ਅਪਰੈਲ ਮਹੀਨੇ ਦਾ 15 ਕਰੋੜ 92 ਲੱਖ ਪੈਂਡਿੰਗ, ਮਈ ਮਹੀਨਾ ਵੀ ਖਤਮ ਹੋਣ ਨੇੜੇ
-
ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਸਤਾਉਣ ਲੱਗਾ ਸਮੇਂ ਸਿਰ ਤਨਖਾਹ ਅਤੇ ਪੈਨਸ਼ਨ ਨਾ ਮਿਲਣ ਦਾ ਡਰ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਲਈ ਮੁਫ਼ਤ ਸਫ਼ਰ ਦੀ ਦਿੱਤੀ ਸਹੂਲਤ ਪੀਆਰਟੀਸੀ ਲਈ ਫਿਲਹਾਲ ਦੀ ਘੜੀ ਭਾਰੂ ਪੈਂਦੀ ਨਜ਼ਰ ਆ ਰਹੀ ਹੈ। ਸਰਕਾਰ ਵੱਲੋਂ ਪੀਆਰਟੀਸੀ ਨੂੰ ਅਪਰੈਲ ਮਹੀਨੇ ਦੀ ਮੁਫਤ ਸਫ਼ਰ ਦੀ ਬਣਦੀ 15 ਕਰੋੜ 92 ਲੱਖ ਰੁਪਏ ਦੀ ਰਾਸ਼ੀ ਅਜੇ ਤੱਕ ਜਾਰੀ ਨਹੀਂ ਕੀਤੀ ਗਈ ਜਿਸ ਕਾਰਨ ਪੀਆਰਟੀਸੀ ਮੁਲਾਜ਼ਮਾਂ ਅਤੇ ਪੈਨਸ਼ਰਾਂ ਨੂੰ ਆਪਣੀਆਂ ਤਨਖਾਹਾਂ ਦੀ ਫਿਕਰ ਸਤਾਉਣ ਲੱਗਾ ਹੈ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ 1 ਅਪਰੈਲ ਤੋਂ ਮਹਿਲਾਵਾਂ ਲਈ ਮੁਫ਼ਤ ਬੱਸ ਸਫ਼ਰ ਦੀ ਸ਼ੁਰੂਆਤ ਕੀਤੀ ਗਈ ਸੀ। ਪੀਆਰਟੀਸੀ ਵੱਲੋਂ ਅਪਰੈਲ ਮਹੀਨੇ ਦੇ ਬਣਦੇ 15 ਕਰੋੜ 92 ਲੱਖ ਰੁਪਏ ਦੇ ਮੁਫ਼ਤ ਸਫ਼ਰ ਦੇ ਬਿੱਲ ਪੰਜਾਬ ਸਰਕਾਰ ਨੂੰ ਭੇਜ ਦਿੱਤੇ ਸਨ। ਮਈ ਮਹੀਨਾ ਵੀ ਖਤਮ ਹੋਣ ਵਾਲਾ ਹੈ, ਪਰ ਸਰਕਾਰ ਵੱਲੋਂ ਅਜੇ ਤੱਕ ਅਪਰੈਲ ਮਹੀਨੇ ਦੀ ਰਾਸ਼ੀ ਪੀਆਰਟੀਸੀ ਨੂੰ ਜਾਰੀ ਨਹੀਂ ਕੀਤੀ ਗਈ। ਪੀਆਰਟੀਸੀ ਵੱਲੋਂ ਮਈ ਮਹੀਨੇ ਦੇ ਕੁਝ ਦਿਨਾਂ ਬਾਅਦ ਮੁਫ਼ਤ ਸਫ਼ਰ ਦੇ ਬਿੱਲ ਤਿਆਰ ਕੀਤੇ ਜਾਣੇ ਹਨ। ਇੱਧਰ ਕੋਰੋਨਾ ਦੇ ਚੱਲਦਿਆਂ ਲੱਗੀਆਂ ਪਾਬੰਦੀਆਂ ਅਤੇ ਮੁਫ਼ਤ ਸਫ਼ਰ ਦੀ ਸਹੂਲਤ ਦੇਣ ਤੋਂ ਬਾਅਦ ਪੀਆਰਟੀਸੀ ਦੀ ਰੋਜ਼ਾਨਾ ਦੀ ਆਮਦਨ ਲਗਭਗ 45 ਲੱਖ ਦੇ ਕਰੀਬ ਰਹਿ ਗਈ ਹੈ। ਇੱਥੋਂ ਤੱਕ ਕਿ ਪੀਆਰਟੀਸੀ ਦੀ ਸਰਕਾਰ ਵੱਲ ਪਹਿਲਾਂ ਹੀ 100 ਕਰੋੜ ਦੀ ਰਾਸ਼ੀ ਪੈਂਡਿੰਗ ਪਈ ਹੈ।
ਉਂਜ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਮੁਫ਼ਤ ਸਫ਼ਰ ਵਾਲੀ ਬਣਦੀ ਰਕਮ ਪੀਆਰਟੀਸੀ ਨੂੰ 15 ਦਿਨਾਂ ਬਾਅਦ ਮੁਹੱਈਆਂ ਕਰਵਾ ਦਿੱਤੀ ਜਾਇਆ ਕਰੇਗੀ। ਪੀਆਰਟੀਸੀ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਅੰਦਰੋਂ ਅੰਦਰੀ ਚਿੰਤਾ ਸਤਾਉਣ ਲੱਗੀ ਹੈ ਕਿ ਕਿਤੇ ਮੁਫ਼ਤ ਬੱਸ ਸਫ਼ਰ ਉਨ੍ਹਾਂ ਦੀ ਤਨਖਾਹ ’ਤੇ ਭਾਰੂ ਨਾ ਪੈ ਜਾਵੇ। ਕੋਰੋਨਾ ਦੇ ਚੱਲਦਿਆਂ ਪੀਆਰਟੀਸੀ ਦੀਆਂ ਜਿਆਦਾਤਰ ਬੱਸਾਂ ਖਾਲੀ ਹੀ ਖੜਕਦੀਆਂ ਫਿਰ ਰਹੀਆਂ ਹਨ ਅਤੇ ਤੇਲ ਖਰਚਾ ਵੀ ਪੂਰਾ ਨਹੀਂ ਹੋ ਰਿਹਾ। ਉਂਜ ਮੌਜੂਦਾ ਸਮੇਂ ਪ੍ਰਾਈਵੇਟ ਟਰਾਂਸਪੋਰਟ ਵੀ ਬੁਰੀ ਤਰ੍ਹਾਂ ਰਿੜਕੀ ਜਾ ਰਹੀ ਹੈ। ਇੱਧਰ ਪਤਾ ਲੱਗਾ ਹੈ ਕਿ ਮੁਲਾਜ਼ਮ ਜਥੇਬੰਦੀਆਂ ਵੱਲੋਂ ਸਬੰਧਿਤ ਰਾਸ਼ੀ ਪੀਆਰਟੀਸੀ ਨੂੰ ਸਮੇਂ ਸਿਰ ਜਾਰੀ ਨਾ ਕਰਨ ਕਰਕੇ ਸਰਕਾਰ ਵਿਰੁੱਧ ਪ੍ਰਦਰਸ਼ਨ ਦੀ ਤਿਆਰੀ ਉਲੀਕ ਲਈ ਹੈ। ਦੱਸਣਯੋਗ ਹੈ ਕਿ ਪੀਆਰਟੀਸੀ ਦੀ ਪਹਿਲਾਂ ਰੋਜ਼ਾਨਾ ਦੀ ਆਮਦਨ 1 ਕਰੋੜ 35 ਲੱਖ ’ਤੇ ਪੁੱਜ ਗਈ ਸੀ।
ਸਮੇਂ ਸਿਰ ਤਨਖਾਹ ਪੈਨਸ਼ਨ ਨਾ ਮਿਲੀ ਤਾਂ ਦੇਵਾਂਗੇ ਧਰਨਾ
ਪੀਆਰਟੀਸੀ ਵਿੱਚ ਕੰਮ ਕਰਦੀਆਂ ਵਰਕਰਾਂ ਦੀਆਂ ਛੇ ਜਥੇਬੰਦੀਆਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਕਨਵੀਨਰ ਨਿਰਮਲ ਸਿੰਘ ਧਾਲੀਵਾਲ, ਮੈਂਬਰਾਂ ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖੱਟੜਾ, ਗੁਰਬਖਸ਼ਾ ਰਾਮ, ਤਰਸੇਮ ਸਿੰਘ ਅਤੇ ਮੁਹੰਮਦ ਖਲੀਲ ਨੇ ਕਿਹਾ ਕਿ ਮੁਫਤ ਬੱਸ ਸਫ਼ਰ ਦੇ 25 ਕਰੋੜ ਸਰਕਾਰ ਵੱਲ ਅਪਰੈਲ ਤੇ ਮਈ ਮਹੀਨੇ ਦੇ ਹੋ ਚੁੱਕੇ ਹਨ। ਅਜੇ ਤੱਕ ਰਾਸ਼ੀ ਜਾਰੀ ਨਾ ਹੋਣ ਕਾਰਨ ਸਰਕਾਰ ਵਰਕਰਾਂ ਦੀਆਂ ਤਨਖਾਹਾਂ, ਪੈਨਸ਼ਨਾਂ, ਬਕਾਏ ਅਤੇ ਮੈਡੀਕਲ ਬਿੱਲਾਂ ਆਦਿ ਵਰਗੀਆਂ ਬਹੁਤ ਹੀ ਜਰੂਰੀ ਅਦਾਇਗੀਆਂ ਦਾ ਸੰਕਟ ਖੜ੍ਹਾ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਐਕਸ਼ਨ ਕਮੇਟੀ ਨੇ ਸਪਸ਼ਟ ਸ਼ਬਦਾਂ ਵਿੱਚ ਕਹਿ ਦਿੱਤਾ ਹੈ ਕਿ ਜੇਕਰ ਵਰਕਰਾਂ ਦੀ ਤਨਖਾਹ ਅਤੇ ਪੈਨਸ਼ਨ ਦੀ ਅਦਾਇਗੀ 5 ਜੂਨ ਤੱਕ ਨਾ ਕੀਤੀ ਗਈ ਤਾਂ ਮੁੱਖ ਦਫਤਰ ਦੇ ਸਾਹਮਣੇ ਧਰਨਾ ਦਿੱਤਾ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।