ਸੀਬੀਆਈ ਕਰ ਚੁੱਕੀ ਹੈ ਲਿਖਾਈ ਦਾ ਮਿਲਾਣ, ਹੁਣ ਤਾਂ ਖੱਜਲ ਕਰਨ ਲਈ ਲਿਆ ਪੁਲਿਸ ਰਿਮਾਂਡ

Ludhiana

ਬਚਾਅ ਪੱਖ ਦੇ ਵਕੀਲਾਂ ਨੇ ਪੁਰਾਣੇ ਕੇਸ ’ਚ ਪੁਲਿਸ ਰਿਮਾਂਡ ਮੰਗਣ ਤੇ ਕੀਤੀ ਭਾਰੀ ਬਹਿਸ

  • ਮਾਨਯੋਗ ਅਦਾਲਤ ਨੇ ਰਣਜੀਤ ਸਿੰਘ ਤੇ ਸ਼ਕਤੀ ਸਿੰਘ ਦਾ ਦਿੱਤਾ ਦੋ ਦਿਨਾਂ ਪੁਲਿਸ ਰਿਮਾਂਡ
  • ਪ੍ਰਦੀਪ ਸਿੰਘ ਨੂੰ 1 ਜੂਨ ਤੱਕ ਜੁਡੀਸ਼ੀਅਲ ਰਿਮਾਂਡ ਤੇ ਭੇਜਿਆ

ਸੁਖਜੀਤ ਮਾਨ, ਫਰੀਦਕੋਟ, 24 ਮਈ। ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ’ਚ ਪੰਜਾਬ ਪੁਲਿਸ ਦੀ ਸਿਟ ਵੱਲੋਂ ਹੁਣ ਤੱਕ ਡੇਰਾ ਸ਼ਰਧਾਲੂਆਂ ਦੇ ਖਿਲਾਫ ਕੋਈ ਸਬੂਤ ਨਹੀਂ ਜੁਟਾਇਆ ਜਾ ਸਕਿਆ ਬਲਕਿ ਜੋਰ ਜਬਰਦਸਤੀ ਨਾਲ ਸਭ ਕੁਝ ਸਿਰ ਮੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਮੁਕੱਦਮਾ ਨੰਬਰ 117 ’ਚ ਅੱਜ ਜੋ ਦੋ ਜਣਿਆਂ ਦਾ ਪੁਲਿਸ ਨੇ ਮਾਨਯੋਗ ਅਦਾਲਤ ਤੋਂ ਦੋ ਦਿਨ ਦਾ ਰਿਮਾਂਡ ਹਾਸਿਲ ਕੀਤਾ ਹੈ, ਉਹ ਵੀ ਬੇਬੁਨਿਆਦ ਹੈ ਕਿਉਂਕਿ ਇਸ ਤੋਂ ਪਹਿਲਾਂ ਸੀਬੀਆਈ ਸਮੇਤ ਪੰਜਾਬ ਪੁਲਿਸ ਸਿਟ ਟੀਮ ਇਸ ਮਾਮਲੇ ’ਚ ਪੁੱਛਗਿੱਛ ਕਰ ਚੁੱਕੀ ਹੈ। ਇਹ ਪ੍ਰਗਟਾਵਾ ਬਚਾਅ ਪੱਖ ਦੇ ਐਡਵੋਕੇਟ ਵਿਨੋਦ ਮੋਂਗਾ, ਐਡਵੋਕੇਟ ਬਸੰਤ ਸਿੰਘ ਸਿੱਧੂ ਤੇ ਐਡਵੋਕੇਟ ਵਿਵੇਕ ਨੇ ਸਾਂਝੇ ਤੌਰ ਤੇ ਕੀਤਾ।

Ludhiana

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਚਾਅ ਪੱਖ ਦੇ ਵਕੀਲਾਂ ਨੇ ਕਿਹਾ ਕਿ ਐਫਆਈਆਰ ਨੰਬਰ 128 ’ਚ ਸਿਟ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਅੱਜ ਪ੍ਰਦੀਪ ਸਿੰਘ, ਸ਼ਕਤੀ ਸਿੰਘ ਤੇ ਰਣਜੀਤ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਸੀ। ਸਿਟ ਨੇ ਅੱਜ ਦੀ ਸੁਣਵਾਈ ਦੌਰਾਨ 128 ਨੰਬਰ ਮੁਕੱਦਮੇ ਵਿੱਚ ਹੋਰ ਰਿਮਾਂਡ ਦੀ ਮੰਗ ਨਹੀਂ ਕੀਤੀ ਤਾਂ ਅਦਾਲਤ ਨੇ ਉਨਾਂ ਨੂੰ ਜੁਡੀਸ਼ੀਅਲ ਰਿਮਾਂਡ ਸੁਣਾ ਦਿੱਤਾ ਪਰ ਨਾਲ ਹੀ ਥਾਣਾ ਬਾਜਾਖਾਨਾ ਪੁਲਿਸ ਨੇ ਸਾਲ 2015 ਵਿੱਚ ਹੀ ਦਰਜ ਮੁਕੱਦਮਾ ਨੰਬਰ 117 ਵਿੱਚ ਬੇਵਜ੍ਹਾ ਰਣਜੀਤ ਸਿੰਘ ਤੇ ਸ਼ਕਤੀ ਸਿੰਘ ਦੀ ਅਦਾਲਤ ਰਾਹੀਂ ਗਿ੍ਰਫਤਾਰੀ ਪਾ ਕੇ ਪੁਲਿਸ ਰਿਮਾਂਡ ਮੰਗ ਲਿਆ।

ਉਹਨਾਂ ਦੱਸਿਆ ਕਿ ਬੇਅਦਬੀ ਦੇ ਮਾਮਲੇ ’ਚ ਪੋਸਟਰ ਲਿਖ ਕੇ ਕੰਧਾਂ ਤੇ ਲਗਾਉਣ ਨਾਲ ਸਬੰਧਿਤ ਇਸ ਮਾਮਲੇ ’ਚ ਗਿ੍ਰਫ਼ਤਾਰ ਵਿਅਕਤੀਆਂ ਦੀ ਲਿਖਾਈ ਮਿਲਾਉਣ ਲਈ ਭਾਵੇਂ ਲਿਖਤੀ ਤੌਰ ’ਤੇ ਕੋਈ ਅਰਜੀ ਨਹੀਂ ਦਿੱਤੀ ਪਰ ਬਹਿਸ ਦੌਰਾਨ ਇਸ ਮਾਮਲੇ ’ਚ ਹੋਰ ਪੁੱਛਗਿੱਛ ਤੇ ਲਿਖਾਈ ਦਾ ਹਵਾਲਾ ਦੇ ਕੇ ਜਦੋਂ ਸਿਟ ਨੇ ਰਿਮਾਂਡ ਮੰਗਿਆ ਤਾਂ ਉਹਨਾਂ (ਬਚਾਅ ਪੱਖ) ਨੇ ਦਲੀਲ ਦਿੱਤੀ ਕਿ ਲਿਖਾਈ ਦਾ ਮਿਲਾਣ ਤਾਂ ਪਹਿਲਾਂ ਹੀ ਹੋ ਚੁੱਕਾ ਹੈ ਤੇ ਲਿਖਤ ਉਕਤ ਵਿਅਕਤੀਆਂ ਦੀ ਲਿਖਾਈ ਨਾਲ ਨਾ ਮਿਲਦੀ ਹੋਣ ਦਾ ਜ਼ਿਕਰ ਅਦਾਲਤੀ ਕਾਰਵਾਈ ਵਿੱਚ ਹੋ ਚੁੱਕਾ ਹੈ।

ਲਿਖਾਈ ਦਾ ਮਿਲਾਣ ਅਦਾਲਤ ਵਿੱਚ ਹੀ ਕਰਵਾ ਲੈਣ ਦੀ ਟਿੱਪਣੀ ਦਾ ਵੀ ਸਿਟ ਦੀ ਟੀਮ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ 117 ਨੰਬਰ ਮਾਮਲੇ ਵਿੱਚ ਸੀਬੀਆਈ ਵੱਲੋਂ ਲਿਖਾਈ ਦਾ ਮਿਲਾਣ ਕਰਨ ਤੇ ਜਦੋਂ ਗਿਰਫ਼ਤਾਰ ਵਿਅਕਤੀਆਂ ਦੀ ਲਿਖਾਈ ਪੋਸਟਰ ਦੀ ਲਿਖਾਈ ਨਾਲ ਨਾ ਮਿਲੀ ਤਾਂ ਹੀ ਕਲੀਨ ਚਿੱਟ ਦਿੱਤੀ ਗਈ ਸੀ ਜਿਸਦਾ ਬਕਾਇਦਾ ਤੌਰ ਤੇ ਕਲੋਜਰ ਰਿਪੋਰਟ ਵਿੱਚ ਵੀ ਜ਼ਿਕਰ ਕੀਤਾ ਗਿਆ ਹੈ।

ਵਕੀਲਾਂ ਨੇ ਕਿਹਾ ਕਿ ਭਾਵੇਂ ਹੀ ਮਾਨਯੋਗ ਅਦਾਲਤ ਨੇ ਰਣਜੀਤ ਸਿੰਘ ਤੇ ਸ਼ਕਤੀ ਸਿੰਘ ਦੀ ਗਿ੍ਰਫ਼ਤਾਰੀ ਦੀ ਮਨਜ਼ੂਰੀ ਦੇ ਕੇ 26 ਮਈ ਤੱਕ ਦੋ ਦਿਨਾਂ ਰਿਮਾਂਡ ਦੇ ਦਿੱਤਾ ਪਰ ਇਸ ਰਿਮਾਂਡ ਦੌਰਾਨ ਪੁਲਿਸ ਨਾ ਸਿਰਫ ਮੁਲਜਮਾਂ ਨੂੰ ਖੱਜਲ-ਖੁਆਰ ਕਰੇਗੀ ਸਗੋਂ ਪੋਸਟਰ ਦੀ ਲਿਖਾਈ ਨਾਲ ਦੀ ਲਿਖਾਈ ਲਿਖਣ ਦਾ ਦਬਾਅ ਵੀ ਬਣਾਇਆ ਜਾਵੇਗਾ।

ਉਨਾਂ ਕਿਹਾ ਕਿ ਸਿਟ ਟੀਮ ਜਦੋਂ ਇਸ ਤੋਂ ਪਹਿਲਾਂ 128 ਨੰਬਰ ਮੁਕੱਦਮੇ ’ਚ ਸੱਤ ਦਿਨਾਂ ਪੁਲਿਸ ਰਿਮਾਂਡ ਦੌਰਾਨ ਕੁੱਝ ਹਾਸਿਲ ਨਹੀਂ ਕਰ ਸਕੀ ਤਾਂ ਦਾਅਵਾ ਹੈ ਕਿ ਪੁਲਿਸ 117 ਨੰਬਰ ਮੁਕੱਦਮੇ ’ਚ ਵੀ ਕੁੱਝ ਹਾਸਿਲ ਨਹੀਂ ਕਰ ਸਕੇਗੀ ਕਿਉਂਕਿ ਇਸ ਮਾਮਲੇ ਨਾਲ ਸਬੰਧਿਤ ਪੋਸਟਰ ਤਾਂ ਪਹਿਲਾਂ ਹੀ ਪੁਲਿਸ ਕੋਲ ਮੌਜੂਦ ਹਨ।

ਜਿਕਰਯੋਗ ਹੈ ਕਿ ਪੁਲਿਸ ਵੱਲੋਂ ਗ੍ਰਿਫਤਾਰ ਛੇ ਡੇਰਾ ਪ੍ਰੇਮੀਆਂ ਵਿੱਚੋਂ ਤਿੰਨ ਡੇਰਾ ਪ੍ਰੇਮੀ ਨਿਸ਼ਾਨ ਸਿੰਘ, ਬਲਜੀਤ ਸਿੰਘ ਅਤੇ ਸੁਖਜਿੰਦਰ ਸਿੰਘ ਕੋਰੋਨਾ ਪਾਜ਼ਿਟਿਵ ਆਏ ਸਨ, ਜੋ ਪਹਿਲੀ ਜੂਨ ਤੱਕ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਕੋਰੋਨਾ ਵਾਰਡ ਵਿੱਚ ਇਲਾਜ ਅਧੀਨ ਹਨ।

ਮਾਮਲੇ ਨੂੰ ਲਟਕਉਣਾ ਚਾਹੁੰਦੀ ਹੈ ਪੁਲਿਸ : ਹਰਚਰਨ ਇੰਸਾਂ

ਡੇਰਾ ਸੱਚਾ ਸੌਦਾ ਦੇ 45 ਮੈਂਬਰ ਪੰਜਾਬ ਹਰਚਰਨ ਸਿੰਘ ਇੰਸਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਅੱਜ ਨਵੀਂ ਗਿ੍ਰਫ਼ਤਾਰੀ ਪਾ ਕੇ ਰਿਮਾਂਡ ਮੰਗਣਾ ਦਰਸਾਉਂਦਾ ਹੈ ਕਿ ਪੁਲਿਸ ਇਸ ਮਾਮਲੇ ਨੂੰ ਲਟਕਉਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਪਿਛਲੇ ਸੱਤ ਦਿਨਾਂ ਤੋਂ ਗਿ੍ਰਫਤਾਰ ਵਿਅਕਤੀ ਪੁਲਿਸ ਕੋਲ ਹੀ ਸੀ ਤਾਂ ਕੋਈ ਵੀ ਪੁੱਛਗਿੱਛ ਕੀਤੀ ਜਾ ਸਕਦੀ ਸੀ। ਪੁਲਿਸ ਇਸ ਮਾਮਲੇ ਨੂੰ ਲਟਕਾ ਕੇ ਡੇਰਾ ਸ਼ਰਧਾਲੂਆਂ ਨੂੰ ਖੱਜਲ ਕਰਨ ਤੋਂ ਬਿਨ੍ਹਾਂ ਹੋਰ ਕੁਝ ਨਹੀਂ ਕਰ ਸਕਦੀ ਕਿਉਕਿ ਡੇਰਾ ਸ਼ਰਧਾਲੂ ਬੇਅਦਬੀ ਬਾਰੇ ਕਦੇ ਸੋਚ ਵੀ ਨਹੀਂ ਸਕਦੇ ਤੇ ਨਾ ਪੁਲਿਸ ਨੂੰ ਅਜਿਹਾ ਕੁਝ ਮਿਲਿਆ ਹੈ ਜਿਸ ਨਾਲ ਪੁਲਿਸ ਦੋਸ਼ ਸਾਬਿਤ ਕਰ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।