ਇੱਕ ਦਿਨ ’ਚ ਹੀ ਪੱਕਾ ਮਕਾਨ ਬਣਾ ਕੇ ਸੌਂਪੀਆਂ ਚਾਬੀਆਂ
ਕਾਲਾ ਸ਼ਰਮਾ , ਭਦੌੜ, 24 ਮਈ। ਜਿੱਥੇ ਅੱਜ ਦੇ ਸਵਾਰਥੀ ਯੁੱਗ ਵਿੱਚ ਕੋਈ ਵੀ ਇਨਸਾਨ ਕਿਸੇ ਦੂਸਰੇ ਨੂੰ ਆਪਣੇ ਤਨ ਦਾ ਵਾਲ ਤੱਕ ਨਹੀਂ ਦਿੰਦਾ, ਉੱਥੇ ਹੀ ਡੇਰਾ ਸੱਚਾ ਸੌਦਾ ਦੇ ਬਲਾਕ ਤਪਾ/ਭਦੌੜ ਦੀ ਸਾਧ-ਸੰਗਤ ਨੇ ਕਸਬਾ ਭਦੌੜ ਦੇ ਨੇੜਲੇ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਦੇ ਇੱਕ ਅਤਿ ਲੋੜਵੰਦ ਬਜ਼ੁਰਗ ਜੋੜੇ ਨੂੰ ਆਸ਼ਿਆਨਾ ਮੁਹਿੰਮ ਤਹਿਤ ਨਵਾਂ ਘਰ ਬਣਾ ਕੇ ਦਿੰਦਿਆਂ ਇਨਸਾਨੀਅਤ ਦਾ ਸਬੂਤ ਪੇਸ਼ ਕੀਤਾ ਹੈ ਜਿਸ ’ਤੇ ਤਕਰੀਬਨ 80,000 ਰੁਪਏ ਖਰਚ ਆਇਆ ਹੈ।
ਜਾਣਕਾਰੀ ਦਿੰਦਿਆਂ ਪਿੰਡ ਦੇ ਸੇਵਾਦਾਰਾਂ ਨੇ ਦੱਸਿਆ ਕਿ ਜਲੌਰ ਸਿੰਘ ਪੁੱਤਰ ਜੰਗ ਸਿੰਘ ਨਿਵਾਸੀ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਦਾ ਰਹਿਣ ਵਾਲਾ ਹੈ ਅਤੇ ਇਸ ਬਜ਼ੁਰਗ ਜੋੜੇ ਦੇ ਇੱਕ ਧੀ ਹੈ ਜੋ ਉਸ ਨੇ ਕਾਫੀ ਸਾਲ ਪਹਿਲਾਂ ਵਿਆਹ ਦਿੱਤੀ ਸੀ ਤੇ ਹੁਣ ਉਹ ਦੋਵੇਂ ਉਮਰਦਰਾਜ ਹੋਣ ਕਾਰਨ ਕੋਈ ਵੀ ਕੰਮ ਕਰਨ ਤੋਂ ਅਸਮਰੱਥ ਹਨ, ਜਿੰਨ੍ਹਾਂ ਦੇ ਮਕਾਨ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਸੀ ਅਤੇ ਇੱਕ ਵਾਰ ਮੀਂਹ ਪੈਣ ’ਤੇ ਹੀ ਪਾਣੀ ਦੀ ਨਿਕਾਸੀ ਲਈ ਕਈ-ਕਈ ਦਿਨ ਲੱਗ ਜਾਂਦੇ ਸਨ।
ਇਸ ਸਬੰਧੀ ਜਦੋਂ ਡੇਰਾ ਸੱਚਾ ਸੌਦਾ ਸਰਸਾ ਦੀ ਇਕਾਈ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਦੀ ਸਾਧ-ਸੰਗਤ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਨੇੜਲੇ ਪਿੰਡਾਂ ਦੀ ਸਾਧ-ਸੰਗਤ ਨਾਲ ਮਿਲ ਕੇ ਕੁਝ ਹੀ ਘੰਟਿਆਂ ਵਿੱਚ ਨਵਾਂ ਮਕਾਨ ਬਣਾ ਕੇ ਉਸਦੀਆਂ ਚਾਬੀਆਂ ਉਕਤ ਬਜੁਰਗ ਜੋੜੇ ਨੂੰ ਬੇਨਤੀ ਦਾ ਸ਼ਬਦ ਲਾਉਣ ਉਪਰੰਤ ਪੂਜਨੀਕ ਗੁਰੂ ਜੀ ਦਾ ਧੰਨਵਾਦ ਕਰਦਿਆਂ ਸੌਂਪ ਦਿੱਤੀਆਂ। ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਪੂਰੇ ਦੇਸ਼ ਭਰ ਵਿੱਚ ਸੰਨ 2020 ਤੱਕ 19000 ਨਵੇਂ ਮਕਾਨ ਲੋੜਵੰਦਾਂ ਨੂੰ ਬਣਾ ਕੇ ਦਿੱਤੇ ਜਾ ਚੁੱਕੇ ਹਨ।
ਬਲਾਕ ਤਪਾ/ਭਦੌੜ ਦੇ ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਮਾਨਵਤਾ ਭਲਾਈ ਦੇ 135 ਕਾਰਜ ਚਲਾਏ ਹੋਏ ਹਨ ਜਿਵੇਂ ਕਿ ਖ਼ੂਨਦਾਨ ਕਰਨਾ, ਗ਼ਰੀਬ ਬੱਚਿਆਂ ਦੀ ਪੜ੍ਹਾਈ ਵਿੱਚ ਮੱਦਦ ਕਰਨੀ, ਗਰੀਬ ਲੜਕੀਆਂ ਦੇ ਵਿਆਹ ’ਚ ਮੱਦਦ ਕਰਨੀ, ਗ਼ਰੀਬ ਲੋੜਵੰਦ ਪਰਿਵਾਰ ਨੂੰ ਰਾਸ਼ਨ ਅਤੇ ਗਰੀਬ ਦੇ ਇਲਾਜ ਵਿੱਚ ਮੱਦਦ ਕਰਨੀ।
ਸੁਫ਼ਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਹ ਆਪਣੀ ਜਿੰਦਗੀ ਪੱਕੇ ਮਕਾਨ ਵਿੱਚ ਬਿਤਾ ਸਕਣਗੇ
ਬਜ਼ੁਰਗ ਜਲੌਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਨੇ ਕਦੇ ਸੁਫ਼ਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਹ ਆਪਣੀ ਜਿੰਦਗੀ ਪੱਕੇ ਮਕਾਨ ਵਿੱਚ ਬਿਤਾ ਸਕਣਗੇ। ਪਰ ਡੇਰਾ ਸ਼ਰਧਾਲੂਆਂ ਨੇ ਉਹਨਾਂ ਦੇ ਪੱਕੇ ਮਕਾਨ ਦੇ ਸੁਪਨੇ ਨੂੰ ਸੱਚ ਕਰ ਦਿਖਾਇਆ ਹੈ। ਉਨ੍ਹਾਂ ਦੱਸਿਆ ਕਿ ਖਰਾਬ ਮੌਸਮ ਦੌਰਾਨ ਉਹਨਾਂ ਨੂੰ ਡਰ ਬਣਿਆ ਰਹਿੰਦਾ ਸੀ ਕਿ ਕਿਤੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ।
ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਹਨਾਂ ਨੇ ਕਈ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਪਰ ਕਿਸੇ ਨੇ ਵੀ ਉਸ ਦੀ ਬਾਂਹ ਨਹੀਂ ਫੜੀ। ਪਰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਕੁਝ ਹੀ ਘੰਟਿਆਂ ਵਿੱਚ ਉਸ ਨੂੰ ਨਵੇਂ ਮਕਾਨ ਦੀਆਂ ਚਾਬੀਆਂ ਸੌਂਪ ਦਿੱਤੀਆਂ ਜਿਸ ਬਦਲੇ ਉਹ ਪੂਜਨੀਕ ਗੁਰੂ ਜੀ ਅਤੇ ਇਹਨਾਂ ਦੇ ਸ਼ਰਧਾਲੂਆਂ ਦਾ ਧੰਨਵਾਦ ਕਰਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।