ਪਿੰਡ ਲੰਗੇਆਣਾ ’ਚ ਜਹਾਜ਼ ਹਾਦਸਾ ਤੇ ਉਸ ਤੋਂ ਬਾਅਦ…
ਹਾਲੇ ਥੋੜ੍ਹੇ ਦਿਨ ਹੀ ਹੋਏ ਨੇ ਕਿ ਜ਼ਿਲ੍ਹਾ ਮੋਗਾ ਦੇ ਲੰਗੇਆਣਾ ਪੁਰਾਣਾ ਦੇ ਖੇਤਾਂ ਵਿੱਚ ਇੱਕ ਮਿੱਗ-21 ਭਾਰਤੀ ਫੌਜ ਦਾ ਹਵਾਈ ਜਹਾਜ਼ ਡਿੱਗਿਆ ਅਤੇ ਉਹ ਅੱਗ ਲੱਗ ਕੇ ਬਿਲਕੁਲ ਤਬਾਹ ਹੋ ਗਿਆ, ਤੇ ਇਸ ਦਾ ਮਲਬਾ ਪੰਦਰਾਂ-ਸੋਲਾਂ ਕਿੱਲਿਆਂ ਦੇ ਦੋਹਾਂ ਪਿੰਡਾਂ ਲੰਗੇਆਣਾ ਪੁਰਾਣਾ ਤੇ ਲੰਗੇਆਣਾ ਨਵਾਂ ਦੇ ਖੇਤਾਂ ਵਿੱਚ ਖਿੱਲਰ ਗਿਆ। ਇਸ ਦਾ ਪਾਇਲਟ ਅਭਿਨਵ ਚੌਧਰੀ ਵੀ ਆਪਣੀ ਕੀਮਤੀ ਜ਼ਿੰਦਗੀ ਕੁਰਬਾਨ ਕਰ ਗਿਆ, ਭਾਵ ਸ਼ਹੀਦੀ ਪ੍ਰਾਪਤ ਕਰ ਗਿਆ। ਉਸ ਪਰਮਾਤਮਾ ਨੂੰ ਹੀ ਇਸ ਦਾ ਪਤਾ ਹੈ ਕਿ ਉਸ ਨੇ ਆਪਣੇ ਇਸ ਜਹਾਜ਼ ਨੂੰ ਕਿਵੇਂ ਆਬਾਦੀ ਵਾਲੇ ਇਲਾਕੇ ’ਚੋਂ ਪਾਸੇ ਲਿਜਾ ਕੇ ਆਪਣੇ ਪ੍ਰਾਣਾਂ ਦੀ ਅਹੂਤੀ ਦਿੰਦਿਆਂ ਬਚਾਇਆ! ਸਲਾਮ ਹੈ ਉਸ ਭਾਰਤੀ ਫੌਜ ਦੇ ਜਾਂਬਾਜ਼ ਜਵਾਨ ਨੂੰ ਜਿਸ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਪਤਾ ਨਹੀਂ ਕਿੰਨੀਆਂ ਹੋਰ ਕੀਮਤੀ ਜਾਨਾਂ ਨੂੰ ਬਚਾਇਆ ਤੇ ਕਿੰਨੇ ਵਸੋਂ ਵਾਲੇ ਇਲਾਕੇ ਦੀ ਬੱਚਤ ਕੀਤੀ। ਉਸ ਦੇ ਦਿਲ ਵਿੱਚ ਕੀ ਆਇਆ ਹੋਣਾ, ਜੇਕਰ ਉਹ ਜਿਉਂਦਾ ਰਹਿੰਦਾ ਤਾਂ ਉਹ ਹੀ ਬਿਆਨ ਕਰ ਸਕਦਾ ਸੀ। ਕਾਸ਼! ਕਿਤੇ ਇਹ ਹੋਇਆ ਹੁੰਦਾ!
ਅੱਖੀਂ ਵੇਖਣ ਵਾਲੇ ਚਸ਼ਮਦੀਦ ਪਿੰਡ ਵਾਸੀਆਂ, ਜਿਨ੍ਹਾਂ ਵਿਚ ਡਾਕਟਰ ਸਾਧੂ ਰਾਮ ਲੰਗੇਆਣਾ (ਨੰਬਰਦਾਰ ਅਤੇ ਪੱਤਰਕਾਰ), ਸਰਪੰਚ ਸੁਖਦੇਵ ਸਿੰਘ ਲੰਗੇਆਣਾ ਖੁਰਦ, ਜੀ ਓ ਜੀ ਸਤਿਨਾਮ ਸਿੰਘ, ਗੀਤਕਾਰ ਮਲਕੀਤ ਸਿੰਘ ਥਿੰਦ, ਸਰਪੰਚ ਜਗਸੀਰ ਸਿੰਘ ਲੰਗੇਆਣਾ ਖੁਰਦ ਅਤੇ ਬਹੁਤ ਸਾਰੇ ਪਤਵੰਤੇ ਛੋਟੇ ਪਿੰਡ ਭਾਵ ਲੰਗੇਆਣਾ ਖੁਰਦ ਦੇ ਵਾਸੀਆਂ ਦੇ ਦੱਸਣ ਮੁਤਾਬਿਕ ਰਾਤ ਗਿਆਰਾਂ ਕੁ ਵਜੇ ਦਾ ਇਹ ਵਾਕਿਆ ਹੈ ਜਦੋਂ ਅਸਮਾਨ ਦੇ ਵਿੱਚ ਅੱਗ ਦੇ ਭਾਂਬੜ ਦਿਸੇ। ਉਸ ਰਾਤ ਕਾਫੀ ਝਖੇੜਾ ਤੇ ਮੀਂਹ ਵੀ ਪੈ ਰਿਹਾ ਸੀ। ਜਿੱਧਰ-ਜਿੱਧਰ ਉਹ ਅੱਗ ਲੱਗਿਆ ਮਿੱਗ ਗਿਆ ਉੱਧਰ-ਉੱਧਰ ਹੀ ਵਾਹੋ-ਦਾਹੀ ਨੌਜਵਾਨ ਪਿੰਡ ਦੇ ਸਾਥੀ ਪਹੁੰਚੇ। ਇਸ ਮਿੱਗ ਇੱਕੀ ਦੇ ਟੁੱਕੜੇ ਦੋਹਾਂ ਹੀ ਲੰਗੇਆਣਾ ਦੇ ਪਿੰਡਾਂ ਦੇ ਖੇਤਾਂ ਵਿੱਚ ਖਿੱਲਰ ਗਏ। ਇਸ ਮੰਦਭਾਗੇ ਕਾਂਡ ਦੀਆਂ ਕਾਫੀ ਸਾਰੀਆਂ ਵੀਡੀਓ ਵਾਇਰਲ ਵੀ ਹੋਈਆਂ।
ਲੰਗੇਆਣਾ ਪਿੰਡ ਨੂੰ ਬਦਨਾਮ ਕਰਨ ਦੀ ਵੀ ਪੂਰੀ ਕੋਸ਼ਿਸ਼ ਕੀਤੀ ਗਈ ਕਿ ਪਿੰਡ ਵਾਲਿਆਂ ਨੇ ਜਹਾਜ਼ ਦਾ ਬਲੈਕ ਬਾਕਸ ਚੁੱਕ ਲਿਆ ਉਹ ਕਿਹੜਾ ਪਸ਼ੂਆਂ ਨੂੰ ਪਾਉਣਾ ਸੀ! ਇਹੋ-ਜਿਹੀਆਂ ਗੱਲਾਂ ਕਰਕੇ ਪਿੰਡ ਨੂੰ ਬਦਨਾਮ ਕਰਨਾ ਤੇ ਬਿਨਾਂ ਕਿਸੇ ਨਿਰਖ-ਪਰਖ ਤੋਂ ਕੋਈ ਗੱਲ ਮੀਡੀਆ ਰਾਹੀਂ ਗਲਤ ਫੈਲਾਉਣਾ ਕਿੰਨੀ ਕੁ ਸਿਆਣਪ ਵਾਲੀ ਗੱਲ ਹੈ? ਪਰ ਫੌਜ ਦੇ ਆਲ੍ਹਾ ਅਫਸਰ ਸਾਹਿਬਾਨ ਵੱਲੋਂ ਪਿੰਡ ਦੀ ਸ਼ਲਾਘਾ ਕੀਤੀ ਗਈ ਤੇ ਪਿੰਡ ਦੇ ਸਰਪੰਚ ਸਾਹਿਬ ਸਮੇਤ ਸਾਰੇ ਹੀ ਲੋਕਾਂ ਨੂੰ ਸ਼ਾਬਾਸ਼ ਦਿੱਤੀ ਤੇ ਸਨਮਾਨਿਤ ਵੀ ਕੀਤਾ ਗਿਆ। ਕਿਉਂਕਿ ਦੋਵੇਂ ਹੀ ਪਿੰਡਾਂ ਦੇ ਸਾਥੀਆਂ ਨੇ, ਜੋ ਉਨ੍ਹਾਂ ਦਾ ਇਨਸਾਨੀਅਤ ਨਾਤੇ ਫਰਜ਼ ਬਣਦਾ ਸੀ, ਉਹ ਬਾਖੂਬੀ ਨਿਭਾਇਆ।
ਪਰ ਜਿਨ੍ਹਾਂ ਨੇ ਬਿਨਾਂ ਸਿਰ-ਪੈਰ, ਬਿਨਾਂ ਕਿਸੇ ਸੱਚਾਈ ਤੋਂ ਸੋਸ਼ਲ ਮੀਡੀਆ ’ਤੇ ਵੀਡੀਓ ਪਾਈਆਂ ਉਨ੍ਹਾਂ ਨੂੰ ਕੁੱਝ ਸੱਚਾਈ ਜਾਣ ਕੇ ਪਾਉਣੀਆਂ ਚਾਹੀਦੀਆਂ ਸਨ। ਚਲੋ ਬੇਸ਼ੱਕ ਕਿਸੇ ਇੱਕ ਜਣੇ ਦੀ ਥੋੜ੍ਹੀ ਜਿਹੀ ਘਬਰਾਹਟ ਵਿੱਚ ਕੀਤੀ ਅਨਾਊਂਸਮੈਂਟ ਨਾਲ ਥੋੜ੍ਹੀ ਜਿਹੀ ਸ਼ਬਦਾਵਲੀ ਵਿੱਚ ਸ਼ਬਦਾਂ ਦੀ ਹੇਰਫੇਰ ਹੋਈ ਕਰਕੇ ਜੇਕਰ ਪਿੰਡ ਦੀ ਨਿਮੋਸ਼ੀ ਦਾ ਕਾਰਨ ਬਣੀ ਤਾਂ ਉਸ ਤੋਂ ਕਿਤੇ ਜ਼ਿਆਦਾ ਪਿੰਡ ਵਾਸੀਆਂ ਨੂੰ ਫੌਜ ਵੱਲੋਂ ਮਾਣ-ਸਤਿਕਾਰ ਵੀ ਮਿਲਿਆ। ਪਰ ਉਸ ਮਾਂ ਦੇ ਪੁੱਤਰ, ਭੈਣ ਦੇ ਭਾਈ, ਪਤਨੀ ਦੇ ਸੁਹਾਗ ਅਤੇ ਬੱਚੀ ਦੇ ਪਿਤਾ ਨੇ ਕਦੇ ਵਾਪਸ ਨਹੀਂ ਆਉਣਾ ਬੇਸ਼ੱਕ ਸਰਕਾਰਾਂ ਉਸ ਸ਼ਹੀਦ ਨੂੰ ਕਿੰਨਾ ਵੀ ਸਿਜਦਾ ਕਰ ਲੈਣ ਇਹ ਚੀਸ ਪਰਿਵਾਰ ਵਾਲਿਆਂ ਦੇ ਅਤੇ ਇਸ ਲੰਗੇਆਣਾ ਪਿੰਡ ਵਾਲਿਆਂ ਦੇ ਦਿਲ ਵਿੱਚ ਸਦਾ ਹੀ ਰੜਕਦੀ ਰਹੇਗੀ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਚੌਧਰੀ ਅਭਿਨਵ ਘਰ ਦਾ ਇਕਲੌਤਾ ਬੇਟਾ ਸੀ ਘਰ ਦਾ ਚਿਰਾਗ ਬੁਝ ਗਿਆ ਹੈ ਤੇ ਮਾਪਿਆਂ ਦਾ ਬੁਢਾਪਾ ਵੀ ਰੁੱਲ ਗਿਆ ਹੈ। ਪਾਇਲਟ ਬਣਨ ਲਈ ਕਿੰਨੀ ਪੜ੍ਹਾਈ, ਕਿੰਨੀ ਮਿਹਨਤ ਤੇ ਕਿੰਨਾ ਖਰਚ ਆਉਂਦਾ ਹੈ ਇਸ ਤੋਂ ਵੀ ਆਪਾਂ ਭਲੀ-ਭਾਂਤ ਜਾਣੂੰ ਹਾਂ, ਪਰ ਉਸ ਪਰਿਵਾਰ ਦੀਆਂ ਆਸਾਂ ਅਧੂਰੀਆਂ ਰਹਿ ਗਈਆਂ ਅਤੇ ਘਰ ’ਚ ਹਨ੍ਹੇਰਾ ਛਾ ਗਿਆ ਹੈ, ਤੇ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਵਿੱਚ ਪਿਛਲੇ ਕੁੱਝ ਕੁ ਸਾਲਾਂ ਦੌਰਾਨ ਮਿੱਗ ਇੱਕੀ ਦੇ ਹਾਦਸਿਆਂ ਵਿੱਚ ਕਰੀਬ ਸੱਤਰ ਜਵਾਨਾਂ ਦੀਆਂ ਕੀਮਤੀ ਜਾਨਾਂ ਜਾ ਚੁੱਕੀਆਂ ਹਨ।
ਕੀ ਕਾਰਨ ਹੈ ਕਿ ਡਿਫੈਂਸ ਇਸ ਪਾਸੇ ਧਿਆਨ ਨਹੀਂ ਦੇ ਰਿਹਾ? ਕਾਬਿਲੇ ਗੌਰ ਹੈ ਕਿ ਸੰਨ ਉੱਨੀ ਸੌ ਪੈਂਹਠ ਅਤੇ ਉੱਨੀ ਸੌ ਇਕੱਤਰ ਦੀ ਲੜਾਈ ਦੌਰਾਨ ਵੀ ਇਹੋ-ਜਿਹੇ ਹੀ ਮਿੱਗ ਇੱਕੀ ਨੂੰ ਵਰਤਿਆ ਗਿਆ ਸੀ, ਇਸ ਹਿਸਾਬ ਨਾਲ ਵੀ ਛਪੰਜਾ ਅਤੇ ਪੰਜਾਹ ਸਾਲ ਪੁਰਾਣੇ ਇਹ ਮਿੱਗ ਇੱਕੀ ਹਾਲੇ ਵੀ ਸੁਰੱਖਿਅਤ ਸਮਝ ਕੇ ਵਰਤੇ ਜਾ ਰਹੇ ਹਨ ਅਤੇ ਦਸ ਜਾਂ ਬਾਰਾਂ ਸਾਲ ਪੁਰਾਣੀਆਂ ਕਾਰਾਂ ਦੀ ਦਿੱਲੀ ਵਿਖੇ ਐਂਟਰੀ ਨਹੀਂ ਹੋ ਸਕਦੀ। ਇਹੀ ਗੱਲ ਸਵਾਲਾਂ ਦੇ ਘੇਰੇ ਵਿੱਚ ਹੈ?
ਇਹ ਗੱਲ ਸਭ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੋਵੇਗੀ ਕਿ ਸਰਕਾਰ ਨੇ ਪੰਦਰਾਂ ਸਾਲ ਪੁਰਾਣੀਆਂ ਕਾਰਾਂ ਨਵੇਂ ਕਾਨੂੰਨ ਤਹਿਤ ਦਿੱਲੀ ਵਿਚ ਵੜਨ ’ਤੇ ਪਾਬੰਦੀ ਲਾ ਰੱਖੀ ਹੈ। ਉਨ੍ਹਾਂ ਦੀ ਸੋਚ ਮੁਤਾਬਿਕ ਇਹ ਕਾਰਾਂ ਚੱਲਣਯੋਗ ਨਹੀਂ ਜਾਂ ਪ੍ਰਦੂਸ਼ਣ ਜ਼ਿਆਦਾ ਫੈਲਾਉਂਦੀਆਂ ਹਨ ਇਸ ਲਈ ਬੈਨ ਕਰ ਦਿੱਤੀਆਂ ਗਈਆਂ ਹਨ। ਪਰ ਇਹ ਮਿੱਗ ਇੱਕੀ ਲੜਾਕੂ ਭਾਰਤੀ ਫੌਜ ਦਾ ਜਹਾਜ਼ ਉੱਨੀ ਸੌ ਤਰੇਹਠ ਮਾਡਲ ਸੀ ਭਾਵ ਅਠਵੰਜਾ ਸਾਲ ਪੁਰਾਣਾ। ਕੀ ਇਹ ਚੱਲਣਯੋਗ ਸੀ? ਜਿਸ ਨੇ ਸਤਾਈ ਸਾਲਾ ਜਵਾਨ ਦੀ ਜਾਨ ਲਈ? ਅਤੇ ਇਸ ਤੋਂ ਪਹਿਲਾਂ ਵੀ ਇੱਕ ਨਹੀਂ ਘੱਟੋ-ਘੱਟ ਅੱਧੀ ਦਰਜਨ ਮਿੱਗ ਇੱਕੀ ਜਹਾਜ਼ ਹਾਦਸਾਗ੍ਰਸਤ ਹੋ ਚੁੱਕੇ ਹਨ।
ਕੀ ਭਾਰਤ ਸਰਕਾਰ ਦੇ ਡਿਫੈਂਸ ਮਹਿਕਮੇ ਦੀ ਇਹ ਕੋਈ ਜ਼ਿੰਮੇਵਾਰੀ ਬਣਦੀ ਹੈ ਕਿ ਨਹੀਂ? ਜਾਂ ਫਿਰ ਸਰਕਾਰਾਂ ਹਾਲੇ ਅਜਿਹੇ ਹੋਰ ਹਾਦਸਿਆਂ ਦੀ ਉਡੀਕ ਵਿੱਚ ਹਨ? ਜਾਂ ਫਿਰ ਇਸੇ ਤਰ੍ਹਾਂ ਮਾਵਾਂ ਦੇ ਪੁੱਤ, ਭੈਣਾਂ ਦੇ ਵੀਰ, ਸੁਹਾਗਣਾਂ ਦੇ ਸੁਹਾਗ ਉੱਜੜਦੇ ਰਹਿਣਗੇ? ਜਿਸ ਫੌਜ ਦੇ ਸਹਾਰੇ ਅਸੀਂ ਆਪਣੇ ਘਰਾਂ ਵਿੱਚ ਆਰਾਮ ਦੀ ਜ਼ਿੰਦਗੀ ਬਤੀਤ ਕਰ ਰਹੇ ਹਾਂ ਅਤੇ ਉਹ ਹੱਦਾਂ-ਸਰਹੱਦਾਂ ’ਤੇ ਸਾਡੀ ਰਾਖੀ ਕਰਦੇ ਹਨ ਕੀ ਅਸਮਾਨ ਵਿੱਚ ਸਿਖਲਾਈ ਤਹਿਤ ਇਸੇ ਤਰ੍ਹਾਂ ਅਜਾਈਂ ਆਪਣੀਆਂ ਜਾਨਾਂ ਗਵਾਉਂਦੇ ਰਹਿਣਗੇ? ਕੀ ਸਮੇਂ ਦੀਆਂ ਸਰਕਾਰਾਂ ਤੇ ਖਾਸ ਕਰਕੇ ਡਿਫੈਂਸ ਮਹਿਕਮੇ ਵਾਲੇ ਇੱਧਰ ਧਿਆਨ ਦੇਣਗੇ ਕਿ ਇਸੇ ਤਰ੍ਹਾਂ ਨੌਜਵਾਨਾਂ ਦੀ ਬਲੀ ਦਿੱਤੀ ਜਾਂਦੀ ਰਹੇਗੀ?
ਬੇਸ਼ੱਕ ਰਾਤ ਨੂੰ ਜਿਵੇਂ ਹੀ ਇਹ ਦਰਦਨਾਕ ਹਾਦਸਾ ਵਾਪਰਿਆ ਓਦੋਂ ਹੀ ਕਈ ਪੱਤਰਕਾਰਾਂ ਨੇ ਇਸ ਦੀ ਕਵਰੇਜ ਕਰ ਲਈ ਸੀ ਪਰ ਜਿਉਂ ਹੀ ਦਿਨ ਚੜਿ੍ਹਆ ਫੌਜ ਦੇ ਆਲ੍ਹਾ ਅਧਿਕਾਰੀ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਹਾਦਸੇ ਵਾਲੀ ਥਾਂ ’ਤੇ ਪਹੁੰਚੇ ਉਸ ਤੋਂ ਬਾਅਦ ਕਿਸੇ ਵੀ ਪੱਤਰਕਾਰ ਨੂੰ ਹਾਦਸੇ ਵਾਲੀ ਥਾਂ ਦੇ ਨੇੜੇ ਨਹੀਂ ਫਟਕਣ ਦਿੱਤਾ ਜਦੋਂ ਕਿ ਪੱਤਰਕਾਰਤਾ ਨੂੰ ਚੌਥਾ ਥੰਮ੍ਹ ਕਿਹਾ ਜਾਂਦਾ ਹੈ ਅਤੇ ਇਹ ਆਜ਼ਾਦ ਹੁੰਦਾ ਹੈ ਕਿਸੇ ਸਾਈਕਲ ਤੋਂ ਲੈ ਕੇ ਹਵਾਈ ਜਹਾਜ਼ ਦੇ ਹਾਦਸਿਆਂ ਦੀ ਕੋਈ ਵੀ ਮਾੜੀ ਖ਼ਬਰ ਜਾਂ ਕਿਸੇ ਕਿਸਮ ਦੀ ਖੁਸ਼ੀ ਵਾਲੀ ਖ਼ਬਰ ਆਪਾਂ ਨੂੰ ਘਰ ਬੈਠਿਆਂ ਅਖ਼ਬਾਰਾਂ ਰਾਹੀਂ ਹੀ ਪਤਾ ਲੱਗਦੀ ਹੈ। ਇਸ ਕਰਕੇ ਜੇਕਰ ਅਖਬਾਰੀ ਨੁਮਾਇੰਦੇ ਹਾਦਸੇ ਵਾਲੀ ਥਾਂ ਨਾ ਜਾਣਗੇ ਤਾਂ ਸਹੀ ਜਾਣਕਾਰੀ ਉਪਲੱਬਧ ਨਹੀਂ ਹੋ ਸਕਦੀ। ਇਹ ਬਹੁਤ ਮਾੜੀ ਗੱਲ ਹੈ। ਉਮੀਦ ਹੈ ਇਸ ਬਹੁਤ ਹੀ ਦਰਦਨਾਕ ਹੋਏ ਹਾਦਸੇ ਅਤੇ ਇਸ ਤੋਂ ਪਹਿਲਾਂ ਵੀ ਇਹੋ-ਜਿਹੇ ਹੋਏ ਹਾਦਸਿਆਂ ਦੀ ਘੋਖ-ਪੜਤਾਲ ਕਰਕੇ ਇਨ੍ਹਾਂ ਮਿੱਗ ਇੱਕੀ ਜਹਾਜ਼ਾਂ ਬਾਰੇ ਫੌਜ ਨੂੰ ਕੋਈ ਸਹੀ ਨਤੀਜਾ ਕੱਢਣਾ ਚਾਹੀਦਾ ਹੈ।
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
ਮੋ. 95691-49556
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।