ਮੀਟਿੰਗ ’ਚ 3 ਮੰਤਰੀ ਅਤੇ ਇੱਕ ਰਾਜ ਸਭਾ ਮੈਂਬਰ ਸਣੇ ਸ਼ਾਮਲ ਹੋਏ 3 ਵਿਧਾਇਕ
- ਅਮਰਿੰਦਰ ਸਿੰਘ ਨੂੰ ਅਸਿੱਧੇ ਅੱਖਾਂ ਦਿਖਾਉਣ ਲੱਗੇ ਬਾਗੀ, ਹਾਈ ਕਮਾਨ ਨੂੰ ਸ਼ਿਕਾਇਤ ਕਰਨ ਦੀ ਆਖੀ ਗਲ
ਅਸ਼ਵਨੀ ਚਾਵਲਾ, ਚੰਡੀਗੜ। ਪੰਜਾਬ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਬਾਗੀ ਹੋਏ ਮੰਤਰੀ ਅਤੇ ਵਿਧਾਇਕਾਂ ਨੇ ਮੁੜ ਮੀਟਿੰਗ ਕਰਦੇ ਹੋਏ ਮੁੱਖ ਮੰਤਰੀ ਨੂੰ ਅੱਖਾਂ ਦਿਖਾਉਣੀ ਸ਼ੁਰੂ ਕਰ ਦਿੱਤੀਆਂ ਹਨ। ਅਮਰਿੰਦਰ ਸਿੰਘ ਨੂੰ ਅਸਿੱਧੇ ਤੌਰ ‘ਤੇ ਚਿਤਾਵਨੀ ਦਿੰਦੇ ਹੋਏ ਸਾਥੀ ਮੰਤਰੀਆਂ ਅਤੇ ਵਿਧਾਇਕਾਂ ਖ਼ਿਲਾਫ਼ ਕਾਰਵਾਈ ਕਰਨ ਤੋਂ ਗੁਰੇਜ਼ ਕਰਨ ਦੀ ਗੱਲ ਆਖੀ ਗਈ ਹੈ। ਕਾਂਗਰਸ ਹਾਈ ਕਮਾਨ ਨੂੰ ਵੀ ਸ਼ਿਕਾਇਤ ਕਰਨ ਦੀ ਗਲ ਆਖਦੇ ਹੋਏ ਇਹ ਇਸ਼ਾਰਾ ਕੀਤਾ ਗਿਆ ਹੈ ਕਿ ਹੁੁਣ ਪੰਜਾਬ ਵਿੱਚ ਅਮਰਿੰਦਰ ਸਿੰਘ ਦੀ ਅਗਵਾਈ ਹੋਣ ਦੇ ਬਾਵਜੂਦ ਵੀ ਉਹ ਅਮਰਿੰਦਰ ਸਿੰਘ ਨੂੰ ਜਿਆਦਾ ਤੱਵਜੋਂ ਨਹੀਂ ਦੇਣਗੇ।
ਪਿਛਲੇ ਲੰਬੇ ਸਮੇਂ ਤੋਂ ਅਮਰਿੰਦਰ ਸਿੰਘ ਦੇ ਖ਼ਿਲਾਫ਼ ਚਲਦੇ ਆ ਰਹੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਵਿੱਚ ਮੀਟਿੰਗ ਕਰਨ ਤੋਂ ਬਾਅਦ ਦਾਅਵਾ ਕੀਤਾ ਹੈ ਕਿ ਉਨਾਂ ਦੇ ਨਾਲ 5 ਮੰਤਰੀ ਅਤੇ 7 ਵਿਧਾਇਕਾਂ ਨੇ ਅੱਜ ਮੀਟਿੰਗ ਕੀਤੀ ਹੈ, ਜਦੋਂ ਕਿ ਚਰਨਜੀਤ ਸਿੰਘ ਚੰਨੀ ਦੀ ਕੋਠੀ ਵਿੱਚ 3 ਕੈਬਨਿਟ ਮੰਤਰੀ ਅਤੇ 4 ਵਿਧਾਇਕ ਹੀ ਨਜ਼ਰ ਆਏ ਸਨ।
ਪ੍ਰਤਾਪ ਸਿੰਘ ਬਾਜਵਾ ਨੇ ਮੀਟਿੰਗ ਤੋਂ ਬਾਅਦ ਆਪਣੇ ਬਾਗੀ ਸੁਰ ਮੁੜ ਤੋਂ ਤੇਜ ਕਰਦੇ ਹੋਏ ਕਿਹਾ ਕਿ ਅਮਰਿੰਦਰ ਸਿੰਘ ਨੇ ਬਾਦਲ ਪਰਿਵਾਰ ’ਤੇ ਸ਼ਿਕੰਜਾ ਕਸਣ ਦੀ ਬਜਾਇ ’ਤੇ ਆਪਣੇ ਕਾਂਗਰਸੀ ਸਾਥੀਆ ਦਾ ਬੂਹਾ ਹੀ ਦਿੱਤਾ ਹੈ ਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਨਾਂ ਕਿਹਾ ਕਿ ਅੱਜ ਚਰਨਜੀਤ ਸਿੰਘ ਚੰਨੀ ਤੇ ਕੁਝ ਹੋਰ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਮੀਡੀਆ ਅੱਗੇ ਆਪਣੀ ਗੱਲ ਰੱਖਣੀ ਸੀ ਪਰ ਹਰੀਸ ਰਾਵਤ ਦਾ ਫੋਨ ਆਉਣ ਕਰਕੇ ਹੀ ਉਨਾਂ ਨੇ ਇਸ ਪ੍ਰੈਸ ਕਾਨਫਰੰਸ ਨੂੰ ਅੱਗੇ ਪਾ ਦਿੱਤਾ।
ਉਨਾਂ ਕਿਹਾ ਕਿ ਕਾਂਗਰਸ ਹਾਈ ਕਮਾਨ ਕੋਲ ਸਾਰੀ ਗੱਲਬਾਤ ਪਹੁੰਚਾ ਦਿੱਤੀ ਗਈ ਹੈ ਅਤੇ ਹੁਣ ਹਾਈ ਕਮਾਨ ਨੇ ਹੀ ਸਾਰਾ ਕੁਝ ਕਰਨਾ ਹੈ। ਅੱਜ ਦੀ ਮੀਟਿੰਗ ਦੌਰਾਨ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਸੁਖਜਿੰਦਰ ਸਿੰਘ ਰੰਧਾਵਾ ਅਤੇ ਅਰੁਣਾ ਚੌਧਰੀ ਸ਼ਾਮਲ ਸਨ ਤਾਂ ਵਿਧਾਇਕਾਂ ਵਿੱਚ ਸੁਰਜੀਤ ਸਿੰਘ ਧੀਮਾਨ, ਨੱਥੂ ਰਾਮ ਅਤੇ ਪਰਗਟ ਸਿੰਘ ਸ਼ਾਮਲ ਸਨ।
ਅਸੀਂ ਨਹੀਂ ਹਾਂ ਬਾਗੀ, ਸੁਖਜਿੰਦਰ ਰੰਧਾਵਾ ਕੋਲ ਗਏ ਸੀ ਹਲਕੇ ਦੇ ਕੰਮ : ਸੁਰਜੀਤ ਧੀਮਾਨ
ਅਮਰਗੜ੍ਹ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਕਿਹਾ ਕਿ ਉਹ ਅਮਰਿੰਦਰ ਸਿੰਘ ਦੇ ਖ਼ਿਲਾਫ਼ ਬਿਲਕੁਲ ਵੀ ਨਹੀਂ ਹਨ ਅਤੇ ਇਸ ਤਰਾਂ ਦੀ ਕਿਸੇ ਮੀਟਿੰਗ ’ਚ ਸ਼ਾਮਲ ਨਹੀਂ ਹੋਣ ਗਏ ਸਨ। ਉਨਾਂ ਕਿਹਾ ਕਿ ਉਨਾਂ ਦੇ ਨਾਲ ਵਿਧਾਇਕ ਨੱਥੂ ਰਾਮ ਵੀ ਸਨ ਅਤੇ ਉਨਾਂ ਦੋਵਾਂ ਨੇ ਮੰਤਰੀ ਸੁਖਜਿੰਦਰ ਰੰਧਾਵਾ ਤੋਂ ਕੋਈ ਕੰਮ ਕਰਵਾਉਣਾ ਸੀ ਤਾਂ ਸੁਖਜਿੰਦਰ ਰੰਧਾਵਾ ਨੇ ਵਿਧਾਇਕ ਪਰਗਟ ਸਿੰਘ ਦੇ ਘਰ ਉਨਾਂ ਨੂੰ ਸੱਦਿਆ ਸੀ ਪਰ ਉਥੇ ਇਨਾਂ ਵਿੱਚੋਂ ਕੋਈ ਨਾ ਮਿਲਿਆ ਤਾਂ ਉਨਾਂ ਨੇ ਮੁੜ ਸੁਖਜਿੰਦਰ ਰੰਧਾਵਾ ਨੂੰ ਫੋਨ ਕੀਤਾ ਤਾਂ ਸੁਖਜਿੰਦਰ ਰੰਧਾਵਾ ਨੇ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਆਉਣ ਲਈ ਕਹਿ ਦਿੱਤਾ।
ਸੁਰਜੀਤ ਧੀਮਾਨ ਨੇ ਕਿਹਾ ਕਿ ਜਦੋਂ ਉਹ ਚਰਨਜੀਤ ਸਿੰਘ ਚੰਨੀ ਦੀ ਕੋਠੀ ਪੁੱਜੇ ਤਾਂ ਉਥੇ ਉਨਾਂ ਨੇ ਕੁਝ ਹੀ ਮਿੰਟਾਂ ਵਿੱਚ ਆਪਣੇ ਹਲਕੇ ਦਾ ਕੰਮ ਕਰਵਾਇਆ ਅਤੇ ਇੱਕ ਵਿਭਾਗੀ ਅਰਜ਼ੀ ਮੰਤਰੀ ਨੂੰ ਦਿੱਤੀ। ਇਸ ਤੋਂ ਇਲਾਵਾ ਨਾ ਹੀ ਕੋਈ ਮੀਟਿੰਗ ਕੀਤੀ ਅਤੇ ਨਾ ਹੀ ਕੋਈ ਗੱਲਬਾਤ ਹੋਈ। ਉਨਾਂ ਦੱਸਿਆ ਕਿ ਉਹ ਮਸਾਂ 10-12 ਮਿੰਟ ਹੀ ਉਥੇ ਰੁਕੇ ਸਨ ਅਤੇ ਆਪਣਾ ਕੰਮ ਕਰਵਾਉਣ ਤੋਂ ਬਾਅਦ ਉਹ ਵਾਪਸ ਪਰਤ ਗਏ। ਉਨਾਂ ਕਿਹਾ ਕਿ ਉਹ ਕਦੇ ਵੀ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਬਾਗੀ ਨਹੀਂ ਹੋ ਸਕਦੇ ਹਨ।
ਬਾਗੀ ਵਿਧਾਇਕਾਂ ਅਤੇ ਮੰਤਰੀਆਂ ਨੂੰ ਮਿਲਣਗੇ ਇਸੇ ਹਫ਼ਤੇ ਹਰੀਸ਼ ਰਾਵਤ
ਪੰਜਾਬ ਕਾਂਗਰਸ ਦੇ ਇਨਚਾਰਜ ਹਰੀਸ਼ ਰਾਵਤ ਅਗਲੇ 2-3 ਦਿਨਾਂ ਵਿੱਚ ਚੰਡੀਗੜ ਵਿਖੇ ਆ ਰਹੇ ਹਨ। ਹਰੀਸ਼ ਰਾਵਤ ਆਪਣੇ ਚੰਡੀਗੜ ਦੇ ਦੌਰੇ ਦੌਰਾਨ ਬਾਗੀ ਹੋਏ ਵਿਧਾਇਕ ਅਤੇ ਸੰਸਦ ਮੈਂਬਰਾਂ ਸੱਣੇ ਵਿਧਾਇਕਾਂ ਨੂੰ ਮਿਲਦੇ ਹੋਏ ਉਨਾਂ ਦੀ ਗੱਲਬਾਤ ਸੁਣਨਗੇ।
ਹਰੀਸ਼ ਰਾਵਤ ਦੇ ਦਫ਼ਤਰ ਅਨੁਸਾਰ ਅੱਜ ਹੀ ਉਨਾਂ ਵਲੋਂ ਫੈਸਲਾ ਲਿਆ ਗਿਆ ਹੈ ਕਿ ਉਹ ਇਸ ਸਾਰੇ ਮਾਮਲੇ ’ਚ ਸੁਣਵਾਈ ਕਰਨ ਲਈ ਖ਼ੁਦ ਚੰਡੀਗੜ ਜਾਣਗੇ ਅਤੇ ਕੁਝ ਦਿਨ ਉਥੇ ਹੀ ਰਹਿਣ ਦੇ ਨਾਲ ਹੀ ਹਰ ਕਿਸੇ ਦੀ ਸੁਣਵਾਈ ਕੀਤੀ ਜਾਏਗੀ, ਜਿਸ ਤੋਂ ਬਾਅਦ ਹਰੀਸ਼ ਰਾਵਤ ਅਮਰਿੰਦਰ ਸਿੰਘ ਨਾਲ ਵੀ ਮੁਲਾਕਾਤ ਕਰਨਗੇ। ਚੰਡੀਗੜ ਵਿਖੇ ਸਾਰਿਆਂ ਦੀ ਗੱਲਬਾਤ ਸੁਣਨ ਤੋਂ ਬਾਅਦ ਨਿਪਟਾਰਾ ਕਰਵਾਉਣ ਦੀ ਕੋਸ਼ਸ਼ ਕੀਤੀ ਜਾਏਗੀ ਅਤੇ ਜੇਕਰ ਕੁਝ ਨਾ ਹੋਇਆ ਤਾਂ ਕਾਂਗਰਸ ਹਾਈ ਕਮਾਨ ਨੂੰ ਇਸ ਸਬੰਧੀ ਸਾਰੀ ਰਿਪੋਰਟ ਭੇਜ ਦਿੱਤੀ ਜਾਏਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।