ਲੋਕਾਂ ਨੂੰ ਨਹੀਂ ਮਿਲ ਰਿਹਾ ਐ ਇਲਾਜ, ਕਿੱਥੇ ਜਾ ਰਹੇ ਨੇ ਅਰਬਾਂ ਰੁਪਏ, ‘ਵਾਈਟ ਪੇਪਰ’ ਜਾਰੀ ਕਰਨ ਕੈਪਟਨ

ਫਾਰਮ ਹਾਊੁਸ ਛੱਡ ਬਾਹਰ ਨਿਕਲਣ ਅਮਰਿੰਦਰ ਸਿੰਘ, ਘਰ ’ਚ ਬੈਠੇ ਨਹੀਂ ਹੋਣਾ ਕੋਰੋਨਾ ਖ਼ਤਮ

  • ਕਾਂਗਰਸ ਦੇ ਸਾਬਕਾ ਮੰਤਰੀ ਨੇ ਹੀ ਚੁੱਕੇ ਕੋਰੋਨਾ ਦੌਰਾਨ ਖ਼ਰਚ ’ਚ ਸੁਆਲ, ਜ਼ਾਹਰ ਕੀਤਾ ਖ਼ਦਸ਼ਾ
  • ਅਮਰਿੰਦਰ ਸਿੰਘ ਖ਼ੁਦ ਬਾਹਰ ਨਹੀਂ ਨਿਕਲੇ ਤਾਂ ਹੀ ਕੈਬਨਿਟ ਮੰਤਰੀ ਤੇ ਵਿਧਾਇਕ ਵੀ ਘਰ ’ਚ ਬੈਠੇ

ਅਸ਼ਵਨੀ ਚਾਵਲਾ, ਚੰਡੀਗੜ੍ਹ। ਪੰਜਾਬ ਵਿੱਚ ਲੋਕਾਂ ਨੂੰ ਇਲਾਜ ਨਹੀਂ ਮਿਲ ਰਿਹਾ ਹੈ ਅਤੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਮੌਤਾਂ ਹੋ ਰਹੀਆਂ ਹਨ ਪਰ ਇਹ ਸਮਝ ਨਹੀਂ ਆ ਰਿਹਾ ਹੈ ਕਿ ਇਲਾਜ ਲਈ ਖ਼ਰਚ ਕੀਤੇ ਜਾ ਰਿਹਾ ਅਰਬਾਂ ਰੁਪਏ ਕਿਥੇ ਜਾ ਰਹੇ ਹਨ। ਇਸ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਵਾਈਟ ਪੇਪਰ ਜਾਰੀ ਕਰਨਾ ਚਾਹੀਦਾ ਹੈ ਤਾਂ ਕਿ ਜਨਤਾ ਨੂੰ ਖ਼ਰਚੇ ਹੋਏ ਪੈਸੇ ਦੀ ਜਾਣਕਾਰੀ ਮਿਲ ਸਕੇ। ਇਸ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਆਪਣਾ ਫਾਰਮ ਹਾਊੁਸ ਛੱਡ ਕੇ ਫੀਲਡ ਵਿੱਚ ਨਿਕਲਣਾ ਚਾਹੀਦਾ ਹੈ। ਉਹ ਪਿਛਲੇ ਡੇਢ ਸਾਲ ਤੋਂ ਕੋਰੋਨਾ ਦੌਰਾਨ ਬਾਹਰ ਹੀ ਨਹੀਂ ਨਿਕਲੇ ਹਨ, ਜਿਸ ਕਾਰਨ ਹੀ ਕੈਬਨਿਟ ਮੰਤਰੀਆਂ ਤੋਂ ਲੈ ਕੇ ਕਾਂਗਰਸੀ ਵਿਧਾਇਕ ਆਪਣੇ ਘਰਾਂ ਵਿੱਚ ਬੈਠੇ ਹਨ ਅਤੇ ਆਮ ਜਨਤਾ ਨੂੰ ਪੁੱਛਣ ਵਾਲਾ ਕੋਈ ਵੀ ਨਹੀਂ ਹੈ।

ਇਹ ਹਮਲਾ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਅਸ਼ਵਨੀ ਸ਼ੇਖੜੀ ਨੇ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਹਾਲਤ ਕਾਫ਼ੀ ਜ਼ਿਆਦਾ ਖਰਾਬ ਹੈ ਪਰ ਮੌਜੂਦਾ ਸਰਕਾਰ ਆਪਣਾ ਧਰਮ ਨਹੀਂ ਨਿਭਾ ਰਹੀ ਹੈ। ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀਆਂ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਪਿਛਲੇ ਡੇਢ ਸਾਲ ਦੌਰਾਨ ਫੀਲਡ ਵਿੱਚ ਇਲਾਜ ਕਰਦੇ ਹੋਏ ਨਹੀਂ ਦੇਖਿਆ ਹੈ, ਜਿਸ ਕਾਰਨ ਹੀ ਪੰਜਾਬ ਵਿੱਚ ਲੋਕ ਤੜਫ ਰਹੇ ਹੈ।

ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਸ਼ਵਨੀ ਸੇਖੜੀ ਨੇ ਕਿਹਾ ਕਿ ਪਿੰਡਾਂ ਵਿੱਚ ਵੱਡੇ ਪੱਧਰ ’ਤੇ ਕੋਰੋਨਾ ਫੈਲ ਚੁੱਕਾ ਹੈ ਅਤੇ ਕੋਈ ਵੀ ਇਲਾਜ ਕਰਵਾਉਣ ਲਈ ਬਾਹਰ ਆਉਣ ਨੂੰ ਤਿਆਰ ਹੈ ਅਤੇ ਲੋਕਾਂ ਨੇ ਆਪਣੇ ਆਪ ਨੂੰ ਘਰ ਦੇ ਅੰਦਰ ਬੰਦ ਕਰ ਲਿਆ ਹੈ। ਜਿਸ ਕਰਕੇ ਹੀ ਪ੍ਰੇਸ਼ਾਨੀ ਵਧੀ ਹੋਈ ਹੈ। ਅਸ਼ਵਨੀ ਸੇਖੜੀ ਨੇ ਕਿਹਾ ਕਿ ਪੰਜਾਬ ਦੇ ਕਾਫੀ ਕਾਲਜਾਂ ਵੱਲੋਂ ਆਪਣੀ ਬਿਲਡਿੰਗਾਂ ਕੋਰੋਨਾ ਸੈਂਟਰ ਬਣਾਉਣ ਲਈ ਦੇਣ ਦੀ ਪਹਿਲ ਕੀਤੀ ਗਈ ਸੀ ਅਤੇ ਉਨ੍ਹਾਂ ਨੇ ਖ਼ੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਉੱਚ ਅਧਿਕਾਰੀਆਂ ਨੂੰ ਸੁਨੇਹਾ ਭੇਜਿਆ ਸੀ ਪਰ ਹੁਣ ਤੱਕ ਕੋਈ ਵੀ ਜੁਆਬ ਨਹੀਂ ਆਇਆ ਹੈ। ਕੀ ਇਸ ਤਰੀਕੇ ਨਾਲ ਲਾਪਰਵਾਹੀ ਅਧਿਕਾਰੀਆਂ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਦਿਖਾਈ ਜਾ ਰਹੀ ਹੈ।

ਆਮ ਵਿਅਕਤੀ ਤਾਂ ਦੂਰ ਮੈਨੂੰ ਦੋ ਸਾਲਾਂ ਤੋਂ ਸਮਾਂ ਨਹੀਂ ਦੇ ਰਹੇ ਹਨ ਅਮਰਿੰਦਰ

Amarinder, Completion, Congress

ਸਾਬਕਾ ਰਾਜ ਮੰਤਰੀ ਅਸ਼ਵਨੀ ਸੇਖੜੀ ਨੇ ਕਿਹਾ ਕਿ ਪੰਜਾਬ ਦੇ ਆਮ ਵਿਅਕਤੀ ਤਾਂ ਦੂਰ ਦੀ ਗੱਲ ਉਹ ਪਿਛਲੇ ਦੋ ਸਾਲਾਂ ਤੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮਿਲਣ ਲਈ ਸਮਾਂ ਮੰਗ ਰਹੇ ਹਨ ਪਰ ਉਨ੍ਹਾਂ ਨੂੰ ਸਮਾਂ ਹੀ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਜ਼ਿਆਦਾ ਮਾੜੀ ਗੱਲ ਕੀ ਹੋਵੇਗੀ ਕਿ ਕਾਂਗਰਸ ਦਾ ਪੁਰਾਣਾ ਲੀਡਰ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਸਮਾਂ ਨਹੀਂ ਮਿਲ ਰਿਹਾ ਹੈ।

ਹਾਈ ਕਮਾਨ ਦੀ ਮਰਜ਼ੀ ਨਾਲ ਹੀ ਬੋਲ ਰਿਹਾ ਹਾਂ ਇਥੇ !

ਅਸ਼ਵਨੀ ਸੇਖੜੀ ਨੇ ਇੱਕ ਸੁਆਲ ਦਾ ਗੋਲ ਜਿਹਾ ਜੁਆਬ ਦਿੰਦੇ ਹੋਏ ਕਿਹਾ ਕਿ ਮੈਂ ਕੀ ਪਤਾ ਹਾਈ ਕਮਾਨ ਦੀ ਮਰਜ਼ੀ ਨਾਲ ਹੀ ਇਥੇ ਮੀਡੀਆ ਦੇ ਸਾਹਮਣੇ ਬੋਲ ਰਿਹਾ ਹੋਵਾਂ। ਅਸ਼ਵਨੀ ਸੇਖੜੀ ਨੇ ਇਹ ਕਹਿ ਕੇ ਸਾਫ਼ ਇਸ਼ਾਰਾ ਕਰ ਦਿੱਤਾ ਹੈ ਕਿ ਉਨ੍ਹਾਂ ਵੱਲੋਂ ਵੀ ਹਾਈ ਕਮਾਨ ਨੂੰ ਪੰਜਾਬ ਕਾਂਗਰਸ ਅਤੇ ਸਰਕਾਰ ਵਿੱਚ ਖਰਾਬ ਹਾਲਾਤ ਬਾਰੇ ਜਾਣਕਾਰੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਹਾਈ ਕਮਾਨ ਵੱਲੋਂ ਹੀ ਬੋਲਣ ਲਈ ਇਸ਼ਾਰਾ ਉਨ੍ਹਾਂ ਨੂੰ ਕੀਤਾ ਗਿਆ ਹੈ।

ਹਸਪਤਾਲਾਂ ਵਿੱਚ ਟੀਕਾ ਤਾਂ ਹੈ ਪਰ ਸਰਿੰਜ ਨਹੀਂ

ਅਸ਼ਵਨੀ ਸੇਖੜੀ ਨੇ ਕਿਹਾ ਕਿ ਉਹ ਟੀਕਾ ਲਵਾਉਣ ਲਈ ਸਰਕਾਰੀ ਹਸਪਤਾਲ ਗਏ ਸਨ ਤਾਂ ਟੀਕਾ ਲਗਾਉਣ ਤੋਂ ਬਾਅਦ ਡਾਕਟਰ ਨੇ ਬੇਨਤੀ ਕੀਤੀ ਕਿ ਉਨ੍ਹਾਂ ਕੋਲ ਸਰਿੰਜ ਨਹੀਂ ਹੈ। ਇਹ ਸੁਣ ਕੇ ਉਹ ਹੈਰਾਨ ਰਹਿ ਗਏ ਕਿ ਸਰਕਾਰੀ ਹਸਪਤਾਲਾਂ ਦਾ ਇਹ ਹਾਲ ਹੈ। ਉਨ੍ਹਾਂ ਦੱਸਿਆ ਕਿ ਬਾਜ਼ਾਰ ਵਿੱਚੋਂ ਵੱਡੀ ਗਿਣਤੀ ਵਿੱਚ ਸਰਿੰਜ ਲਿਆ ਕੇ ਉਨ੍ਹਾਂ ਨੇ ਹਸਪਤਾਲ ਨੂੰ ਦਿੱਤੀਆਂ।

ਅਮਨ ਕਾਨੂੰਨ ਦੀ ਸਥਿਤੀ ਖ਼ਰਾਬ, ਜੇਲ੍ਹਾਂ ਵਿੱਚੋਂ ਆਉਂਦੀਆਂ ਹਨ ਧਮਕੀਆਂ

ਅਸ਼ਵਨੀ ਸੇਖੜੀ ਨੇ ਹੀ ਇਥੇ ਦੋਸ਼ ਲਗਾਇਆ ਕਿ ਪੰਜਾਬ ਵਿੱਚ ਅਮਨ ਕਾਨੂੰਨ ਦਾ ਪ੍ਰਬੰਧ ਕਾਫ਼ੀ ਜ਼ਿਆਦਾ ਖਰਾਬ ਹੈ। ਇਸ ਸਮੇਂ ਆਮ ਲੋਕਾਂ ਨੂੰ ਜੇਲ੍ਹਾਂ ਵਿੱਚੋਂ ਧਮਕੀ ਭਰੇ ਫੋਨ ਆ ਰਹੇ ਹਨ। ਅਸ਼ਵਨੀ ਸੇਖੜੀ ਨੇ ਜਿਥੇ ਪੰਜਾਬ ਪੁਲਿਸ ’ਤੇ ਸੁਆਲ ਚੁੱਕੇ ਤਾਂ ਉਥੇ ਹੀ ਜੇਲ੍ਹ ਵਿਭਾਗ ’ਤੇ ਵੀ ਸੁਆਲ ਚੁੱਕ ਦਿੱਤਾ ਹੈ, ਕਿਉਂਕਿ ਜੇਲ੍ਹਾਂ ਵਿੱਚੋਂ ਧਮਕੀਆਂ ਆਉਣਾ ਕਾਫ਼ੀ ਗੰਭੀਰ ਮਾਮਲਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।