ਜ਼ੀਰਾ, (ਸੱਚ ਕਹੂੰ ਨਿਊਜ਼)। ਚਿੱਟ ਫੰਡ ਕੰਪਨੀ ਦੇ ਨਾਂਅ ’ਤੇ ਆਮ ਲੋਕਾਂ ਨਾਲ ਲਗਭਗ 50 ਹਜਾਰ ਕਰੋੜ ਰੁਪਏ ਦਾ ਘਪਲਾ ਕਰਨ ਵਾਲੇ ਪਰਲਜ਼ ਗਰੁੱਪ ਦਾ ਮਾਮਲਾ ਉਸ ਵੇਲੇ ਫਿਰ ਚਰਚਾ ਵਿੱਚ ਆ ਗਿਆ ਜਦ ਪੰਜਾਬ ਪੁਲਿਸ ਵੱਲੋਂ ਬਣਾਈ ਗਈ ਸਿੱਟ (ਸਪੈਸ਼ਲ ਇੰਨਵੈਸਟੀਗੇਸ਼ਨ ਟੀਮ) ਅਤੇ ਜ਼ੀਰਾ ਪੁਲਿਸ ਨੇ ਪਰਲਜ਼ ਕੰਪਨੀ ਦੇ ਚੇਅਰਮੈਨ ਨਿਰਮਲ ਸਿੰਘ ਭੰਗੂ ਦੇ ਜਵਾਈ ਹਰਸਤਿੰਦਰ ਸਿੰਘ ਨੂੰ ਪਰਲਜ਼ ਗਰੁੱਪ ਦੀ ਬਹੁਕਰੋੜੀ ਜ਼ਮੀਨ ਫਰਜ਼ੀ ਤਰੀਕੇ ਨਾਲ ਵੇਚਣ ਦੇ ਜੁਰਮ ਵਿੱਚ ਗਿ੍ਰਫਤਾਰ ਕਰ ਲਿਆ। ਜਾਣਕਾਰਾਂ ਅਨੁਸਾਰ ਸਾਲ 2016 ਵਿੱਚ ਮਾਣਯੋਗ ਸੁਪਰੀਮ ਕੋਰਟ ਵੱਲੋਂ ਪਰਲਜ਼ ਗਰੁੱਪ ਦੀ ਸਮੁੱਚੀ ਜਾਇਦਾਦ ਨੂੰ ਵੇਚਣ, ਮਾਲਕੀ ਤਬਦੀਲ ਆਦਿ ਸਬੰਧੀ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ ਸਨ।
ਮਾਮਲੇ ਦੀ ਡੂੰਘਾਈ ਨਾਲ ਜਾਣਕਾਰੀ ਇਕੱਤਰ ਕੀਤੀ ਤਾਂ ਪਤਾ ਲੱਗਿਆ ਕਿ ਉਕਤ ਮੁਲਜਮ ਹਰਸਤਿੰਦਰ ਸਿੰਘ, ਨਿਰਮਲ ਸਿੰਘ ਭੰਗੂ ਦਾ ਜਵਾਈ ਹੈ ਅਤੇ ਭੰਗੂ ਦੀ ਬੇਟੀ ਬਰਿੰਦਰ ਕੌਰ ਵੱਲੋਂ ਜਾਰੀ ਪਾਵਰ ਆਫ ਅਟਾਰਨੀ ਅਤੇ ਹੋਰ ਕਾਗਜਾਂ ਜਿੰਨ੍ਹਾਂ ਵਿੱਚ ਕੁਝ ਜ਼ੀਰਾ ਕਚਿਹਰੀ ਵਿੱਚ ਤਿਆਰ ਕੀਤੇ ਗਏ ਸਨ, ਦੇ ਸਹਾਰੇ ਜ਼ਮੀਨ ਨੂੰ ਗਲਤ ਤਰੀਕੇ ਨਾਲ ਹੋਰ ਲੋਕਾਂ ਨੂੰ ਵੇਚਦਾ ਸੀ। ਪੁਲਿਸ ਸੂਤਰਾਂ ਅਨੁਸਾਰ ਪਟਿਆਲਾ ਦੇ ਭਾਦਸੋਂ ਨਿਵਾਸੀ ਪਰਦੀਪ ਸਿੰਘ ਭਾਦਸੋਂ ਦੀ ਸ਼ਿਕਾਇਤ ਮਾਮਲੇ ਦੀ ਪੜਤਾਲ ਡੀ.ਆਈ.ਜੀ ਹਰਦਿਆਲ ਸਿੰਘ ਮਾਨ ਨੂੰ ਸੌਂਪੀ ਗਈ ਸੀ, ਜਿਨ੍ਹਾਂ ਵੱਲੋਂ ਕਪਤਾਨ ਪੁਲਿਸ ਜ਼ੀਰਾ ਅਤੇ ਉੱਪ ਕਪਤਾਨ ਪੁਲਿਸ ਜਲਾਲਾਬਾਦ ਨੂੰ ਸਿੱਟ ਮੈਂਬਰ ਬਣਾ ਕੇ ਮਾਮਲੇ ਦੀ ਬਾਰੀਕੀ ਨਾਲ ਤਫਤੀਸ਼ ਕਰਵਾਈ ਤਾਂ ਤੱਥ ਸਾਹਮਣੇ ਆਏ ਕਿ ਕਾਫੀ ਲੋਕਾਂ ਵੱਲੋਂ ਪੈਸਾ ਇੰਨਵੈਸਟਮੈਂਟ ਕਰਵਾ ਕੇ ਕੰਪਨੀ ਨੇ ਜਾਇਦਾਦ ਖਰੀਦ ਲਈ ਪਰ ਬਾਅਦ ਵਿੱਚ ਕੰਪਨੀ ਬੰਦ ਕਰਕੇ ਲੋਕਾਂ ਦਾ ਪੈਸਾ ਵਾਪਸ ਨਹੀਂ ਕੀਤਾ।
ਜਿਸ ’ਤੇ ਹਜ਼ਾਰਾਂ ਇੰਨਵੈਸਟਰਾਂ ਅਤੇ ਜਥੇਬੰਦੀਆਂ ਵੱਲੋਂ (ਸੇਬੀ) ਮਾਣਯੋਗ ਸੁਪਰੀਮ ਕੋਰਟ ਦੇ ਹੁਕਮ ਨਾਲ ਉਕਤ ਕੰਪਨੀ ਦੀ ਜਾਇਦਾਦ ਅਟੈਚ ਕੀਤੀ ਜਾ ਚੁੱਕੀ ਹੈ ਅਤੇ ਸੁਪਰੀਮ ਕੋਰਟ ਵੱਲੋਂ ਬਣਾਏ ਗਏ ਕਮਿਸ਼ਨ ਵੱਲੋਂ ਕੰਪਨੀ ਦੀ ਅਟੈਚ ਕੀਤੀ ਜਾਇਦਾਦ ਵੇਚ ਕੇ ਲੋਕਾਂ ਦੇ ਪੈਸੇ ਵਾਪਸ ਕੀਤੇ ਜਾ ਰਹੇ ਹਨ ਪਰ ਕੰਪਨੀ ਦੇ ਲੋਕ ਇਸ ਜਾਇਦਾਦ ਨੂੰ ਗਲਤ ਤਰੀਕੇ ਨਾਲ ਵੇਚ ਕੇ ਖੁਰਦ ਬੁਰਦ ਕਰ ਰਹੇ ਹਨ। ਇਸ ਮਾਮਲੇ ਸਬੰਧੀ ਦਰਖਾਸਤੀ ਅਤੇ ਹੋਰ ਪਰਲਜ਼ ਪੀੜਤਾਂ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਵੱਲੋਂ ਥਾਣਾ ਸਿਟੀ ਜ਼ੀਰਾ ਵਿਖੇ ਜੁਲਾਈ 2020 ਨੂੰ ਮੁਕੱਦਮਾ ਨੰਬਰ-79 ਅਧੀਨ ਧਾਰਾ 406, 420, 467, 468, 471, 120-ਬੀ ਅਧੀਨ ਮਾਮਲਾ ਦਰਜ ਕੀਤਾ ਸੀ, ਜਿਸ ਸਬੰਧੀ ਪੁਲਿਸ ਨੇ ਹਰਸਤਿੰਦਰ ਸਿੰਘ ਨੂੰ ਗਿ੍ਰਫਤਾਰ ਕੀਤਾ ਅਤੇ ਜ਼ੀਰਾ ਸਿੱਟ ਦੀ ਟੀਮ ਦੇ ਮੈਂਬਰਾਂ ਵਲੋਂ ਮੁਲਜਮ ਨੂੰ ਜ਼ੀਰਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।