ਕਿਹਾ, 26 ਮਈ ਸਬੰਧੀ ਤਿਆਰੀਆਂ ਮੁਕੰਮਲ, ਇਤਿਹਾਸਕ ਹੋਵੇਗਾ ਅੱਜ ਦਾ ਰੋਸ ਪ੍ਰਦਰਸ਼ਨ
-
ਬੀਬੀਆਂ ਕਾਲੇ ਝੰਡੇ ਤੇ ਪੱਟੀਆਂ ਅਤੇ ਕਿਸਾਨ ਬੈਨਰ ਤੇ ਅਰਥੀਆਂ ਬਣਾਉਣ ’ਚ ਰੁੱਝੇ
ਬਰਨਾਲਾ, (ਜਸਵੀਰ ਸਿੰਘ ਗਹਿਲ)। ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਮਈ ਨੂੰ ਕਾਲੇ ਦਿਵਸ ਵਜੋਂ ਮਨਾਉਣ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ, ਜਿਸ ਸਬੰਧੀ ਅੱਜ ਦੇ ਧਰਨੇ ਵਿੱਚ ਵਿਸਥਾਰ ਵਿੱਚ ਠੋਸ ਵਿਉਂਤਬੰਦੀ ਬਣਾਈ ਗਈ। ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਗੁਰਨਾਮ ਸਿੰਘ ਠੀਕਰੀਵਾਲਾ, ਬਾਬੂ ਸਿੰਘ ਖੁੱਡੀ ਕਲਾਂ ਤੇ ਬਲਵੰਤ ਸਿੰਘ ਠੀਕਰੀਵਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਮਈ ਨੂੰ ਕਾਲਾ ਦਿਵਸ ਮਨਾਉਣ ਦੇ ਸੱਦੇ ਲਈ ਕਿਸਾਨ ਮਰਦ ਔਰਤਾਂ ਤੋਂ ਇਲਾਵਾ ਮਜਦੂਰਾਂ ਤੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਔਰਤਾਂ ਕਾਲੀਆਂ ਚੁੰਨੀਆਂ, ਦੁਪੱਟਿਆਂ ਤੇ ਪੱਟੀਆਂ ਤਿਆਰ ਕਰ ਰਹੀਆਂ ਹਨ ਅਤੇ ਕਾਲੇ ਝੰਡੇ/ ਝੰਡੀਆਂ ਬਣਾ ਕੇ ਕਿਸਾਨ ਜਥੇਬੰਦੀਆਂ ਦੇ ਕਾਰਕੁੰਨਾਂ ਨੂੰ ਸਪਲਾਈ ਕਰ ਰਹੀਆਂ ਹਨ। ਚੌਂਕਾਂ, ਬਾਜਾਰਾਂ ਤੇ ਧਰਨੇ ਵਾਲੀਆਂ ਥਾਵਾਂ ’ਤੇ ਕਾਲੇ ਝੰਡੇ ਬੈਨਰ ਲਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤੇ ਵਾਹਨਾਂ ਤੇ ਘਰਾਂ ਉਪਰ ਕਾਲੇ ਝੰਡੇ ਲਾਉਣ ਲਈ ਲੋੜੀਂਦੇ ਇੰਤਜਾਮ ਕੀਤੇ ਜਾ ਰਹੇ ਹਨ। ਆਗੂਆਂ ਦੱਸਿਆ ਕਿ ਪਿੰਡਾਂ ਤੇ ਸ਼ਹਿਰਾਂ ’ਚ ਸਰਕਾਰ ਦੀਆਂ ਅਰਥੀਆਂ ਵੀ ਫੂਕੀਆਂ ਜਾਣਗੀਆਂ ਜਿਸ ਨਾਲ ਇਹ ਰੋਸ ਪ੍ਰਦਰਸ਼ਨ ਇਤਿਹਾਸਕ ਬਣਨ ਜਾ ਰਿਹਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਦੀ ਹੱਠਧਰਮੀ ਉਹਨਾਂ ਦੇ ਇਰਾਦਿਆਂ ਨੂੰ ਕਮਜੋਰ ਨਹੀਂ ਕਰ ਸਕਦੀ। ਪਿਛਲੇ ਦਿਨੀਂ ਕਿਸਾਨਾਂ ਦੇ ਵੱਡੇ ਕਾਫਲਿਆਂ ਨੇ ਦਿੱਲੀ ਮੋਰਚਿਆਂ ਵੱਲ ਚਾਲੇ ਪਾਏ ਗਏ ਹਨ। ਕਿਸਾਨ ਧਰਨਿਆਂ ਵਿੱਚ ਔਰਤਾਂ ਤੇ ਮਰਦ ਕਿਸਾਨਾਂ ਦੀ ਗਿਣਤੀ ਵਧ ਰਹੀ ਹੈ। ਪਿੰਡਾਂ ਵਿੱਚ ਕਿਸਾਨਾਂ ਦੀ ਲਾਮਬੰਦੀ ਹੋਰ ਮਜਬੂਤ ਹੋ ਰਹੀ ਹੈ। ਛੇ ਮਹੀਨਿਆਂ ਦਾ ਪੜਾਅ ਪੂਰਾ ਕਰਨ ਬਾਅਦ ਅੰਦੋਲਨ ਹੋਰ ਵਧੇਰੇ ਤਿੱਖਾ ਰੂਪ ਅਖਤਿਆਰ ਕਰੇਗਾ। ਆਗੂਆਂ ਦਾਅਵਾ ਕੀਤਾ ਕਿ ਸਰਕਾਰ ਭੁਲੇਖੇ ਦਾ ਸ਼ਿਕਾਰ ਹੈ ਕਿ ਸਮਾਂ ਪੈਣ ਨਾਲ ਅੰਦੋਲਨ ਕਮਜੋਰ ਪੈ ਜਾਵੇਗਾ ਪਰ ਆਪਣੀ ਹੋਂਦ ਦੀ ਲੜਾਈ ਲੜ ਰਹੇ ਕਿਸਾਨਾਂ ਕੋਲ ਕਾਲੇ ਕਾਨੂੰਨ ਵਾਪਸ ਕਰਵਾਉਣ ਤੋਂ ਬਗੈਰ ਹੋਰ ਕੋਈ ਚਾਰਾ ਹੀ ਨਹੀਂ ਬਚਦਾ। ਇਸ ਲਈ ਉਹ ਆਖਰੀ ਸਾਹ ਤੱਕ ਲੜਣਗੇ ਅਤੇ ਜਿੱਤ ਕੇ ਹੀ ਵਾਪਸ ਘਰਾਂ ਨੂੰ ਮੁੜਨਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।