੈਂਬਰਾਂ ਨੂੰ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਟੂਲ ਕਿੱਟਾਂ ਵੰਡਣ ਦੀ ਸ਼ੁਰੂਆਤ ਕਰਵਾਈ।
ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਕੇਂਦਰੀ ਸਹਾਇਤਾ ਸਕੀਮ ਤਹਿਤ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਸਵੈ-ਰੋਜ਼ਗਾਰ ਸ਼ੁਰੂ ਕਰਨ ਲਈ ਇਹ ਪਹਿਲਕਦਮੀ ਕੀਤੀ ਗਈ ਹੈ। ਸੰਸਦ ਮੈਂਬਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 3200 ਦੇ ਲਗਪਗ ਸਵੈ ਸਹਾਇਤਾ ਸਮੂਹ ਹਨ, ਜਿਨ੍ਹਾਂ ਰਾਹੀਂ ਪੇਂਡੂ ਔਰਤਾਂ ਦੇ ਜੀਵਨ-ਪੱਧਰ ਨੂੰ ਖੁਸ਼ਹਾਲੀ ਵੱਲ ਤੋਰਿਆ ਗਿਆ ਹੈ ਅਤੇ ਇਸ ਨਾਲ ਇਨ੍ਹਾਂ ਸਮੂਹਾਂ ਦੇ ਮੈਂਬਰ ਆਰਥਿਕ ਪੱਖੋਂ ਮਜ਼ਬੂਤ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਫ਼ਤਰ ਵੱਲੋਂ ਏ.ਡੀ.ਸੀ. (ਵਿ) ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਲਾਭਪਾਤਰੀ ਮੈਂਬਰਾਂ ਦੀ ਪਛਾਣ ਕਰਕੇ ਇਹ ਟੂਲ ਕਿੱਟਾਂ ਵੰਡੀਆਂ ਜਾਣਗੀਆਂ।
ਸ੍ਰੀਮਤੀ ਪ੍ਰਨੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਕਿੱਟਾਂ ’ਚ ਖੇਤੀਬਾੜੀ ਨਾਲ ਸਬੰਧਤ ਸਪਰੇ ਪੰਪ, ਪੰਕਚਰ ਲਗਾਉਣ ਲਈ ਟੂਲ ਕਿੱਟ ਤੇ ਹਵਾ ਭਰਨ ਲਈ ਏਅਰ ਕੰਪਰੈਸ਼ਰ, ਸਿਲਾਈ ਤੇ ਕਢਾਈ ਮਸ਼ੀਨਾਂ, ਇਲੈਕਟ੍ਰੀਸ਼ਨ ਕਿੱਟ, ਕਾਰ ਏ.ਸੀ. ਵਾਸ਼ਰ, ਨਿਟਿੰਗ ਤੇ ਕ੍ਰੋਸ਼ੀਆ, ਫਾਸਟ ਫੂਡ ਓਵਨ, ਬਿਊਟੀ ਪਾਰਲਰ ਕਿਟ, ਜੂਸਰ ਮਿਕਸਰ, ਕ੍ਰਿਸ਼ੀ ਸਖੀ ਲਈ ਗਾਰਡਿੰਗ ਕਿਟ ਅਤੇ ਘਾਹ ਕੱਟਣ ਵਾਲੀ ਮਸ਼ੀਨ ਆਦਿ ਸ਼ਾਮਲ ਹੈ।
ਲੋਕ ਸਭਾ ਮੈਂਬਰ ਨੇ ਇਨ੍ਹਾਂ ਲਾਭਪਾਤਰੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਵੱਲੋਂ ਤਿਆਰ ਕੀਤੇ ਸਮਾਨ ਨੂੰ ਦੁਨੀਆਂ ਦੀ ਮੰਡੀ ’ਚ ਵੇਚਣ ਲਈ ਅਤਿਆਧੁਨਿਕ ਢੰਗ ਤਰੀਕੇ ਤੇ ਸੂਚਨਾ ਤਕਨੀਕ ਦੀ ਵਰਤੋਂ ਕਰਨ ਤਾਂ ਕਿ ਉਨ੍ਹਾਂ ਵੱਲੋਂ ਤਿਆਰ ਸਮਾਨ ਵਾਜਬ ਭਾਅ ’ਤੇ ਵਿਕ ਸਕੇ। ਉਨ੍ਹਾਂ ਹੋਰ ਕਿਹਾ ਕਿ ਸਮੇਂ ਦੀ ਮੰਗ ਮੁਤਾਬਕ ਅਜਿਹੀਆਂ ਵਸਤਾਂ ਤਿਆਰ ਕਰਨ ਜੋਕਿ ਆਪਣੀ ਵਿਰਾਸਤ ਦੇ ਵੀ ਨੇੜੇ ਹੋਵੇ ਅਤੇ ਆਧੁਨਿਕ ਸਮੇਂ ਦੇ ਹਾਣ ਦਾ ਵੀ ਹੋਵੇ।
ਇਸ ਮੌਕੇ ਮੁੱਖ ਮੰਤਰੀ ਤੇ ਸ੍ਰੀਮਤੀ ਪ੍ਰਨੀਤ ਕੌਰ ਦੀ ਸਪੁੱਤਰੀ ਬੀਬਾ ਜੈਇੰਦਰ ਕੌਰ, ਰਾਜ ਸੂਚਨਾ ਕਮਿਸ਼ਨਰ ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਮੁੱਖ ਮੰਤਰੀ ਦੇ ਉੱਪ ਪ੍ਰਮੁੱਖ ਸਕੱਤਰ ਰਾਜੇਸ਼ ਸ਼ਰਮਾ, ਨਿਜੀ ਸਕੱਤਰ ਬਲਵਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ, ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਸੁੱਖ ਸਾਗਰ ਸਿੰਘ ਤੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰੀਨਾ ਰਾਣੀ ਮੌਜੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।